ਸੋਰੇਨ ਸਰਕਾਰ ਨੇ ਘੁਸਪੈਠੀਆਂ ਲਈ ਅੱਖਾਂ ਵਿਛਾਈਆਂ: ਸ਼ਾਹ
ਰਾਂਚੀ, 9 ਨਵੰਬਰ
ਝਾਰਖੰਡ ’ਚ ਹੇਮੰਤ ਸੋਰੇਨ ਦੀ ਅਗਵਾਈ ਹੇਠਲੀ ਸਰਕਾਰ ’ਤੇ ਬੰਗਲਾਦੇਸ਼ੀ ਘੁਸਪੈਠੀਆਂ ਲਈ ਅੱਖਾਂ ਵਿਛਾਉਣ ਦਾ ਦੋਸ਼ ਲਾਉਂਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਜਪਾ ਦੀ ਸਰਕਾਰ ਬਣਦੇ ਹੀ ਅਜਿਹੀਆਂ ਤਾਕਤਾਂ ਖਦੇੜ ਦਿੱਤੀਆਂ ਜਾਣਗੀਆਂ। ਸ਼ਾਹ ਨੇ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ’ਤੇ ਇਹ ਝੂਠ ਫੈਲਾਉਣ ਦਾ ਵੀ ਦੋਸ਼ ਲਾਇਆ ਕਿ ਸਾਂਝਾ ਸਿਵਲ ਕੋਡ (ਯੂਸੀਸੀ) ਆਦਿਵਾਸੀਆਂ ਦੇ ਹੱਕ ਖੋਹ ਲਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਆਦਿਵਾਸੀਆਂ ਨੂੰ ਇਸ ਦੇ ਦਾਇਰੇ ’ਚੋਂ ਬਾਹਰ ਰੱਖੇਗੀ। ਉਨ੍ਹਾਂ ਪੂਰਬੀ ਸਿੰਘਭੂਮ ਦੇ ਪੋਟਕਾ ’ਚ ਚੋਣ ਰੈਲੀ ਦੌਰਾਨ ਕਿਹਾ, ‘ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਨੇ ਬੰਗਲਾਦੇਸ਼ੀ ਘੁਸਪੈਠੀਆਂ ਲਈ ਲਾਲ ਗਲੀਚਾ ਵਿਛਾਇਆ ਹੈ ਜੋ ਝਾਰਖੰਡ ’ਚ ਵਸ ਗਏ ਅਤੇ ਉਨ੍ਹਾਂ ਕਬਾਇਲੀਆਂ ਦੀਆਂ ਜ਼ਮੀਨਾਂ, ਨੌਜਵਾਨਾਂ ਦਾ ਰੁਜ਼ਗਾਰ ਹੜੱਪ ਲਿਆ ਹੈ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹਨ। ਭਾਜਪਾ ਦੀ ਸਰਕਾਰ ਬਣਨ ਦਿਉ। ਉਨ੍ਹਾਂ ਨੂੰ ਖਦੇੜ ਦਿੱਤਾ ਜਾਵੇਗਾ ਅਤੇ ਸਰਹੱਦ ਪਾਰੋਂ ਇੱਕ ਵੀ ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ।’ ਸ਼ਾਹ ਨੇ ਕਿਹਾ ਕਿ ਭਾਜਪਾ ਭ੍ਰਿਸ਼ਟ ਕਾਂਗਰਸ ਤੇ ਜੇਐੱਮਐੱਮ ਦੇ ਆਗੂਆਂ ਨੂੰ ਜੇਲ੍ਹਾਂ ’ਚ ਭੇਜੇਗੀ ਅਤੇ ਗਰੀਬਾਂ ਤੋਂ ਲੁੱਟਿਆ ਇੱਕ-ਇੱਕ ਪੈਸਾ ਵਸੂਲਿਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਨੇ ਝਾਰਖੰਡ ਦੇ ਹਜ਼ਾਰੀਬਾਗ ’ਚ ਵੀ ਚੋਣ ਰੈਲੀ ਕੀਤੀ। -ਪੀਟੀਆਈ
‘ਸੰਵਿਧਾਨ ਦਾ ਮਜ਼ਾਕ ਉਡਾ ਰਹੇ ਨੇ ਰਾਹੁਲ’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਸੰਵਿਧਾਨ ਦੀ ‘ਫਰਜ਼ੀ’ ਕਾਪੀ ਦਿਖਾ ਕੇ ਉਸ ਦਾ ਅਪਮਾਨ ਕਰਨ ਅਤੇ ਉਸ ਦਾ ਮਜ਼ਾਕ ਉਡਾਉਣ ਦਾ ਦੋਸ਼ ਲਾਇਆ। ਸ਼ਾਹ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਕਦੇ ਵੀ ਕਾਂਗਰਸ ਨੂੰ ਘੱਟ ਗਿਣਤੀਆਂ ਲਈ ਰਾਖਵਾਂਕਰਨ ਲਾਗੂ ਨਹੀਂ ਕਰਨ ਦੇਵੇਗੀ। ਪਲਾਮੂ ’ਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ, ‘ਰਾਹੁਲ ਗਾਂਧੀ ਸੰਵਿਧਾਨ ਦੀ ਕਾਪੀ ਦਿਖਾਉਂਦੇ ਹਨ। ਦੋ ਦਿਨ ਪਹਿਲਾਂ ਉਸ ਦਾ ਪਰਦਾਫਾਸ਼ ਹੋ ਗਿਆ। ਸੰਵਿਧਾਨ ਦਾ ਮਜ਼ਾਕ ਨਾ ਉਡਾਓ। ਇਹ ਭਰੋਸੇ ਦਾ ਸਵਾਲ ਹੈ।’