ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਮੇਲਿਆਂ ਦਾ ਰੂਪਾਂਤਰਣ

05:23 AM Nov 25, 2023 IST

ਡਾ. ਗੁਰਮੀਤ ਸਿੰਘ

ਸੱਭਿਆਚਾਰ ਇਕ ਪਰਿਵਰਤਨਸ਼ੀਲ ਵਰਤਾਰਾ ਹੈ। ਸਮੇਂ ਸਥਾਨ ਅਨੁਸਾਰ ਇਹ ਬਦਲਦਾ ਰਿਹਾ ਹੈ, ਪਰ ਲੋਕਧਾਰਾ ਵਿਚ ਕੁਝ ਸੰਸਕਾਰ ਅਜਿਹੇ ਹਨ ਜੋ ਪੀੜ੍ਹੀ ਦਰ ਪੀੜ੍ਹੀ ਚਲੇ ਆ ਰਹੇ ਹਨ। ਉਨ੍ਹਾਂ ਵਿਚ ਤਬਦੀਲੀ ਉੱਕਾ ਨਹੀਂ ਵਾਪਰਦੀ। ਉਹ ਧਾਰਮਿਕ ਸੰਸਕਾਰ ਹਨ, ਪਰ ਕਿਤੇ ਕਿਤੇ ਇਨ੍ਹਾਂ ਧਾਰਮਿਕ ਸੰਸਕਾਰਾਂ ਦੇ ਨਾਲ ਲੋਕ ਰੰਗ ਵੀ ਵੇਖਣ ਨੂੰ ਮਿਲਦਾ ਹੈ। ਇਸ ਲੋਕ ਰੰਗ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਲੋਕ ਮੇਲਿਆਂ ਵਿਚ ਲੋਕ ਰੰਗ ਸਮੇਂ ਦੇ ਨਾਲ ਨਾਲ ਬਦਲ ਰਿਹਾ ਹੈ। ਇਹ ਰੂਪਾਂਤਰਣ ਇੰਨੀ ਤੇਜ਼ੀ ਨਾਲ ਵਾਪਰ ਰਿਹਾ ਹੈ, ਜਿਸ ਵਿਚੋਂ ਸਹਿਜ ਸੁਭਾਵਿਕਤਾ ਗੁਆਚ ਗਈ ਹੈ।
ਇਸੇ ਤਰ੍ਹਾਂ ਪੰਜਾਬ ਦਾ ਕਾਫ਼ੀ ਪੁਰਾਣਾ ਤੇ ਪ੍ਰਸਿੱਧ ਮੇਲਾ ਛਪਾਰ ਹੈ। ਇਹ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛਪਾਰ ਵਿਚ ਭਾਦੋਂ ਦੀ ਚਾਨਣੀ ਚੌਦਸ ਨੂੰ ਗੁੱਗਾ ਪੀਰ ਦੀ ਯਾਦ ਵਿਚ ਲੱਗਦਾ ਹੈ। ਇਸ ਦਾ ਪਹਿਲਾ ਤੇ ਚੌਥਾ ਦਿਨ ਇਸਤਰੀਆਂ ਦੇ ਮੱਥਾ ਟੇਕਣ ਲਈ ਰਾਖਵਾਂ ਰੱਖਿਆ ਜਾਂਦਾ ਸੀ। ਪਹਿਲਾਂ ਇਸ ਪਰੰਪਰਾ ਨੂੰ ਬਾਖੂਬੀ ਨਿਭਾਇਆ ਜਾਂਦਾ ਸੀ। ਅਜੋਕੇ ਸਮੇਂ ਵਿਚ ਇਸ ਨਿਯਮ ਨੂੰ ਬਹੁਤਾ ਨਹੀਂ ਨਿਭਾਇਆ ਜਾਂਦਾ। ਇਸ ਮੇਲੇ ਵਿਚ ਕਈ ਸ਼ਰਧਾਲੂ ਆਪਣੇ ਪਸ਼ੂਆਂ ਦੀ ਤੰਦਰੁਸਤੀ ਲਈ ਉਨ੍ਹਾਂ ਨੂੰ ਨਾਲ ਲੈ ਕੇ ਆਉਂਦੇ ਤੇ ਉਨ੍ਹਾਂ ਦੀ ਸਾਰੀ ਰਾਤ ਚੌਕੀ ਭਰਾਉਂਦੇ ਸਨ। ਧਾਰਮਿਕ ਸ਼ਰਧਾ ਭਾਵਨਾ ਤਹਿਤ ਇਸ ਮੇਲੇ ਵਿਚ ਪਸ਼ੂਆਂ ਦੀ ਆਮਦ ਵਧਦੀ ਗਈ। ਹੌਲੀ ਹੌਲੀ ਇਹ ਬਿਰਤੀ ਪਸ਼ੂਆਂ ਦੀ ਵਪਾਰਕ ਮੰਡੀ ਵਿਚ ਬਦਲ ਗਈ। ਇੱਥੇ ਪਸ਼ੂਆਂ ਦੀ ਮੰਡੀ ਲੱਗਦੀ ਤੇ ਇੱਥੋਂ ਕਿਸਾਨ ਬਲਦ ਖ਼ਰੀਦ ਕੇ ਲੈ ਜਾਂਦੇ ਸਨ। ਖੇਤੀਬਾੜੀ ਦੇ ਮਸ਼ੀਨੀਕਰਨ ਦੇ ਨਾਲ ਨਾਲ ਹੌਲੀ ਹੌਲੀ ਇਹ ਬਲਦਾਂ ਦੀ ਮੰਡੀ ਅਲੋਪ ਹੋ ਗਈ। ਹੁਣ ਇਨ੍ਹਾਂ ਦੀ ਥਾਂ ਟਰੈਕਟਰਾਂ, ਕੰਬਾਈਨਾਂ ਤੇ ਹੋਰ ਖੇਤੀਬਾੜੀ ਦੇ ਸੰਦਾਂ ਨੇ ਲੈ ਲਈ ਹੈ। ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਇਸ ਮੇਲੇ ਵਿਚ ਨੁਮਾਇਸ਼ ਲਗਾਈ ਜਾਂਦੀ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਉਤਪਾਦਨ ਦੇ ਸਾਧਨਾਂ ਦੇ ਨਾਲ ਮਨੁੱਖ ਦੀ ਸੋਚ ਬਦਲਦੀ ਹੈ, ਪਰ ਇਹ ਮੇਲੇ ਆਪਣਾ ਘਰੇਲੂ ਸਹਿਜ, ਸੁਹਜ ਤੇ ਦਸਤਕਾਰੀ ਵਾਲਾ ਰਵਾਇਤੀ ਰੂਪ ਗੁਆ ਕੇ ਨਿਰੋਲ ਬਾਜ਼ਾਰੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ ਨੂੰ ਅਪਣਾ ਰਹੇ ਹਨ।
ਇਹ ਰੂਪਾਂਤਰਨ ਪੰਜਾਬੀ ਸੱਭਿਆਚਾਰ ਦੇ ਅਨੁਸਾਰ ਨਹੀਂ ਹੈ। ਇਸ ਵਿਚ ਵਿਰਾਸਤੀ ਅੰਸ਼ ਬਰਕਰਾਰ ਰਹਿਣਾ ਚਾਹੀਦਾ ਹੈ। ਇਸ ਦਾ ਬਦਲਾਅ ਪੰਜਾਬੀ ਸੁਭਾਅ ਅਨੁਸਾਰ ਸਹਿਜ ਹੋਵੇ। ਇਹ ਨਿਰੋਲ ਪੂੰਜੀਵਾਦ ਤੋਂ ਪ੍ਰਭਾਵਿਤ ਨਾ ਹੋਵੇ।
ਅੱਜ ਇਸ ਮੇਲੇ ਦਾ ਉਹ ਪਰੰਪਰਿਕ ਰੂਪ ਨਹੀਂ ਲੱਭਦਾ। ਜੇ ਲੱਭਦਾ ਹੈ ਤਾਂ ਇਸ ਦਾ ਸਿਰਫ਼ ਵਪਾਰਕ ਤੇ ਰਾਜਨੀਤਕ ਪੱਖ। ਇਹ ਸਮੇਂ ਦੀ ਹੋਣੀ ਸਮਝੋ ਕਿ ਧਾਰਮਿਕ ਜਾਂ ਸਮਾਜਿਕ ਕਿਸਮ ਦੇ ਲੋਕ ਮੇਲਿਆਂ ਵਿਚ ਰਾਜਨੀਤਕ ਕਾਨਫਰੰਸਾਂ ਆਪਣਾ ਜਲਵਾ ਵਿਖਾਉਂਦੀਆਂ ਹਨ। ਬਾਜ਼ਾਰੀਕਰਨ ਦੀ ਭਰਮਾਰ ਵਿਚ ਦੇਸੀ ਦਸਤਕਾਰਾਂ ਦੀ ਬਜਾਏ ਚੀਨੀ ਰੈਡੀਮੇਡ ਸਵੈਚਾਲਕ ਖਿਡਾਉਣੇ ਹੀ ਵੇਖਣ ਨੂੰ ਮਿਲਦੇ ਹਨ। ਧਨੀ ਰਾਮ ਚਾਤ੍ਰਿਕ ਦੇ ਲਿਖੇ ਬੋਲਾਂ ਅਨੁਸਾਰ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਵਰਗਾ ਸੁਹਜ ਤੇ ਸੁਆਦ ਹੁਣ ਨਹੀਂ ਰਿਹਾ। ਵਧਦੀ ਮੰਹਿਗਾਈ ਵਿਚ ਬਾਜ਼ਾਰਾਂ ਦੀ ਤੜਕ ਭੜਕ ਨੇ ਇਹ ਰੰਗ ਫਿੱਕਾ ਪਾ ਦਿੱਤਾ ਹੈ, ਪਰ ਨਿੰਮੋਝੂਣਾ ਹੋਇਆ ਕਿਸਾਨ ਪੁਰਾਣੀ ਧਾਰਮਿਕ ਰਹੁ ਰੀਤ ਅਨੁਸਾਰ ਗੁੱਗਾ ਮਾੜੀ ’ਤੇ ਮਿੱਟੀ ਕੱਢਣ ਜ਼ਰੂਰ ਜਾਂਦਾ ਹੈ।
ਛਪਾਰ ਮੇਲੇ ਦਾ ਵੱਖਰਾ ਲੋਕ ਰੰਗ ਗੱਭਰੂਆਂ ਦੀਆਂ ਪਰੰਪਰਿਕ ਲੋਕ ਬੋਲੀਆਂ ਕਰਕੇ ਵੀ ਸੀ। ਸੋ ਉੱਥੇ ਹੁਣ ਉੱਕਾ ਹੀ ਗਾਇਬ ਹੋ ਚੁੱਕਿਆ ਹੈ। ਕਿਸੇ ਸਮੇਂ ਗੱਭਰੂ ਮੌਕੇ ਦੀ ਨਜ਼ਾਕਤ ਦੇ ਅਨੁਸਾਰ ਚੁਸਤੀ ਫੁਰਤੀ ਦੇ ਨਾਲ ਬੋਲੀਆਂ ਪਾਉਂਦੇ ਸਨ। ਟੋਲੀਆਂ ਵਿਚ ਗੱਭਰੂਆਂ ਦੀਆਂ ਲੋਕ ਬੋਲੀਆਂ ਦਾ ਮੁਕਾਬਲਾ ਹੁੰਦਾ ਸੀ। ਉਨ੍ਹਾਂ ਦੇ ਆਪਸ ਵਿਚ ਸਵਾਲ ਜਵਾਬ ਲੋਕ ਬੋਲੀਆਂ ਵਿਚ ਹੀ ਹੁੰਦੇ ਸਨ। ਗੱਭਰੂਆਂ ਦੀ ਬੌਧਿਕ ਸ਼ਕਤੀ ਦੀ ਪਰਖ ਵੀ ਹੁੰਦੀ ਸੀ, ਪਰ ਉਸ ਦੀ ਜਗ੍ਹਾ ਹੁਣ ਲੋਕ ਕਿੱਤਿਆਂ ਦੀ ਨੁਮਾਇਸ਼ ਦੀ ਥਾਂ ਨਸ਼ਿਆਂ ਦੀ ਭਰਮਾਰ, ਰਾਜਨੀਤਕ ਤਾਅਨੇ ਮਿਹਣੇ ਹੀ ਸੁਣਨ ਨੂੰ ਮਿਲਦੇ ਹਨ। ਹੁਣ ਬੋਲੀਆਂ ਦੇ ਇਹ ਲੋਕ ਰੰਗ ਵਪਾਰਕ ਆਰਕੈਸਟਰਾ ਵਿਚ ਬਦਲ ਗਏ ਹਨ। ਪੁਰਾਤਨ ਸਮੇਂ ਲੋਕ ਕੰਮ ਧੰਦਿਆਂ ਵਿਚ ਰੁੱਝੇ ਰਹਿੰਦੇ ਸਨ। ਲੰਮੇ ਸਮੇਂ ਬਾਅਦ ਉਨ੍ਹਾਂ ਨੂੰ ਇਹ ਆਨੰਦ ਮਿਲਦਾ। ਇਨ੍ਹਾਂ ਮੇਲਿਆਂ ਵਿਚ ਖਾਣ ਪੀਣ ਦਾ ਸਾਮਾਨ ਖੇਤੀ ਤੇ ਹੱਥੀ ਤਿਆਰ ਕੀਤੇ ਸੰਦ ਜੋ ਉਨ੍ਹਾਂ ਦੇ ਸਾਲ ਭਰ ਵਰਤੋਂ ਵਿਚ ਆਉਂਦੇ ਸਨ, ਉਨ੍ਹਾਂ ਨੂੰ ਖ਼ਰੀਦਿਆ ਜਾਂਦਾ। ਪੰਜਾਬੀ ਮੁਟਿਆਰਾਂ ਆਪਣਾ ਹਾਰ ਸ਼ਿੰਗਾਰ ਦਾ ਸਾਮਾਨ ਵਿਆਹ ਸ਼ਾਦੀਆਂ ਲਈ ਇਨ੍ਹਾਂ ਲੋਕ ਮੇਲਿਆਂ ਤੋਂ ਹੀ ਖਰੀਦਦੀਆਂ ਸਨ। ਖਾਣ-ਪੀਣ, ਪਹਿਨਣ ਵਿਚ ਇਕਸਾਰਤਾ ਸੀ। ਸਮਾਜ ਜਮਾਤੀ ਨਹੀਂ ਸੀ। ਪਿੰਡ ਦੇ ਜੱਟ ਦੇ ਨਾਲ ਰਲੇ ਸੀਰੀ ਦੇ ਬੱਚੇ ਵੀ ਰਲ ਮਿਲ ਕੇ ਇਨ੍ਹਾਂ ਮੇਲਿਆਂ ’ਤੇ ਜਾਂਦੇ। ਲੋਕ ਧਰਮ ਨਿਰਪੱਖ ਹੋ ਕੇ ਇਨ੍ਹਾਂ ਦਾ ਆਨੰਦ ਮਾਣਦੇ ਸਨ। ਉਨ੍ਹਾਂ ਦੀ ਆਪਸੀ ਸਾਂਝ ਤੇ ਭਾਈਚਾਰਾ ਸੀ। ਅਜੋਕੇ ਸਮੇਂ ਵਿਚ ਇਹ ਪਾੜਾ ਵਧ ਚੁੱਕਿਆ ਹੈ।
ਲੋਕਾਂ ਦੇ ਪੜ੍ਹਨ ਲਿਖਣ ਦੇ ਬਾਵਜੂਦ ਇਹ ਸਾਂਝ ਲੋਕ ਮੇਲਿਆਂ ਵਿਚ ਨਜ਼ਰ ਨਹੀਂ ਆ ਰਹੀ ਜੋ ਸਾਡੀ ਵਿਰਾਸਤ ਸੀ। ਨਿੱਤ ਦੀ ਬਾਜ਼ਾਰਾਂ ਦੀ ਤੜਕ ਭੜਕ ਨੇ ਲੋਕਾਂ ਨੂੰ ਉਪਭੋਗੀ ਬਣਾ ਦਿੱਤਾ ਹੈ। ਆਮ ਪਰਿਵਾਰਾਂ ਦੇ ਬੱਚਿਆਂ ਕੋਲ ਚੀਜ਼ਾਂ ਦੀ ਬਹੁਤਾਤ ਹੈ। ਆਮ ਲੋਕਾਂ ਨੂੰ ਇਹ ਮੇਲੇ ਉਸ ਤਰ੍ਹਾਂ ਖਿੱਚ ਨਹੀਂ ਪਾਉਂਦੇ ਜਿਸ ਤਰ੍ਹਾਂ ਇਨ੍ਹਾਂ ਦੀ ਪਰੰਪਰਾ ਰਹੀ ਹੈ। ਪਰੰਪਰਾ ਵਿਚ ਜਿਸ ਪਿੰਡ ਵਿਚ ਮੇਲਾ ਲੱਗਣਾ ਹੁੰਦਾ, ਉੱਥੋਂ ਦੇ ਲੋਕ ਮੇਲੇ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ। ਘਰ-ਬਾਰ ਸੰਵਾਰਦੇ ਤੇ ਮਹਿਮਾਨਾਂ ਦੇ ਆਉਣ ਦੀ ਉਡੀਕ ਕਰਦੇ। ਦਰਅਸਲ ਹੁਣ ਸੱਭਿਆਚਾਰਕ ਬਦਲਾਅ ਆ ਚੁੱਕਾ ਹੈ। ਹੁਣ ਉਹ ਜੋ ਕੁਝ ਮੇਲੇ ਵਿਚ ਵੇਖਣਗੇ, ਉਹ ਪਹਿਲਾਂ ਹੀ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਦਾ ਬਾਜ਼ਾਰਾਂ ਨਾਲ ਨਿੱਤ ਦਾ ਵਾਹ-ਵਾਸਤਾ ਪੈਂਦਾ ਹੈ। ਇਸ ਕਰਕੇ ਉੱਥੇ ਕੁਝ ਵੀ ਵੱਖਰਾ ਨਜ਼ਰ ਨਹੀਂ ਆਉਂਦਾ।
ਆਧੁਨਿਕ ਪੂੰਜੀਵਾਦੀ ਯੁੱਗ ਵਿਚ ਕੁਝ ਲੋਕ ਮੇਲਿਆਂ ਦਾ ਵਪਾਰੀਕਰਨ ਪ੍ਰਸ਼ਾਸਨ ਖ਼ੁਦ ਕਰਦਾ ਹੈ। ਇਹ ਲੋਕ ਮੇਲੇ ਸਰਸ ਮੇਲਿਆਂ ਦੇ ਰੂਪ ਵਿਚ ਜਾਣੇ ਜਾਂਦੇ ਹਨ। ਜ਼ਿਲ੍ਹਾ ਪੱਧਰ ’ਤੇ ਪ੍ਰਸ਼ਾਸਨ ਇਨ੍ਹਾਂ ਦਾ ਪ੍ਰਬੰਧ ਕਰਦਾ ਹੈ। ਘਰੇਲੂ ਉਤਪਾਦਕਾਂ ਨੂੰ ਦੂਰੋਂ ਨੇੜਿਓਂ ਸੱਦਿਆ ਜਾਂਦਾ ਹੈ। ਇਨ੍ਹਾਂ ਤੋਂ ਸਟਾਲਾਂ ਲਗਾਉਣ ਦੇ ਬਦਲੇ ਮੋਟੀ ਫੀਸ ਲਈ ਜਾਂਦੀ ਹੈ, ਚਾਹੇ ਉਨ੍ਹਾਂ ਦਾ ਸਾਮਾਨ ਵਿਕੇ ਜਾ ਨਾ ਵਿਕੇ। ਅੱਗੋਂ ਉਨ੍ਹਾਂ ਵੀ ਆਪਣਾ ਮੁਨਾਫ਼ਾ ਗਾਹਕ ਵਿਚੋਂ ਹੀ ਕੱਢਣਾ ਹੁੰਦਾ ਹੈ। ਇਸ ਲਈ ਉਹ ਚੀਜ਼ਾਂ ਦੀਆਂ ਕੀਮਤਾਂ ਦੁੱੱਗਣੀਆਂ-ਤਿੱਗਣੀਆਂ ਕਰਕੇ ਵੇਚਦੇ ਹਨ। ਇਹ ਲੋਕ ਮੇਲਿਆਂ ਦਾ ਸਰੂਪ ਨਹੀਂ ਹੈ। ਸ਼ਾਮ ਨੂੰ ਕਿਰਾਏ ’ਤੇ ਲਿਆਂਦੇ ਗਾਇਕਾਂ ਦੀਆਂ ਮਹਿੰਗੀਆਂ ਟਿਕਟਾਂ ਦਰਸ਼ਕਾਂ ਦੀ ਚੰਗੀ ਛਿੱਲ ਲਾਹੁੰਦੀਆਂ ਹਨ। ਇਹ ਲੋਕ ਮੇਲਿਆਂ ਦੀ ਵਿਰਾਸਤ ਨਹੀਂ ਹੈ। ਇਹ ਲੋਕ ਮੇਲਿਆਂ ਦਾ ਵਪਾਰੀਕਰਨ ਹੈ। ਇੱਥੋਂ ਤੱਕ ਇਨ੍ਹਾਂ ਮੇਲਿਆਂ ਵਿੱਚ ਆਮ ਲੋਕਾਂ ਤੋਂ ਵਾਹਨ ਖੜ੍ਹਾ ਕਰਨ ਲਈ ਵੀ ਭਾਰੀ ਕੀਮਤ ਵਸੂਲੀ ਜਾਂਦੀ ਹੈ। ਕਾਰ ਪਾਰਕਿੰਗ ਵਾਲੀ ਜਗ੍ਹਾ ਭਾਰੀ ਕੀਮਤ ’ਤੇ ਠੇਕੇ ’ਤੇ ਚੜ੍ਹਦੀ ਹੈ। ਇਨ੍ਹਾਂ ਕਾਰਨਾਂ ਕਰਕੇ ਲੋਕ ਮੇਲਿਆਂ ਦਾ ਰੰਗ ਫਿੱਕਾ ਪੈਣਾ ਸ਼ੁਰੂ ਹੋ ਗਿਆ ਹੈ। ਆਮ ਬੰਦਾ ਜ਼ਿੰਦਗੀ ਦੇ ਕੰਮ ਧੰਦਿਆਂ ਵਿਚ ਰੁੱਝਿਆ ਇਨ੍ਹਾਂ ਮੇਲਿਆਂ ਵਿਚੋਂ ਰਵਾਇਤੀ ਆਨੰਦ ਲੈਣ ਦੀ ਸੋਚਦਾ ਹੈ, ਪਰ ਇਹ ਉੱਥੇ ਉੱਕਾ ਹੀ ਅਲੋਪ ਹੈ। ਲੋੜ ਹੈ, ਇਨ੍ਹਾਂਂ ਦਾ ਰਵਾਇਤੀ ਮੁੱਲ ਤੇ ਮਿਆਰ ਪ੍ਰਸ਼ਾਸਨ ਤੈਅ ਕਰੇ ਕਿ ਆਮ ਬੰਦਾ ਇਨ੍ਹਾਂ ਤੋਂ ਸਕੂਨ ਲੈ ਸਕੇ।
ਸੰਪਰਕ: 94176-43860

Advertisement

Advertisement