ਮਾਸਟਰ ਕਸ਼ਮੀਰਾ ਸਿੰਘ ਨੂੰ ਯਾਦ ਕਰਦਿਆਂ
ਅਵਤਾਰ ਸਿੰਘ ਬਿਲਿੰਗ
ਸੱਠਵਿਆਂ ਦੇ ਸ਼ੁਰੂ ਵਿਚ ਜਦੋਂ ਅਸੀਂ ਪ੍ਰਾਇਮਰੀ ਜਮਾਤਾਂ ਵਿਚ ਪੜ੍ਹਦੇ, ਛੋਟੇ ਪਿੰਡਾਂ ਨੂੰ ਸਿੰਗਲ ਟੀਚਰ ਪ੍ਰਾਇਮਰੀ ਸਕੂਲ ਮਸਾਂ ਨਸੀਬ ਹੁੰਦੇ, ਪਰ ਮੇਰਾ ਪਿੰਡ ਸੇਹ ( ਲੁਧਿਆਣਾ) ਇਸ ਪੱਖ ਤੋਂ ਵੱਡਭਾਗੀ ਸੀ। ਇਥੇ ਤਿੰਨ ਅਧਿਆਪਕ ਮਾਸਟਰ ਜੋਗਿੰਦਰ ਸਿੰਘ, ਲਛਮਣ ਦਾਸ ਤੇ ਕਸ਼ਮੀਰਾ ਸਿੰਘ ਸਾਡੇ ਪਿੰਡੋਂ ਹੀ ਸਨ। ਇਹ ਸਰਕਾਰੀ ਸਕੂਲ 1953 ਵਿਚ ਕਸ਼ਮੀਰਾ ਸਿੰਘ ਦੇ ਪਿਤਾ ਬਾਬੂ ਮਿੱਤ ਸਿੰਘ ਅਤੇ ਹੈੱਡ ਟੀਚਰ ਜੋਗਿੰਦਰ ਸਿੰਘ ਦੇ ਯਤਨਾਂ ਸਦਕਾ ਸ਼ੁਰੂ ਹੋਇਆ। ਇਸ ਨੂੰ ਮਿਡਲ ਸਕੂਲ ਬਣਾਉਣ ਵਿਚ ਵੀ ਮਾਸਟਰ ਕਸ਼ਮੀਰਾ ਸਿੰਘ ਦੇ ਖਾਨਦਾਨ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਬੇਸ਼ੱਕ ਉਹਨੀਂ ਦਿਨੀਂ ਪੰਜਾਬ ਦੇ ਸਾਰੇ ਹੀ ਤੱਪੜ ਮਾਰਕਾ ਸਰਕਾਰੀ ਸਕੂਲ ਅਜੋਕੀਆਂ ਸਹੂਲਤਾਂ ਤੋਂ ਸੱਖਣੇ ਸਨ, ਪਰ ਉਹੀ ਸਾਡੀ ਪ੍ਰਾਇਮਰੀ ਸਿੱਖਿਆ ਦਾ ਸੁਨਹਿਰੀ ਕਾਲ ਸੀ। ਪ੍ਰਾਈਵੇਟ ਮਾਡਲ ਸਕੂਲਾਂ ਦਾ ਸੁਪਨਾ ਵੀ ਨਹੀਂ ਸੀ ਲਿਆ ਜਾ ਸਕਦਾ। ਸਰਕਾਰੀ ਸਕੂਲਾਂ ਵਿਚ ਧੂੰਆਂਧਾਰ ਪੜ੍ਹਾਈ ਹੁੰਦੀ। ਪਹਿਲੀ ਜਮਾਤ ਤੋਂ ਪੰਜਾਬੀ ਸ਼ੁਰੂ ਹੁੰਦੀ, ਹਿੰਦੀ ਚੌਥੀ ਕਲਾਸ ਤੋਂ ਚੱਲਦੀ ਤੇ ਅੰਗਰੇਜ਼ੀ ਅੱਗੇ ਛੇਵੀਂ ਜਮਾਤ ਤੋਂ ਪੜ੍ਹਾਈ ਜਾਂਦੀ।
ਪਿੰਡ ਵਿਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਪਹਿਲੇ ਮੁਲਾਜ਼ਮ ਪਰਿਵਾਰ ਨਾਲ ਸੰਬੰਧਿਤ ਮਾਸਟਰ ਕਸ਼ਮੀਰਾ ਸਿੰਘ ਲੰਬੇ ਪਤਲੇ, ਗੋਰੇ ਸ਼ੁਕੀਨ ਭਰ ਜਵਾਨ ਸਨ, ਜੋ ਕਮੀਜ਼ ਤੇ ਪੈਂਟ ਕਾਟ ਦਾ ਪਜਾਮਾ ਪਹਿਨਦੇ। ਸਿਰ ਉੱਤੇ ਟੋਕਰਾ-ਸਟਾਈਲ ਨਵੇਂ ਫੈਸ਼ਨ ਦੀ ਪਗੜੀ ਬੰਨ੍ਹਦੇ। ਉਹਨਾਂ ਸਾਨੂੰ ਪਹਿਲੀ ਕੱਚੀ ਵਿਚ ਭਰਤੀ ਹੋਏ 21 ਮੁੰਡੇ ਤੇ 8 ਕੁੜੀਆਂ ਨੂੂੰ ਪੰਜਵੀਂ ਤਕ ਲਗਾਤਾਰ ਪੜ੍ਹਾਇਆ। ਪਹਿਲੀ ਦੂਜੀ ਜਮਾਤ ਲਹਿੰਦੇ ਪੰਜਾਬ ਗਏ ਮੁਸਲਮਾਨ ਤੇਲੀਆਂ ਦੇ ਵਿਹਲੇ ਪਏ ਕੱਚੇ ਮਕਾਨ ਵਿਚ ਤੇ ਅਗਲੀਆਂ ਤਿੰਨ ਜਮਾਤਾਂ ਸੂਏ ਕੰਢੇ ਬਣੇ ਨਵੇਂ ਸਕੂਲ ਵਿਚ। ਨਵੇਂ ਸਕੂਲ ਦੇ ਵਿਹੜੇ ਵਿਚ ਕੰਧ ਨਾਲ ਟੇਢਾ ਥੜ੍ਹਾ ਬਣਾ ਕੇ, ਮਾਸਟਰ ਜੀ ਨੇ ਸੀਮਿੰਟ ਵਿਚ ‘ਜੀ ਆਇਆਂ ਨੂੰ’ ਉੱਕਰਿਆ ਸੀ। ਨਾਲ ਹੀ ਸਾਡਾ ਕਮਰਾ! ਦਰਵਾਜ਼ਾ ਵੜਦੇ ਸਾਰ ਬਲੈਕ ਬੋਰਡ! ਬੋਰਡ ਦੇ ਨੇੜੇ ਸਫੈਦ ਦੀਵਾਰ ਉੱਤੇ ਪੂਰਬ ਪੱਛਮ ਉੱਤਰ ਦੱਖਣ ਚਾਰ ਦਿਸ਼ਾਵਾਂ ਦਰਸਾਉਂਦਾ ਨੀਲਾ ਗੋਲ ਚੱਕਰ! ਕਮਰੇ ਦੀਆਂ ਕੰਧਾਂ ਉਪਰ ਗੂੜ੍ਹੇ ਰੰਗਾਂ ਨਾਲ ਸ਼ੇਖ ਫਰੀਦ ਤੇ ਭਗਤ ਕਬੀਰ ਦੇ ਸ਼ਲੋਕ ਲਿਖੇ ਹੋਏ। ਮਾਸਟਰ ਜੀ ਸਵੇਰੇ ਪ੍ਰਾਰਥਨਾ ਤੋਂ ਬਾਅਦ ਦਰਵਾਜ਼ਾ ਬੰਦ ਕਰ ਕੇ ਅੱਧੀ ਛੁੱਟੀ ਤਕ ਗਣਿਤ ਪੜ੍ਹਾਉਂਦੇ। ਕਦੇ ਕਦਾਈਂ ਸਿਹਤ ਸਬੰਧੀ ਗੁਰ ਵੀ ਦੱਸਦੇ।
“ਸਵੇਰੇ ਉੱਠਦੇ ਸਾਰ ਦੋ ਚਾਰ ਦਾਖਾਂ, ਲੈਚੀਦਾਣਾ, ਗੁੜ ਦੀ ਰੋੜੀ ਜਾਂ ਨੂਣ ਦੀ ਡਲ਼ੀ, ਜੋ ਵੀ ਮਿਲੇ ਮੂੰਹ ‘ਚ ਪਾ ਕੇ ਪਾਣੀ ਦਾ ਗਲਾਸ ਪੀਓ।” ਬਚਪਨ ਵਿਚ ਮਾਸਟਰ ਜੀ ਦਾ ਸੁਝਾਇਆ ਇਹ ਨੁਸਖ਼ਾ ਮੈਂ ਸਦਾ ਵਰਤਦਾ ਆਇਆ ਹਾਂ। ਅੱਧੀ ਛੁੱਟੀ ਬੰਦ ਹੁੰਦੀ। ਅਸੀਂ ਧੋ ਕੇ ਲਿਸ਼ਕਾਈਆਂ, ਪੀਲ਼ੀ ਚਿੱਟੀ ਗਾਜਨੀ ਲਿੱਪੀਆਂ ਫੱਟੀਆਂ ਲਿਖਦੇ। ਵੱਡੇ ਮਾਸਟਰ ਜੋਗਿੰਦਰ ਸਿੰਘ ਅਕਸਰ ਆ ਜਾਂਦੇ। ਇਮਲਾ ( ਡਿਕਟੇਸ਼ਨ) ਲਿਖਵਾ ਕੇ ਦੇਖਦੇ। ਨੇੜਲੇ ਪਿੰਡਾਂ ਦੇ ਨਾਂ ਲਿਖਵਾਉਂਦੇ। ਕਦੇ ਆਪੋ ਆਪਣੇ ਪਰਿਵਾਰਕ ਜੀਆਂ, ਸਾਕ-ਸੰਬੰਧੀਆਂ ਦੇ ਨਾਮ ਲਿਖਣ ਲਈ ਕਹਿੰਦੇ। ਜ਼ਬਾਨੀ ਜਾਂ ਲਿਖਤੀ ਸਵਾਲ ਕਢਵਾਉਂਦੇ। ਪੰਜਾਬੀ ਜਾਂ ਹਿੰਦੀ ਪੜ੍ਹਾ ਕੇ ਦੇਖਦੇ। ਛੇ ਮਹੀਨੇ ਮਗਰੋਂ ਸਕੂਲ ਇੰਸਪੈਕਟਰ ਆਉਂਦਾ ਜਿਸ ਨੂੰ ‘ਬਾਬੂ’ ਆਖਦੇ। ਉਹ ਵੀ ਏਹੀ ਕੁਝ ਪਰਖਦਾ।
ਛੁੱਟੀ ਮਿਲਣ ਤੋਂ ਕੁਝ ਸਮਾਂ ਪਹਿਲਾਂ ਜੋਟੀਆਂ ਬੰਨ੍ਹ ਕੇ ਅਸੀਂ ਉੱਚੀ ਆਵਾਜ਼ ਵਿਚ ਪਹਾੜੇ ਕਹਾਉਂਦੇ। ਸਾਹਮਣੇ ਕਸ਼ਮੀਰਾ ਸਿੰਘ ਵੱਡੇ ਦੇਗ਼ੇ ਵਿਚ ਸੁੱਕਾ ਦੁੱਧ ਉਬਾਲ ਰਹੇ ਹੁੰਦੇ। ਸਾਰੇ ਜਵਾਕ ਅਜੀਬ ਮਹਿਕ ਛੱਡਦਾ, ਦੁੱਧ ਪੀਂਦੇ। ਪੂਰੀ ਛੁੱਟੀ ਦੀ ਘੰਟੀ ਵੱਜਦੀ। ‘ਛੁੱਟੀ-ਈ-ਈ!’ ਦੀ ਲੰਬੀ ਆਵਾਜ਼ ਕੱਢਦੇ ਘਰਾਂ ਵੱਲ ਨੱਠਦੇ। ਉਹ ਵਿਦਿਆਰਥੀਆਂ ਨੂੰ ਜਿਸਮਾਨੀ ਸਜ਼ਾ ਦੇਣ ਦਾ ਜ਼ਮਾਨਾ ਸੀ। ਪਰ ਕਸ਼ਮੀਰਾ ਸਿੰਘ ਕੁੱਟਦੇ ਬਹੁਤ ਘੱਟ ਸਨ। ਉਹਨਾਂ ਦੀ ਚੂੰਢੀ ਮਸ਼ਹੂਰ ਸੀ। ਜੇ ਕੋਈ ਮੁੰਡਾ ਦਿੱਤਾ ਕੰਮ ਨਾ ਕਰਦਾ, ਉਸ ਦੀ ਕੱਛ ਹੇਠ ਚੂੰਢੀ ਵੱਢਦੇ, ਉਪਰ ਚੱਕ ਦਿੰਦੇ। ਜਵਾਕ ਨੱਕ ਬੁੱਲ੍ਹ ਸੁਕੇੜਦਾ ‘ਹਾਏ-ਈ-ਈ’ ਕਰਦਾ ਤਾਂ ਦੋ ਤਿੰੰਨ ਹਲਕੇ ਜਿਹੇ ਥੱਪੜਾਂ ਨਾਲ ਉਸ ਦੀ ਗਰਦ ਜਿਹੀ ਝਾੜ ਦਿੰਦੇ। ਉਹ ਬਹੁਤ ਘੱਟ ਬੋਲਦੇ। ਹਰੇਕ ਹਫ਼ਤੇ ਆਪਣੀ ਕਾਲ਼ੀ ਟਰੰਕੀ ਖੋਲ੍ਹਦੇ, ਰੰਗਦਾਰ ਤਸਵੀਰਾਂ ਵਾਲੇ ਰਸਾਲੇ; ਬਾਲ ਦਰਬਾਰ ਤੇ ਬਾਲ ਸੰਦੇਸ਼ ਅਤੇ ਕਵਿਤਾਵਾਂ, ਪਰੀ ਕਹਾਣੀਆਂ ਵਾਲੀਆਂ ਸਚਿੱਤਰ ਪੁਸਤਕਾਂ ਇਕੱਲੇ ਇਕੱਲੇ ਨੂੰ ਵੰਡਦੇ। ਪੜ੍ਹੀ ਹੋਈ ਪੁਸਤਕ ਵਿਚੋਂ ਹਫ਼ਤੇ ਬਾਅਦ ‘ਬਾਲ ਸਭਾ’ ਵਿਚ ਕੋਈ ਰਚਨਾ ਸੁਣਾਉਣੀ ਲਾਜ਼ਮੀ ਹੁੰਦੀ। ਇਹਨਾਂ ਵਿਚੋਂ ਜ਼ਿਆਦਾ ਪੁਸਤਕਾਂ ਗਿਆਨੀ ਧਨਵੰਤ ਸਿੰਘ ਸੀਤਲ ਦੀਆਂ ਦਸ ਗੁਰੂ ਸਾਹਿਬਾਨ, ਸ਼ਿਵਾ ਜੀ, ਰਾਣਾ ਪ੍ਰਤਾਪ ਬਾਰੇ ਹੁੰਦੀਆਂ। ਰਾਸ਼ਟਰਪਤੀ ਰਾਜਿੰਦਰ ਪ੍ਰਸਾਦ, ਜ਼ਾਕਿਰ ਹੁਸੈਨ ਤੇ ਰਾਧਾ ਕ੍ਰਿਸ਼ਨਨ, ਮਹਾਂ ਕਵੀ ਟੈਗੋਰ ਤੇ ਮਹਾਤਮਾ ਗਾਂਧੀ, ਨਹਿਰੂ ਤੇ ਪ੍ਰਤਾਪ ਸਿੰਘ ਕੈਰੋਂ ਦੀਆਂ ਆਦਮ ਕੱਦ ਤਸਵੀਰਾਂ ਵੀ ਕੰਧਾਂ ਉਪਰ ਲਟਕਦੀਆਂ। ਮਾਸਟਰ ਜੀ ਦੇ ਅਜਿਹੇ ਉੱਦਮ ਨੇ ਹੀ ਮੇਰੇ ਮਨ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ। ਮਾਸਟਰ ਜੀ ਨੇ ਤਿੰਨ ਕੁ ਸਾਲਾਂ ਵਿਚ ਸਾਨੂੰ ਪੰਜਾਹ ਤੋਂ ਵੱਧ ਪੁਸਤਕਾਂ ਪੜ੍ਹਾ ਦਿੱਤੀਆਂ। ਮੈਂ ਤੀਜੀ ਵਿਚ ਹੀ ਆਪਣੇ ਫੌਜੀ ਮਾਮੇ ਨੂੰ ਚਿੱਠੀ ਲਿਖਣ ਲੱਗ ਪਿਆ ਸਾਂ। ਫੁਟਾਰੇ ਦੌਰਾਨ ਹਰ ਵਿਦਿਆਰਥੀ ਨੇ ਚਾਰ-ਚਾਰ ਰੁੱਖ ਲਗਾਉਣੇ ਹੁੰਦੇ ਤੇ ਗਰਮੀ ਦੀਆਂ ਛੁੱਟੀਆਂ ਦੌਰਾਨ ਉਹਨਾਂ ਨੂੰ ਪਾਣੀ ਪਾਉਣਾ ਜ਼ਰੂਰੀ ਹੁੰਦਾ। ਤਿੰਨ ਦਹਾਕਿਆਂ ਤੋਂ ਵੱਧ ਸਮਾਂ ਵਿੱਦਿਆ ਨੂੰ ਸਮਰਪਿਤ ਰਹੇ ਮਾਸਟਰ ਜੀ ਨੇ ਸੇਵਾ ਮੁਕਤੀ ਮਗਰੋਂ ਲੰਬਾ ਅਰਸਾ ਕੈਲੀਫੋਰਨੀਆ ਦੇ ਲਿਵਿੰਗਸਟਨ ਕਸਬੇ ਵਿਚ ਵਸਦੇ ਦੋ ਸਪੁੱਤਰਾਂ ਹਰਿੰਦਰਜੀਤ ਸਿੰਘ ਬਿਲਿੰਗ ਤੇ ਸੁਖਵੀਰ ਸਿੰਘ ਬਿਲਿੰਗ ਕੋਲ ਬਿਤਾਇਆ। ਹੁਣ ਕੁਝ ਸਾਲਾਂ ਤੋਂ ਖੰਨਾ ਸ਼ਹਿਰ ਵਿਖੇ ਆਪਣੇ ਵੱਡੇ ਸਪੁੱਤਰ ਐਡਵੋਕੇਟ ਸਰਬਜੀਤ ਸਿੰਘ ਬਿਲਿੰਗ ਕੋਲ ਰਹਿੰਦੇ ਸਨ। ਸਾਡੇ ਇਹ ਸਤਿਕਾਰ ਯੋਗ ਅਧਿਆਪਕ, ਜੋ ਹੋਰ ਕਈ ਸੈਂਕੜੇ ਵਿਦਿਆਰਥੀਆਂ ਦੇ ਰਾਹ ਦਸੇਰਾ ਬਣੇ, ਪਿਛਲੇ ਦਿਨੀਂ 90 ਸਾਲਾਂ ਦਾ ਸਫਲ ਜੀਵਨ ਹੰਢਾਉਣ ਉਪਰੰਤ ਲੰਬੀਆਂ ਵਾਟਾਂ ਦੇ ਪਾਂਧੀ ਬਣ ਗਏ।
ਸੰਪਰਕ: 82849-09596 (ਵਟਸਐਪ)