ਤੀਹਰਾ ਕਤਲ: ਜਾਇਦਾਦ ਲਈ ਕੀਤੀ ਸੀ ਮਾਪਿਆਂ ਤੇ ਭਰਾ ਦੀ ਹੱਤਿਆ
ਪੱਤਰ ਪ੍ਰੇਰਕ
ਜਲੰਧਰ, 20 ਅਕਤੂਬਰ
ਸਥਾਨਕ ਟਾਵਰ ਐਨਕਲੇਵ ਫੇਜ਼-3 ’ਚ ਬੀਤੀ ਰਾਤ ਤੀਹਰਾ ਕਤਲ ਕਾਂਡ ਜਾਇਦਾਦ ਦੇ ਝਗੜੇ ਕਾਰਨ ਵਾਪਰਿਆ ਸੀ। ਇਸ ਦੌਰਾਨ ਇੱਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਨੌਜਵਾਨ ਦਾ ਪਿਤਾ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਜਿਸ ਕਾਰਨ ਉਸ ਕੋਲ ਇੱਕ 12 ਬੋਰ ਦੀ ਡਬਲ ਬੈਰਲ ਬੰਦੂਕ ਅਤੇ ਇੱਕ ਸਿੰਗਲ ਬੈਰਲ ਬੰਦੂਕ ਸੀ। ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਦੀ ਪਤਨੀ ਕੋਲੋਂ ਪੁੱਛ-ਪੜਤਾਲ ਕਰੇਗੀ ਜੋ ਘਟਨਾ ਸਮੇਂ ਬੱਚਿਆਂ ਨਾਲ ਆਪਣੇ ਨਾਨਕੇ ਘਰ ਗਈ ਹੋਈ ਸੀ ਪਰ ਪਰਿਵਾਰਕ ਮੈਂਬਰਾਂ ਅਨੁਸਾਰ ਮੁਲਜ਼ਮ ਨੇ ਪਤਨੀ ਕਾਰਨ ਹੀ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਪੁਲੀਸ ਜਲਦ ਹੀ ਮੁਲਜ਼ਮ ਦੀ ਪਤਨੀ ਕੋਲੋਂ ਪੁੱਛ-ਪੜਤਾਲ ਕਰੇਗੀ। ਐੱਸਐੱਸਪੀ ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਕੁੱਲ 7 ਗੋਲੀਆਂ ਚਲਾਈਆਂ ਹਨ। ਮ੍ਰਿਤਕਾਂ ਦੀ ਪਛਾਣ ਜਗਬੀਰ ਸਿੰਘ (ਪਿਤਾ), ਅੰਮ੍ਰਿਤਪਾਲ ਕੌਰ (ਮਾਂ) ਅਤੇ ਗਗਨਦੀਪ ਸਿੰਘ (ਭਰਾ) ਵਜੋਂ ਹੋਈ ਹੈ ਜਦਕਿ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਲਾਂਬੜਾ ਥਾਣੇ ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।