For the best experience, open
https://m.punjabitribuneonline.com
on your mobile browser.
Advertisement

ਸਟਾਰਟ ਅੱਪਸ ਲਈ ਅਜ਼ਮਾਇਸ਼ ਦੀ ਘੜੀ

06:02 AM Jul 05, 2023 IST
ਸਟਾਰਟ ਅੱਪਸ ਲਈ ਅਜ਼ਮਾਇਸ਼ ਦੀ ਘੜੀ
Advertisement

ਟੀਐੱਨ ਨੈਨਾਨ

ਐੱਡਟੈੱਕ ਕਾਰੋਬਾਰ (ਆਨਲਾਈਨ ਟਿਊਸ਼ਨ) ਕੰਪਨੀ ਬਾਇਜੂਜ਼ ਇਸ ਸਮੇਂ ਭਾਰਤ ਦੇ ਸਟਾਰਟ ਅੱਪ ਸੈਕਟਰ ਦਾ ਕੋਝਾ ਇਸ਼ਤਿਹਾਰ ਬਣ ਗਈ ਹੈ। ਇਸ ਸੈਕਟਰ ਵਿਚ 80000 ਤੋਂ ਵੱਧ ਰਜਿਸਟਰਡ ਕੰਪਨੀਆਂ ਹਨ ਜਿਨ੍ਹਾਂ ’ਚੋਂ ਘੱਟੋਘੱਟ 70 ਫ਼ੀਸਦ ਕੰਪਨੀਆਂ ਆਖ਼ਰ ਫੇਲ੍ਹ ਹੋ ਜਾਂਦੀਆਂ ਹਨ ਅਤੇ ਦੂਜੇ ਬੰਨੇ 100 ਕੁ ਕੰਪਨੀਆਂ ਇਕ ਅਰਬ ਡਾਲਰ ਦੇ ਮੁੱਲ ਤੋਂ ਵੱਧ ਵਾਲਾ ਯੂਨੀਕਾਰਨ ਦਰਜਾ ਹਾਸਲ ਕਰ ਲੈਂਦੀਆਂ ਹਨ। ਇਨ੍ਹਾਂ ਯੂਨੀਕਾਰਨ ਕੰਪਨੀਆਂ ’ਚੋਂ ਹੀ ਇਕ ਬਾਇਜੂਜ਼ ਸਭ ਤੋਂ ਵੱਡੀ, ਸਭ ਤੋਂ ਵੱਧ ਚਮਕ ਦਮਕ ਵਾਲੀ ਤੇ ਲਗਾਤਾਰ ਵਿਵਾਦਾਂ ਦੇ ਘੇਰੇ ਵਿਚ ਰਹਿਣ ਵਾਲੀ ਕੰਪਨੀ ਹੈ ਜੋ ਹੁਣ ਅਜਿਹੇ ਮੁਕਾਮ ’ਤੇ ਪਹੁੰਚ ਗਈ ਹੈ ਜਿੱਥੇ ਇਹ ਤਬਾਹ ਵੀ ਹੋ ਸਕਦੀ ਹੈ ਜਾਂ ਚਮਤਕਾਰੀ ਢੰਗ ਨਾਲ ਬਚੀ ਰਹਿ ਸਕਦੀ ਹੈ। ਪਿਛਲੇ ਕੁਝ ਹਫ਼ਤਿਆਂ ਅਤੇ ਮਹੀਨਿਆਂ ਤੋਂ ਇਸ ਦੇ ਦੂਜੇ ਨਤੀਜੇ ਦੇ ਆਸਾਰ ਜ਼ਿਆਦਾ ਦਿਖਾਈ ਦੇ ਰਹੇ ਹਨ।
ਇਕ ਸਮੇਂ ਐੱਡਟੈੱਕ ਕਾਰੋਬਾਰੀ ਕੰਪਨੀ ਬਾਇਜੂਜ਼ ਦੀ ਸ਼ੇਅਰ ਬਾਜ਼ਾਰ ਦੀ ਕੀਮਤ 22 ਅਰਬ ਡਾਲਰ ਭਾਵ ਟਾਟਾ ਮੋਟਰਜ਼ ਦੇ ਮੁੱਲ ਦੇ ਨੇੜੇ ਤੇੜੇ ਪਹੁੰਚ ਗਈ ਸੀ। ਇਸ ਦੇ ਜਿਹੜੇ ਖਾਸੇ ਨੇ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ ਸੀ, ਉਹ ਸੀ ਇਸ ਦਾ ਸੇਲਜ਼ ਦਾ ਬਹੁਤ ਜ਼ਿਆਦਾ ਹਮਲਾਵਰੀ ਤੌਰ ਤਰੀਕਾ, ਇਸ ਦਾ ਵਿਸ਼ੈਲਾ ਕੰਮਕਾਜੀ ਸਭਿਆਚਾਰ, ਇਸ ਦੀਆਂ ਸੰਦੇਹਪੂਰਨ ਲੇਖਾ ਵਿਧੀਆਂ ਅਤੇ ਇਸ ਦੀਆਂ ਸੇਵਾਵਾਂ ਬਾਰੇ ਬੇਭਰੋਸਗੀ। ਮਾਰਚ 2021 ਦੇ ਦੇਰ ਨਾਲ ਆਏ ਇਸ ਦੇ ਨਤੀਜਿਆਂ ਵਿਚ 4588 ਕਰੋੜ ਰੁਪਏ ਦਾ ਘਾਟਾ ਦਰਸਾਇਆ ਗਿਆ ਸੀ ਜੋ ਇਸ ਦੇ ਮਾਲੀਏ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ ਸੀ। ਮਾਰਚ 2022 ਦੇ ਨਤੀਜੇ ਹਾਲੇ ਤਕ ਸਾਹਮਣੇ ਨਹੀਂ ਆ ਸਕੇ ਪਰ ਇਸ ਦੇ ਆਡੀਟਰ ਨੇ ਕੰਪਨੀ ਨਾਲੋਂ ਕਿਨਾਰਾ ਕਰ ਲਿਆ ਹੈ ਅਤੇ ਨਾਨ ਪ੍ਰੋਮੋਟਰ ਡਾਇਰੈਕਟਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ ਅਤੇ ਇਸ ਦੌਰਾਨ ਹਜ਼ਾਰਾਂ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਚੁੱਕੀ ਹੈ। ਇਸ ਦੇ ਇਕ ਨਿਵੇਸ਼ਕ ਨੇ ਆਪਣਾ ਨਿਵੇਸ਼ 40 ਫ਼ੀਸਦ ਘਟਾ ਲਿਆ ਹੈ ਜਦਕਿ ਇਕ ਹੋਰ ਨਿਵੇਸ਼ਕ ਨੇ ਆਪਣੀਆਂ ਲੇਖਾ ਪੁਸਤਕਾਂ ਵਿਚ ਇਸ ਕੰਪਨੀ ਦੀ ਕੀਮਤ 75 ਫ਼ੀਸਦ ਤੱਕ ਘੱਟ ਕਰ ਦਿੱਤੀ ਹੈ। ਕੰਪਨੀ ਆਪਣੇ ਦੇਣਦਾਰਾਂ ਖਿਲਾਫ਼ ਅਦਾਲਤਾਂ ਦੇ ਚੱਕਰ ਕੱਟ ਰਹੀ ਹੈ। ਇਸ ਸਭ ਕਾਸੇ ਦੇ ਬਾਵਜੂਦ ਬਾਇਜੂਜ਼ ਦਾ ਕਹਿਣਾ ਹੈ ਕਿ ਉਸ ਨੂੰ ਇਕ ਅਰਬ ਡਾਲਰ ਹੋਰ ਜੁਟਾਉਣ ਦੀ ਆਸ ਹੈ ਅਤੇ ਕੰਪਨੀ ਦੇ ਬਾਨੀ ਬਾਇਜੂ ਰਵੀਂਦਰਨ ਹਾਲੇ ਵੀ ਵਧ ਚੜ੍ਹ ਕੇ ਵਾਅਦੇ ਕਰ ਰਹੇ ਹਨ।
ਇਸ ਕਾਰੋਬਾਰ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਜਾਣਾ ਕੋਈ ਅਲੋਕਾਰੀ ਗੱਲ ਨਹੀਂ ਹੈ (ਐਜੂਕੌਂਪ ਦਾ ਚੇਤਾ ਕਰੋ) ਜਿਸ ਕਰ ਕੇ ਇਸ ਖੇਡ ਦੇ ਧੂਮ ਧੜੱਲੇ ਦੇ ਸ਼ੁਰੂਆਤੀ ਪੜਾਅ ਵਿਚ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਕਿਉਂਕਿ ਪ੍ਰਾਈਵੇਟ ਨਿਵੇਸ਼ਕ ਪਿਛਾਂਹ ਨਾ ਰਹਿ ਜਾਣ ਦੇ ਡਰੋਂ ਬਹੁਤੀ ਵਾਰ ਪੈਸਾ ਲਾਉਣ ਲਈ ਤਿਆਰ ਹੋ ਜਾਂਦੇ ਹਨ ਅਤੇ ਅਕਸਰ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਕੰਪਨੀ ਮੈਨੇਜਮੈਂਟਾਂ ਮੁਨਾਫ਼ੇ ਦੀ ਬਜਾਏ ਵਿਕਾਸ ’ਤੇ ਨਜ਼ਰਾਂ ਗੱਡ ਕੇ ਰੱਖਣ। ਇਸ ਵਿਚ ਲੋਭ ਦਾ ਵੀ ਹੱਥ ਹੁੰਦਾ ਹੈ; ਕੁਝ ਪ੍ਰੋਮੋਟਰਾਂ ’ਤੇ ਫਰਾਡ ਦੇ ਦੋਸ਼ ਅਤੇ ਕੰਪਨੀਆਂ ’ਤੇ ਮਾੜੀ ਗਵਰਨੈਂਸ ਦੇ ਨੇਮਾਂ ਦੇ ਦੋਸ਼ ਵੀ ਲੱਗੇ ਹਨ, ਹਾਲਾਂਕਿ ਭਾਰਤ ਵਿਚ ਅਮਰੀਕਾ ਵਿਚਲੇ ‘ਥੈਰਾਨੌਸ’ ਜਿਹੇ ਹਾਲਾਤ ਹਾਲੇ ਨਹੀਂ ਪੈਦਾ ਹੋਏ ਪਰ ਇਕ ਗੱਲ ਸਾਫ਼ ਹੋ ਗਈ ਹੈ ਕਿ ਅਸਾਨੀ ਨਾਲ ਪੈਸਾ ਮਿਲਣ ਅਤੇ ਨਕਲੀ ਕੀਮਤ ਦੇ ਦਿਨ ਖਤਮ ਹੋ ਗਏ ਹਨ। ਪਿਛਲੇ ਇਕ ਦਹਾਕੇ ਦੌਰਾਨ ਜਿਸ ਸੈਕਟਰ ਵਿਚ 150 ਅਰਬ ਡਾਲਰ ਤੋਂ ਵੱਧ ਨਿਵੇਸ਼ ਹੋਇਆ ਸੀ ਜਿਸ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਆਇਆ ਸੀ, ਹੁਣ 2023 ਦੇ ਸ਼ੁਰੂਆਤੀ ਮਹੀਨਿਆਂ ਵਿਚ 2022 ਦੇ ਮੁਕਾਬਲੇ ਨਵੇਂ ਫੰਡਾਂ ਦੀ ਆਮਦ 80 ਫ਼ੀਸਦ ਤੱਕ ਘਟ ਗਈ ਹੈ।
ਇਹ ਉਭਰਦੀ ਹੋਈ ਹਕੀਕਤ ਤੇਜ਼ੀ ਨਾਲ ਵਧਣ ਵਾਲੀਆਂ ਕੀਮਤਾਂ ਲਈ ਮਾਅਨਾਖ਼ੇਜ਼ ਹੈ। ਇਸ ਮਾਮਲੇ ਵਿਚ ਜ਼ੋਮੈਟੋ ਦੇ ਸ਼ੇਅਰ ਦੀ ਕੀਮਤ ਕਾਫੀ ਚੜ੍ਹੀ ਸੀ ਪਰ ਫਿਰ ਡਿੱਗ ਗਈ ਅਤੇ ਹੁਣ ਇਹ ਉਸੇ ਮੁਕਾਮ ’ਤੇ ਆ ਗਈ ਹੈ ਜਦੋਂ ਇਸ ਦੇ ਸੂਚੀਦਰਜ ਹੋਣ ਵੇਲੇ ਸੀ ਜਦਕਿ ਪੇਅਟੀਐਮ ਦੀ ਕੀਮਤ ਨੇ ਪਾਣੀ ਵੀ ਨਾ ਮੰਗਿਆ। ਨਾਇਕਾ ਤੇ ਪਾਲਿਸੀਬਾਜ਼ਾਰ ਦੀ ਕੀਮਤ ਵਿਚ ਉਤਰਾਅ ਚੜ੍ਹਾਅ ਆਏ ਸਨ ਅਤੇ ਫਿਰ ਅੰਸ਼ਕ ਤੌਰ ’ਤੇ ਰਿਕਵਰੀ ਵੀ ਹੋਈ। ਨਿਵੇਸ਼ਕਾਂ ਦਾ ਪੈਸਾ ਆਉਣਾ ਬੰਦ ਹੋ ਜਾਣ ਨਾਲ ਬਹੁਤ ਸਾਰੀਆਂ ਕੰਪਨੀਆਂ ਨੇ ਹੰਢਣਸਾਰਤਾ ਅਤੇ ਮੁਨਾਫ਼ੇ ਵੱਲ ਧਿਆਨ ਕੇਂਦਰਤ ਕਰ ਲਿਆ ਹੈ ਜਿਸ ਦੇ ਸਿੱਟੇ ਵਜੋਂ ਪ੍ਰੋਮੋਸ਼ਨਲ ਖਰਚਿਆਂ ਵਿਚ ਕਟੌਤੀ, ਮੱਠਾ ਵਿਕਾਸ ਤੇ ਕੁਝ ਹੱਦ ਤੱਕ ਕਾਰੋਬਾਰ ਵਿਚ ਸੁੰਗੇੜ ਵੀ ਆਉਂਦੀ ਹੈ। ਇਸ ਤੋਂ ਇਲਾਵਾ ਵੱਡੇ ਪੱਧਰ ਸਟਾਫ ਦੀ ਛਾਂਟੀ ਕੀਤੇ ਜਾਣ ਨਾਲ ਬਿਲਕੁਲ ਹੀ ਵੱਖਰੇ ਕਿਸਮ ਦੀਆਂ ਸੁਰਖੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਘਰ ਘਰ ਵਿਚ ਜਾਣੀਆਂ ਜਾਂਦੀਆਂ ਨਾਮੀ ਕੰਪਨੀਆਂ ’ਚੋਂ ਨਾਇਕਾ ਜਿਹੀਆਂ ਕੁਝ ਅਜੇ ਵੀ ਸੰਕਟ ’ਚੋਂ ਉਬਰ ਨਹੀਂ ਸਕੀਆਂ ਜਦਕਿ ਪੇਅਟੀਐਮ ਨਵੇਂ ਉਭਾਰ ਦੇ ਮੁਕਾਮ ’ਤੇ ਚੱਲ ਰਹੀ ਹੈ ਅਤੇ ਓਯੋ ਨੂੰ ਉਬਰਨ ਲਈ ਸਾਲ ਕੁ ਹੋਰ ਲੱਗ ਸਕਦਾ ਹੈ। ਬਾਇਜੂਜ਼ ਸਮੇਤ ਕਈ ਹੋਰ ਕੰਪਨੀਆਂ ਨੂੰ ਮੋੜਾ ਕੱਟਣ ਲਈ ਦੋ ਤਿੰਨ ਸਾਲ ਇੰਤਜ਼ਾਰ ਕਰਨੀ ਪੈ ਸਕਦੀ ਹੈ ਜਦਕਿ ਕੁਝ ਲੋਕਾਂ ਦਾ ਯਕੀਨ ਹੈ ਕਿ ਅਪਰੇਸ਼ਨਲ ਮੁਨਾਫ਼ਾ ਇਕ ਅੰਤਰਿਮ ਕਦਮ ਹੋਵੇਗਾ ਜਿਸ ਦਾ ਮਤਲਬ ਅਸਲ ਵਿਚ ਇਹ ਹੈ ਕਿ ਨਕਦੀ ਦਾ ਝੋਕਾ ਲਾਉਂਦੇ ਰਹਿਣਾ ਪਵੇਗਾ। ਇਸ ਦੇ ਹੁੰਦੇ ਸੁੰਦੇ ਵੀ ਹੰਢਣਸਾਰਤਾ ਨੂੰ ਕੇਂਦਰਬਿੰਦੂ ਬਣਾਉਣ ਨਾਲ ਹੀ ਇਸ ਸੈਕਟਰ ਦੀ ਹਕੀਕਤ ਦੀ ਪਰਖ ਦਾ ਪੈਮਾਨਾ ਬਣੇਗਾ।
ਇਸ ਦੌਰਾਨ ਸਾਨੂੰ ਵੱਡੀ ਤਸਵੀਰ ਅੱਖੋਂ ਓਹਲੇ ਨਹੀਂ ਕਰ ਦੇਣੀ ਚਾਹੀਦੀ। ਇਸ ਕਹਾਣੀ ਦਾ ਵਡੇਰਾ ਆਰਥਿਕ ਪਹਿਲੂ ਇਹ ਹੈ ਕਿ ਕੁਝ ਉਦਮ ਕਾਫੀ ਠੋਸ ਕਾਰੋਬਾਰ ਬਣ ਗਏ ਹਨ ਜੋ ਚੋਖੀ ਤਾਦਾਦ ਵਿਚ ਰੁਜ਼ਗਾਰ ਪੈਦਾ ਕਰ ਰਹੇ ਹਨ ਜਿਨ੍ਹਾਂ ਵਿਚ ਦਿਹਾੜੀ ਜਾਂ ਕੰਮ ਦੇ ਹਿਸਾਬ ਨਾਲ ਸੇਵਾ ਦੇਣ ਵਾਲੇ ਗਿੱਗ ਵਰਕਰਜ਼ (ਜਿਨ੍ਹਾਂ ਨੂੰ ਅੱਛੀ ਡੀਲ ਵਾਸਤੇ ਕਾਨੂੰਨੀ ਇਮਦਾਦ ਦੀ ਲੋੜ ਹੈ) ਵੀ ਆਉਂਦੇ ਹਨ। ਇਸ ਤੋਂ ਇਲਾਵਾ ਵਡੇਰੇ ਸਟਾਰਟ ਅੱਪਸ ਨੇ ਭਾਰਤੀ ਮੰਡੀ ਵਿਚ ਬਦਲਾਅ ਲਿਆਂਦਾ ਹੈ, ਛੋਟੇ ਕਾਰੋਬਾਰੀਆਂ ਦੇ ਕੰਮ ਦੇ ਮਾਹੌਲ ਨੂੰ ਸੁਖਾਲਾ ਬਣਾਇਆ ਹੈ ਅਤੇ ਖਪਤਕਾਰ ਦੀਆਂ ਆਦਤਾਂ ਵਿਚ ਤਬਦੀਲੀ ਲਿਆਂਦੀ ਹੈ। ਕਰੋੜਾਂ ਲੋਕਾਂ ਲਈ ਝਟਪਟ ਡਿਜੀਟਲ ਭੁਗਤਾਨ, ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀ ਦੂਰ-ਪਾਰੋਂ ਡਲਿਵਰੀ, ਡਾਇਲ ਅਪ ਕੈਬ ਸੇਵਾ ਜਿਸ ਨੇ ਕੁਝ ਥਾਈਂ ਕਾਰ ਖ਼ਰੀਦਣ ਦਾ ਝੰਜਟ ਮੁਕਾ ਦਿੱਤਾ ਹੈ, ਦਵਾਈਆਂ ਦੀਆਂ ਘੱਟ ਲਾਗਤਾਂ, ਸਰਲ ਨਿਵੇਸ਼ ਆਦਿ ਸਹੂਲਤਾਂ ਤੋਂ ਬਿਨਾਂ ਗੁਜ਼ਾਰਾ ਕਰਨ ਦੀ ਕਲਪਨਾ ਕਰਨਾ ਵੀ ਮੁਹਾਲ ਹੋ ਗਿਆ ਹੈ।
ਹਾਲਾਂਕਿ ਬਹੁਤ ਸਾਰੀਆਂ ਕੰਪਨੀਆਂ ਅਮਰੀਕਾ ਅਤੇ ਕੁਝ ਹੋਰਨਾਂ ਮੁਲਕਾਂ ਵਿਚ ਚੱਲ ਰਹੇ ਮਾਡਲਾਂ ਦੀ ਹੂਬਹੂ ਨਕਲ ਹਨ ਜਦਕਿ ਕੁਝ ਉਦਮਾਂ ਅੰਦਰ ਸੰਭਾਵਨਾ ਭਰਪੂਰ ਤਕਨੀਕੀ ਗਹਿਰਾਈ ਨਜ਼ਰ ਆਉਂਦੀ ਹੈ। ਬਾਇਜੂਜ਼ ਲਈ ਇਹ ਇਕ ਠੇਡਾ ਸਾਬਿਤ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਇਹ ਅੰਤ ਨੂੰ ਫੇਲ੍ਹ ਹੋ ਜਾਵੇ ਪਰ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਸਟਾਰਟ ਅੱਪਸ ਬਦਲੇ ਹੋਏ ਪਸਮੰਜ਼ਰ ਵਿਚ ਵਿਕਾਸ ਕਰਨਾ ਸਿੱਖ ਜਾਣਗੇ। ਜੇ ਇਹ ਨਾ ਰਹੇ ਤਾਂ ਅਰਥਚਾਰਾ ਇੰਨਾ ਜਾਨਦਾਰ ਨਹੀਂ ਰਹਿਣਾ ਜਿੰਨਾ ਅੱਜ ਨਜ਼ਰ ਆ ਰਿਹਾ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।

Advertisement

Advertisement
Advertisement
Tags :
Author Image

joginder kumar

View all posts

Advertisement