ਕਾਵਿ ਕਿਆਰੀ
ਗ਼ਜ਼ਲ
ਡਾ. ਹਰਨੇਕ ਸਿੰਘ ਕਲੇਰ
ਬਾਤ ਕਰਦਾ ਸੀ, ਸਦਾ ਜੋ ਪਿਆਰ ਦੀ।
ਪੀੜ ਬਣ ਕੇ, ਰਹਿ ਗਿਆ ਹੈ ਖਾਰ ਦੀ।
ਗ਼ਮ ਨਹੀਂ ਹੁਣ, ਮਾਣਦੇ ਹਾਂ ਜ਼ਿੰਦਗੀ,
ਨਾ ਖ਼ੁਸ਼ੀ ਹੈ ਜਿੱਤ ਦੀ, ਨਾ ਹਾਰ ਦੀ।
ਨਾ ਸਦਾ ਪਤਝੜ ਰਹੇ, ਸਭ ਜਾਣਦੇ
ਰੁੱਤ ਮੁੜ ਕੇ ਮਾਣ ਲੈ ਬਹਾਰ ਦੀ।
ਜ਼ਿੰਦਗੀ ਦਾ ਸੱਚ, ਸੁਣ ਮਨ ਡੋਲਿਆ,
ਨਾ ਕਦੇ ਲੰਘੀ ਮੁੜੇ, ਰੁੱਤ ਪਿਆਰ ਦੀ।
ਨਾ ਕਰੀਂ ਸ਼ਿਕਵਾ, ਕਦੇ ਵੀ ਯਾਰ ’ਤੇ,
ਸਾਂਭ ਰੱਖੀਂ, ਤੂੰ ਨਿਸ਼ਾਨੀ ਯਾਰ ਦੀ।
ਬੇਕਿਰਕ ਸਮੇਂ
ਕੇਵਲ ਸਿੰਘ ਰੱਤੜਾ
ਬੇਕਿਰਕ ਜਹੇ ਸਮਿਆਂ ਅੰਦਰ, ਚੱਲਦੇ ਰੁਕਦੇ ਸਾਹਾਂ ਦੀ
ਕਿਹੜੇ ਸ਼ਬਦੀਂ ਲਿਖਾਂ ਕਹਾਣੀ, ਰੋਸ ’ਚ ਭੱਜੀਆਂ ਬਾਹਾਂ ਦੀ।
ਮੇਰੇ ਪਿੰਡ ਦੇ ਬੋਹੜ ਤੇ ਪਿਲਕਣ, ਗੁਰੂ ਸ਼ਰਧਾ ਲਈ ਕਤਲ ਹੋਏ
ਡਾਹਢੇ ਪੀਰ ਦੇ ਕਹਿਰ ਡਰੋਂ, ਝੰਗ ਬਚ ਗਈ ਹੈ ਦਰਗਾਹਾਂ ਦੀ।
ਦੇਵੀ ਮੰਨ ਪਹਾੜੀਂ ਚੜ੍ਹਦੇ, ਮੰਨਤ ਮੰਗਦੇ ਸ਼ੁਹਰਤ ਦੀ
ਕੁਰਸੀ ਘੜੇ ਕਹਾਣੀ ਕੰਜਕਾਂ, ’ਤੇ ਹੀ ਜਬਰ ਜਨਾਹਾਂ ਦੀ।
ਅਰਥ ਡੂੰਘੇਰੇ ਚੁੱਪ ਦੇ ਹੁੰਦੇ, ਕਿਸੇ ਦੇ ਤੌਰ ਭੁਲਾਉਣ ਲਈ
ਭਾਵੁਕ ਲੋਕੀਂ ਕੀ ਸਮਝਣਗੇ, ਸ਼ਾਤਰ ਚਾਲ ਨਿਗਾਹਾਂ ਦੀ।
ਦਿਸਦੇ ਨਹੀਂ ਪਰ ਸੂਹੀਆ ਤੰਤਰ, ਰਾਹੀਂ ਜੇਬਾਂ ਤੀਕ ਗਏ
ਦਿਲੋ ਦਿਮਾਗ਼ ਵੀ ਬੋਲੀ ਬੋਲਣ, ਉਨ੍ਹਾਂ ਕੁਬੇਰੀ ਸ਼ਾਹਾਂ ਦੀ।
ਰਿਸ਼ਵਤ ਦੇ ਕੇ ਧੰਦਾ ਕਰਦਾ, ਲੁਕਿਆ ਫਿਰੇ ਅਮੀਰਜ਼ਾਦਾ
ਸ਼ੇਅਰਾਂ ਵਿੱਚ ਤੁਲਦੀ ਦੌਲਤ, ਪਰ ਲੱਗੀ ਫ਼ਿਕਰ ਪਨਾਹਾਂ ਦੀ।
ਚੋਰ ਅਦਾਲਤੋਂ ਬਚ ਜਾਂਦੇ, ਅਪੀਲ ਦਲੀਲ ਵਕੀਲਾਂ ਨਾਲ
ਖ਼ਲਕਤ ਦੇ ਤਖਤੇ ਵਿੱਚ ਅੜਦੀ ਗਰਦਨ ਬੇਪਰਵਾਹਾਂ ਦੀ।
ਪੌਣੀ ਸਦੀ ਆਜ਼ਾਦ ਹੋਇਆਂ ਨੂੰ, ਫਿਰ ਵੀ ਮਨੋਂ ਗ਼ੁਲਾਮ ਰਹੇ
ਪਹਿਨਣ, ਖਾਣ, ਦਿਖਾਵੇ ਤੱਕ ਹੀ ਸੋਚ ਹੈ ਖਾਹਮਖਾਹਾਂ ਦੀ।
ਵਕਤ ਬੀਤਿਆ ਗੌਰੀ ਤੁਰਕ, ਚੰਗੇਜ਼ ਸਿਕੰਦਰ ਗੋਰੇ ਦਾ
ਵੰਡੀ ਜਨਤਾ ਕਿੰਝ ਥਾਹ ਪਾਊ ਖ਼ੁਦ ਮੁਕਤੀ ਦੇ ਰਾਹਾਂ ਦੀ।
ਸੱਚ ਸੰਜਮ ਤੇ ਸਮਝ ਦੇ ਬਾਝੋਂ ‘ਰੱਤੜਾ’ ਪਾਰ ਉਤਾਰਾ ਨਹੀਂ ਹੋਣਾ
ਕੁਝ ਛੱਡਣ, ਕੁਝ ਮੰਨਣ ਬਿਨ ਕੀ ਕਦਰ ਹੈ ਕੂੜ ਸਲਾਹਾਂ ਦੀ।
ਸੰਪਰਕ: 082838-30599
ਧੂੰਆਂ
ਹਰਦੀਪ ਸਿੰਘ ਭੂਦਨ
ਇਹ ਕੋਈ/ ਆਮ ਧੂੰਆਂ ਨਹੀਂ
ਜਿਹੜਾ ਆ ਵੜਦਾ/ ਸਾਡੇ ਸਾਰੇ ਚੌਗਿਰਦੇ ’ਚ
ਤੇ ਲੈ ਲੈਂਦਾ ਹੈ/ ਆਪਣੀ ਗ੍ਰਿਫ਼ਤ ਵਿੱਚ
ਜਿਉਣਾ ਦੁੱਭਰ ਕਰ ਦਿੰਦਾ/ ਹਰ ਇੱਕ ਦਾ
ਜਿਸ ਦੇ ਵਿੱਚ/ ਬੋਲਣਾ ਵੀ
ਸਾਹ ਲੈਣਾ ਵੀ/ ਔਖਾ ਹੋ ਜਾਂਦਾ
ਜਿਸ ਦੀ ਆਮਦ ਨਾਲ
ਸੜਕਾਂ ’ਤੇ ਵਾਪਰਦੇ/ ਹਰ ਰੋਜ਼ ਹਾਦਸੇ
ਹਸੂੰ ਹਸੂੰ ਕਰਦੇ ਚਿਹਰੇ
ਮਿੰਟਾਂ ਸਕਿੰਟਾਂ ’ਚ
ਪੈ ਜਾਂਦੇ ਨੇ/ ਅਣਿਆਈ ਮੌਤ ਦੇ ਮੂੰਹ ’ਚ
ਇਹ ਕੋਈ/ ਆਮ ਧੂੰਆਂ ਨਹੀਂ...
ਇਸ ਧੂੰਏਂ ਦਾ
ਰੰਗ ਤੇ ਮੌਸਮ
ਆਪਣਾ ਵੱਖਰਾ ਹੈ
ਇਸ ਦੀ ਚਰਚਾ
ਗਲੀ ਮੁਹੱਲੇ ਹੀ ਨਹੀਂ
ਅੱਜਕੱਲ੍ਹ ਤਾਂ
ਦਿੱਲੀ ਤੇ ਲਾਹੌਰ
ਵਿੱਚ ਵੀ ਹੈ
ਭਾਵੇਂ ਇਹ ਕਿਸੇ ਦਾ
ਸ਼ੌਕ ਨਹੀਂ
ਮਜਬੂਰੀ ਹੈ
ਫਿਰ ਵੀ
ਚਰਚਾ ਦਾ ਵਿਸ਼ਾ ਹੈ
ਰੋਜ਼ ਦੇ ਅਖ਼ਬਾਰਾਂ ਦਾ
ਇਹ ਕੋਈ/ ਆਮ ਧੂੰਆਂ ਨਹੀਂ...