ਸ਼ਰਧਾਂਜਲੀ
ਡਾ. ਇਕਬਾਲ ਸਿੰਘ ਸਕਰੌਦੀ
ਧਨੀ ਰਾਮ ਖ਼ਾਲਸਾ ਕਾਲਜ ਵਿੱਚੋਂ ਗ੍ਰੈਜੂਏਸ਼ਨ ਕਰਕੇ ਇੰਗਲੈਂਡ ਚਲਾ ਗਿਆ ਸੀ। ਬੇਸ਼ੱਕ ਕਾਲਜ ਦੇ ਸਾਰੇ ਅਧਿਆਪਕ ਹੀ ਇੱਕ ਤੋਂ ਇੱਕ ਵਧ ਕੇ ਸਨ ਪਰ ਤਰਨਜੀਤ ਸਿੰਘ ਭੱਟੀ ਉਹਦੇ ਸਭ ਤੋਂ ਪਸੰਦੀਦਾ ਪ੍ਰੋਫੈਸਰ ਸਨ। ਭੱਟੀ ਸਰ ਦਾ ਪੜ੍ਹਾਉਣ ਦਾ ਅੰਦਾਜ਼ ਹੀ ਇੰਨਾ ਖ਼ੂਬਸੂਰਤ ਅਤੇ ਵਿਲੱਖਣ ਸੀ ਕਿ ਸਾਰੇ ਵਿਦਿਆਰਥੀ ਇੱਕ ਟੱਕ ਉਨ੍ਹਾਂ ਨੂੰ ਸੁਣਦੇ ਸਨ।
ਬੇਸ਼ੱਕ ਕਾਲਜ ਵਿੱਚ ਕਿਸੇ ਵਿਦਵਾਨ ਨੂੰ ਬਾਹਰੋਂ ਲੈਕਚਰ ਦੇਣ ਲਈ ਬੁਲਾਇਆ ਗਿਆ ਹੁੰਦਾ। ਕੋਈ ਸਾਹਿਤਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਮੁਕਾਬਲੇ ਹੋਣੇ ਹੁੰਦੇ। ਕੋਈ ਭਾਸ਼ਣ ਪ੍ਰਤੀਯੋਗਤਾ ਕਰਵਾਈ ਜਾਂਦੀ। ਕੋਈ ਕੁਇਜ਼ ਮੁਕਾਬਲਾ ਹੁੰਦਾ। ਕੋਈ ਕਵੀ ਦਰਬਾਰ ਹੁੰਦਾ, ਪ੍ਰੋਫੈਸਰ ਭੱਟੀ ਹਮੇਸ਼ਾ ਮੂਹਰੇ ਹੋ ਕੇ ਸਰਗਰਮ ਭੂਮਿਕਾ ਨਿਭਾਉਂਦੇ ਸਨ।
ਕਦੇ-ਕਦੇ ਕਲਾਸ ਵਿੱਚ ਪੜ੍ਹਾਉਂਦੇ ਸਮੇਂ ਵੀ ਉਹ ਕਿਸੇ ਨਾ ਕਿਸੇ ਵਿਦਿਆਰਥੀ ਨੂੰ ਆਪਣੇ ਕੋਲ ਬੁਲਾ ਲੈਂਦੇ। ਉਸ ਨੂੰ ਲੈਕਚਰ ਸਟੈਂਡ ਉੱਤੇ ਖੜ੍ਹ ਕੇ ਆਪਣੇ ਵਿਚਾਰ ਪੇਸ਼ ਕਰਨ ਲਈ ਆਖ ਦਿੰਦੇ। ਭਾਵੇਂ ਵਿਦਿਆਰਥੀਆਂ ਵਿੱਚ ਬਹੁਤ ਜ਼ਿਆਦਾ ਝਿਜਕ, ਸੰਗ, ਸੰਕੋਚ ਹੁੰਦੀ ਸੀ। ਪਰ ਭੱਟੀ ਸਰ ਵੱਲੋਂ ਦਿੱਤੇ ਉਤਸ਼ਾਹ ਅਤੇ ਸ਼ਾਬਾਸ਼ ਸਦਕਾ ਬਹੁਤ ਸਾਰੇ ਵਿਦਿਆਰਥੀ ਬਿਨਾਂ ਕਿਸੇ ਝਿਜਕ ਦੇ ਮੰਚ ਉੱਤੇ ਬੋਲਣ ਲੱਗ ਪਏ ਸਨ।
ਪ੍ਰੋਫੈਸਰ ਭੱਟੀ ਨੇ ਚੰਗੀਆਂ ਸਾਹਿਤਕ ਰੁਚੀਆਂ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਕਾਲਜ ਵਿੱਚ ‘ਸਾਡੀ ਸਾਹਿਤ ਸਭਾ’ ਦਾ ਗਠਨ ਵੀ ਕਰ ਲਿਆ ਸੀ। ਕਾਲਜ ਵਿੱਚ ਮਹੀਨੇ ਦੇ ਚੌਥੇ ਬੁੱਧਵਾਰ ਦੋ ਘੰਟਿਆਂ ਲਈ ਸਾਹਿਤ ਸਭਾ ਦਾ ਸਮਾਗਮ ਹੁੰਦਾ ਸੀ। ਭੱਟੀ ਸਰ ਤਾਂ ਬੱਸ ਇੱਕ ਪਾਸੇ ਬੈਠੇ ਸੁਣਦੇ ਰਹਿੰਦੇ ਸਨ। ਸਭਾ ਦਾ ਪੂਰਾ ਪ੍ਰੋਗਰਾਮ ਵਿਦਿਆਰਥੀਆਂ ਦੁਆਰਾ ਹੀ ਚਲਾਇਆ ਜਾਂਦਾ ਸੀ।
ਕਲਾਸ ਵਿੱਚ ਪੜ੍ਹਾਉਂਦੇ ਸਮੇਂ ਹਫ਼ਤੇ ਵਿੱਚ ਦੋ ਤਿੰਨ ਵਾਰੀ ਅਜਿਹਾ ਵਾਪਰਦਾ ਕਿ ਨਾ ਤਾਂ ਸਰ ਨੂੰ ਘੰਟੀ ਦੀ ਆਵਾਜ਼ ਸੁਣਾਈ ਦਿੰਦੀ ਅਤੇ ਨਾ ਹੀ ਵਿਦਿਆਰਥੀਆਂ ਨੂੰ। ਅਗਲੀ ਘੰਟੀ ਵਾਲਾ ਪ੍ਰੋਫੈਸਰ ਜਦੋਂ ਪੰਜ ਸੱਤ ਮਿੰਟ ਦੀ ਉਡੀਕ ਕਰਨ ਉਪਰੰਤ ਦਰਵਾਜ਼ੇ ਉੱਤੇ ਦੋ ਤਿੰਨ ਵਾਰ ਥੱਪ-ਥੱਪ ਦੀ ਆਵਾਜ਼ ਕਰਦਾ ਤਾਂ ਕਿਤੇ ਜਾ ਕੇ ਭੱਟੀ ਸਰ ਨੂੰ ਪਤਾ ਲੱਗਦਾ ਕਿ ਅਗਲੀ ਘੰਟੀ ਸ਼ੁਰੂ ਹੋਈ ਨੂੰ ਦਸ ਮਿੰਟ ਹੋ ਚੁੱਕੇ ਹਨ। ਅਜਿਹੇ ਕਈ ਮੌਕਿਆਂ ਉੱਤੇ ਉਹ ਅਕਸਰ ਕਹਿ ਦਿੰਦੇ, ‘‘ਪ੍ਰੋਫੈਸਰ ਮਾਨ, ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡਾ ਇਹ ਪੀਰੀਅਡ ਪੂਰਾ ਲੈ ਲਵਾਂ?’’
ਪ੍ਰੋਫੈਸਰ ਮਾਨ ਵੀ ਭੱਟੀ ਸਰ ਦੇ ਅੰਦਰਲੇ ਮਨ ਨੂੰ ਪਛਾਣ ਜਾਂਦੇ। ਫਿਰ ਉਹ ਹੱਸਦੇ ਹੋਏ ਕਹਿੰਦੇ, ‘‘ਪ੍ਰੋਫੈਸਰ ਭੱਟੀ, ਤੁਹਾਡੀ ਮਰਜ਼ੀ ਐ। ਤਿੰਨ ਕਰੋ, ਤੇਰਾਂ ਕਰੋ। ਅਸੀਂ ਕੌਣ ਹੁੰਨੇ ਆਂ, ਤੁਹਾਡੀ ਗੱਲ ਨੂੰ ਪਲਟਣ ਵਾਲੇ।’’
ਇਸ ਤਰ੍ਹਾਂ ਦੀ ਹਲਕੀ ਫੁਲਕੀ ਨੋਂਕ-ਝੋਂਕ ਦੇ ਚੱਲਦਿਆਂ ਖੁਸ਼ਮਿਜ਼ਾਜ਼ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਮਨਾਂ ਵਿੱਚ ਗਿਆਨ ਦੀ ਅਜਿਹੀ ਲੋਅ ਜਗਾ ਦਿੰਦੇ ਕਿ ਸਾਡੇ ਕਾਲਜ ਦੇ ਪੜ੍ਹੇ ਵਿਦਿਆਰਥੀ ਬਹੁਤ ਉੱਚੇ-ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਹੋ ਚੁੱਕੇ ਸਨ।
ਧਨੀ ਰਾਮ ਕੱਲ੍ਹ ਦੇਰ ਰਾਤ ਪੈਂਤੀ ਸਾਲ ਬਾਅਦ ਆਪਣੇ ਪਿੰਡ ਆਇਆ ਸੀ। ਅੱਜ ਸਵੇਰੇ ਹੀ ਉਹ ਸੈਰ ਕਰਨ ਜਾ ਰਿਹਾ ਸੀ। ਸਾਹਮਣੇ ਤੋਂ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਧਾਲੀਵਾਲ ਤੁਰੇ ਆ ਰਹੇ ਸਨ। ਜਦੋਂ ਉਹ ਬਿਲਕੁਲ ਨਜ਼ਦੀਕ ਆ ਗਏ ਤਾਂ ਉਸ ਨੇ ਹੱਥ ਜੋੜ ਫ਼ਤਹਿ ਬੁਲਾਉਂਦਿਆ ਆਖਿਆ, ‘‘ਸਤਿ ਸ੍ਰੀ ਅਕਾਲ ਸਰਪੰਚ ਸਾਹਿਬ।’’
ਭਾਵੇਂ ਸਰਪੰਚ ਦੀ ਵਡੇਰੀ ਉਮਰ ਹੋ ਚੁੱਕੀ ਸੀ। ਫਿਰ ਵੀ ਉਸ ਨੇ ਆਵਾਜ਼ ਪਛਾਣਦਿਆਂ ਕਿਹਾ, ‘‘ਸੇਠ ਸ਼ਿੰਗਾਰੀ ਲਾਲ ਦਾ ਪੁੱਤਰ ਧਨੀ ਰਾਮ ਹੈਂ!’’
‘‘ਹਾਂ ਜੀ, ਸਰਪੰਚ ਸਾਹਿਬ। ਮੈਂ ਧਨੀ ਰਾਮ ਹਾਂ। ਕੱਲ੍ਹ ਰਾਤੀਂ ਹੀ ਪਿੰਡ ਆਇਆ ਹਾਂ। ਹੋਰ ਸੁਣਾਓ! ਘਰ ਪਰਿਵਾਰ ਤਾਂ ਸਾਰੇ ਰਾਜ਼ੀ ਬਾਜੀ ਨੇ!’’
‘‘ਹਾਂ ਭਾਈ! ਸਾਰੇ ਰਾਜ਼ੀ ਖ਼ੁਸ਼ੀ ਹਾਂ। ਹੋਰ ਤੂੰ ਦੱਸ, ਤੇਰੇ ਨਾਲ ਹੋਰ ਕੌਣ-ਕੌਣ ਆਏ ਐ?’’
‘‘ਸਰਪੰਚ ਸਾਹਿਬ, ਮੈਂ ਤਾਂ ’ਕੱਲਾ ਈ ਆਇਆਂ। ਵਹੁਟੀ ਮੇਰੀ ਉੱਥੇ ਈ ਐ। ਬੱਚੇ ਤਾਂ ਉੱਧਰ ਈ ਜੰਮੇ ਪਲੇ ਐ! ਉਨ੍ਹਾਂ ਨੂੰ ਤਾਂ ਪਿੰਡ ਦਾ ਕੋਈ ਮੋਹ ਈ ਨ੍ਹੀਂ ਹੈ। ਚਲੋ, ਸਰਪੰਚ ਸਾਹਿਬ, ਜਿਵੇਂ ਬੱਚਿਆਂ ਦੀ ਖ਼ੁਸ਼ੀ! ਹੋਰ ਪਿੰਡ ਵਿੱਚ ਤਾਂ ਸਭ ਸੁਖ ਸਾਂਦ ਐ?’’
‘‘ਹਾਂ ਭਾਈ, ਪਿੰਡ ’’ਚ ਤਾਂ ਗੁਰੂ ਦੀ ਬਖਸ਼ਿਸ਼ ਐ। ਪਰ ਤੇਰੇ ਕਾਲਜ ਵਾਲਾ ਪ੍ਰੋਫੈਸਰ ਭੱਟੀ ਤੁਰ ਗਿਆ ਪਿਛਲੇ ਦਿਨੀਂ। ਕੱਲ੍ਹ ਨੂੰ ਉਹਦਾ ਭੋਗ ਐ। ਮੈਂ ਤਾਂ ਜਾਣੈ, ਉਹਦੇ ਭੋਗ ਉੱਤੇ।’’
ਇਸ ਤਰ੍ਹਾਂ ਧਨੀ ਰਾਮ ਨੂੰ ਧਾਲੀਵਾਲ ਤੋਂ ਹੀ ਪਤਾ ਲੱਗਾ ਸੀ ਕਿ ਪ੍ਰੋਫੈਸਰ ਤਰਨਜੀਤ ਸਿੰਘ ਭੱਟੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ ਤੇ ਐਤਵਾਰ ਨੂੰ ਉਸ ਦੀ ਨਮਿੱਤ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਵਿੱਚ ਰੱਖੀ ਗਈ ਹੈ।
‘‘ਤੁਸੀਂ ਇਉਂ ਕਰੋ, ਸਰਪੰਚ ਸਾਹਿਬ। ਹੁਣ ਤਾਂ ਤੁਸੀਂ ਜਾ ਆਓ ਆਪਣੇ ਕੰਮ ਧੰਦੇ। ਮੈਂ ਅੱਠ ਕੁ ਵਜੇ ਤੱਕ ਤੁਹਾਡੇ ਕੋਲ ਘਰ ਆਉਣਾ। ਥੋਡੇ ਕੋਲ ਬੈਠ ਕੇ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਕਰਦੇ ਆਂ।’’ ਧਨੀ ਰਾਮ ਨੇ ਕਿਹਾ। ਉਹ ਸਰਪੰਚ ਨੂੰ ਫ਼ਤਹਿ ਬੁਲਾ ਕੇ ਅੱਗੇ ਲੰਘ ਗਿਆ।
ਤੁਰਿਆ ਜਾਂਦਾ ਉਹ ਆਪਣੇ ਮਨ ਵਿੱਚ ਹੀ ਸੋਚਦਾ ਜਾ ਰਿਹਾ ਸੀ ਕਿ ਪ੍ਰੋਫੈਸਰ ਭੱਟੀ, ਕਿੱਡਾ ਜ਼ਿੰਦਾਦਿਲ ਇਨਸਾਨ ਸੀ। ਛੇ ਫੁੱਟ ਉੱਚਾ ਕੱਦ, ਗੋਰਾ ਚਿੱਟਾ ਲਾਲ ਸੁਰਖ਼ ਰੰਗ, ਹਸੂੰ-ਹਸੂੰ ਕਰਦਾ ਚਿਹਰਾ, ਮੋਟੀਆਂ ਚਮਕੀਲੀਆਂ ਅੱਖਾਂ, ਪੜ੍ਹਾਉਣ ਦਾ ਬੇਮਿਸਾਲ ਢੰਗ। ਗੁਣ ਹੀ ਗੁਣ ਤਾਂ ਭਰੇ ਹੋਏ ਸਨ, ਪ੍ਰੋਫੈਸਰ ਭੱਟੀ ਵਿੱਚ।
ਸੈਰ ਕਰਕੇ ਉਹ ਕਾਹਲ਼ੀ-ਕਾਹਲ਼ੀ ਕਦਮਾਂ ਨਾਲ ਆਪਣੇ ਘਰ ਮੁੜ ਆਇਆ ਸੀ। ਨ੍ਹਾ ਧੋ ਕੇ ਪ੍ਰਸ਼ਾਦਾ ਪਾਣੀ ਛਕ ਕੇ ਅੱਠ ਵਜੇ ਤੋਂ ਪਹਿਲਾਂ ਉਹ ਸਰਪੰਚ ਦੇ ਘਰ ਜਾ ਵੜਿਆ ਸੀ।
ਉਦੋਂ ਤੱਕ ਸਰਪੰਚ ਵੀ ਤਿਆਰ ਹੋ ਕੇ ਆਪਣੀ ਬੈਠਕ ਵਿੱਚ ਆ ਬੈਠਾ ਸੀ।
ਧਨੀ ਰਾਮ ਨੂੰ ਅੰਦਰ ਵੜਦਿਆਂ ਵੇਖ ਕੇ ਉਹ ਬੋਲਿਆ, ‘‘ਆ ਜੋ, ਆ ਜੋ, ਲਾਲਾ ਜੀ, ਲੰਘ ਆਓ। ਬੈਠੋ! ਕੁਰਸੀ ਲੈ ਲਵੋ।’’
‘‘ਸਰਪੰਚ ਸਾਹਿਬ, ਤੁਸੀਂ ਤਾਂ ਜਾਣਦੇ ਓ ਕਿ ਪ੍ਰੋਫੈਸਰ ਭੱਟੀ ਮੇਰੇ ਆਦਰਸ਼ ਅਧਿਆਪਕ ਰਹੇ ਨੇ ਤੇ ਪੈਂਤੀ ਸਾਲਾਂ ਬਾਅਦ ਮੈਂ ਪਿੰਡ ਵਾਪਸ ਆਇਆਂ। ਇਸ ਲੰਮੇਂ ਸਮੇਂ ਦੌਰਾਨ ਭੱਟੀ ਸਰ ਦਾ ਜੀਵਨ ਕਿਵੇਂ ਲੰਘਿਆ? ਮੈਨੂੰ ਉਹ ਸਾਰੀ ਗੱਲ ਵਿਸਥਾਰ ਸਹਿਤ ਦੱਸੋ!’’ ਧਨੀ ਰਾਮ ਨੇ ਤਰਲਾ ਕਰਦਿਆਂ ਕਿਹਾ।
ਸਰਪੰਚ ਨੇ ਉਸ ਨੂੰ ਦੱਸਿਆ ਸੀ, ‘‘ਭੱਟੀ ਦੀ ਪਤਨੀ ਦਾ ਪੰਦਰਾਂ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੋਵੇਂ ਵੱਡੇ ਪੁੱਤਰ ਆਪਣੇ ਪਰਿਵਾਰਾਂ ਨਾਲ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਬਹੁਤ ਹੀ ਖ਼ੁਸ਼ਹਾਲ ਜ਼ਿੰਦਗੀ ਜੀਅ ਰਹੇ ਹਨ। ਸਭ ਤੋਂ ਛੋਟਾ ਪੁੱਤਰ ਹਰਮਨਜੀਤ ਸਿੰਘ ਭੱਟੀ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦਾ ਹੈ। ਸਮਰਾਲੇ ਦੀ ਇੱਕ ਸਕੂਲ ਅਧਿਆਪਕਾ ਨਾਲ ਉਸਦਾ ਵਿਆਹ ਹੋਇਆ ਸੀ। ਵਿਆਹ ਤੋਂ ਤਿੰਨ ਸਾਲ ਬਾਅਦ ਦੋ ਜੌੜੇ ਪੁੱਤਰਾਂ ਨੇ ਉਨ੍ਹਾਂ ਦੇ ਘਰ ਵਿੱਚ ਜਨਮ ਲਿਆ ਸੀ। ਉਸ ਦੀ ਵਹੁਟੀ ਆਨੇ-ਬਹਾਨੇ ਘਰ ਵਿੱਚ ਕਲੇਸ਼ ਖੜ੍ਹਾ ਰੱਖਦੀ ਸੀ। ਨਿੱਤ-ਨਿੱਤ ਦੇ ਕਲੇਸ਼ ਨੂੰ ਮੁਕਾਉਣ ਲਈ ਉਸ ਨੇ ਅਦਾਲਤੀ ਪ੍ਰਕਿਰਿਆ ਪੂਰੀ ਕਰਕੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ। ਮਾਣਯੋਗ ਜੱਜ ਸਾਹਿਬ ਨੇ ਦੋਵਾਂ ਜੀਆਂ ਨੂੰ ਇੱਕ ਇੱਕ ਪੁੱਤਰ ਦੀ ਸੌਂਪਣੀ ਕਰ ਦਿੱਤੀ ਸੀ।
ਜਦੋਂ ਤੱਕ ਭੱਟੀ ਕਾਲਜ ਵਿੱਚ ਪ੍ਰੋਫੈਸਰ ਲੱਗੇ ਰਹੇ, ਉਦੋਂ ਤੱਕ ਤਾਂ ਘਰ ਦਾ ਪੂਰਾ ਖ਼ਰਚ ਉਹ ਚਲਾਉਂਦੇ ਰਹੇ। ਘਰ ਦਾ ਚੁੱਲ੍ਹਾ ਸੋਹਣੇ ਅਤੇ ਸੁਚੱਜੇ ਢੰਗ ਨਾਲ ਮਘਦਾ ਰਿਹਾ। ਪਰ ਜਦੋਂ ਤੋਂ ਉਹ ਆਪਣੀ ਪੋਸਟ ਤੋਂ ਸੇਵਾਮੁਕਤ ਹੋਏ, ਘਰ ਦਾ ਖ਼ਰਚਾ ਚਲਾਉਣਾ ਵੀ ਬਹੁਤ ਮੁਸ਼ਕਲ ਹੋ ਗਿਆ ਸੀ।
ਹਰਮਨਜੀਤ ਨੂੰ ਪ੍ਰਾਈਵੇਟ ਸਕੂਲ ਵਿੱਚੋਂ ਕੇਵਲ ਬਾਰਾਂ ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ। ਅਜਿਹੇ ਮਾਹੌਲ ਵਿੱਚ ਘਰ ਵਿੱਚ ਸਫ਼ਾਈ ਦਾ ਕੰਮ ਕਰਨ ਵਾਲੀ ਮਾਨਸੀ ਨੂੰ ਹਟਾ ਦਿੱਤਾ ਗਿਆ ਸੀ। ਭੱਟੀ ਸਰ ਰੋਟੀ ਪਾਣੀ ਵੀ ਆਪਣੇ ਹੱਥੀਂ ਤਿਆਰ ਕਰਦੇ। ਆਪਣੇ ਕੱਪੜੇ ਆਪ ਧੋਂਦੇ ਸਨ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਸਦਾ ਖ਼ੁਸ਼ ਰਹਿੰਦੇ ਸਨ।
ਉਹ ਜਦੋਂ ਵੀ ਘਰੋਂ ਬਾਹਰ ਨਿਕਲਦੇ, ਉਨ੍ਹਾਂ ਦੇ ਹੱਥ ਵਿੱਚ ਫੜੀ ਖੂੰਡੀ ਦੀ ਠੱਕ-ਠੱਕ ਦੀ ਆਵਾਜ਼ ਉਨ੍ਹਾਂ ਨੂੰ ਜਾਣਨ ਵਾਲਿਆਂ ਨੂੰ ਸੰਕੇਤ ਕਰ ਦਿੰਦੀ ਸੀ ਕਿ ਪ੍ਰੋਫੈਸਰ ਭੱਟੀ ਆ ਰਹੇ ਹਨ। ਨੌਜਵਾਨ ਅਤੇ ਅੱਧਖੜ ਉਮਰ ਦੇ ਵਿਅਕਤੀ ਤਾਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ। ਉਨ੍ਹਾਂ ਤੋਂ ਆਸ਼ੀਰਵਾਦ ਲੈ ਕੇ ਫ਼ਖ਼ਰ ਮਹਿਸੂਸ ਕਰਦੇ ਸਨ ਪਰ ਉਨ੍ਹਾਂ ਦੇ ਹਾਣ ਦੇ ਉਨ੍ਹਾਂ ਨੂੰ ਪ੍ਰੋਫੈਸਰ ਸਾਹਿਬ, ਭੱਟੀ ਸਾਹਿਬ, ਕਵੀ ਜੀ, ਸੰਤ ਜੀ, ਬਾਬਿਓ ਆਦਿ ਸ਼ਬਦਾਂ ਨਾਲ ਮਾਣ ਅਤੇ ਸਤਿਕਾਰ ਦਿੰਦੇ ਸਨ। ਸ਼ਹਿਰ ਦੀਆਂ ਨਾਮੀ ਸਮਾਜ ਸੇਵੀ ਸੰਸਥਾਵਾਂ ਦੇ ਉਹ ਸਰਪ੍ਰਸਤ ਅਤੇ ਮੁੱਖ ਸਲਾਹਕਾਰ ਸਨ।
ਬਾਗ਼ ਵਿੱਚ ਸੈਰ ਕਰਨੀ, ਵੱਡੇ ਬਜ਼ੁਰਗਾਂ ਨਾਲ਼ ਬੈਠ ਕੇ ਤਾਸ਼ ਖੇਡਣੀ, ਮਹੀਨੇ ਵਿੱਚ ਦੋ ਵਾਰੀ ਮੂੰਹ ਕੌੜਾ ਕਰਨਾ ਉਨ੍ਹਾਂ ਦੇ ਸ਼ੁਗਲ ਸਨ।’’
ਸਰਪੰਚ ਸਾਹਿਬ ਤੋਂ ਆਪਣੇ ਆਦਰਸ਼ ਅਧਿਆਪਕ ਸਬੰਧੀ ਗੱਲਾਂ ਸੁਣ ਕੇ ਉਹ ਫ਼ਤਹਿ ਬੁਲਾ ਕੇ ਆਪਣੇ ਘਰ ਚਲਾ ਗਿਆ ਸੀ।
ਅੱਜ ਐਤਵਾਰ ਸੀ। ਉਹ ਦੋਵੇਂ ਜਣੇ ਪਿੰਡੋਂ ਚੱਲ ਕੇ ਗੁਰਦੁਆਰਾ ਸਿੰਘ ਸਭਾ ਵਿੱਚ ਬਾਰਾਂ ਵਜੇ ਤੋਂ ਪਹਿਲਾਂ ਹੀ ਪਹੁੰਚ ਗਏ ਸਨ। ਉਨ੍ਹਾਂ ਨੇ ਜੋੜੇ ਉਤਾਰੇ। ਹੱਥ ਧੋਤੇ। ਫਿਰ ਉਹ ਦਰਬਾਰ ਸਾਹਿਬ ਵੱਲ ਚੱਲ ਪਏ। ਸਾਬਤ ਸੂਰਤ ਸੋਹਣੇ ਸਜੇ ਦੋ ਸਿੱਖ ਨੌਜਵਾਨਾਂ ਨੇ ਉਨ੍ਹਾਂ ਨੂੰ ਪਹਿਲਾਂ ਲੰਗਰ ਹਾਲ ਵਿੱਚ ਜਾ ਕੇ ਲੰਗਰ ਛਕਣ ਦੀ ਬੇਨਤੀ ਕੀਤੀ।
ਜਿਉਂ ਹੀ ਉਹ ਲੰਗਰ ਹਾਲ ਵਿੱਚ ਪਹੁੰਚੇ, ਉਨ੍ਹਾਂ ਵੇਖਿਆ ਕਿ ਕਈ ਤਰ੍ਹਾਂ ਦਾ ਖਾਣਾ ਮੇਜ਼ਾਂ ਉੱਤੇ ਸਜਾਇਆ ਗਿਆ ਸੀ। ਬਹੁਤ ਹੀ ਉੱਤਮ ਕਿਸਮ ਦੇ ਚਾਵਲਾਂ ਨਾਲ ਭਰੇ ਡੌਂਗੇ ਵਿੱਚੋਂ ਭਾਫ਼ਾਂ ਨਿਕਲ ਰਹੀਆਂ ਸਨ। ਕਈ ਪ੍ਰਕਾਰ ਦਾ ਸਲਾਦ ਮੇਜ਼ ਉੱਤੇ ਸਜਾਇਆ ਪਿਆ ਸੀ। ਸ਼ਾਹੀ ਪਨੀਰ, ਕੜਾਹੀ ਪਨੀਰ, ਦਾਲ਼ ਮਖਣੀ, ਮਿਕਸ ਸਬਜ਼ੀਆਂ, ਡਿੱਸ਼ ਵਿੱਚ ਬੇਸਣ ਦਾ ਹਲਵਾ, ਗਰਮ ਗਰਮ ਗ਼ੁਲਾਬ ਜਾਮਣ, ਆਈਸ ਕਰੀਮ, ਛੋਟੇ ਸਾਈਜ਼ ਦੀ ਜਲੇਬੀ ਅਤੇ ਰਾਬੜੀ ਰੱਖੀ ਹੋਈ ਸੀ।
ਕੋਲ ਖੜ੍ਹੇ ਭੋਜਨ ਕਰ ਰਹੇ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਦੂਜੇ ਨੂੰ ਆਖਿਆ ਸੀ, ‘‘ਦੀਵਾਨ ਸਿੰਘ, ਸ਼ਾਹੀ ਪਨੀਰ ਤਾਂ ਲੋਹੜੇ ਦਾ ਸਵਾਦੀ ਬਣਿਆ ਹੈ। ਇਹੋ ਜਿਹਾ ਲਜ਼ੀਜ਼ ਪਕਵਾਨ ਤਾਂ ਕਦੇ ਵਿਆਹ ਵਿੱਚ ਵੀ ਨ੍ਹੀਂ ਖਾਧਾ। ਮੈਨੂੰ ਤਾਂ ਯਾਰ ਸੁਆਦ ਈ ਆ ਗਿਆ।’’
‘‘ਠੀਕ ਕਿਹਾ ਹੈ ਯਾਰਾ! ਭੋਜਨ ਤਾਂ ਉੱਤਮ ਦਰਜੇ ਦਾ ਬਣਿਆ ਹੋਇਆ ਹੈ ਪਰ ਮੈਨੂੰ ਤਾਂ ਪਤਾ ਲੱਗਿਆ ਹੈ ਕਿ ਪ੍ਰੋਫੈਸਰ ਭੱਟੀ ਤਾਂ ਆਪਣੇ ਆਖ਼ਰੀ ਦਿਨ ਤੱਕ ਆਪ ਹੀ ਰੋਟੀਆਂ ਥੱਪਦੇ ਰਹੇ। ਗੁਲਾਬ ਸਿੰਘ, ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਬਜ਼ੁਰਗ ਨੂੰ ਜਿਉਂਦੇ ਜੀਅ ਕਦੇ ਚੱਜ ਦੀ ਰੋਟੀ ਨ੍ਹੀਂ ਜੁੜੀ। ਉਹਦੇ ਮਰਨੇ ਉੱਤੇ ਲੋਕਾਂ ਨੂੰ ਇਹੋ ਜਿਹੇ ਪਕਵਾਨ ਖੁਆਉਣ ਦਾ ਕੀ ਲਾਭ? ਇਹੋ ਜਿਹੇ ਅਡੰਬਰ ਰਚ ਕੇ ਇਹ ਧੀਆਂ ਪੁੱਤਰ ਕਹਿਣਾ ਕੀ ਚਾਹੁੰਦੇ ਨੇ? ਆਖ਼ਰ ਅਜੋਕੀ ਪੀੜ੍ਹੀ ਇੰਨੀ ਆਕ੍ਰਿਤਘਣ ਕਿਉਂ ਹੋ ਗਈ ਹੈ? ਜਿਹੜੇ ਮਾਂ ਪਿਉ ਨੇ ਆਪਣੀ ਸਾਰੀ ਜਵਾਨੀ, ਸੁੱਖ, ਚੈਨ, ਜੀਵਨ ਭਰ ਦੀ ਕਮਾਈ ਆਪਣੇ ਧੀਆਂ ਪੁੱਤਰਾਂ ਉੱਤੇ ਹੱਸ ਹੱਸ ਕੇ ਵਾਰ ਦਿੱਤੀ, ਕੀ ਉਨ੍ਹਾਂ ਨੂੰ ਬੁਢਾਪੇ ਵਿੱਚ ਇਹ ਲੋਕ ਸਾਂਭ ਨ੍ਹੀਂ ਸਕਦੇ? ਆਖ਼ਰ ਕਿਉਂ ਇਹ ਲੋਕ ਬੇਕਿਰਕ, ਅਸੰਵੇਦਨਸ਼ੀਲ, ਅਹਿਸਾਨ ਫ਼ਰਾਮੋਸ਼, ਬੇਗ਼ੈਰਤ ਤੇ ਖ਼ੁਦਗਰਜ਼ ਹੋ ਗਏ ਹਨ? ਮਿੱਤਰਾ, ਮੇਰੀ ਇੱਕ ਗੱਲ ਯਾਦ ਰੱਖੀਂ। ਜਦੋਂ ਇਹੋ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਬੁਢਾਪੇ ਤੱਕ ਪਹੁੰਚੇਗੀ, ਇਨ੍ਹਾਂ ਦੇ ਧੀਆਂ ਪੁੱਤਰਾਂ ਨੇ ਇਨ੍ਹਾਂ ਦੀ ਵੀ ਸਾਰ ਨ੍ਹੀਂ ਲੈਣੀ!’’
ਕੋਲ ਖੜ੍ਹੇ ਧਨੀ ਰਾਮ ਨੇ ਦੋ ਅਣਜਾਣ ਨੌਜਵਾਨਾਂ ਦੀ ਸਾਰੀ ਗੱਲ ਸੁਣ ਲਈ ਸੀ। ਹੁਣ ਉਸ ਨੇ ਆਪਣੀ ਪਲੇਟ ਵਿੱਚ ਥੋੜ੍ਹੇ ਜਿਹੇ ਚੌਲ਼ ਅਤੇ ਦੋ ਕੁ ਚਮਚ ਦਾਲ਼ ਦੇ ਪਾਏ ਸਨ। ਜਿਉਂ ਹੀ ਉਸ ਨੇ ਚੌਲਾਂ ਦਾ ਅੱਧ ਭਰਿਆ ਚਮਚਾ ਆਪਣੇ ਮੂੰਹ ਵਿੱਚ ਪਾਇਆ, ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ। ਉਸ ਨੇ ਆਪਣੀ ਪਲੇਟ ਅਤੇ ਚਮਚ ਉਸੇ ਤਰ੍ਹਾਂ ਜੂਠੇ ਬਰਤਨਾਂ ਵਾਲੇ ਟੱਬ ਵਿੱਚ ਰੱਖ ਦਿੱਤੀ। ਉਦੋਂ ਤੱਕ ਸਰਪੰਚ ਵੀ ਇੱਕ ਰੋਟੀ ਖਾ ਚੁੱਕਾ ਸੀ। ਉਹ ਦੋਵੇਂ ਜਣੇ ਹੱਥ ਧੋ ਕੇ ਦਰਬਾਰ ਸਾਹਿਬ ਅੰਦਰ ਜਾ ਬੈਠੇ।
ਕੀਰਤਨੀ ਜੱਥਾ ਰਸਭਿੰਨਾ ਵੈਰਾਗਮਈ ਕੀਰਤਨ ਕਰ ਰਿਹਾ ਸੀ। ਆਨੰਦ ਸਾਹਿਬ ਦਾ ਪਾਠ ਹੋਇਆ। ਅਰਦਾਸ ਕੀਤੀ ਗਈ। ਦੇਗ਼ ਵਰਤਾਉਣ ਤੋਂ ਪਹਿਲਾਂ ਇਲਾਕੇ ਦਾ ਕੈਬਨਿਟ ਮੰਤਰੀ ਪ੍ਰੋਫੈਸਰ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਹਿ ਰਿਹਾ ਸੀ, ‘‘ਪ੍ਰੋਫੈਸਰ ਤਰਨਜੀਤ ਸਿੰਘ ਭੱਟੀ ਜੀ ਬੜੇ ਵੱਡੇ ਭਾਗਾਂ ਵਾਲੇ ਸਨ। ਜਿਨ੍ਹਾਂ ਦੇ ਪੁੱਤਰਾਂ ਨੇ ਤਨ ਮਨ ਧਨ ਨਾਲ ਸਮਰਪਿਤ ਹੋ ਕੇ ਉਨ੍ਹਾਂ ਦੇ ਆਖ਼ਰੀ ਸਮੇਂ ਤੱਕ ਉਨ੍ਹਾਂ ਦੀ ਸੇਵਾ ਕੀਤੀ। ਭੱਟੀ ਸਰ ਦਾ ਆਸ਼ੀਰਵਾਦ ਭਰਿਆ ਹੱਥ ਹਮੇਸ਼ਾ ਮੇਰੇ ਅਤੇ ਸਾਡੀ ਪਾਰਟੀ ਉੱਤੇ ਰਿਹਾ। ਇਹੋ ਜਿਹੀਆਂ ਮਹਾਨ ਹਸਤੀਆਂ ਕਦੇ-ਕਦੇ ਹੀ ਇਸ ਧਰਤੀ ਉੱਤੇ ਜਨਮ ਲੈਂਦੀਆਂ ਸਨ। ਮੈਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਉਹ ਭੱਟੀ ਸਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਜਰਨ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।’’
ਇਸ ਉਪਰੰਤ ਪਵਿੱਤਰ ਕੜਾਹ ਪ੍ਰਸ਼ਾਦਿ ਦੀ ਦੇਗ਼ ਵਰਤਾਈ ਗਈ।
ਦੇਗ਼ ਲੈਣ ਉਪਰੰਤ ਹਜ਼ਾਰਾਂ ਦੀ ਤਾਦਾਦ ਵਿੱਚ ਆਈ ਸੰਗਤ ਨੇ ਦੁੱਧ ਪੱਤੀ ਦਾ ਸੁਆਦ ਚਖਿਆ। ਬਹੁਤ ਸਾਰੇ ਲੋਕੀਂ ਘਰਾਂ ਨੂੰ ਜਾਂਦੇ ਹੋਏ ਕਹਿ ਰਹੇ ਸਨ, ‘‘ਭੱਟੀ ਸਰ ਦੇ ਪੁੱਤ ਪੋਤਿਆਂ ਨੇ ਤਾਂ ਕਮਾਲ ਈ ਕਰ ਦਿੱਤੀ। ਇਹੋ ਜਿਹਾ ਖਾਣ ਪੀਣ ਤਾਂ ਵਿਆਹਾਂ ਸ਼ਾਦੀਆਂ ਵਿੱਚ ਵੀ ਨ੍ਹੀਂ ਹੁੰਦਾ।’’
ਪਿੰਡ ਨੂੰ ਜਾਂਦਿਆਂ ਧਨੀ ਰਾਮ ਅਤੇ ਸਰਪੰਚ ਦੀਆਂ ਅੱਖਾਂ ਵਿੱਚ ਇੱਕ ਵਾਰੀ ਫਿਰ ਪਾਣੀ ਸਿੰਮ ਆਇਆ ਸੀ।
ਸੰਪਰਕ: 84276-85020