ਪੁਲਾਂ ਦੀਆਂ ਸੜਕਾਂ ਕੰਢੇ ਉੱਗੇ ਦਰੱਖ਼ਤ ਬਣੇ ਜਾਨ ਦਾ ਖੌਅ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਨਵੰਬਰ
ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਦਰਖਤ ਲਗਾਉਣਾ ਸਮੇਂ ਦੀ ਲੋੜ ਹੈ ਪਰ ਲੁਧਿਆਣਾ ਦੇ ਵੱਖ ਵੱਖ ਪੁਲਾਂ ਦੀਆਂ ਸੜਕਾਂ ਕੰਢੇ ਆਪੇ ਉੱਗੇ ਵੱਡੇ ਵੱਡੇ ਦਰੱਖ਼ਤ ਇਨ੍ਹਾਂ ਪੁਲਾਂ ਅਤੇ ਰਾਹਗੀਰਾਂ ਲਈ ਵੱਡਾ ਖਤਰਾ ਬਣੇ ਹੋਏ ਹਨ। ਜੇਕਰ ਇਨ੍ਹਾਂ ਦਰੱਖ਼ਤਾਂ ਨੂੰ ਸਮੇਂ ਸਿਰ ਨਾ ਕੱਟਿਆ ਗਿਆ ਤਾਂ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਸ਼ਹਿਰ ਵਿੱਚ ਵਾਹਨਾਂ ਦੀ ਭੀੜ ਘਟਾਉਣ ਲਈ ਪ੍ਰਸਾਸ਼ਨ ਵੱਲੋਂ ਥਾਂ-ਥਾਂ ਉਸਾਰੇ ਗਏ ਇਨ੍ਹਾਂ ਪੁਲਾਂ ਨਾਲ ਬੇਸ਼ੱਕ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ, ਪਰ ਇਨ੍ਹਾਂ ਦੀ ਦੇਖਰੇਖ ਲਈ ਵੀ ਲਗਾਤਾਰ ਯਤਨ ਕੀਤੇ ਜਾਣੇ ਲਾਜ਼ਮੀ ਹਨ। ਪੁਲਾਂ ’ਤੇ ਸੜਕਾਂ ਕੰਢੇ ਉੱਗੇ ਹੋਏ ਬੂਟੇ ਹੌਲੀ ਹੌਲੀ ਵੱਧਦੇ ਜਾਂਦੇ ਹਨ ਤੇ ਅਖੀਰ ਵਿਸ਼ਾਲ ਦਰੱਖ਼ਤ ਦਾ ਰੂਪ ਧਾਰ ਲੈਂਦੇ ਹਨ, ਜੋ ਨਾ ਸਿਰਫ਼ ਰਾਹਗੀਰਾਂ ਲਈ ਸਗੋਂ ਪੁਲ ਦੀ ਮਜ਼ਬੂਤੀ ਲਈ ਵੀ ਖਤਰਾ ਬਣ ਜਾਂਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵਕਰਮਾ ਚੌਕ ਤੋਂ ਚੀਮਾ ਚੌਕ ਵਲ ਜਾਂਦੇ ਢੋਲੇਵਾਲ ਪੁਲ ’ਤੇ ਅਜਿਹਾ ਇੱਕ ਨਹੀਂ ਸਗੋਂ ਕਈ ਛੋਟੇ-ਛੋਟੇ ਪਿੱਪਲ ਦੇ ਦਰੱਖ਼ਤ ਉੱਗੇ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਦਰੱਖ਼ਤ ਤਾਂ ਉਪਰੋਂ ਛਾਂਗ ਵੀ ਦਿੱਤਾ ਗਿਆ ਪਰ ਉਸ ਦੀਆਂ ਜੜ੍ਹਾਂ ਅਤੇ ਤਣਾ ਹਾਲੇ ਵੀ ਪੁਲ ਦੀ ਕੰਧ ਵਿੱਚ ਤਰੇੜਾਂ ਵਧਾ ਰਹੇ ਹਨ। ਕੁਝ ਸਮੇਂ ਬਾਅਦ ਇਹ ਮੁੜ ਪੁੰਗਰ ਜਾਵੇਗਾ ਤੇ ਪੁਲ ਦੀ ਮਜ਼ਬੂਤੀ ਨੂੰ ਢਾਹ ਲਾਵੇਗਾ। ਇਸ ਤੋਂ ਇਲਾਵਾ ਜਗਰਾਉਂ ਪੁਲ ’ਤੇ ਵੀ ਇਹੋ ਜਿਹੇ ਦਰੱਖ਼ਤ ਉੱਗੇ ਹੋਏ ਹਨ। ਇੰਨੀ ਵੱਡੀ ਗਿਣਤੀ ਵਿੱਚ ਅਜਿਹੇ ਦਰੱਖ਼ਤਾਂ ਦੇ ਉੱਗਣ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਪਿੱਪਲ ਦੀਆਂ ਜੜ੍ਹਾਂ ਵਿੱਚ ਲੋਕ ਦਾਣੇ ਆਦਿ ਪਾ ਕੇ ਇਨ੍ਹਾਂ ਦੀ ਪੂਜਾ ਕਰਦੇ ਹਨ ਤੇ ਇਨ੍ਹਾਂ ਦਾਣਿਆਂ ਤੇ ਬੀਜਾਂ ਕਾਰਨ ਅਕਸਰ ਕਈ ਨਵੇਂ ਬੂਟੇ ਉੱਗ ਜਾਂਦੇ ਹਨ। ਅਜਿਹੇ ਦਰੱਖਤਾਂ ਨੇੜੇ ਪਾਏ ਜਾਣ ਵਾਲੇ ਦਾਣਿਆਂ ਕਾਰਨ ਬਹੁਤੀ ਵਾਰ ਕੀੜੀਆਂ ਕਾਢਿਆਂ ਦੇ ਭੌਣ ਵੀ ਨੇੜੇ ਹੀ ਉੱਸਰ ਜਾਂਦੇ ਹਨ, ਜੋ ਪੁਲਾਂ ਦੀ ਬੁਨਿਆਦ ਲਈ ਹੋਰ ਖ਼ਤਰਾ ਬਣ ਸਕਦੇ ਹਨ ਤੇ ਬਰਸਾਤ ਦੇ ਮੌਸਮ ਵਿੱਚ ਪੁਲਾਂ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਨ ਵੀ ਬਣ ਸਕਦੇ ਹਲ। ਵਾਤਾਵਰਨ ਪ੍ਰੇਮੀ ਜਗਜੀਤ ਸਿੰਘ ਨੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਪੁਲਾਂ ’ਤੇ ਸੜਕਾਂ ਕੰਢੇ ਉੱਗ ਆਏ ਦਰੱਖ਼ਤਾਂ ਨੂੰ ਪੁੱਟ ਕੇ ਇਸ ਦਾ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੂਟਿਆਂ ਨੂੰ ਛੋਟੇ ਹੁੰਦੇ ਹੀ ਇੱਥੋਂ ਪੁੱਟ ਕੇ ਹੋਰ ਥਾਵਾਂ ’ਤੇ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਪੁਲ ਨੂੰ ਨੁਕਸਾਨ ਹੋਣ ਵਾਲੀ ਕੋਈ ਨੌਬਤ ਆ ਹੀ ਨਾ ਸਕੇ।