ਸਿਹਤ ਸੁਪਰਵਾਈਜ਼ਰ ਦੀ ਬਦਲੀ ਖ਼ਿਲਾਫ਼ ਰੋਸ ਰੈਲੀ ਰੋਕਣ ਲੲੀ ਮੋਗਾ ਪੁਲੀਸ ਛਾਉਣੀ ’ਚ ਤਬਦੀਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਜੁਲਾਈ
ਇਥੇ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਮੋਗਾ ਤੋਂ ਪਟਿਆਲਾ ਦੀ ਬਦਲੀ ਰੱਦ ਕਰਵਾਉਣ ਲਈ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਲੋਕ ਸੰਘਰਸ਼ ਕਮੇਟੀ ਆਗੂਆਂ ਵੱਲੋੋਂ ਅੱਜ 3 ਜੁਲਾਈ ਨੂੰ ਵਿਧਾਇਕਾ ਦੇ ਘਰ ਵੱਲ ਕੱਢੇ ਜਾ ਰੋਸ ਮਾਰਚ ਨੂੰ ਰੋਕਣ ਲਈ ਮੋਗਾ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵਲੋਂ ਮਾਰਚ ਰੋਕਣ ਉੱਤੇ ਤਣਾਅ ਬਣ ਗਿਆ ਹੈ। ਇਥੇ ਨੇਚਰ ਪਾਰਕ ਵਿਖੇ ਰੈਲੀ ਵਾਲੇ ਸਥਾਨ ਉੱਤੇ ਅਮਨ ਕਾਨੂੰਨ ਤੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਐੱਸਪੀ ਮਨਮੀਤ ਢਿੱਲੋਂ ਨੇ ਸਪਸ਼ਟ ਕਹਿ ਦਿੱਤਾ ਕਿ ਜਨਤਕ ਜਥੇਬੰਦੀਆਂ ਕਾਨੂੰਨੀ ਦਾਇਰੇ ਵਿਚ ਰੋਸ ਰੈਲੀ ਕਰ ਸਕਦੀਆਂ ਹਨ ਪਰ ਵਿਧਾਇਕਾ ਦੇ ਘਰ ਵੱਲ ਰੋਸ ਮਾਰਚ ਨਹੀਂ ਕੱਢਣ ਦਿੱਤਾ ਜਾਵੇਗਾ। ਪੁਲੀਸ ਵੱਲੋਂ ਗੁਆਂਢੀ ਜ਼ਿਲ੍ਹਿਆਂ ਤੋਂ ਫੋਰਸ ਮੰਗਵਾਈ ਗਈ ਹੈ ਅਤੇ ਰੈਲੀ ਸਥਾਨ ਨੇਡ਼ੇ ਦੰਗਾ ਰੋਕੂ ਫੋਰਸ ਤੇ ਜਲ ਤੋਪਾ ਬੀਡ਼ ਦਿੱਤੀਆਂ ਹਨ।
ਜ਼ਿਲ੍ਹੇ ਦੀਆਂ ਚਾਰੇ ਮੁੱਖ ਹੱਦਾਂ ੳੁੰਤੇ ਨਾਕਾਬੰਦੀ ਅਤੇ ਸ਼ਹਿਰ ਅੰਦਰ ਨਾਕੇ ਲਗਾਕੇ ਪੂਰਾ ਸ਼ਹਿਰ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੰਘਰਸ਼ ਕਮੇਟੀ ਕਨਵੀਨਰ ਕਾਮਰੇਡ ਡਾ. ਇੰਦਰਵੀਰ ਗਿੱਲ, ਪੀਐੱਸਯੂ ਆਗੂ ਕਰਮਜੀਤ ਮਾਣੂੰਕੇ ਸਿਹਤ ਕਾਮਿਆਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਤੇ ਸੰਘਰਸ਼ ਕਮੇਟੀ ਆਰਗੇਨਾਈਜ਼ਰ ਕੁਲਬੀਰ ਸਿੰਘ ਢਿੱਲੋਂ ਤੇ ਹੋਰਾਂ ਨੇ ਪੁਲੀਸ ਦੀ ਕਥਿਤ ਧੱਕੇਸ਼ਾਹੀ ਕਰਾਰ ਦਿੰਦੇ ਕਿਹਾ ਕਿ ਹਰ ਵਿਅਕਤੀ ਨੂੰ ਲੋਕਤੰਤਰ ਵਿਚ ਕਾਨੂੰਨੀ ਦਾਇਰੇ ਵਿਚ ਰਹਿ ਕੇ ਰੋਸ ਮਾਰਚ ਕੱਢਣ ਦਾ ਹੱਕ ਹੈ। ਰੈਲੀ ਮਗਰੋਂ ਹਰ ਹੀਲੇ ਰੋਸ ਮਾਰਚ ਕੱਢਣਗੇ। ਉਨ੍ਹਾਂ ਦਾ ਰੋਸ ਮਾਰਚ ਕੱਢਣ ਦਾ ਮਕਸਦ ਸਿਰਫ਼ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਸਿਆਸੀ ਦਬਾਅ ਹੇਠ ਕੀਤੀ ਗਈ ਬਦਲੀ ਨੂੰ ਰੱਦ ਕਰਵਾਉਣ ਤੋਂ ਇਲਾਵਾ ਸਥਾਨਕ ਸਿਵਲ ਹਸਪਤਾਲ ਵਿਚ ਫੈਲੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਉਣਾ ਮੁੱਖ ਮੰਗ ਹੈ। ਸਰਕਾਰ ਨੂੰ ਬਦਲੀ ਰੱਦ ਕਰਕੇ ਸ਼ਾਂਤਮਈ ਮਾਹੌਲ ਸਿਰਜਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਦੀ ਰੋਸ ਰੈਲੀ ਅਤੇ ਮਾਰਚ ਵਿਚ ਸੈਂਕਡ਼ਿਆਂ ਦੀ ਗਿਣਤੀ ਵਿਚ ਸੂਬਾ ਭਰ ਤੋਂ ਸਮਾਜਿਕ ਧਾਰਮਿਕ, ਠੇਕਾ ਆਧਾਰਿਤ ਅਤੇ ਆਊਟ ਸੋਰਸ ਮੁਲਾਜ਼ਮ ਸ਼ਮੂਲੀਅਤ ਕਰਨਗੇ।