ਰਾਜੀਵ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਅੱਜ ਰਾਜ ਦਫ਼ਤਰ ਰਾਜੀਵ ਭਵਨ ਵਿਚ ਭਾਰਤ ਰਤਨ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਸਵੀਰ ’ਤੇ ਫੁੱਲ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਅਨਿਲ ਕੁਮਾਰ ਨੇ ਰਾਜੀਵ ਦੀ ਸਮਾਧੀ ਵੀਰ ਭੂਮੀ ਵਿੱਚ ਅਰਦਾਸ ਕਰਨ ਤੋਂ ਬਾਅਦ ਅੱਜ ਸਵੇਰੇ ਰਾਜੀਵ ਭਵਨ ਵਿੱਚ ਕਾਂਗਰਸੀ ਆਗੂਆਂ ਤੇ ਕਾਂਗਰਸੀ ਵਰਕਰਾਂ ਨਾਲ ਰਾਜੀਵ ਗਾਂਧੀ ਨੂੰ ਯਾਦ ਕੀਤਾ। ਸੂਬਾ ਪ੍ਰਧਾਨ ਤੋਂ ਇਲਾਵਾ ਸੂਬਾਈ ਮੀਤ ਪ੍ਰਧਾਨਾਂ, ਬਲਾਕ ਪ੍ਰਧਾਨਾਂ ਨੇ ਰਾਜੀਵ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਨੇ ਕਰੋਨਾ ਯੋਧਿਆਂ, ਸਫ਼ਾਈ ਸੇਵਕਾਂ ਤੇ ਕਾਂਗਰਸ ਵਰਕਰਾਂ ਨੂੰ ਰਾਜੀਵ ਰਤਨ ਸਨਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਰਾਜੀਵ ਇਕ ਦੂਰਦਰਸ਼ੀ ਅਤੇ ਵਿਚਾਰਵਾਨ ਵਿਅਕਤੀ ਸਨ, ਜਿਨ੍ਹਾਂ ਨੇ 21ਵੀਂ ਸਦੀ ਵਿਚ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਤੇ ਜ਼ਰੂਰਤਾਂ ਦਾ ਸਾਹਮਣਾ ਕਰਦਿਆਂ ਭਾਰਤ ਨੂੰ ਵਿਸ਼ਵ ਸ਼ਕਤੀ ਬਣਨ ਲਈ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ 18 ਸਾਲ ਦੀ ਉਮਰ ਵਿੱਚ ਲੱਖਾਂ ਨੌਜਵਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ। ਰਾਜੀਵ ਗਾਂਧੀ ਦੇ ਜਨਮ ਦਿਨ ਦੇ ਮੌਕੇ ਰਾਜ ਦੇ ਉੱਪ ਪ੍ਰਧਾਨ, ਕਾਰਪੋਰੇਸ਼ਨ ਕੌਂਸਲਰ ਅਭਿਸ਼ੇਕ ਦੱਤ ਨੇ ਲਗਭਗ 300 ਆਟੋ ਰਿਕਸ਼ਾ ’ਚ ਡਰਾਈਵਰ ਦੀ ਸੀਟ ਦੇ ਪਿੱਛੇ, ਕੋਵਿਡ-19 ਮਹਾਂਮਾਰੀ ਤੋਂ ਡਰਾਈਵਰਾਂ ਤੇ ਯਾਤਰੀਆਂ ਦੀ ਰੱਖਿਆ ਲਈ ਪਲਾਸਟਿਕ ਦੀ ਚਾਦਰ ਲਗਾਈ। ਕਸਤੂਰਬਾ ਨਗਰ ਵਿਧਾਨ ਸਭਾ ਦੀ ਮਾਰਕੀਟ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਸੂਬਾ ਕਾਂਗਰਸ ਪ੍ਰਧਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਜੀਂਦ (ਪੱਤਰ ਪ੍ਰੇਰਕ): ਇੱਥੇ ਰਾਜੀਵ ਗਾਂਧੀ ਕਲਿਆਣ ਸੰਸਥਾ ਦੁਆਰਾ ਅੱਜ ਬਖ਼ਸ਼ੀ ਮੁਹੱਲੇ ਵਿੱਚ ਸਵਰਗੀ ਰਾਜੀਵ ਗਾਂਧੀ ਦਾ 76ਵਾਂ ਜਨਮ ਦਿਵਸ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਓਮ ਪ੍ਰਕਾਸ਼ ਬੱਤਰਾ ਨੇ ਉੱਥੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਰਾਜੀਵ ਗਾਂਧੀ ਦਾ ਜਨਮ ਦਿਵਸ ਅਤੇ ਬਰਸੀ ਮਨਾਉਂਦੀ ਆ ਰਹੀ ਹੈ।