ਰਾਜੀਵ ਗਾਂਧੀ ਨੂੰ 33ਵੀਂ ਬਰਸੀ ’ਤੇ ਸ਼ਰਧਾਂਜਲੀਆਂ
ਨਵੀਂ ਦਿੱਲੀ, 21 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 33ਵੀਂ ਬਰਸੀ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਪਿਤਾ ਵੱਲੋਂ ਦੇਖੇ ਸੁਪਨਿਆਂ ਨੂੰ ਆਪਣੇ ਸੁਪਨੇ ਦੱਸਿਆ। ਰਾਹੁਲ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਅੱਜ ਸਵੇਰੇ ਵੀਰ ਭੂਮੀ ਜਾ ਕੇ ਫੁੱਲ ਮਾਲਾਵਾਂ ਨਾਲ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਕੌਮੀ ਰਾਜਧਾਨੀ ਵਿਚ ਸਾਬਕਾ ਪ੍ਰਧਾਨ ਮੰਤਰੀ ਨੂੰ ਸਤਿਕਾਰ ਭੇਟ ਕਰਨ ਮੌਕੇ ਕਾਂਗਰਸ ਆਗੂ ਪੀ ਚਿਦੰਬਰਮ ਤੇ ਸਚਿਨ ਪਾਇਲਟ ਵੀ ਮੌਜੂਦ ਸਨ। ਰਾਹੁਲ ਨੇ ਇਕ ਪੋਸਟ ਵਿਚ ਆਪਣੇ ਬਚਪਨ ਦੀ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿਚ ਰਾਜੀਵ ਗਾਂਧੀ ਨੇ ਰਾਹੁਲ ਦੇ ਮੋਢੇ ’ਤੇ ਹੱਥ ਰੱਖਿਆ ਹੈ। ਰਾਹੁਲ ਨੇ ਕਿਹਾ, ‘‘ਪਿਤਾ ਜੀ, ਤੁਹਾਡੇ ਸੁਪਨੇ ਮੇਰੇ ਸੁਪਨੇ, ਤੁਹਾਡੀਆਂ ਖਾਹਿਸ਼ਾਂ ਮੇਰੀ ਜ਼ਿੰਮੇਵਾਰੀਆਂ। ਤੁਹਾਡੀਆਂ ਯਾਦਾਂ, ਅੱਜ ਤੇ ਹਮੇਸ਼ਾ ਮੇਰੇ ਦਿਲ ਵਿਚ ਹਨ।’’ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੀ ਨੂੰ ਉਨ੍ਹਾਂ ਦੀ ਬਰਸੀ ’ਤੇ ਮੇਰੇ ਵੱਲੋਂ ਸ਼ਰਧਾਂਜਲੀਆਂ।’’
ਇਸ ਦੌਰਾਨ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਸਿਆਸੀ ਜੀਵਨ ਬਹੁਤ ਛੋਟਾ ਜ਼ਰੂਰ ਸੀ, ਪਰ ‘ਵਿਸ਼ਾਲ ਰੂਪ ਵਿਚ ਅਸਰਦਾਰ’ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿੱਛੇ 1991 ਦਾ ਚੋਣ ਮੈਨੀਫੈਸਟੋ, ਜਿਸ ਵਿਚ ਉਦਾਰਵਾਦ ਦਾ ਵਾਅਦਾ ਸੀ, ਸਣੇ ਕਈ ਵਿਰਾਸਤਾਂ ਛੱਡ ਕੇ ਗਏ ਹਨ। ਰਾਜੀਵ ਗਾਂਧੀ ਨੇ 1984 ਵਿਚ ਆਪਣੀ ਮਾਂ ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਕਾਂਗਰਸ ਦੀ ਕਮਾਨ ਸੰਭਾਲੀ ਸੀ। ਉਹ 40 ਸਾਲ ਦੀ ਉਮਰ ਵਿਚ ਅਕਤੂਬਰ 1984 ਵਿਚ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣੇ ਸਨ। ਉਹ 2 ਦਸੰਬਰ 1989 ਤੱਕ ਪ੍ਰਧਾਨ ਮੰਤਰੀ ਰਹੇ। -ਏਐੱਨਆਈ