For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਦੇ ਗੋਦੜੀ ਬਾਜ਼ਾਰ ਵਿੱਚ ਲੱਗੀਆਂ ਰੌਣਕਾਂ

05:52 AM Nov 18, 2024 IST
ਲੁਧਿਆਣਾ ਦੇ ਗੋਦੜੀ ਬਾਜ਼ਾਰ ਵਿੱਚ ਲੱਗੀਆਂ ਰੌਣਕਾਂ
ਲੁਧਿਆਣਾ ਦੇ ਜਗਰਾਉਂ ਪੁਲ ਹੇਠਾਂ ਐਤਵਾਰ ਨੂੰ ਲੱਗੇ ਗੋਦੜੀ ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਹੋਏ ਲੋਕ।
Advertisement

ਸਤਵਿੰਦਰ ਬਸਰਾ
ਲੁਧਿਆਣਾ, 17 ਨਵੰਬਰ
ਦੇਸ਼ ਦੇ ਵਪਾਰਕ ਹੱਬ ਵਜੋਂ ਮਸ਼ਹੂਰ ਲੁਧਿਆਣਾ ਸ਼ਹਿਰ ਵਿੱਚ ਸਿਰਫ਼ ਆਲੇ-ਦੁਆਲੇ ਦੇ ਹੀ ਨਹੀਂ, ਸਗੋਂ ਕਈ ਦੂਰ ਦੁਰਾਢੇ ਦੇ ਸੂਬਿਆਂ ਦੇ ਲੋਕ ਵੀ ਰਹਿੰਦੇ ਹਨ। ਇਥੇ ਕੰਮ ਲਈ ਆਏ ਪਰਵਾਰੀ ਹੁਣ ਆਪਣੇ ਪਰਿਵਾਰਾਂ ਨਾਲ ਲੰਬੇ ਸਮੇਂ ਤੋਂ ਇਥੇ ਹੀ ਵਸ ਰਹੇ ਹਨ ਤੇ ਹਰ ਤਬਕੇ ਦੀਆਂ ਲੋੜਾਂ ਦੇ ਹਿਸਾਬ ਨਾਲ ਇਥੇ ਵੱਡੇ ਵੱਡੇ ਬਾਜ਼ਾਰ ਉੱਸਰ ਗਏ ਹਨ। ਅਜਿਹਾ ਹੀ ਇਕ ਬਾਜ਼ਾਰ ਹਰ ਐਤਵਾਰ ਦੇ ਦਿਨ ਜਗਰਾਉਂ ਪੁਲ ਹੇਠਾਂ ਲੱਗਦਾ ਹੈ ਜਿਸ ਨੂੰ ਗੋਦੜੀ ਬਾਜ਼ਾਰ ਵਜੋਂ ਜਾਣਿਆ ਜਾਂਦਾ ਹੈ। ਜ਼ਿਲ੍ਹੇ ਵਿੱਚ ਐਤਵਾਰ ਨੂੰ ਸਸਤੇ ਸਾਮਾਨ ਦੇ ਬਾਜ਼ਾਰ ਥਾਂ-ਥਾਂ ਲੱਗਦੇ ਹਨ। ਇੱਥੋਂ ਦੇ ਮਸ਼ਹੂਰ ਚੌੜਾ ਬਾਜ਼ਾਰ ਅਤੇ ਘੁਮਾਰ ਮੰਡੀ ਤੋਂ ਇਲਾਵਾ ਹੁਣ ਗੋਦੜੀ ਬਾਜ਼ਾਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ੁਰੂ ਵਿੱਚ ਗੋਦੜੀ ਬਾਜ਼ਾਰ ਸਿਰਫ਼ ਜਗਰਾਉਂ ਪੁਲ ਤੋਂ ਘੰਟਾ ਘਰ ਨੂੂੰ ਆਉਂਦੀ ਸੜਕ ’ਤੇ ਪੁਲ ਹੇਠਾਂ ਹੀ ਲੱਗਦਾ ਹੁੰਦਾ ਸੀ ਤੇ ਇੱਥੋਂ ਟਾਂਵੇਂ ਟਾਂਵੇਂ ਲੋਕ ਹੀ ਖਰੀਦਦਾਰੀ ਕਰਦੇ ਸਨ। ਇਸ ਬਾਜ਼ਾਰ ਵਿੱਚ ਸਸਤੇ ਭਾਅ ਨਵੇਂ ਤੇ ਪੁਰਾਣੇ ਕੱਪੜੇ ਵੱਡੀ ਗਿਣਤੀ ਵਿੱਚ ਮਿਲਦੇ ਹਨ। ਅੱਜਕਲ੍ਹ ਇਹ ਬਾਜ਼ਾਰ ਚਰਚਾ ਵਿੱਚ ਹੈ ਕਿਉਂਕਿ ਹੁਣ ਇੱਥੇ ਪੁਰਾਣੇ ਪਰ ਬਹੁਤ ਹੀ ਸੋਹਣੇ ਕੱਪੜੇ ਅੱਧੇ ਤੋਂ ਵੀ ਘੱਟ ਭਾਅ ’ਤੇ ਲੋਕਾਂ ਨੂੰ ਮਿਲ ਜਾਂਦੇ ਹਨ। ਇਹੀ ਕਾਰਨ ਹੈ ਕਿ ਕਈ ਲੋਕ ਹੁਣ ਚੌੜਾ ਬਾਜ਼ਾਰ ਜਾਂ ਘੁਮਾਰ ਮੰਡੀ ਆਦਿ ਥਾਵਾਂ ’ਤੇ ਜਾਣ ਤੋਂ ਪਹਿਲਾਂ ਗੋਦੜੀ ਬਾਜ਼ਾਰ ਦਾ ਗੇੜਾ ਜ਼ਰੂਰ ਲਗਾਉਂਦੇ ਹਨ। ਗੋਦੜੀ ਬਾਜ਼ਾਰ ਹੁਣ ਸਿਰਫ ਜਗਰਾਉਂ ਪੁਲ ਦੇ ਹੇਠਾਂ ਹੀ ਸਿਮਟਿਆ ਨਹੀਂ ਰਿਹਾ, ਸਗੋਂ ਆਲੇ-ਦੁਆਲੇ ਦੀਆਂ ਸੜਕਾਂ ’ਤੇ ਕਈ ਮੀਟਰ ਤੱਕ ਫੈਲ ਗਿਆ ਹੈ। ਐਤਵਾਰ ਛੁੱਟੀ ਦਾ ਦਿਨ ਹੋਣ ਕਰਕੇ ਇਸ ਬਾਜ਼ਾਰ ਵਿੱਚ ਵੀ ਹੋਰਨਾਂ ਬਾਜ਼ਾਰਾਂ ਵਾਂਗ ਖਰੀਦਦਾਰਾਂ ਦੀ ਭਾਰੀ ਭੀੜ ਦਿਖਾਈ ਦੇ ਰਹੀ ਹੈ। ਸੁਣਨ ਵਿੱਚ ਆਇਆ ਹੈ ਕਿ ਇਹ ਕੱਪੜੇ ਸ਼ਹਿਰ ਦੇ ਪੌਸ਼ ਇਲਾਕਿਆਂ ’ਚੋਂ ਪਲਾਸਟਿਕ ਆਦਿ ਦੇ ਸਾਮਾਨ ਬਦਲੇ ਲਿਆਂਦੇ ਜਾਂਦੇ ਹਨ। ਇਸੇ ਤਰ੍ਹਾਂ ਵਿਦੇਸ਼ਾਂ ਵਿੱਚੋਂ ਵੀ ਬਹੁਤ ਸਾਰਾ ਕੱਪੜਾ ਦਿੱਲੀ ਆਉਂਦਾ ਹੈ, ਜਿੱਥੋਂ ਇਹ ਦੇਸ਼ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਪਹੁੰਚ ਜਾਂਦਾ ਹੈ ਅਤੇ ਲੁਧਿਆਣਾ ਦੇ ਬਾਜ਼ਾਰ ਇਨ੍ਹਾਂ ਵਿੱਚ ਮੁੱਖ ਹਨ। ਗੋਦੜੀ ਬਾਜ਼ਾਰ ਵਿੱਚ ਇੱਕ ਜੀਨ ਦੀ ਪੈਂਟ 100 ਤੋਂ 150 ਰੁਪਏ, ਕਮੀਜ਼ 50 ਤੋਂ 100 ਰੁਪਏ ਤੇ ਔਰਤਾਂ ਦੇ ਸੂਟ 50 ਰੁਪਏ ਤੋਂ 250 ਰੁਪਏ ਤੱਕ ਮਿਲ ਜਾਂਦੇ ਹਨ।

Advertisement

Advertisement
Advertisement
Author Image

Advertisement