ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਫ਼ਰ, ਸੰਵਾਦ ਤੇ ਸਿੱਖਿਆ

06:10 AM May 22, 2024 IST

ਜਗਮੀਤ ਸਿੰਘ ਪੰਧੇਰ

Advertisement

ਵੈਸੇ ਤਾਂ ਹਰ ਸਫ਼ਰ ਦੌਰਾਨ ਹਰ ਵਿਅਕਤੀ ਨੂੰ ਨਵੇਂ ਨਵੇਂ ਤਜਰਬੇ ਹਾਸਲ ਹੁੰਦੇ ਹਨ ਪਰ ਸਾਡੇ ਵਿੱਚੋਂ ਬਹੁਤਿਆਂ ਦੀ ਮੁਸ਼ਕਲ ਇਹ ਹੁੰਦੀ ਹੈ ਕਿ ਉਹ ਸਫ਼ਰ ਦੌਰਾਨ (ਖ਼ਾਸ ਤੌਰ ’ਤੇ ਵਿਦੇਸ਼ੀ ਸਫ਼ਰ ਦੌਰਾਨ) ਖੁੱਲ੍ਹ ਕੇ ਨਹੀਂ ਵਿਚਰਦੇ। ਮੁੱਖ ਸਮੱਸਿਆ ਭਾਸ਼ਾ ਅਤੇ ਨਵੀਆਂ ਚੀਜ਼ਾਂ ਤੋਂ ਅਣਜਾਣਤਾ ਦੀ ਹੁੰਦੀ ਹੈ ਜਿਸ ਕਾਰਨ ਹੀਣ ਭਾਵਨਾ ਅੜਿੱਕਾ ਲਾਉਂਦੀ ਹੈ। ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਸਭ ਸੰਗਾਂ ਸ਼ਰਮਾਂ ਤਿਆਗ ਕੇ ਜੇ ਸਫ਼ਰ ਦੌਰਾਨ ਕੁਝ ਖੁੱਲ੍ਹ ਕੇ ਵਿਚਰਿਆ ਜਾਵੇ ਤਾਂ ਉਸ ਦਾ ਬਹੁਤ ਬਾਅਦ ਤੱਕ ਆਨੰਦ ਆਉਂਦਾ ਹੈ ਅਤੇ ਸਦੀਵੀ ਯਾਦ ਵੀ ਬਣ ਜਾਂਦਾ ਹੈ।
ਅਪਰੈਲ 2019 ਵਿੱਚ ਵਿਨੀਪੈੱਗ (ਕੈਨੇਡਾ) ਜਾਣ ਲਈ ਮੇਰਾ ਅਤੇ ਮੇਰੀ ਹਮਸਫ਼ਰ ਦੇ ਸਫ਼ਰ ਦਾ ਸਬੱਬ ਬਣਿਆ। ਅਸੀਂ ਦੋਵੇਂ ਦਿੱਲੀ ਦੇ ਏਅਰਪੋਰਟ ’ਤੇ ਜਹਾਜ਼ ਲੱਗਣ ਦੀ ਉਡੀਕ ਕਰ ਰਹੇ ਸੀ। ਮੋਬਾਈਲ ਨੂੰ ਚਾਰਜ ਕਰਨ ਲਈ ਮੈਂ ਗੇਟ ’ਤੇ ਲੱਗੇ ਕਈ ਤਾਰਾਂ ਵਾਲੇ ਚਾਰਜਰਾਂ ਨੇੜੇ ਗਿਆ ਤਾਂ ਕਈ ਨੌਜਵਾਨਾਂ ਨੇ ਤਾਰਾਂ ’ਤੇ ਕਬਜ਼ਾ ਕੀਤਾ ਹੋਇਆ ਸੀ ਪਰ ਮੇਰੇ ਹਿੱਸੇ ਵੀ ਇੱਕ ਤਾਰ ਆ ਹੀ ਗਈ। ਖੜ੍ਹੇ ਖੜ੍ਹੇ ਉਨ੍ਹਾਂ ਨੌਜਵਾਨਾਂ ਨਾਲ ਮੈਂ ਗੱਲਬਾਤ ਸ਼ੁਰੂ ਕਰ ਲਈ। ਉਹ ਤਿੰਨੋਂ ਜਣੇ ਸਟੱਡੀ ਵੀਜ਼ੇ ’ਤੇ ਪਹਿਲੀ ਵਾਰ ਕੈਨੇਡਾ ਜਾ ਰਹੇ ਸਨ। ਉਨ੍ਹਾਂ ਵਿੱਚੋਂ ਦੋ ਜਣੇ ਕੁਝ ਝਕਦੇ ਜਿਹੇ ਲੱਗੇ ਪਰ ਇੱਕ ਬਹੁਤ ਹੀ ਰਲੌਟਾ ਜਿਹਾ ਸੀ। ਜਾਣ ਪਛਾਣ ਤੋਂ ਬਾਅਦ ਨੇੜਤਾ ਦਾ ਅਹਿਸਾਸ ਹੋਰ ਵੀ ਵਧ ਗਿਆ ਜਦੋਂ ਪਤਾ ਲੱਗਿਆ ਕਿ ਸਾਡੀ ਸਾਰਿਆਂ ਦੀ ਫਲਾਈਟ ਦਿੱਲੀ ਤੋਂ ਕੈਲਗਰੀ ਵਾਇਆ ਟੋਕੀਓ ਇੱਕੋ ਹੀ ਸੀ।
ਗੇਟ ਖੁੱਲ੍ਹੇ ਤਾਂ ਅਸੀਂ ਅੱਗੜ ਪਿੱਛੜ ਜਹਾਜ਼ ਵਿੱਚ ਦਾਖਲ ਹੋ ਗਏ। ਸੀਟਾਂ ਭਾਲੀਆਂ ਤਾਂ ਕਮਾਲ ਇਹ ਹੋ ਗਈ ਕਿ ਰਲੌਟਾ ਜਿਹਾ ਨੌਜਵਾਨ ਸਾਡੇ ਨਾਲ ਵਾਲੀ ਸੀਟ ’ਤੇ ਹੀ ਆ ਬੈਠਿਆ। ਅਸੀਂ ਤਿੰਨੋਂ ਬਹੁਤ ਖ਼ੁਸ਼ ਸੀ ਕਿ ਚਲੋ ਸਫ਼ਰ ਹੋਰ ਵੀ ਖ਼ੁਸ਼ਗਵਾਰ ਗੁਜ਼ਰੇਗਾ। ਉਹ ਨੌਜਵਾਨ ਵਾਰ ਵਾਰ ਸੀਟ ਤੋਂ ਗਰਦਨ ਮਰੋੜ ਕੇ ਉੱਚਾ ਜਿਹਾ ਹੋ ਕਿ ਪਿੱਛੇ ਝਾਤੀ ਮਾਰ ਰਿਹਾ ਸੀ। ਅਸੀਂ ਉਸ ਦਾ ਇਰਾਦਾ ਭਾਂਪ ਕੇ ਉਸ ਨੂੰ ਸਲਾਹ ਦਿੱਤੀ ਕਿ ਉਹ ਫਿਰ ਤੁਰ ਕੇ ਦੇਖ ਆਵੇ ਕਿ ਉਸ ਦੇ ਦੋ ਸਾਥੀ ਕਿੱਥੇ ਕੁ ਬੈਠੇ ਨੇ। ਉਸ ਨੇ ਗੇੜਾ ਲਾਇਆ ਤਾਂ ਜਲਦੀ ਵਾਪਸ ਆ ਕੇ ਬੜੇ ਚਾਅ ਨਾਲ ਬੋਲਿਆ, “ਨੇੜੇ ਈ ਨੇ ਜੀ, ਐਥੇ ਪਿੱਛੇ ਈ।’’ ਉਹਦੇ ਬੋਲਾਂ ਵਿੱਚੋਂ ਵਿਸ਼ੇਸ਼ ਖ਼ੁਸ਼ੀ ਦੀ ਝਲਕ ਪੈਂਦੀ ਸੀ। ਬਸ ਫੇਰ ਉਹ ਸਾਡੇ ਨਾਲ ਇਉਂ ਗੱਲੀਂ ਲੱਗਿਆ ਰਿਹਾ ਜਿਵੇਂ ਪੁਰਾਣਾ ਜਾਣਕਾਰ ਹੋਵੇ। ਕੁਝ ਹੀ ਸਮੇਂ ਬਾਅਦ ਅਸੀਂ ਉਸ ਦੇ ਬਚਪਨ, ਪੜ੍ਹਾਈ, ਮਾਪੇ, ਚਾਚੇ ਸਭਨਾਂ ਬਾਰੇ ਪੂਰੇ ਵਾਕਫ਼ ਸਾਂ। ਜਿੰਨਾ ਚਿਰ ਉਹ ਜਾਗਦਾ ਰਿਹਾ ਓਨਾ ਚਿਰ ਉਹ ਟਿਕ ਕੇ ਨਹੀਂ ਬੈਠਿਆ। ਸਾਡੇ ਨਾਲੋਂ ਗੱਲਾਂ ਕਰਨੋਂ ਹਟਦਾ ਤਾਂ ਸਾਹਮਣੇ ਲੱਗੀ ਸਕਰੀਨ ਨਾਲ ਛੇੜਖਾਨੀ ਕਰਨ ਲੱਗਦਾ, ਫਿਰ ਈਅਰ ਫੋਨ ਲਾਉਂਦਾ, ਲਾਹੁੰਦਾ। ਫਿਰ ਜਿਵੇਂ ਕੁਝ ਅਚਾਨਕ ਯਾਦ ਆਇਆ ਹੋਵੇ ਸੀਟ ਤੋਂ ਉੱਠ ਕੇ ਪਿੱਛੇ ਬੈਠੇ ਸਾਥੀਆਂ ਵੱਲ ਗੇੜਾ ਮਾਰਨ ਚਲਿਆ ਜਾਂਦਾ। ਬਸ ਇਸ ਤਰ੍ਹਾਂ ਜਾਗਦੇ ਸੌਂਦੇ ਟੋਕੀਓ ਦੇ ਨਾਰਿਟਾ ਹਵਾਈ ਅੱਡੇ ’ਤੇ ਜਾ ਉੱਤਰੇ।
ਵੀਲ੍ਹ-ਚੇਅਰ ਦੀ ਸਹੂਲਤ ਲਈ ਹੋਣ ਕਰਕੇ ਬਾਹਰ ਨਿਕਲਦਿਆਂ ਹੀ ਦੋ ਜਪਾਨੀਆਂ ਨੇ ਸਾਡਾ ਦੋਵਾਂ ਜੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਵੀਲ੍ਹ ਚੇਅਰ ’ਤੇ ਬਿਠਾ ਕੇ ਅਗਲੀ ਫਲਾਈਟ ਲਈ ਟਰਮੀਨਲ-1 ਵੱਲ ਲੈ ਤੁਰੇ। ਰਸਤੇ ਵਿੱਚ ਆਪਣੇ ਹੈਲਪਰ ਨਾਲ ਮੈਂ ਕੁਝ ਗੱਲਾਂ (ਡੰਗ ਸਾਰਨ ਜੋਗੀ ਅੰਗਰੇਜ਼ੀ ਵਿੱਚ) ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਉਸ ਨੂੰ ਉਸ ਦੀ ਉਮਰ ਅਤੇ ਉਸ ਦੇ ਕੰਮ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਉਮਰ 72 ਸਾਲ ਹੈ ਅਤੇ ਉਹ ਇੱਕ ਐਕਸਪੋਰਟ ਕੰਪਨੀ ਵਿੱਚ ਕੰਮ ਕਰਦਾ ਹੈ। ਏਅਰਪੋਰਟ ’ਤੇ ਇਹ ਕੰਮ ਤਾਂ ਉਹ ਫਾਲਤੂ ਸਮੇਂ ਵਿੱਚ ਹੀ ਕਰਦਾ ਹੈ। ‘ਇੱਕ ਬਹੱਤਰ ਸਾਲ ਦਾ ਬੰਦਾ ਮੈਨੂੰ ਸੱਤਰ ਸਾਲ ਦੇ ਨੂੰ ਲੱਦ ਕੇ ਧੱਕੀਂ ਲਈ ਜਾਂਦਾ ਹੈ’ ਸੋਚ ਕੇ ਕੁਝ ਪਲਾਂ ਲਈ ਮੈਨੂੰ ਹੀਣਤਾ ਜਿਹੀ ਆਈ ਪਰ ਝੱਟ ਹੀ ਉਸ ਨੇ ਮੈਨੂੰ ਮੇਰੇ ਕੰਮ-ਕਾਰ ਬਾਰੇ ਸਵਾਲ ਕਰ ਦਿੱਤਾ।
ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਇੱਕ ਰਿਟਾਇਰਡ ਅਧਿਆਪਕ ਹਾਂ ਅਤੇ ਪੰਜਾਬੀ ਭਾਸ਼ਾ ਵਿੱਚ ਲਿਖਤਾਂ ਲਿਖਦਾ ਹਾਂ ਤਾਂ ਉਹਨੇ ਇਕਦਮ ਕੁਝ ਪਲਾਂ ਲਈ ਵੀਲ੍ਹ-ਚੇਅਰ ਰੋਕ ਕੇ ਮੇਰੇ ਵੱਲ ਬੜੀ ਉਤਸੁਕਤਾ ਨਾਲ ਦੇਖਦੇ ਹੋਏ ਕਿਹਾ, “ਬਹੁਤ ਕਮਾਲ ਹੈ। ਤੁਸੀਂ ਅਧਿਆਪਕ ਹੋ ਅਤੇ ਲੇਖਕ ਹੋ, ਵਾਹ! ਕੀ ਤੁਸੀਂ ਫਿਕਸ਼ਨ (ਗਲਪ) ਲਿਖਦੇ ਹੋ?” ਉਸ ਦੇ ਇਸ ਸਵਾਲ ਦਾ ਜਵਾਬ ਜਦੋਂ ਮੈਂ ਹਾਂ ਵਿੱਚ ਦਿੱਤਾ ਤਾਂ ਉਹ ਮੇਰੇ ਵੱਲ ਬੜੇ ਸਤਿਕਾਰ ਨਾਲ ਦੇਖਦੇ ਹੋਏ ਬੋਲਿਆ, “ਬਹੁਤ ਵਧੀਆ, ਮੈਨੂੰ ਫਿਕਸ਼ਨ ਬਹੁਤ ਪਸੰਦ ਹੈ।’’ ਮੈਂ ਉਸ ਦਾ ਸ਼ੁਕਰੀਆ ਕੀਤਾ। ਮੈਨੂੰ ਟਿਕਾਣੇ ਛੱਡ ਉਹ ਬਹੁਤ ਹੀ ਤਪਾਕ ਨਾਲ ਬਗਲਗੀਰ ਹੋ ਕੇ ਮੇਰੇ ਕੋਲੋਂ ਵਿਦਾ ਹੋ ਗਿਆ।
ਜਪਾਨੀਆਂ ਦੀ ਮਿਹਨਤ, ਪਿਆਰ-ਸਤਿਕਾਰ ਬਾਰੇ ਪੜ੍ਹਿਆ ਸੁਣਿਆ ਪ੍ਰਤੱਖ ਮੇਰੇ ਸਾਹਮਣੇ ਸੀ। ਹੌਲੀ ਹੌਲੀ ਸਾਡੇ ਸਾਥੀ ਵਿਦਿਆਰਥੀ ਵੀ ਸਾਡੇ ਕੋਲ ਪਹੁੰਚ ਗਏ। ਅਗਲੀ ਫਲਾਈਟ ਵਿੱਚ ਹਾਲੇ ਕਾਫ਼ੀ ਸਮਾਂ ਸੀ। ਸੋਚਿਆ ਚਲੋ ਕੌਫ਼ੀ ਹੀ ਪੀ ਲੈਨੇ ਆਂ ਪਰ ਸਮੱਸਿਆ ਇਹ ਖੜ੍ਹੀ ਹੋ ਗਈ ਕਿ ਮੇਰੇ ਕੋਲ ਮੌਜੂਦ ਭਾਰਤੀ ਅਤੇ ਕੈਨੇਡੀਅਨ ਕਰੰਸੀ ਉੱਥੇ ਚੱਲਦੀ ਨਹੀਂ ਸੀ, ਜਿਸ ਦਾ ਪਹਿਲਾਂ ਮੈਨੂੰ ਗਿਆਨ ਹੀ ਨਹੀਂ ਸੀ ਤੇ ਦੁਨੀਆ ’ਤੇ ਚੱਲਦੇ ‘ਅਮਰੀਕਾ ਦੇ ਸਿੱਕੇ’ ਨੂੰ ਮੈਂ ਭੁਲਾ ਹੀ ਬੈਠਾ ਸੀ। ਕਰੰਸੀ ਬਦਲਵਾਉਣ ਲਈ ਬਹੁਤ ਦੂਰ ਜਾਣਾ ਪੈਣਾ ਸੀ। ਸੋ ਪਾਣੀ ਪੀ ਕੇ ਗੁਜ਼ਾਰਾ ਕਰਨ ਦੀ ਸੋਚ ਕੇ ਇੱਕ ਜਪਾਨੀ ਨੂੰ ਪੀਣ ਵਾਲੇ ਪਾਣੀ ਬਾਰੇ ਪੁੱਛਿਆ ਤਾਂ ਉਹ ਬਾਕਾਇਦਾ ਨਾਲ ਜਾ ਕੇ ਮੈਨੂੰ ਪਾਣੀ ਦੀ ਟੂਟੀ ਵਿਖਾ ਕੇ ਵਾਪਸ ਮੁੜ ਗਿਆ ਪਰ ਮੇਰੇ ਵਾਸਤੇ ਸਮੱਸਿਆ ਇਹ ਖੜ੍ਹੀ ਹੋ ਗਈ ਕਿ ਓਸ ਕਿਸਮ ਦੀ ਟੂਟੀ ਨਾਲ ਮੇਰਾ ਕਦੇ ਪਹਿਲਾਂ ਵਾਹ ਹੀ ਨਹੀਂ ਸੀ ਪਿਆ। ਟੂਟੀ ਦਾ ਮੂੰਹ ਉੱਪਰ ਨੂੰ ਅਤੇ ਕੋਈ ਭਾਂਡਾ ਵੀ ਨੇੜੇ ਤੇੜੇ ਨਹੀਂ। ਤੁਰਨ ਹੀ ਲੱਗਿਆ ਸੀ ਕਿ ਇੱਕ ਗੋਰੀ ਆਈ ਅਤੇ ਝੱਟ ਟੂਟੀ ਉੱਪਰ ਮੂੰਹ ਕਰਕੇ ਟੂਟੀ ਖੋਲ੍ਹ ਲਈ ਤੇ ਪਾਣੀ ਪੀ ਕੇ ਤੁਰਦੀ ਬਣੀ, ਪਰ ਮੈਨੂੰ ਇਹ ਸਬਕ ਸਿਖਾ ਗਈ ਕਿ ਪਾਣੀ ਕਿਵੇਂ ਪੀਈਦਾ ਹੈ। ਆਪਾਂ ਵੀ ਫਿਰ ਨਕਲ ਮਾਰ ਲਈ ਅਤੇ ਵਾਪਸ ਆ ਕੇ ਸਾਥੀਆਂ ਨੂੰ ਵੀ ਆਪਬੀਤੀ ਸੁਣਾਈ।
ਕੈਲਗਰੀ ਲਈ ਅਗਲੀ ਫਲਾਈਟ ਤਿਆਰ ਸੀ। ਜਹਾਜ਼ ਵਿੱਚ ਸਾਡੀਆਂ ਸੀਟਾਂ ਭਾਵੇਂ ਦੂਰ ਦੂਰ ਸਨ ਪਰ ਮਨ ਕਾਫ਼ੀ ਨੇੜੇ ਸਨ। ਕੈਲਗਰੀ ਪਹੁੰਚੇ ਤਾਂ ਇੱਥੋਂ ਰਾਹ ਵੱਖਰੇ ਵੱਖਰੇ ਸਨ। ਤਿੰਨਾਂ ਵਿੱਚੋਂ ਦੋ ਨੌਜਵਾਨਾਂ ਦੀ ਫਲਾਈਟ ਵੱਖਰੀ ਸੀ ਅਤੇ ਇੱਕ ਨੇ ਸਾਡੇ ਵਾਲੀ ਫਲਾਈਟ ਵਿੱਚ ਹੀ ਵਿਨੀਪੈੱਗ ਜਾਣਾ ਸੀ। ਵੱਖ ਹੋਣ ਲੱਗਿਆਂ ਸਾਰੇ ਹੀ ਥੋੜ੍ਹੇ ਬਹੁਤ ਭਾਵੁਕ ਹੋ ਗਏ। ਸਾਡੇ ਨਾਲ ਜਾਣ ਵਾਲਾ ਨੌਜਵਾਨ ਥੋੜ੍ਹਾ ਝਕਦਾ ਜਿਹਾ ਸੀ ਪਰ ਅਸੀਂ ਉਸ ਨੂੰ ‘ਅਸੀਂ-ਹਾਂ’ ਦਾ ਪੂਰਾ ਭਰੋਸਾ ਦੇ ਕੇ ਬੇਫ਼ਿਕਰ ਕਰ ਦਿੱਤਾ। ਸਫ਼ਰ ਦੋ ਘੰਟੇ ਤੋਂ ਵੀ ਘੱਟ ਦਾ ਹੀ ਸੀ। ਵਿਨੀਪੈੱਗ ਦੇ ਰਿਚਰਡਸਨ ਏਅਰਪੋਰਟ ’ਤੇ ਉਤਰ ਕੇ ਬਾਹਰ ਆਏ ਤਾਂ ਸਾਥੀ ਨੌਜਵਾਨ ਦੇ ਦੋਸਤ ਉਸ ਨੂੰ ਅਤੇ ਸਾਡੇ ਬੱਚੇ ਸਾਨੂੰ ਲੈਣ ਆਏ ਹੋਏ ਸਨ। ਆਪਣੇ ਦੋਸਤਾਂ ਨੂੰ ਮਿਲ ਕੇ ਸਾਡੇ ਸ਼ਰਮਾਕਲ ਜਿਹੇ ਸਾਥੀ ਦੇ ਮੁੱਖ ’ਤੇ ਖੇੜਾ ਆ ਗਿਆ ਸੀ। ਅਸੀਂ ਯਾਦਾਂ ਸਾਂਭਦੇ ਹੋਏ ਅੱਗੜ ਪਿਛੜ ਘਰਾਂ ਵੱਲ ਚਾਲੇ ਪਾ ਦਿੱਤੇ।
ਸੰਪਰਕ: 915879680009

Advertisement
Advertisement