ਫ਼ਰੀਦਕੋਟ ਤੇ ਤਰਨ ਤਾਰਨ ’ਚ ਪੁਲੀਸ ਤੇ ਲੁਟੇਰਾ ਗਰੋਹਾਂ ਦਰਮਿਆਨ ਮੁਕਾਬਲੇ
ਜਸਵੰਤ ਜੱਸ
ਫ਼ਰੀਦਕੋਟ, 28 ਨਵੰਬਰ
ਫ਼ਰੀਦਕੋਟ ਤੇ ਤਰਨ ਤਾਰਨ ਨੇੜੇ ਲੁਟੇਰਾ ਗਰੋਹ ਦੇ ਅੱਜ ਪੁਲੀਸ ਨਾਲ ਮੁਕਾਬਲੇ ਹੋਏ ਜਿਸ ਦੌਰਾਨ ਤਿੰਨ ਲੁਟੇਰੇ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਫਰੀਦਕੋਟ ’ਚ ਦੋ ਤੇ ਤਰਨ ਤਾਰਨ ਨੇੜੇ ਇਕ ਲੁਟੇਰਾ ਜ਼ਖ਼ਮੀ ਹੋਇਆ।
ਫਰੀਦਕੋਟ ਵਿਚ ਅਪਰਾਧਿਕ ਗਤੀਵਿਧੀਆਂ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਪੁਲੀਸ ਵੱਲੋਂ ਮੁਕਾਬਲੇ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸਮੇਤ ਪੁਲੀਸ ਪਾਰਟੀ ਮਸ਼ਕੂਕਾਂ ਦੀ ਭਾਲ ਵਿੱਚ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਕੋਲ ਮੌਜੂਦ ਸੀ ਤਾਂ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਜਿਨ੍ਹਾਂ ਨੂੰ ਪੁਲੀਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਨ੍ਹਾਂ ਮੋਟਰਸਾਈਕਲ ਆਰਮੀ ਕੈਂਟ ਵਾਲੇ ਪਾਸੇ ਭਜਾ ਦਿੱਤਾ ਤਾਂ ਪੁਲੀਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਪੁਲੀਸ ਉੱਤੇ ਗੋਲੀਆਂ ਚਲਾਈਆਂ ਤੇ ਜਵਾਬੀ ਕਾਰਵਾਈ ਦੌਰਾਨ ਇਹ ਦੋਵੇਂ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਭਰਤੀ ਕਰਵਾਇਆ ਗਿਆ। ਫੜੇ ਨੌਜਵਾਨਾਂ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਫਰੀਦਕੋਟ ਅਤੇ ਰਵਿੰਦਰ ਸਿੰਘ ਵਾਸੀ ਘੁਗਿਆਣਾ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਪਾਸੋਂ ਪਿਸਟਲ 32 ਬੋਰ, 2 ਰੌਦ, 2 ਖਾਲੀ ਰੌਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਖਿਲਾਫ਼ ਪਹਿਲਾਂ ਵੀ ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਉਪਰੰਤ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਹਰੀਕੇ ਨੇੜੇ ਅੱਜ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਲੁਟੇਰਾ ਪੁਲੀਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਕਾਬੂ ਕਰਕੇ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਮੁਕਾਬਲੇ ਵਿੱਚ ਦੂਸਰਾ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ| ਇਸ ਦੌਰਾਨ ਪੁਲੀਸ ਪਾਰਟੀ ਵਿੱਚ ਸ਼ਾਮਲ ਪੰਜਾਬ ਹੋਮ ਗਾਰਡ ਦੇ ਜਵਾਨ ਗੁਰਚਰਨ ਸਿੰਘ ਦੀ ਪੱਗ ਵਿਚ ਗੋਲੀ ਲੱਗੀ। ਘਟਨਾ ਦਾ ਪਤਾ ਲੱਗਦਿਆਂ ਹੀ ਐੱਸਐੱਸਪੀ ਅਭਿਮੰਨਿਊ ਰਾਣਾ ਨੇ ਮੌਕੇ ਦਾ ਜਾਇਜ਼ਾ ਲਿਆ। ਐੱਸਐੱਸਪੀ ਨੇ ਦੱਸਿਆ ਕਿ ਜ਼ਖਮੀ ਹੋਏ ਲੁਟੇਰੇ ਦੀ ਸ਼ਨਾਖਤ ਅੰਗਰੇਜ਼ ਸਿੰਘ ਵਾਸੀ ਦੀਨੇਵਾਲ (ਖਡੂਰ ਸਾਹਿਬ) ਅਤੇ ਫਰਾਰ ਹੋਏ ਲੁਟੇਰੇ ਦੀ ਪਛਾਣ ਗੁਰਭੇਜ ਸਿੰਘ ਵਜੋਂ ਕੀਤੀ ਗਈ ਹੈ| ਕਾਰ ’ਤੇ ਸਵਾਰ ਇਨ੍ਹਾਂ ਲੁਟੇਰਿਆਂ ਨੇ ਹਰੀਕੇ ਨੇੜਿਓਂ ਪਿੰਡ ਜੌਨੇਕੇ ਤੋਂ ਇਕ ਵਿਅਕਤੀ ਤੋਂ 10,000 ਰੁਪਏ ਅਤੇ ਉਸ ਦੀ ਕਾਰ ਖੋਹੀ ਸੀ ਜਿਸ ਦੀ ਸੂਚਨਾ ਹਰੀਕੇ ਪੁਲੀਸ ਨੂੰ ਦਿੱਤੀ ਗਈ। ਪੁਲੀਸ ਪਾਰਟੀ ਜਦੋਂ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ ਤਾਂ ਲੁਟੇਰੇ ਕਾਰ ਛੱਡ ਕੇ ਨੇੜਲੇ ਬਾਗ ਵਿੱਚ ਜਾ ਛੁਪੇ| ਇਥੇ ਹਰੀਕੇ ਪੁਲੀਸ ਨਾਲ ਪੱਟੀ ਸਦਰ ਦੀ ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਲੁਟੇਰਿਆਂ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ ਜਿਹੜੀ ਇਕ ਗੋਲੀ ਹੋਮ ਗਾਰਡ ਦੇ ਜਵਾਨ ਗੁਰਚਰਨ ਸਿੰਘ ਦੇ ਲੱਗੀ ਜਿਹੜਾ ਵਾਲ ਵਾਲ ਬਚ ਗਿਆ| ਪੁਲੀਸ ਨੇ ਫਰਾਰ ਹੋਏ ਲੁਟੇਰੇ ਗੁਰਭੇਜ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਿਦੇਸ਼ ਰਹਿੰਦੇ ਗੈਂਗਸਟਰ ਦਾ ਸਾਥੀ ਅਸਲੇ ਸਣੇ ਕਾਬੂ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸਪੈਸ਼ਲ ਸੈੱਲ ਰਾਜਪਰਾ ਦੇ ਮੁਖੀ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਟੀਮ ਨੇ ਵਿਦੇਸ਼ ’ਚ ਰਹਿ ਕੇ ਅਪਰਧਿਕ ਗਤੀਵਿਧੀਆਂ ਚਲਾ ਰਹੇ ਇੱਕ ਗੈਂਗਸਟਰ ਦੇ ਸਾਥੀ ਸ਼ੂਟਰ ਨੂੰ ਹਲਕਾ ਘਨੌਰ ਤੋਂ ਕਾਬੂ ਕਰਕੇ ਟਾਰਗੈਟ ਕਿਲਿੰਗ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। ਪਟਿਆਲਾ ਦੇ ਏਐਸਪੀ ਇਨਵੈਸਟੀਗੇਸ਼ਨ ਵਿਭਬ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਮਨਪ੍ਰੀਤ ਸਿੰਘ ਵਾਸੀ ਪਿੰਡ ਪੰਜੋਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਉਹ ਅਮਰੀਕਾ ਸਥਿਤ ਇੱਕ ਗੈਂਗਸਟਰ ਦਾ ਸਾਥੀ ਹੈ। ਉਧਰ ਇੰਸਪੈਕਟਰ ਹੈਰੀ ਬੋਪਾਰਾਏ ਦਾ ਕਹਿਣਾ ਸੀ ਕਿ ਮੁਲਜ਼ਮ ਦਾ ਪੁਲੀਸ ਰਿਮਾਂਡ ਲੈ ਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।