ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੀਆਂ ਰਾਹਾਂ ਦੇ ਮੁਸਾਫ਼ਰ

10:29 AM Dec 29, 2024 IST

 

Advertisement

ਡਾ. ਨਿਸ਼ਾਨ ਸਿੰਘ ਰਾਠੌਰ

ਰਾਹਾਂ ਦਾ ਕੰਮ ਮਨੁੱਖ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਾਉਣਾ ਹੁੰਦਾ ਹੈ। ਇਸ ਲਈ ਆਸਾਨ ਰਾਹਾਂ ਨੇ ਸਦਾ ਹੀ ਮਨੁੱਖ ਨੂੰ ਆਪਣੇ ਵੱਲ ਖਿੱਚਿਆ ਹੈ, ਆਕਰਸ਼ਿਤ ਕੀਤਾ ਹੈ। ਮਨੁੱਖ ਅਤੇ ਰਾਹ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਖੇਤਰ ਕੋਈ ਵੀ ਹੋਵੇ; ਰਾਹ ਅਤੇ ਰਾਹ-ਦਸੇਰੇ ਦੀ ਜ਼ਰੂਰਤ ਹਮੇਸ਼ਾ ਹੁੰਦੀ ਹੈ। ਇਸੇ ਲਈ ਰਾਹਾਂ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਸਿਆਣਿਆਂ ਦਾ ਕਥਨ ਹੈ ਕਿ ਨਵੀਆਂ ਰਾਹਾਂ ਦੇ ਮੁਸਾਫ਼ਰ ਲੋਕ ਆਪਣੀ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨਦੇ। ਅਜਿਹੇ ਲੋਕ ਤਾ-ਉਮਰ ਨਵੀਆਂ ਚੀਜ਼ਾਂ ਨੂੰ ਗ੍ਰਹਿਣ ਕਰਦੇ ਰਹਿੰਦੇ ਹਨ, ਸਿੱਖਦੇ ਰਹਿੰਦੇ ਹਨ। ਇਨ੍ਹਾਂ ਲੋਕਾਂ ਵਿੱਚ ਨਵ-ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਅਜਿਹੇ ਰਾਹਾਂ ਦੇ ਮੁਸਾਫ਼ਰ ਲੋਕ ਹੀ ਸਮਾਜ ਵਿੱਚ ਰਹਿੰਦੇ ਆਮ ਲੋਕਾਂ ਲਈ ਰਾਹ-ਦਸੇਰੇ ਬਣਦੇ ਹਨ, ਲੋਕਾਂ ਲਈ ਉਮੀਦ ਦੀ ਕਿਰਨ ਹੁੰਦੇ ਹਨ।
ਅੱਜ ਦੇ ਮਨੁੱਖ ਕੋਲ ਪੈਸਾ, ਸ਼ੋਹਰਤ ਅਤੇ ਸਹੂਲਤਾਂ ਹਨ, ਪਰ ਮਾਨਸਿਕ ਸਕੂਨ ਦੀ ਘਾਟ ਹੈ। ਮਨੁੱਖ ਅਤੇ ਮਸ਼ੀਨ ਵਿੱਚ ਬਹੁਤਾ ਫ਼ਰਕ ਨਹੀਂ ਰਹਿ ਗਿਆ। ਇੱਕੋ ਥਾਵੇਂ ਸਾਲਾਂਬੱਧੀ ਕੰਮ ਕਰਨ ਕਰਕੇ ਮਨੁੱਖ ਆਪਣੇ ਜੀਵਨ ਵਿੱਚ ਖੜੋਤ ਦਾ ਸ਼ਿਕਾਰ ਹੋ ਗਿਆ ਹੈ। ਅੱਜ ਹਾਲਾਤ ਅਜਿਹੇ ਹਨ ਕਿ ਸਮਾਜ ਵਿੱਚ ਰਹਿੰਦੇ 90 ਫ਼ੀਸਦੀ ਲੋਕ ਆਪਣੇ ਨਿੱਤ ਦੇ ਕਾਰ-ਵਿਹਾਰ ਨੂੰ ਬਦਲਣਾ ਚਾਹੁੰਦੇ ਹਨ। ਹਰ ਵਕਤ ਇੱਕੋ ਕੰਮ, ਇੱਕੋ ਰਾਹ ਅਤੇ ਇੱਕੋ ਜਿਹਾ ਕਾਰ-ਵਿਹਾਰ। ਜੀਵਨ ਰੁੱਖਾ ਹੋ ਗਿਆ ਜਾਪਦਾ ਹੈ। ਖ਼ਬਰੇ! ਇਸੇ ਕਰਕੇ ਅੱਜ ਦਾ ਮਨੁੱਖ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਵੱਧ ਹੋ ਰਿਹਾ ਹੈ।
ਗੁਰਮਤਿ ਵਿਚਾਰਧਾਰਾ ਦਾ ਅਧਿਐਨ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਗੁਰੂ ਸਾਹਿਬ ਵੀ ਮਨੁੱਖ ਨੂੰ ਵਕਤ ਦੇ ਨਾਲ ਤੁਰਨ ਦੀ ਤਾਕੀਦ ਕਰਦੇ ਹਨ। ਉਹ ਮਨੁੱਖ ਜਿਸ ਨੇ ਸਮੇਂ ਦੇ ਅਨੁਸਾਰ ਤੁਰਨਾ ਸਿੱਖ ਲਿਆ, ਆਪਣੀ ਜ਼ਿੰਦਗੀ ਵਿੱਚ ਕਦੇ ਮਾਰ ਨਹੀਂ ਖਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਕਿਹਾ ਗਿਆ ਹੈ:
ਵਖਤੁ ਵੀਚਾਰੇ ਸੁ ਬੰਦਾ ਹੋਇ॥
ਜਿਹੜੇ ਮਨੁੱਖ ਆਪਣੇ ਜੀਵਨ ਵਿੱਚ ਖੜੋਤ ਦਾ ਸ਼ਿਕਾਰ ਹੋ ਜਾਂਦੇ ਹਨ, ਉਹ ਮਨੁੱਖ ਆਪਣੇ ਜੀਵਨ ਵਿੱਚ ਕਦੇ ਅੱਗੇ ਨਹੀਂ ਵਧਦੇ। ਜ਼ਿੰਦਗੀ ਵਿੱਚ ਅੱਗੇ ਵਧਣ ਜਾਂ ਫਿਰ ਤਰੱਕੀ ਕਰਨ ਲਈ ਤੁਰਨਾ ਪੈਂਦਾ ਹੈ, ਅੱਗੇ ਵਧਣਾ ਪੈਂਦਾ ਹੈ, ਫ਼ੈਸਲੇ ਲੈਣੇ ਪੈਂਦੇ ਹਨ। ਜਿਹੜਾ ਮਨੁੱਖ ਇਨ੍ਹਾਂ ਸੌਗਾਤਾਂ ਤੋਂ ਵਾਂਝਾ ਹੈ, ਉਹ ਖੜੋਤ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਮਾਨਸਿਕ ਵਿਕਾਰਾਂ ਦੇ ਘੇਰੇ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰ ਬੈਠਦਾ ਹੈ।
ਸ੍ਰੀ ਕ੍ਰਿਸ਼ਨ ਜੀ ਨੇ ਸ੍ਰੀ ਭਗਵਤ ਗੀਤਾ ਵਿੱਚ ਕਿਹਾ ਹੈ: ‘ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ।’
ਭਾਵ ਬਦਲਾਅ ਵਿੱਚ ਹੀ ਸੰਸਾਰ ਚੱਲਦਾ ਹੈ। ਜੋ ਕੁਝ ਅੱਜ ਸਾਡੇ ਕੋਲ ਹੈ ਉਹ ਬੀਤੇ ਕੱਲ੍ਹ ਕਿਸੇ ਹੋਰ ਕੋਲ ਸੀ ਅਤੇ ਆਉਂਦੇ ਕੱਲ੍ਹ ਕਿਸੇ ਹੋਰ ਕੋਲ ਹੋਵੇਗਾ। ਇਹੀ ਸੰਸਾਰ ਦਾ ਨਿਯਮ ਹੈ, ਕੁਦਰਤ ਦਾ ਨਿਯਮ ਹੈ। ਜਿਸ ਮਨੁੱਖ ਨੇ ਇਸ ਨਿਯਮ ਨੂੰ ਸਮਝ ਲਿਆ, ਆਪਣੇ ਜੀਵਨ ਵਿੱਚ ਢਾਲ ਲਿਆ, ਉਹ ਕਾਮਯਾਬੀ ਦੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਇੱਕੋ ਥਾਵੇਂ ਖੜ੍ਹੇ ਮਨੁੱਖ ਖ਼ਤਮ ਹੋ ਜਾਂਦੇ ਹਨ, ਬਰਬਾਦ ਹੋ ਜਾਂਦੇ ਹਨ।
ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਇਹ ਸ਼ਿਅਰ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਮਹਿਸੂਸ ਹੁੰਦਾ ਹੈ:
ਤੁਰਦਿਆਂ ਦੇ ਨਾਲ ਤੁਰਦੇ ਤਾਂ ਕਿਤੇ ਤਾਂ ਪਹੁੰਚਦੇ
ਬਿਨ ਤੁਰੇ ਜੋ ਪਹੁੰਚਣਾ ਚਾਹੁੰਦੇ ਸੀ ਸੜਕਾਂ ਹੋ ਗਏ।
ਰਬਿੰਦਰ ਮਸਰੂਰ ਦੇ ਇਸ ਸ਼ਿਅਰ ਵਿੱਚ ਅੱਜ ਦੇ ਮਨੁੱਖ ਦੇ ਜੀਵਨ ਦੇ ਅਸਲ ਸੱਚ ਨੂੰ ਬਹੁਤ ਸਹਿਜ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ। ਸ਼ਾਇਰ ਕਹਿੰਦਾ ਹੈ ਕਿ ਜੇਕਰ ਉਹ ਸੰਸਾਰ ਦੇ ਲੋਕਾਂ ਦੇ ਨਾਲ ਤੁਰਦਾ ਭਾਵ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਂਦਾ, ਉੱਦਮ ਕਰਦਾ ਤਾਂ ਖ਼ਬਰੇ! ਉਹ ਆਪਣੇ ਟੀਚੇ, ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ। ਦੂਜੇ ਪਾਸੇ, ਜਿਹੜੇ ਲੋਕ ਬਿਨਾਂ ਕਿਸੇ ਉੱਦਮ ਤੋਂ ਆਪਣੇ ਜੀਵਨ ਵਿੱਚ ਕਾਮਯਾਬੀ ਚਾਹੁੰਦੇ ਸਨ, ਉਹ ਸੜਕਾਂ ਵਾਂਗ ਇੱਕੋ ਥਾਂ ’ਤੇ ਖੜ੍ਹੇ ਰਹੇ ਭਾਵ ਉਹ ਲੋਕ ਕਿਤੇ ਨਹੀਂ ਪਹੁੰਚ ਸਕੇ। ਇਹ ਨਾਕਾਮੀ ਦਾ ਪ੍ਰਤੀਕ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਆਪ-ਮੁਹਾਰੇ ਹੋਇਆ ਬਦਲਾਅ ਹਮੇਸ਼ਾ ਦੁੱਖ ਦਾ ਕਾਰਨ ਬਣਦਾ ਹੈ ਅਤੇ ਉੱਦਮ ਸਦਕਾ ਹੋਇਆ ਬਦਲਾਅ ਅਕਸਰ ਸੁਖ ਦਾ ਕਾਰਨ ਬਣਦਾ ਹੈ। ਇਸ ਦਾ ਭਾਵ ਇਹ ਹੈ ਕਿ ਜਿਹੜੇ ਮਨੁੱਖ ਖ਼ੁਦ ਫ਼ੈਸਲਾ ਕਰਕੇ ਬਦਲਾਅ ਨੂੰ ਅਪਨਾਉਂਦੇ ਹਨ, ਉਹ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਆਪਣੀ ਵਿਉਂਤ ਤਹਿਤ ਬਦਲਾਅ ਸਵੀਕਾਰ ਕੀਤਾ ਹੁੰਦਾ ਹੈ। ਦੂਜੇ ਪਾਸੇ ਆਪਮੁਹਾਰੇ ਹੋਏ ਕਿਸੇ ਬਦਲਾਅ ਦੇ ਗੇੜ ਵਿੱਚ ਆਏ ਮਨੁੱਖ ਨੇ ਕੋਈ ਤਿਆਰੀ ਜਾਂ ਵਿਉਂਤਬੰਦੀ ਨਹੀਂ ਕੀਤੀ ਹੁੰਦੀ। ਇਸ ਲਈ ਇਹ ਬਦਲਾਅ ਉਸ ਲਈ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ।
ਇਸ ਤਰ੍ਹਾਂ, ਆਖ਼ਰ ਵਿੱਚ ਕਿਹਾ ਜਾ ਸਕਦਾ ਹੈ ਕਿ ਨਵੀਆਂ ਰਾਹਾਂ ਦੇ ਮੁਸਾਫ਼ਰ ਲੋਕ ਕਦੇ ਹਾਰ ਨਹੀਂ ਮੰਨਦੇ। ਉਹ ਢੇਰੀ ਨਹੀਂ ਢਾਹੁੰਦੇ ਸਗੋਂ ਆਪਣੇ ਉੱਦਮ ਸਕਦਾ ਆਮ ਲੋਕਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਆਮ ਲੋਕਾਂ ਨੂੰ ਨਵੀਆਂ ਰਾਹਾਂ ਦੇ ਮੁਸਾਫ਼ਰ ਬਣਨ ਲਈ ਪ੍ਰੇਰਿਤ ਕਰਦੇ ਹਨ। ਇਸ ਲਈ ਮਨੁੱਖ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਅੱਗੇ ਵਧਦਾ ਰਹਿਣਾ ਚਾਹੀਦਾ ਹੈ ਅਤੇ ਸਾਰਥਕ ਬਦਲਾਅ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਖਲਾਅ ਤੇ ਖੜੋਤ ਤੋਂ ਰਹਿਤ ਜੀਵਨ ਬਤੀਤ ਕੀਤਾ ਜਾ ਸਕੇ। ਪਰ! ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੇ ਗਰਭ ਵਿੱਚ ਹੈ।
ਸੰਪਰਕ: 90414-98009

Advertisement

Advertisement