For the best experience, open
https://m.punjabitribuneonline.com
on your mobile browser.
Advertisement

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫਰੰਸ

05:16 AM Nov 21, 2024 IST
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫਰੰਸ
Advertisement

ਤਲਵਿੰਦਰ ਸਿੰਘ ਬੁੱਟਰ

Advertisement

ਸੰਨ 1873 ਵਿਚ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਤੇ ਸੰਤੋਖ ਸਿੰਘ ਨੇ ਸਿੱਖ ਧਰਮ ਛੱਡ ਕੇ ਇਸਾਈ ਬਣਨ ਦਾ ਐਲਾਨ ਕਰ ਦਿੱਤਾ। ਇਸ ਘਟਨਾ ਨਾਲ ਸਮੁੱਚੇ ਭਾਈਚਾਰੇ ਦੀ ਰੂਹ ਕੰਬ ਉੱਠੀ। ਸਿੱਖ ਆਗੂਆਂ ਨੇ ਇਸ ਘਟਨਾ ਨੂੰ ਗੰਭੀਰ ਚੁਣੌਤੀ ਵਜੋਂ ਲਿਆ ਅਤੇ ਇਸ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਦੇ ਹੱਲ ਵੱਲ ਕਦਮ ਅੱਗੇ ਵਧਾਏ। ਪਹਿਲਾਂ ਸਿੰਘ ਸਭਾ ਲਹਿਰ ਅਤੇ ਫਿਰ ਚੀਫ ਖ਼ਾਲਸਾ ਦੀਵਾਨ ਹੋਂਦ ਵਿਚ ਆਈ। ਸਿੱਖ ਸਮਾਜ ਦੀ ਇਹ ਸਾਂਝੀ ਰਾਇ ਬਣ ਕੇ ਉੱਭਰੀ ਕਿ ਹੁਣ ਪੱਛਮੀ ਸਾਹਿਤ, ਵਿਗਿਆਨ ਆਦਿ ਦੀ ਸਿੱਖਿਆ ਤੋਂ ਵਾਂਝੇ ਰਹਿ ਕੇ ਸਿੱਖ ਸਮੇਂ ਦੇ ਹਾਣੀ ਨਹੀਂ ਬਣ ਸਕਦੇ। ਇਸ ਦੇ ਲਈ ਆਪਣੀਆਂ ਵਿੱਦਿਅਕ ਸੰਸਥਾਵਾਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਪੱਛਮ ਦੀ ਆਧੁਨਿਕ ਸਿੱਖਿਆ ਦੇ ਨਾਲ-ਨਾਲ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਰਮ ਅਤੇ ਸਭਿਆਚਾਰ ਵਿੱਚ ਵੀ ਪ੍ਰਪੱਕ ਰਹਿਣ ਦਾ ਮਾਹੌਲ ਮਿਲ ਸਕੇ। ਇਸ ਵਾਸਤੇ ਅੰਮ੍ਰਿਤਸਰ ਵਿਚ ਖ਼ਾਲਸਾ ਕਾਲਜ ਦੀ ਸਥਾਪਨਾ ਲਈ 1890 ਵਿਚ ਕਮੇਟੀ ਬਣਾਈ ਗਈ।
ਦਸੰਬਰ 1907 ਵਿਚ ਸੁੰਦਰ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠ ਸਿੱਖ ਪ੍ਰਚਾਰਕਾਂ ਦਾ ਜਥਾ ਕਰਾਚੀ ਵਿੱਚ ਮੁਸਲਿਮ ਵਿੱਦਿਅਕ ਕਾਨਫਰੰਸ ਵਿੱਚ ਸ਼ਾਮਿਲ ਹੋਇਆ ਜਿੱਥੋਂ ਮਜੀਠੀਆ ਦੇ ਮਨ ਵਿਚ ਅਜਿਹੀ ਹੀ ਸਿੱਖ ਵਿੱਦਿਅਕ ਕਾਨਫਰੰਸ ਕਰਵਾਉਣ ਦਾ ਖ਼ਿਆਲ ਆਇਆ। ਵਾਪਸ ਆ ਕੇ ਉਨ੍ਹਾਂ ਸਮਕਾਲੀ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ 9 ਜੂਨ 1908 ਨੂੰ ਕਾਨਫਰੰਸ ਬੁਲਾਈ ਜਿਸ ਵਿੱਚ ਭਾਈ ਵੀਰ ਸਿੰਘ, ਭਾਈ ਜੋਧ ਸਿੰਘ (ਜੋ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਰਹੇ), ਹਰਬੰਸ ਸਿੰਘ ਅਟਾਰੀਵਾਲੇ ਆਦਿ ਮੁੱਖ ਸ਼ਖ਼ਸੀਅਤਾਂ ਵਜੋਂ ਸ਼ਾਮਿਲ ਹੋਏ। ਕੁਝ ਦਿਨਾਂ ਬਾਅਦ ਵੱਡੀ ਇਕੱਤਰਤਾ ਬੁਲਾਈ ਗਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਉਮਰਾਓ ਸਿੰਘ, ਇੰਦਰ ਸਿੰਘ (ਬਾਅਦ ਵਿਚ ਫ਼ਰੀਦਕੋਟ ਰਿਆਸਤ ਦੇ ਪ੍ਰਧਾਨ ਮੰਤਰੀ ਰਹੇ) ਵੀ ਸ਼ਾਮਿਲ ਹੋਏ। ਇਸ ਇਕੱਤਰਤਾ ਦੌਰਾਨ ਸਿੱਖ ਵਿੱਦਿਅਕ ਕਾਨਫਰੰਸ ਦਾ ਐਲਾਨ ਕੀਤਾ ਗਿਆ। ਸਿੱਖ ਵਿੱਦਿਅਕ ਕਾਨਫਰੰਸ ਦੇ ਜੋ ਮੁੱਖ ਉਦੇਸ਼ ਤੈਅ ਕੀਤੇ ਗਏ, ਉਹ ਇਸ ਪ੍ਰਕਾਰ ਸਨ: ਸਿੱਖ ਵਿੱਦਿਅਕ ਸੰਸਥਾਵਾਂ ਨੂੰ ਉੱਨਤ ਕਰਨਾ; ਨਵੀਆਂ ਸਿੱਖਿਆ ਸੰਸਥਾਵਾਂ ਬਣਾਉਣੀਆਂ; ਸਿੱਖ ਸਾਹਿਤ ਦੇ ਅਧਿਐਨ ਨੂੰ ਹਰਮਨ-ਪਿਆਰਾ ਬਣਾਉਣਾ; ਤਕਨੀਕੀ ਅਤੇ ਜ਼ਰਾਇਤੀ ਸਿੱਖਿਆ ਨੂੰ ਉੱਨਤ ਕਰਨਾ; ਸਿੱਖਾਂ ਵਿੱਚ ਪੱਛਮੀ ਸਿੱਖਿਆ ਦਾ ਪ੍ਰਸਾਰ ਕਰਨਾ; ਸਿੱਖਾਂ ਵਿਚ ਨਾਰੀ ਸਾਖ਼ਰਤਾ ਦਰ ਨੂੰ ਉੱਚਾ ਕਰਨਾ।
ਪਹਿਲੀ ਸਿੱਖ ਵਿੱਦਿਅਕ ਕਾਨਫਰੰਸ 17-18-19 ਅਪਰੈਲ 1908 ਨੂੰ ਗੁੱਜਰਾਂਵਾਲਾ ਵਿੱਚ ਹੋਈ। ਕਾਨਫਰੰਸ ਦੇ ਪ੍ਰਧਾਨਗੀ ਭਾਸ਼ਨ ਵਿਚ ਬਘੇਲ ਸਿੰਘ ਰਾਈਸ ਕੁੱਲਾ ਲਾਹੌਰ ਨੇ ਖ਼ਾਲਸਾ ਸਕੂਲ/ਕਾਲਜ ਖੋਲ੍ਹਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਆਖਿਆ, “ਵਿਦਿਆ ਜੋ ਸਰਕਾਰੀ ਸਕੂਲਾਂ ਵਿਚ ਮਿਲਦੀ ਹੈ, ਸੋ ਦੇਸ਼ ਵਿੱਚ ਅਨੇਕ ਮਤ ਹੋਣ ਕਾਰਨ ਧਾਰਮਿਕ ਸਿਖਿਆ ਤੋਂ ਖ਼ਾਲੀ ਹੁੰਦੀ ਹੈ। ਸਾਨੂੰ ਉਸ ਤੋਂ ਹਾਨੀ ਪੁਜਦੀ ਹੈ। ਸਿੱਖ ਲੜਕੇ ਸਿੱਖ ਧਰਮ ਦੀ ਸਿਖਿਆ ਨਾ ਹੋਣ ਕਰ ਕੇ ਉਸਤਾਦ ਦੀ ਤਬੀਅਤ ਦੇ ਝੁਕਾਉ ਅਰ ਕਈ ਹਾਲਾਤ ਵਿਚ ਉਨ੍ਹਾਂ ਦੇ ਦਬਾਉ ਕਾਰਨ ਮਨਮਤੀ ਖਿਆਲਾਤ ਦੇ ਹੋ ਜਾਂਦੇ ਹਨ।” ਕਾਨਫਰੰਸ ਦੌਰਾਨ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਿੱਖ ਸਮਾਜ ਨੂੰ ਵਿੱਦਿਅਕ ਪੱਖ ਤੋਂ ਉੱਨਤ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਆਪਣੀ ਆਮਦਨ ’ਚੋਂ ਦਸਵੰਧ ਕੱਢ ਕੇ ਭੇਜਣ।
ਸਿੱਖ ਵਿੱਦਿਅਕ ਕਾਨਫਰੰਸਾਂ ਦਾ ਸਿਲਸਿਲਾ ਚੱਲਦਾ ਰਿਹਾ। ਜਿੱਥੇ ਵੀ ਸਿੱਖ ਵਿੱਦਿਅਕ ਕਾਨਫਰੰਸ ਹੁੰਦੀ, ਉਸ ਇਲਾਕੇ ਵਿਚ ਖ਼ਾਲਸਾ ਸਕੂਲ ਖੋਲ੍ਹਿਆ ਜਾਂਦਾ। ਇਸੇ ਦੂਰ-ਰਸੀ ਨੀਤੀ ਦੇ ਸਿੱਟੇ ਵਜੋਂ 1941 ਦੀ ਮਰਦਮਸ਼ੁਮਾਰੀ ਦੌਰਾਨ ਪੰਜਾਬ ਵਿੱਚ ਸਿੱਖ ਮਰਦ ਅਤੇ ਔਰਤਾਂ ਦਾ ਸਿੱਖਿਆ ਪੱਧਰ ਦੂਜੇ ਸਾਰੇ ਧਰਮਾਂ ਦੇ ਲੋਕਾਂ ਨਾਲੋਂ ਉੱਪਰ ਰਿਹਾ। ਉਸ ਵੇਲੇ ਸਿੱਖਾਂ ਵਿੱਚ ਪੜ੍ਹੇ-ਲਿਖਿਆਂ ਦੀ ਕੁੱਲ ਫ਼ੀਸਦੀ 17.03, ਸਿੱਖ ਮਰਦਾਂ ਵਿੱਚ ਸਿੱਖਿਆ ਦਰ 12.13% ਅਤੇ ਔਰਤਾਂ ਦੀ 4.90 ਸੀ; ਇਸ ਦੇ ਮੁਕਾਬਲੇ ਹਿੰਦੂ ਸਮਾਜ ਦੀ ਇਹ ਦਰ ਕ੍ਰਮਵਾਰ 16.35, 11.89 ਅਤੇ 4.46%; ਮੁਸਲਮਾਨ ਸਮਾਜ ’ਚ ਸਿੱਖਿਆ ਪੱਧਰ ਕ੍ਰਮਵਾਰ 6.67, 5.52 ਅਤੇ 1.45% ਅਤੇ ਇਸਾਈ ਸਮਾਜ ਦਾ ਸਿੱਖਿਆ ਦਾ ਕੁੱਲ ਪੱਧਰ 7.76%, ਮਰਦਾਂ ’ਚ ਸਿੱਖਿਆ ਦਰ 4.69% ਅਤੇ ਔਰਤਾਂ ਵਿਚ 3.07% ਸੀ।
ਸਮੇਂ-ਸਮੇਂ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਈਆਂ ਸਿੱਖ ਵਿੱਦਿਅਕ ਕਾਨਫਰੰਸਾਂ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ, ਡਾ. ਜ਼ਾਕਿਰ ਹੁਸੈਨ ਅਤੇ ਪ੍ਰਧਾਨ ਮੰਤਰੀ ਆਈਕੇ ਗੁਜਰਾਲ ਵਰਗੀਆਂ ਸ਼ਖ਼ਸੀਅਤਾਂ ਵੀ ਸ਼ਾਮਿਲ ਹੁੰਦੀਆਂ ਰਹੀਆਂ। ਚੀਫ ਖ਼ਾਲਸਾ ਦੀਵਾਨ ਵਲੋਂ ਹੁਣ ਵੀ ਸਿੱਖ ਵਿੱਦਿਅਕ ਕਾਨਫਰੰਸ ਦੀ ਪਰੰਪਰਾ ਨੂੰ ਜਾਰੀ ਰੱਖਿਆ ਜਾ ਰਿਹਾ ਹੈ ਜਿਸ ਤਹਿਤ 68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ 21-22-23 ਨਵੰਬਰ 2024 ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰਵਾਈ ਜਾ ਰਹੀ ਹੈ। ਇਸ ਦਾ ਮੰਤਵ ਭਾਵੇਂ ਆਧੁਨਿਕ ਵਿੱਦਿਅਕ ਸਾਧਨਾਂ ਰਾਹੀਂ ਗਿਆਨ ਦੀ ਰੌਸ਼ਨੀ ਵਿਚ ਲੋਕਾਂ ਨੂੰ ਪੰਜਾਬੀ ਬੋਲੀ ਦੀ ਮਹਾਨਤਾ ਬਾਰੇ ਜਾਗਰੂਕ ਕਰਨਾ ਅਤੇ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦੁਆਉਣਾ ਹੈ ਪਰ ਇਸ ਦੇ ਨਾਲ-ਨਾਲ ਅਜੋਕੇ ਸਮੇਂ ਸਿੱਖ ਸਮਾਜ ਦੇ ਸਿੱਖਿਆ ਦੇ ਪੱਧਰ ਨੂੰ ਲੈ ਕੇ ਵੀ ਚਿੰਤਨ ਹੋਣਾ ਲੋੜੀਂਦਾ ਹੈ। ਪੰਜਾਬ ਦੇ 60 ਫ਼ੀਸਦੀ ਪੇਂਡੂ ਸਿੱਖ ਨੌਜਵਾਨ ਦਸਵੀਂ ਪੱਧਰ ਦੀ ਪੜ੍ਹਾਈ ਤੋਂ ਅੱਗੇ ਨਹੀਂ ਵਧ ਰਹੇ। ਪਿੱਛੇ ਜਿਹੇ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਸਮਰੱਥ’ ਨਾਂ ਦੀ ਸਰਕਾਰੀ ਯੋਜਨਾ ਤਹਿਤ ਸੂਬੇ ਦੇ ਤੀਜੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਵਿਦਿਆਰਥੀਆਂ ਦੇ ਕਰਵਾਏ ਸਰਵੇਖਣ ਦੇ ਨਤੀਜੇ ਰੌਂਗਟੇ ਖੜ੍ਹੇ ਕਰਨ ਵਾਲੇ ਸਨ। ਸਰਵੇਖਣ ਮੁਤਾਬਿਕ, ਪੰਜਾਬ ਦੇ ਸਰਕਾਰੀ ਸਕੂਲਾਂ ਦੇ 75 ਫ਼ੀਸਦੀ ਬੱਚੇ ਅੰਗਰੇਜ਼ੀ ਪਾਠਕ੍ਰਮ ਦੀ ਇਕ ਕਹਾਣੀ ਸ਼ੁਰੂ ਤੋਂ ਅਖੀਰ ਤੱਕ ਨਹੀਂ ਪੜ੍ਹ ਸਕਦੇ। 53 ਫ਼ੀਸਦੀ ਬੱਚਿਆਂ ਨੂੰ ਪੰਜਾਬੀ ਪਾਠਕ੍ਰਮ ਵੀ ਪੂਰੀ ਤਰ੍ਹਾਂ ਪੜ੍ਹਨਾ ਨਹੀਂ ਆਉਂਦਾ। ਲਗਭਗ 40 ਫ਼ੀਸਦੀ ਵਿਦਿਆਰਥੀ ਜਮਾਂ-ਘਟਾਓ ਦੇ ਸਾਧਾਰਨ ਸਵਾਲ ਵੀ ਹੱਲ ਨਹੀਂ ਕਰ ਸਕੇ। ਇਨ੍ਹਾਂ ਸਕੂਲਾਂ ਵਿਚ ਬਹੁਗਿਣਤੀ ਗਰੀਬ ਵਰਗ ਦੇ ਸਿੱਖਾਂ ਦੇ ਬੱਚੇ ਪੜ੍ਹਦੇ ਹਨ। ਇਸੇ ਤਰ੍ਹਾਂ ਉਚੇਰੀ ਸਿੱਖਿਆ ਵਿਚ ਸਿੱਖ ਨੌਜਵਾਨਾਂ ਦੀ ਕਾਰਗੁਜ਼ਾਰੀ ਵੀ ਨਿਰਾਸ਼ਾਜਨਕ ਹੈ। ਦੁਨੀਆ ਦੀਆਂ ਦੂਜੀਆਂ ਕੌਮਾਂ ਤੇ ਧਰਮਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ ’ਤੇ ਵੀ ਪੰਜਾਬੀਆਂ ਜਾਂ ਸਿੱਖਾਂ ਦੀ ਸਿੱਖਿਆ ਕਾਰਗੁਜ਼ਾਰੀ ਬਹੁਤੀ ਤਸੱਲੀਬਖ਼ਸ਼ ਨਹੀਂ। ਪੰਜਾਬ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦਾ ਕੌਮਾਂਤਰੀ ਸਿੱਖਿਆ ਸੰਸਥਾਵਾਂ ਵਿੱਚ ਦਾਖ਼ਲਾ ਨਾ-ਮਾਤਰ ਹੈ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਅੱਜ ਵੀ 1908 ਵਿਚ ਸਿੱਖ ਵਿੱਦਿਅਕ ਕਾਨਫਰੰਸ ਦੀ ਸਥਾਪਨਾ ਵੇਲੇ ਤੈਅ ਕੀਤੇ ਉਦੇਸ਼ਾਂ ਨੂੰ ਮੁੜ ਪ੍ਰਸੰਗਿਕ ਬਣਾਉਣ ਲਈ ਸਿਦਕੀ ਯਤਨ ਨਿਹਾਇਤ ਲੋੜੀਂਦੇ ਹਨ।
ਸੰਪਰਕ: 98780-70008

Advertisement

Advertisement
Author Image

joginder kumar

View all posts

Advertisement