For the best experience, open
https://m.punjabitribuneonline.com
on your mobile browser.
Advertisement

ਬੰਦਿਆਂ ਦਾ ਮੈਨੋਪਾਜ਼ ਜਾਂ ਐਂਡਰੋਪਾਜ਼

07:55 AM Jul 02, 2024 IST
ਬੰਦਿਆਂ ਦਾ ਮੈਨੋਪਾਜ਼ ਜਾਂ ਐਂਡਰੋਪਾਜ਼
Advertisement

ਡਾ. ਮਨਜੀਤ ਸਿੰਘ ਬੱਲ

ਔਰਤਾਂ ਵਿੱਚ 44-45 ਸਾਲ ਦੀ ਉਮਰ ’ਚ ਹਾਰਮੋਨਜ਼ ਦੀ ਕਮੀ ਹੋਣ ਅਤੇ ਮਹਾਵਾਰੀ ਬੰਦ ਹੋਣ ਨੂੰ ਮੈਨੋਪਾਜ਼ ਕਿਹਾ ਜਾਂਦਾ ਹੈ; ਇਵੇਂ ਹੀ ਬੰਦਿਆਂ ’ਚ ਵਧਦੀ ਉਮਰ ਅਤੇ ਕਈ ਹੋਰ ਕਾਰਨਾਂ ਕਰ ਕੇ ਮੈਨੋਪਾਜ਼ ਨਾਲ ਮਿਲਦੀ ਜੁਲਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਿਸ ਨੂੰ ਮੇਲ-ਮੈਨੋਪਾਜ਼ ਜਾਂ ਐਂਡਰੋਪਾਜ਼ ਕਿਹਾ ਜਾਂਦਾ ਹੈ ਜਾਂ ਬੰਦਿਆਂ ਦਾ ਮੈਨੋਪਾਜ਼ ਕਹਿੰਦੇ ਹਨ। ਪੁਰਸ਼ਾਂ ’ਚ ਹਾਰਮੋਨਜ਼ ਦੀ ਕਮੀ ਬਾਰੇ 1944 ਵਿਚ ਹੈਲਰ ਅਤੇ ਮਾਇਨਰ ਨਾਂ ਦੇ ਵਿਗਿਆਨੀਆਂ ਨੇ ਦੱਸਿਆ ਕਿ ਪੁਰਸ਼ਾਂ ਦੇ ਹਾਰਮੋਨਜ਼ ਦੀ ਕਮੀ ਨਾਲ ਕਮਜ਼ੋਰੀ, ਚਿੰਤਾ, ਇਕਾਗਰਤਾ ਦੀ ਘਾਟ, ਨੀਂਦ ਘੱਟ ਆਉਣਾ, ਮਰਦਾਨਾ ਕਮਜ਼ੋਰੀ, ਥਕਾਵਟ, ਕਦੀ-ਕਦੀ ਤ੍ਰੇਲੀਆਂ ਆਉਣਾ, ਸਰੀਰ ਤੇ ਹੱਥਾਂ ਪੈਰਾਂ ’ਚੋਂ ਸੇਕ ਨਿਕਲਣਾ, ਯਾਦਦਾਸ਼ਤ ਘਟਣਾ ਆਦਿ ਅਲਾਮਤਾਂ ਪੈਦਾ ਹੋ ਜਾਂਦੀਆਂ ਹਨ। ਅਜਿਹੇ ਮਰਦਾਂ ਦੇ ਹਾਰਮੋਨਜ਼ ਚੈੱਕ ਕਰਵਾਉਣ ’ਤੇ ਇਨ੍ਹਾਂ ਦਾ ਲੈਵਲ ਸਾਧਾਰਨ ਨਾਲੋਂ ਘੱਟ ਪਾਇਆ ਗਿਆ। ਉਨ੍ਹਾਂ ਨੂੰ ਰਿਪਲੇਸਮੈਂਟ ਥੈਰੇਪੀ ਦਿੱਤੀ ਗਈ ਜਿਸ ਨਾਲ ਕਾਫੀ ਵਿਅਕਤੀ ਠੀਕ ਹੋ ਗਏ। ਕਈ ਕੇਸਾਂ ਵਿਚ ਐਂਡਰੋਪਾਜ਼, ਐਲਜ਼ਾਇਮਰਜ਼ ਰੋਗ ਨਾਲ ਵੀ ਸਬੰਧਤ ਹੁੰਦਾ ਹੈ। ਅਧਖੜ੍ਹ ਬੰਦਿਆਂ ਵਿਚ ਟੈਸਟੋ-ਸਟੀਰੋਨ ਅਤੇ ਹਾਇਡਰੋ-ਐਪੀ-ਟੈਸਟੋ-ਸਟੀਰੋਨ ਦੇ ਲੈਵਲ ’ਚ ਹੌਲੀ-ਹੌਲੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਔਰਤਾਂ ਦੇ ਮੈਨੋਪਾਜ਼ ਵਾਂਗ ਮਰਦਾਂ ’ਚ ਸੰਭੋਗ ਦੀ ਇੱਛਾ ਤੇ ਜਨਣ ਕਿਰਿਆਵਾਂ ਇਕ ਦਮ ਤੇ ਪੱਕੇ ਤੌਰ ’ਤੇ ਬੰਦ ਨਹੀਂ ਹੁੰਦੀਆਂ ਬਲਕਿ ਇਹ ਅਲਾਮਤਾਂ ਹੌਲੀ-ਹੌਲੀ ਆਉਂਦੀਆਂ ਹਨ। ਮੈਨੋਪਾਜ਼ ਸ਼ਬਦ ਵਾਂਗ ਭਾਵੇਂ ਐਂਡਰੋਪਾਜ਼ ਸ਼ਬਦ ਨੂੰ ਅਜੇ ਤੱਕ ਵਿਸ਼ਵ ਸਿਹਤ ਸੰਸਥਾ ਵੱਲੋਂ ਮਾਨਤਾ ਨਹੀਂ ਮਿਲੀ, ਫਿਰ ਵੀ ਇਹ ਸ਼ਬਦ ਬੰਦਿਆਂ ’ਚ ਵਧਦੀ ਉਮਰ ਦੀਆਂ ਤਬਦੀਲੀਆਂ ਦਰਸਾਉਣ ਵਾਸਤੇ ਵਰਤਿਆ ਜਾਂਦਾ ਹੈ। ਕਈ ਖੋਜਾਰਥੀ ਸਮਝਦੇ ਹਨ ਕਿ ਇਸ ਸਥਿਤੀ ਨੂੰ ‘ਐਡਮ’ (ਐਂਡਰੋਜਨ ਡੈਫੀਸ਼ੈਂਸੀ ਆਫ ਏਜਿੰਗ ਮੇਲ) ਭਾਵ ਅਧਖੜ੍ਹ ਤੋਂ ਵਧਦੀ ਉਮਰ ਵੱਲ ਜਾ ਰਹੇ ਬੰਦੇ ਵਿਚ ਹਾਰਮੋਨਜ਼ ਦੀ ਕਮੀ ਲਿਖਣਾ ਢੁੱਕਵਾਂ ਹੈ।
ਪੁਰਸ਼ਾਂ ਵਿਚ ਸੰਭੋਗ ਸਬੰਧੀ ਜੋਸ਼ 18-30 ਦੀ ਉਮਰ ਦੇ ਆਸ ਪਾਸ ਸਿਖ਼ਰਾਂ ’ਤੇ ਹੁੰਦਾ ਹੈ। ਜਿਵੇਂ-ਜਿਵੇਂ ਉਮਰ ਦੇ ਸਾਲ ਵਧਦੇ ਜਾਂਦੇ ਹਨ, ਸੰਭੋਗ ਪ੍ਰਤੀ ਰੁਚੀ ਤੇ ਵੀਰਜ ਦੀ ਮਾਤਰਾ ਘਟਦੀ ਜਾਂਦੀ ਹੈ। ਬੁਢਾਪਾ ਵੀ ਬਾਕੀ ਉਮਰਾਂ ਵਾਂਗ ਹੀ ਹੈ ਜੋ ਆ ਕੇ ਹੀ ਰਹਿੰਦਾ ਹੈ।
ਸੰਭੋਗ ਦਾ ਕੰਟਰੋਲ ਦਿਮਾਗ ਦੇ ਇਕ ਹਿੱਸੇ (ਪਿਚੂਟਰੀ ਗ੍ਰੰਥੀ) ’ਚੋਂ ਨਿਕਲਣ ਵਾਲੇ ‘ਲਿਊਟੇਨਾਇਜ਼ਿੰਗ ਹਾਰਮੋਨ’ ਕਰ ਕੇ ਹੁੰਦਾ ਹੈ। ਇਸ ਹਾਰਮੋਨ ਦੇ ਅਸਰ ਅਧੀਨ ਹੀ ਪਤਾਲ਼ੂਆਂ ਵਿਚੋਂ ਮੇਲ ਹਾਰਮੋਨ (ਟੈਸਟੋ-ਸਟੀਰੋਨ) ਪੈਦਾ ਹੁੰਦਾ ਹੈ। ਵਧਦੀ ਉਮਰ ਨਾਲ ਕਿਉਂਕਿ ਲਿਊਟੇਨਾਇਜ਼ਿੰਗ ਹਾਰਮੋਨ ਘਟਦਾ ਹੈ, ਇਸ ਲਈ ਮੇਲ ਹਾਰਮੋਨ ਦਾ ਲੈਵਲ ਵੀ ਘਟਦਾ ਜਾਂਦਾ ਹੈ। ਕਈਆਂ ਵਿਚ ਵਧਦੀ ਉਮਰ ਨਾਲ ਈਸਟਰੋਜਨ (ਫੀਮੇਲ ਹਾਰਮੋਨ) ਦਾ ਲੈਵਲ ਵਧ ਜਾਂਦਾ ਹੈ ਜਿਸ ਕਰ ਕੇ ਮੇਲ ਹਾਰਮੋਨ ’ਤੇ ਅਸਰ ਪੈਂਦਾ ਹੈ। ਨਾਰਮਲ ਸੰਭੋਗ ਕਿਰਿਆ ਲਈ ਪੁਰਸ਼ਾਂ ਵਾਲੇ ਹਾਰਮੋਨ (ਟੈਸਟੋ-ਸਟੀਰੋਨ) ਦਾ ਸਹੀ ਲੈਵਲ ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਹਾਰਮੋਨ ਦਵਾਈ ਵਾਂਗ ਲਿਆ ਜਾਵੇ। ਇਸ ਸਬੰਧੀ ਮਾਹਿਰ ਡਾਕਟਰ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਕੁਝ ਦੱਸ ਸਕਦੇ ਹਨ। ਦਿਮਾਗ਼ ਦੇ ਬਣਤਰ ਅਤੇ ਇਸ ਦੇ ਕੰਮ, ਜਨਣ ਅੰਗਾਂ ਵਿਚੋਂ ਪੈਦਾ ਹੋਣ ਵਾਲੇ ਹਾਰਮੋਨਜ਼ (ਟੈਸਟੋ ਸਟੀਰੋਨ ਤੇ ਈਸਟਰੋਜਨ) ਆਦਿ ਨਾਲ ਹੀ ਰੈਗੂਲੇਟ ਹੁੰਦੇ ਹਨ। ਖ਼ਿਆਲਾਂ ਦੀ ਉਡਾਰੀ, ਸਰੀਰ ਵਿਚ ਹਰਕਤ, ਵਿਹਾਰ ਤੇ ਕਈ ਹੋਰ ਵਿਚਾਰ, ਦਿਮਾਗ਼ ਦੇ ਸਹੀ ਤਰੀਕੇ ਨਾਲ ਕੰਮ ਕਰਨ ’ਤੇ ਨਿਰਭਰ ਕਰਦੇ ਹਨ। ਇਸ ਸਭ ਵਾਸਤੇ ਦਿਮਾਗ਼ ’ਚੋਂ ਪੈਦਾ ਹੋਣ ਵਾਲੇ ਕੁਝ ਰਸਾਇਣ ਸਹਾਈ ਹੁੰਦੇ ਹਨ ਜਿਨ੍ਹਾਂ ਵਿਚ ‘ਡੋਪਾਮੀਨ’ ਖ਼ਾਸ ਕੈਮੀਕਲ ਹੈ। ਚੰਗੇ ਵਿਚਾਰਾਂ ਤੇ ਚੰਗਾ-ਚੰਗਾ ਮਹਿਸੂਸ ਕਰਨ ਵਾਸਤੇ ਇਹ ਮੁੱਖ ਰਸਾਇਣ ਹੈ। ਇਹ ਦਿਮਾਗ਼ ਦੇ ਜਜ਼ਬਾਤ ਨੂੰ ਕੰਟਰੋਲ ਕਰਨ ਵਾਲੇ ‘ਲਿੰਬਿਕ’ ਹਿੱਸੇ ’ਚ ਹੁੰਦਾ ਹੈ। ਜਦੋਂ ਡੋਪਾਮੀਨ ਵਾਲੇ ਸਿਗਨਲ ਘੱ ਜਾਂਦੇ ਹਨ ਤਾਂ ਚੰਗਾ ਮਹਿਸੂਸ ਕਰਨ ਵਿਚ ਕਮੀ ਆ ਜਾਂਦੀ ਹੈ। ਕੁਝ ਖ਼ਾਸ ਤਰ੍ਹਾਂ ਦੀਆਂ ਆਵਾਜ਼ਾਂ, ਵੇਖਣ ਵਾਲ਼ੀਆਂ ਚੀਜ਼ਾਂ, ਸੁਗੰਧੀਆਂ, ਖਾਣ ਵਾਲ਼ੀਆਂ ਵਸਤਾਂ ਤੇ ਸੰਭੋਗ ਦੀ ਇੱਛਾ ਆਦਿ ਦੀਆਂ ਤਰੰਗਾਂ ਜੋ ਦਿਮਾਗ਼ ਨਾਲ਼ ਟਕਰਾਉਂਦੀਆਂ ਹਨ, ਨੂੰ ਪੁਣ ਕੇ ਦਿਮਾਗ਼, ਆਨੰਦ ਦੀ ਹੱਦ ਤੱਕ ਰੱਖਦਾ ਹੈ। ਇਸ ਵਾਸਤੇ ਡੋਪਾਮੀਨ ਸਿਸਟਮ ਮੂਡ, ਜਜ਼ਬਾਤ ਤੇ ਵਿਹਾਰ ਚੁਣਨ ’ਚ ਸਹਾਈ ਹੁੰਦਾ ਹੈ। ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਕੁਝ ਜੈਨੇਟਿਕ ਰੋਗ ਵੀ ਜਲਦ ਐਂਡਰੋਪਾਜ਼ ਦਾ ਕਾਰਨ ਬਣਦੇ ਹਨ।
ਐਂਡਰੋਪਾਜ਼: ਖੁਦ ਨੂੰ ਚੈੱਕ ਕਰਨ ਲਈ ਕੁਝ ਸਵਾਲ
• ਕੀ ਮੈਂ ਉਲਝਿਆ ਰਹਿੰਦਾ ਹਾਂ?
• ਕੀ ਮੈਂ ਬੁਝਿਆ-ਬੁਝਿਆ, ਚਿੰਤਤ ਤੇ ਢਹਿੰਦੀ ਕਲਾ ’ਚ ਰਹਿੰਦਾ ਹਾਂ?
• ਕੀ ਮੇਰਾ ਮੂਡ ਵਧੇਰੇ ਸਮਾਂ ਖ਼ਰਾਬ ਤੇ ਚਿੜਚਿੜਾ ਰਹਿੰਦਾ ਹੈ?
• ਕੀ ਮੇਰੇ ’ਚ ਮਰਦਾਨਾ ਤਾਕਤ ਦੀ ਘਾਟ ਹੈ?
• ਕੀ ਮੇਰੇ ਜੋੜਾਂ ਤੇ ਮੌਰਾਂ ਵਿਚ ਦਰਦ ਰਹਿੰਦਾ ਹੈ?
• ਕੀ ਮੇਰੇ ਚਿਹਰੇ ਤੇ ਹੱਥਾਂ-ਪੈਰਾਂ ਦੀ ਚਮੜੀ ਖ਼ੁਸ਼ਕ ਰਹਿੰਦੀ ਹੈ?
• ਕੀ ਮੈਂ ਬਹੁਤ ਜ਼ਿਆਦਾ ਪੀਣ ਲਗ ਪਿਆ ਹਾਂ?
• ਕੀ ਮੈਂ ਆਪਣੇ ਆਪ ਨੂੰ ਫਿੱਟ ਮਹਿਸੂਸ ਨਹੀਂ ਕਰਦਾ?
• ਕੀ ਮੈਂ ਉਮਰ ਤੋਂ ਪਹਿਲਾਂ ਹੀ ‘ਬੁੱਢਾ’ ਮਹਿਸੂਸ ਕਰਨ ਲੱਗ ਪਿਆ ਹਾਂ?
ਉਕਤ ਸਵਾਲਾਂ ਤੋਂ ਕੋਈ ਗ਼ਲਤ ਅੰਦਾਜ਼ਾ ਨਾ ਲਗਾ ਲਿਓ, ਡਾਕਟਰ ਦੁਆਰਾ ਮੁਕੰਮਲ ਜਾਂਚ ਤੇ ਟੈਸਟਾਂ ਤੋਂ ਬਾਅਦ ਹੀ ਪੱਕਾ ਡਾਇਗਨੋਸਿਸ ਬਣਦਾ ਹੈ। ਐਂਡਰੋਪਾਜ਼ ਨੂੰ ਡਾਇਗਨੋਜ਼ ਕਰਨਾ ਸੌਖਾ ਕੰਮ ਨਹੀਂ। ਭਾਵੇਂ ਹਾਰਮੋਨਜ਼ ਦੀਆਂ ਸਮੱਸਿਆਵਾਂ ਮਾਮੂਲੀ ਟੈਸਟ ਕਰਵਾਉਣ ਨਾਲ ਹੀ ਲੱਭ ਲਈਆਂ ਜਾ ਸਕਦੀਆਂ ਹਨ ਪਰ ਐਂਡਰੋਪਾਜ਼ ਦੇ ਕੇਸਾਂ ਵਿਚ ਇਹ ਟੈਸਟ ਸਹੀ ਦਿਸ਼ਾ ਨਹੀਂ ਦਿੰਦੇ। ‘ਬਾਇਓ ਅਵੇਲੇਬਲ ਟੈਸਟੋ ਸਟੀਰੋਨ’ ਟੈਸਟ ਵਾਸਤੇ ਸਵੇਰੇ ਅੱਠ ਤੋਂ ਦਸ ਵਜੇ ਦੇ ਦਰਮਿਆਨ ਸੈਂਪਲ ਦੇਣਾ ਪੈਂਦਾ ਹੈ; ਇਸ ਸਮੇਂ ਦੌਰਾਨ ਲੈਵਲ ਪੂਰੇ ਦਿਨ ਨਾਲ਼ੋਂ ਵੱਧ ਹੁੰਦਾ ਹੈ। ਇਸ ਟੈਸਟ ਦੇ ਨਾਲ-ਨਾਲ ਕੁਝ ਜਾਂਚ ਅਤੇ ਸਵਾਲਾਂ ਦੇ ਜੁਆਬ ਤੋਂ ਬਾਅਦ ਹੀ ਕਿਸੇ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ। ਕਈ ਸ਼ਹਿਰਾਂ ਵਿਚ ਪੁਰਸ਼ਾਂ ਦੀਆਂ ਸਮੱਸਿਆਵਾਂ ਸਬੰਧੀ ਕਲੀਨਿਕਾਂ ਹਨ ਜਿੱਥੇ ਗਦੂਦਾਂ (ਪ੍ਰੋਸਟੇਟ), ਪਤਾਲੂਆਂ ਤੇ ਪੁਰਸ਼ਾਂ ਦੇ ਬਾਕੀ ਅੰਗਾਂ ਸਬੰਧੀ ਸ਼ਿਕਾਇਤਾਂ ਅਤੇ ਐਂਡਰੋਪਾਜ਼ ਬਾਰੇ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ’ਚ ਹੋਰ ਬਿਮਾਰੀਆਂ ਜੋ ਔਰਤਾਂ ਦੇ ਮੁਕਾਬਲੇ ਮਰਦਾਂ ਵਿਚ ਵਧੇਰੇ ਹੁੰਦੀਆਂ ਹਨ, ਜਿਵੇਂ ਦਿਲ ਤੇ ਖ਼ੂਨ ਨਾੜੀਆਂ ਦੇ ਰੋਗ, ਜਿਨਸੀ ਵਿਕਾਰ ਆਦਿ ਦਾ ਇਲਾਜ ਵੀ ਹੁੰਦਾ ਹੈ। ਭਾਰਤ ’ਚ ਤਕਰੀਬਨ ਹਰ ਵੱਡੇ ਸ਼ਹਿਰ ਵਿਚ ਐਂਡਰੋਪਾਜ਼ ਬਾਰੇ ਡਾਕਟਰ ਮਿਲ ਜਾਂਦੇ ਹਨ।
ਐਂਡਰੋਪਾਜ਼ ਹੋ ਜਾਵੇ ਤਾਂ ਜੀਵਨ ਸ਼ੈਲੀ ਵਿਚ ਸੁਧਾਰਾਂ ਦੀ ਲੋੜ ਹੁੰਦੀ ਹੈ, ਜਿਵੇਂ ਘੱਟ ਚਰਬੀ ਵਾਲ਼ੇ ਖਾਣੇ, ਹਰੀਆਂ ਸਬਜ਼ੀਆਂ, ਟਮਾਟਰ, ਜ਼ਰਦੀ ਤੋਂ ਬਿਨਾਂ ਆਂਡਾ, ਮੱਛੀ, ਚਿਕਨ, ਸੋਇਆ ਆਦਿ ਦਾ ਸੇਵਨ ਕਰਨਾ, ਸਾਫ਼ ਨਿਰਮਲ ਤੇ ਖੁੱਲ੍ਹਾ ਪਾਣੀ ਪੀਣਾ ਆਦਿ। ਤਣਾਅ ਘਟਾਉਣ ਵਾਸਤੇ ਧਿਆਨ ਕੇਂਦਰਿਤ ਕਰਨ ਵਾਲੇ ਫਾਰਮੂਲੇ ਵਰਤਣੇ, ਕੌਂਸਲਿੰਗ ਵਾਸਤੇ ਆਪਣੇ ਸਾਥੀ ਸਣੇ ਕੌਂਸਲਰ ਕੋਲ ਜਾਣਾ, ਕਰੀਅਰ ਵਾਸਤੇ ਫਿਰ ਤੋਂ ਯਤਨ ਕਰਨੇ, ਅਧਿਆਤਮਿਕਤਾ ਵੱਲ ਰੁਝਾਨ ਪੈਦਾ ਕਰਨਾ ਆਦਿ। ਵਡੇਰੀ ਉਮਰ ’ਚ ਵੀ ਆਪਣੇ ਆਪ ਨੂੰ ਜਵਾਨ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਐਂਡਰੋਪਾਜ਼ ਵਾਲੇ ਮਰਦਾਂ ਦੇ ਰਿਸਕ: ਖ਼ੂਨ ਨਾੜੀਆਂ ਵਿਚ ਚਰਬੀ ਜੰਮਣਾ, ਖ਼ੂਨ ਦੇ ਲਾਲ ਸੈੱਲਾਂ ਦੀ ਗਿਣਤੀ ਵਧਣਾ, ਘੁਰਾੜੇ, ਗਦੂਦਾਂ ਦੇ ਕੈਂਸਰ ਆਦਿ। ਮੋਟਾਪਾ, ਸ਼ੂਗਰ ਰੋਗ, ਦਿਲ ਤੇ ਖ਼ੂਨ ਨਾੜੀਆਂ ਦੇ ਰੋਗਾਂ ਵਿਚ ਐਂਡਰੋਪਾਜ਼ ਜਲਦ ਹੋ ਜਾਂਦਾ ਹੈ।

Advertisement

ਸੰਪਰਕ: 98728-43491

Advertisement
Author Image

sukhwinder singh

View all posts

Advertisement
Advertisement
×