For the best experience, open
https://m.punjabitribuneonline.com
on your mobile browser.
Advertisement

ਈ-ਰਿਕਸ਼ਿਆਂ ਦੀ ਭਰਮਾਰ ਨੇ ਟਰੈਫਿਕ ਸਮੱਸਿਆ ਵਧਾਈ

05:51 AM Nov 18, 2024 IST
ਈ ਰਿਕਸ਼ਿਆਂ ਦੀ ਭਰਮਾਰ ਨੇ ਟਰੈਫਿਕ ਸਮੱਸਿਆ ਵਧਾਈ
ਲੁਧਿਆਣਾ ਵਿੱਚ ਐਤਵਾਰ ਨੂੰ ਲੱਗਿਆ ਹੋਇਆ ਜਾਮ। -ਫੋਟੋ: ਅਸ਼ਵਨੀ ਧੀਮਾਨ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਨਵੰਬਰ
ਲੁਧਿਆਣਾ ਵਿੱਚ ਈ-ਰਿਕਸ਼ਿਆਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਕਰਕੇ ਟਰੈਫਿਕ ਸਬੰਧੀ ਦਿੱਕਤਾਂ ਵਿੱਚ ਵੀ ਵਾਧਾ ਹੋਣ ਲੱਗ ਪਿਆ ਹੈ। ਐਤਵਾਰ ਵੀ ਸਾਰਾ ਦਿਨ ਚੌੜਾ ਬਾਜ਼ਾਰ ਅਤੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਟਰੈਫਿਕ ਜਾਮ ਰਿਹਾ ਅਤੇ ਪੈਦਲ ਰਾਹਗੀਰਾਂ ਨੂੰ ਵੀ ਲੰਘਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਟਰੈਫਿਕ ਜਾਮ ਲਈ ਦੁਕਾਨਾਂ ਦੇ ਬਾਹਰ ਲੱਗੀਆਂ ਫੜ੍ਹੀਆਂ ਵੀ ਦੂਜਾ ਵੱਡਾ ਕਾਰਨ ਬਣਦੀਆਂ ਹਨ।
ਪਹਿਲਾਂ ਹੀ ਆਵਾਜਾਈ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੁਧਿਆਣਾ ਸ਼ਹਿਰ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਈ-ਰਿਕਸ਼ਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹੁਣ ਸ਼ਹਿਰ ਦੀ ਕੋਈ ਵੀ ਸੜਕ ਅਜਿਹੀ ਨਹੀਂ ਰਹੀ ਜਿੱਥੇ ਈ-ਰਿਕਸ਼ਿਆਂ ਦੀ ਭਰਮਾਰ ਨਾ ਹੋਵੇ। ਇੱਥੋਂ ਦਾ ਚੌੜਾ ਬਾਜ਼ਾਰ ਜਿਹੜਾ ਆਮ ਦਿਨਾਂ ਵਿੱਚ ਵੀ ਭੀੜ-ਭੜੱਕੇ ਕਰਕੇ ਮਸ਼ਹੂਰ ਹੈ, ਇਥੇ ਐਤਵਾਰ ਨੂੰ ਇਨ੍ਹਾਂ ਈ-ਰਿਕਸ਼ਿਆਂ ਕਾਰਨ ਪੂਰੀ ਤਰ੍ਹਾਂ ਜਾਮ ਲੱਗ ਗਿਆ। ਕੁੱਝ ਮਿੰਟਾਂ ਦਾ ਸਫਰ ਤੈਅ ਕਰਨ ਲਈ ਵੀ ਲੋਕਾਂ ਨੂੰ ਅੱਧੇ ਤੋਂ ਪੌਣਾ ਘੰਟਾ ਲੱਗ ਰਿਹਾ ਸੀ। ਸਿਰਫ ਚੌੜਾ ਬਾਜ਼ਾਰ ਹੀ ਨਹੀਂ ਸਗੋਂ ਇਸ ਦੇ ਨਾਲ ਲੱਗਦੀਆਂ ਸੜਕਾਂ-ਘੰਟਾ ਘਰ ਤੋਂ ਰੇਲਵੇ ਸਟੇਸ਼ਨ, ਘੰਟਾ ਘਰ ਤੋਂ ਮਾਤਾ ਰਾਣੀ ਚੌਕ, ਮਲਟੀਪਰਜ਼ ਸਕੂਲ ਤੋਂ ਡਿਵੀਜ਼ਨ ਨੰਬਰ ਅਤੇ ਫੀਲਡ ਗੰਜ ਦੀਆਂ ਸੜਕਾਂ ’ਤੇ ਵੀ ਸਾਰਾ ਦੀ ਟਰੈਫਿਕ ਜਾਮ ਵਰਗੀ ਸਥਿਤੀ ਬਣੀ ਰਹੀ। ਸਥਾਨਕ ਘੰਟਾ ਘਰ ਦੇ ਨੇੜੇ ਤਾਂ ਈ-ਰਿਕਸ਼ੇ ਇੰਨੇ ਜ਼ਿਆਦਾ ਸਨ ਕਿ ਬਾਜ਼ਾਰ ਵਿੱਚ ਪੈਦਲ ਜਾਣ ਵਾਲਿਆਂ ਨੂੰ ਵੀ ਪੈਰ ਰੱਖਣ ਲਈ ਥਾਂ ਨਹੀਂ ਮਿਲ ਰਿਹਾ ਸੀ। ਇਨ੍ਹਾਂ ਈ-ਰਿਕਸ਼ਿਆਂ ਦੇ ਨਾਲ ਹੀ ਦੁਕਾਨਾਂ ਦੇ ਬਾਹਰ ਕਈ-ਕਈ ਫੁੱਟ ਅੱਗੇ ਤੱਕ ਲਗਾਈਆਂ ਫੜ੍ਹੀਆਂ ਕਰਕੇ ਵੀ ਟਰੈਫਿਕ ਦੀ ਸਮੱਸਿਆ ਵਿੱਚ ਵਾਧਾ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਕਈ ਦੁਕਾਨਦਾਰ ਇਨ੍ਹਾਂ ਫੜੀਆਂ ਵਾਲਿਆਂ ਤੋਂ ਕਿਰਾਇਆ ਵੀ ਲੈਂਦੇ ਹਨ। ਬਾਜ਼ਾਰਾਂ ਅਤੇ ਸੜਕਾਂ ’ਤੇ ਟਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਭਾਵੇਂ ਸਮੇਂ ਸਮੇਂ ’ਤੇ ਸਬੰਧਤ ਵਿਭਾਗ ਅਤੇ ਟਰੈਫਿਕ ਪੁਲੀਸ ਵੱਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਇਹ ਫੜ੍ਹੀਆਂ ਕੁਝ ਸਮੇਂ ਬਾਅਦ ਮੁੜ ਇਥੇ ਆ ਲੱਗਦੀਆਂ ਹਨ। ਦੂਜੇ ਪਾਸੇ ਈ-ਰਿਕਸ਼ਾ ਦੇ ਚਾਲਕ ਦਾ ਸਾਰਾ ਧਿਆਨ ਸਿਰਫ਼ ਸਵਾਰੀ ਵੱਲ ਹੁੰਦਾ ਹੈ। ਇਹ ਚਾਲਕ ਚੌਕ, ਚੁਰਾਹੇ, ਗਲੀ ਵਿਚਕਾਰ ਕਿਤੇ ਵੀ ਆਪਣਾ ਈ-ਰਿਕਸ਼ਾ ਖੜ੍ਹਾ ਕੇ ਸਵਾਰੀਆਂ ਚੜ੍ਹਾਉਣ ਲੱਗ ਪੈਂਦੇ ਹਨ। ਅਜਿਹਾ ਕਰਨ ਕਰਕੇ ਕਈ ਵਾਰ ਇਨ੍ਹਾਂ ਦੇ ਨਾਲ ਚੱਲ ਰਹੇ ਤੇ ਪਿੱਛੇ ਆ ਰਹੇ ਵਾਹਨ ਚਾਲਕਾਂ ਨੂੰ ਵੀ ਦਿੱਕਤਾਂ ਦਾ ਸਾਮਹਣਾ ਕਰਨਾ ਪੈਂਦਾ ਹੈ।

Advertisement

ਸ਼ਹਿਰ ਦੀਆਂ ਵੱਡੀਆਂ ਸੜਕਾਂ ’ਤੇ ਈ-ਰਿਕਸ਼ਾ ਹੋਏ ਹਾਵੀ

ਸ਼ਹਿਰ ਵਿੱਚ ਵੱਡੀ ਗਿਣਤੀ ਵਾਹਨ ਰੋਜ਼ਾਨਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਫ਼ਰ ਤੈਅ ਕਰਦੇ ਹਨ, ਪਰ ਇਨ੍ਹਾਂ ਵਾਹਨਾਂ ਵਿੱਚ ਜ਼ਿਆਦਾਤਰ ਗਿਣਤੀ ਨਿੱਜੀ ਵਾਹਨਾਂ ਦੀ ਜਾਂ ਜਨਤਕ ਰੂਪ ਵਿੱਚ ਵਰਤੇ ਜਾਣ ਵਾਲੇ ਇਨ੍ਹਾਂ ਛੋਟੇ ਈ-ਰਿਕਸ਼ਿਆਂ ਦੀ ਹੁੰਦੀ ਹੈ। ਇੱਕ ਪਾਸੇ ਨਿੱਜੀ ਵਾਹਨਾਂ ਵਿੱਚ ਜ਼ਿਆਦਾਤਰ ਸਿੰਗਲ ਸਵਾਰੀ ਹੀ ਸਫ਼ਰ ਕਰ ਰਹੀ ਹੁੰਦੀ ਹੈ, ਜਿਸ ਕਰਕੇ ਕਈ ਵਾਰ ਸੜਕਾਂ ’ਤੇ ਗੱਡੀਆਂ ਦੀ ਭਰਮਾਰ ਹੋ ਜਾਂਦੀ ਹੈ। ਵੱਧ ਰਹੀ ਠੰਢ ਕਾਰਨ ਵੀ ਹੁਣ ਜ਼ਿਆਦਾਤਰ ਲੋਕਾਂ ਵੱਲੋਂ ਗੱਡੀਆਂ ਵਿੱਚ ਸਫ਼ਰ ਕਰਨ ਨੂੰ ਹੀ ਪਹਿਲ ਦਿੱਤੀ ਜਾਵੇਗੀ, ਪਰ ਨਿੱਜੀ ਵਾਹਨ ਨਾ ਹੋਣ ਦੀ ਸੂਰਤ ਵਿੱਚ ਇੱਧਰ-ਉੱਧਰ ਜਾਣ ਲਈ ਵੱਡੀ ਗਿਣਤੀ ਲੋਕ ਬੱਸਾਂ ਤੋਂ ਬਾਅਦ ਇਨ੍ਹਾਂ ਈ-ਰਿਕਸ਼ਿਆਂ ’ਤੇ ਹੀ ਨਿਰਭਰ ਕਰਦੇ ਹਨ। ਬੱਸਾਂ ਦੀ ਸਰਵਿਸ ਵੱਧ ਸਮਾਂ ਲੈਂਦੀ ਹੋਣ ਕਰਕੇ ਅਤੇ ਛੋਟਾ ਸਫ਼ਰ ਤੈਅ ਕਰਨ ਵੇਲੇ ਜ਼ਿਆਦਾਤਰ ਈ-ਰਿਕਸ਼ੇ ਹੀ ਕੰਮ ਆਉਂਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਵਿੱਚ ਨੇੜਲੀਆਂ ਥਾਵਾਂ ’ਤੇ ਜਾਣ ਲਈ ਇਨ੍ਹਾਂ ਦੀ ਵਰਤੋਂ ਵਿੱਚ ਕਾਫ਼ੀ ਵਾਧਾ ਹੋਇਆ ਹੈ ਤੇ ਲਗਪਗ ਸਾਰੀਆਂ ਹੀ ਵੱਡੀਆਂ ਸੜਕਾਂ ’ਤੇ ਹੁਣ ਹਰ ਪਾਸੇ ਸਿਰਫ਼ ਈ-ਰਿਕਸ਼ੇ ਹੀ ਦਿਖਾਈ ਦਿੰਦੇ ਹਨ।

Advertisement

Advertisement
Author Image

Advertisement