ਸ੍ਰੀ ਦਰਬਾਰ ਸਾਹਿਬ ਵਿੱਚ ਸਕੈਨਰਾਂ ਦਾ ਟਰਾਇਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਜੂਨ
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਸਾਮਾਨ ਦੀ ਜਾਂਚ ਵਾਸਤੇ ਸ਼੍ਰੋਮਣੀ ਕਮੇਟੀ ਨੇ ਪ੍ਰਵੇਸ਼ ਦੁਆਰਾਂ ‘ਤੇ ਸਕੈਨਰ ਲਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਇਸੇ ਤਹਿਤ ਅੱਜ ਇੱਥੇ ਘੰਟਾ ਘਰ ਵਾਲੇ ਪਾਸੇ ਇੱਕ ਸਕੈਨਰ ਦਾ ਟਰਾਇਲ ਕੀਤਾ ਗਿਆ। ਇਹ ਸਕੈਨਰ ਹਵਾਈ ਅੱਡਿਆਂ ‘ਤੇ ਵਰਤੇ ਜਾਂਦੇ ਸਕੈਨਰਾਂ ਵਰਗੇ ਹੀ ਹਨ। ਇਸ ਦੌਰਾਨ ਕੰਪਿਊਟਰ ‘ਤੇ ਸਾਮਾਨ ਦੀ ਤਸਵੀਰ ਆਵੇਗੀ, ਜਿਸ ਵਿਚ ਇਤਰਾਜ਼ਯੋਗ ਸਾਮਾਨ ਦਾ ਵੀ ਪਤਾ ਲੱਗ ਸਕੇਗਾ। ਅੱਜ ਇਸ ਦੇ ਟਰਾਇਲ ਸਮੇਂ ਜਦੋਂ ਇੱਕ ਯਾਤਰੂ ਦੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਉਸ ਦੇ ਸਾਮਾਨ ‘ਚੋਂ ਚੱਪਲਾਂ ਦਾ ਜੋੜਾ ਨਿਕਲਿਆ, ਜੋ ਆਪਣੇ ਸਾਮਾਨ ਵਿਚ ਰੱਖ ਕੇ ਗੁਰਦੁਆਰੇ ਦੇ ਅੰਦਰ ਲੈ ਕੇ ਜਾ ਰਿਹਾ ਸੀ।
ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤਿੰਨ ਬੰਬ ਧਮਾਕੇ ਕੀਤੇ ਗਏ ਸਨ। ਇਸ ਘਟਨਾ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਦੀ ਸੁਰੱਖਿਆ ਵਾਸਤੇ ਸਕੈਨਰ ਲਾਉਣ ਅਤੇ ਹੋਰ ਢੁੱਕਵੇਂ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਬਾਰੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਨੇ ਦੱਸਿਆ ਕਿ 12 ਜੂਨ ਨੂੰ ਇਸ ਕੰਮ ਨੂੰ ਨੇਪਰੇ ਚਾੜ੍ਹਨ ਸਬੰਧੀ ਬਣਾਈ ਗਈ ਸਬ-ਕਮੇਟੀ ਵੱਲੋਂ ਇਹ ਸਕੈਨਰ ਦੇਖੇ ਜਾਣਗੇ, ਜੇ ਕੰਮ ਤਸੱਲੀਬਖਸ਼ ਪਾਇਆ ਗਿਆ ਤਾਂ ਫਿਰ ਤੁਰੰਤ ਬਾਅਦ ਇਹ ਸਕੈਨਰ ਗੁਰਦੁਆਰੇ ਦੇ ਚਾਰੋਂ ਪਾਸੇ ਪ੍ਰਵੇਸ਼-ਦੁਆਰਾਂ ‘ਤੇ ਸਥਾਪਤ ਕੀਤੇ ਜਾਣਗੇ।