For the best experience, open
https://m.punjabitribuneonline.com
on your mobile browser.
Advertisement

ਲਤਾੜੀ ਮਿੱਟੀ...

08:41 AM Jul 11, 2024 IST
ਲਤਾੜੀ ਮਿੱਟੀ
Advertisement

ਮਨਜੀਤ ਸਿੰਘ ਬੱਧਣ

Advertisement

ਰਾਜੇ ਬਾਦਸ਼ਾਹਾਂ ਦੇ ਜਦ ਰਾਜ ਹੁੰਦੇ ਨੇ
ਹੇਠਾਂ ਸਿੰਘਾਸਣ ਤੇ ਸਿਰ ਤਾਜ ਹੁੰਦੇ ਨੇ
ਬਹਿੰਦਿਆਂ-ਉੱਠਦਿਆਂ ਹੋਵਣ ਸਲਾਮਾਂ
ਸ਼ਾਹੀ-ਲਾਸਾਨੀ ਨਖਰੇ ਨਾਜ਼ ਹੁੰਦੇ ਨੇ

ਇਸ ਤਾਜ ਤੋਂ ਉੱਤੇ ਜਦ ਗੁਮਾਨ ਹੋ ਜਾਵੇ
ਜ਼ੁਲਮ ਹੀ ਜਦ ਧਰਮ ਈਮਾਨ ਹੋ ਜਾਵੇ
ਮੈਂ ਹੀ ਰੱਬ ਇਹ ਵੀ ਤੇ ਉਹ ਵੀ ਮੇਰਾ ਸਭ
ਹੰਕਾਰੀ ਤੇ ਨੀਵਾਂ ਉਹ ਸ਼ੈਤਾਨ ਹੋ ਜਾਵੇ

ਘੜਾ ਊਣਾ ਪਾਪਾਂ ਦਾ ਤਾਂ ਭਰ ਹੀ ਜਾਣਾ
ਕੀਤੇ ਕਰਮਾਂ ਨੇ ਲੇਖਾ ਤਾਂ ਕਰ ਹੀ ਜਾਣਾ
ਅੱਕੇ-ਥੱਕੇ ਹੋਏ ਜਦ ਲਿਆਉਣ ਕ੍ਰਾਂਤੀ
ਜੇਤੂ ਹਾਕਮਾਂ ਨੇ ਤਾਂ ਅੰਤ ਹਰ ਹੀ ਜਾਣਾ

ਲਤਾੜੀ ਮਿੱਟੀ ਧੂੜ ਬਣ ਉੱਤੇ ਨੂੰ ਆਵੇ
ਚੰਗਿਆੜੀ ਵੀ ਹੋ ਭਾਂਬੜ ਉੱਤੇ ਨੂੰ ਆਵੇ
ਤੇਰਾ ਰੁਤਬਾ ਮਾਇਆ ਲੱਗੇ ਜੇ ਚੰਗੇ ਲੇਖੇ
ਸੱਚ ਵਾਂਗ ਨੇਕੀ ਵੀ ਨਿੱਤਰ ਉੱਤੇ ਨੂੰ ਆਵੇ
* * *

ਆਦਤ

ਹਰਮੀਤ ਸਿਵੀਆਂ

ਆਦਤ ਨਹੀਂ ਕਿਸੇ ਨੂੰ ਕੱਟਣ ਦੀ।
ਪਰ ਜ਼ਿੱਦ ਇੱਥੋਂ ਕੁਝ ਖੱਟਣ ਦੀ।
ਨਾ ਧੌਣ ’ਚ ਕਿੱਲਾ ਰੱਖਦੇ ਹਾਂ,
ਨਾ ਆਦਤ ਜੁੱਤੀ ਚੱਟਣ ਦੀ।

ਨਾ ਕਿਸੇ ਨੂੰ ਮੰਦੜੇ ਬੋਲ ਕਹੇ,
ਨਾ ਆਦਤ ਛੱਜ ਪਾ ਛੱਟਣ ਦੀ।
ਨਾ ਪੱਗ ਨੂੰ ਕਦੇ ਹੱਥ ਪਾਇਆ,
ਨਾ ਲੋੜ ਪਈ ਦਾੜ੍ਹੀ ਪੱਟਣ ਦੀ।

ਸਮਤਲ ਆਪਣੀ ਗੈਰਤ ਰੱਖੀ,
ਨਾ ਲੋੜ ਪਈ ਵੇਚਣ ਵੱਟਣ ਦੀ।
ਨਾ ਆਪਣੀ ਗੁੱਡੀ ਲਹਿਣ ਦੇਣੀ,
ਨਾ ਲੋੜ ਹੈ ਕਿਸੇ ਦੀ ਕੱਟਣ ਦੀ।

ਸਦਾ ਕਦਰ ਕਿਰਤ ਦੀ ਕਰੀਏ,
ਕਿਰਤੀ ਹੱਥਾਂ ਦੇ ਅੱਟਣ ਦੀ।
ਸਿਵੀਆਂ ਜਿੱਥੇ ਬਸ ਗਰਜ਼ਾਂ ਨੇ,
ਆਦਤ ਉੱਥੋਂ ਦੜ ਵੱਟਣ ਦੀ।
ਸੰਪਰਕ: 80547-57806
* * *

ਹਾਥਰਸ ਦੀ ਘਟਨਾ

ਹਰਪ੍ਰੀਤ ਪੱਤੋ

ਮੱਚੀ ਭਗਦੜ ਸੀ ਹਾਥਰਸ ਅੰਦਰ,
ਲੱਗੇ ਉੱਥੇ ਲੋਥਾਂ ਦੇ ਢੇਰ ਮੀਆਂ।
ਫਿਰ ਮਾਵਾਂ ਨੇ ਪੁੱਤ ਉੱਥੇ ਨਹੀਂ ਸਿਆਣੇ,
ਜੋ ਆਖ ਬੁਲਾਉਂਦੀਆਂ ਸ਼ੇਰ ਮੀਆਂ।
ਚਰਨ ਛੂਹਣੇ ਮਹਿੰਗੇ ਪਏ ਬਾਬਿਆਂ ਦੇ,
ਸਿੱਟਾ ਨਿਕਲਿਆ ਵੇਖੋ ਕੀ ਫੇਰ ਮੀਆਂ।
ਕਈਆਂ ਨੂੰ ਭੀੜ ਨੇ ਉੱਥੇ ਮਧੋਲ ਦਿੱਤਾ,
ਸੁਣੀ ਕਿਸੇ ਨਾ ਕਿਸੇ ਦੀ ਲੇਰ ਮੀਆਂ।
ਭੋਲਾ ਬਾਬਾ ਆਪ ਲਾਪਤਾ ਹੋਇਆ,
ਛੱਡੀ ਕੁਰਸੀ ਲਾਈ ਨਾ ਦੇਰ ਮੀਆਂ।
ਨਹੀਂ ਬਦਲ ਸਕਦਾ ਕੀਤੇ ਕਰਮ ਕੋਈ,
ਪੈਂਦੇ ਭੁਗਤਣੇ ਜਾਂ ਦੇਰ ਸਵੇਰ ਮੀਆਂ।
ਅੰਧ-ਵਿਸ਼ਵਾਸ ਨੇ ਲੋਕਾਂ ਦੀ ਮੱਤ ਮਾਰੀ,
ਕਿਧਰੇ ਮੰਨਿਆ ਰੱਬ ਲਲੇਰ ਮੀਆਂ।
ਨਹੀਂ ਕੁਝ ਮਿਲਣਾ ‘ਪੱਤੋ’ ਪਾਖੰਡੀਆਂ ਤੋਂ,
ਐਵੇਂ ਪਈਂ ਨਾ ਘੁੰਮਣਘੇਰ ਮੀਆਂ।
ਸੰਪਰਕ: 94658-21417
* * *

ਚੰਗੀਆਂ ਪੈੜਾਂ ਪਾ ਲੈ

ਸੁੱਚਾ ਸਿੰਘ ਪਸਨਾਵਾਲ

ਮਾਰ ਮਾਰ ਕੇ ਹੱਕ ਪਰਾਇਆ ਤੂੰ,
ਉੱਚੇ ਭਾਵੇਂ ਮਹਿਲ ਬਣਾ ਲੈ।
ਸਾਢੇ ਤਿੰਨ ਹੱਥ ਮਿਲਣੀ ਧਰਤੀ,
ਜਿੰਨਾ ਮਰਜ਼ੀ ਕਹਿਰ ਕਮਾ ਲੈ।
ਧੱਕੇਸ਼ਾਹੀਆਂ ਛੱਡ ਦੇ ਬੰਦਿਆ,
ਹੱਕ ਦੀ ਭਾਵੇਂ ਥੋੜ੍ਹੀ ਖਾ ਲੈ।
ਛੱਡ ਦੇ ਚੋਰੀ ਠੱਗੀ ਸੱਜਣਾ,
ਆਪਣਾ ਹੁਣ ਤੂੰ ਮਨ ਸਮਝਾ ਲੈ।
ਭਾਗੋਆਂ ਦਾ ਛੱਡ ਕੇ ਖਹਿੜਾ,
ਲਾਲੋਆਂ ਤਾਈਂ ਸਾਂਝ ਵਧਾ ਲੈ।
ਆਖ਼ਰ ਨੂੰ ਜਾਣਾ ਖਾਲੀ ਹੱਥੀਂ,
ਲੁੱਟ ਕੇ ਬੇਸ਼ੱਕ ਢੇਰ ਤੂੰ ਲਾ ਲੈ।
ਕੰਮ ਨੇਕੀ ਦੇ ਕਰ ਲੈ ਜੱਗ ’ਤੇ,
ਚੰਗਾ ਆਪਣਾ ਨਾਮ ਕਮਾ ਲੈ।
ਭਾਂਤ ਭਾਂਤ ਦੇ ਲਾ ਕੇ ਰੁੱਖ,
ਹਵਾ ਪਾਣੀ ਧਰਤ ਬਚਾ ਲੈ।
ਆਉਣ ਵਾਲੀਆਂ ਪੀੜ੍ਹੀਆਂ ਖ਼ਾਤਰ,
ਚੰਗੀਆਂ ਬੰਦਿਆ ਪੈੜਾਂ ਪਾ ਲੈ।
ਬਚ ਨਸ਼ਿਆਂ ਤੋਂ ‘ਪਸਨਾਵਾਲੀਆ’
ਆਲਾ ਦੁਆਲਾ ਖ਼ੁਦ ਸਮਝਾ ਲੈ।
ਸੰਪਰਕ: 99150-33740
* * *

ਪੰਛੀ

ਹਰਭਿੰਦਰ ਸਿੰਘ ਸੰਧੂ

ਸਾਡੇ ਘਰ ਦੇ ਵਿਹੜੇ ਦੇ ਵਿੱਚ
ਰੁੱਖ ’ਤੇ ਚਿੜੀ ਨੇ ਆਲ੍ਹਣਾ ਪਾਇਆ।
ਮੈਨੂੰ ਠੂੰਗੇ ਮਾਰਨ ਲੱਗੀ
ਨੇੜੇ ਜਦ ਮੈਂ ਹੋਣਾ ਚਾਹਿਆ।
ਨੇੜੇ ਹੋ ਕੇ ਤੱਕਿਆ ਜਦ ਮੈਂ
ਨਿੱਕੇ ਨਿੱਕੇ ਵਿੱਚ ਸੀ ਆਂਡੇ
ਉਦਾਸ ਚਿੜੀ ਦਾ ਹੋ ਗਿਆ ਚਿਹਰਾ
ਜਿਵੇਂ ਉਹਨੇ ਮੈਨੂੰ ਕੁਝ ਸਮਝਾਇਆ।
ਥੋੜ੍ਹੇ ਦਿਨਾਂ ਦੇ ਬਾਅਦ ਸੀ ਉੱਥੋਂ
ਚੀਂ ਚੀਂ ਦੀ ਆਵਾਜ਼ ਸੀ ਆਈ।
ਚਿੜੀ ਚੋਗਾ ਭੱਜ ਭੱਜ ਲਿਆਵੇ
ਖ਼ੁਸ਼ੀ ’ਚ ਫਿਰੇ ਨਾ ਫੁੱਲੀ ਸਮਾਈ।
ਉਨ੍ਹਾਂ ਘਰਾਂ ਵਿੱਚ ਰੌਣਕ ਲੱਗਦੀ
ਜੋ ਘਰਾਂ ਵਿੱਚ ਰੁੱਖ ਨੇ ਲਾਉਂਦੇ।
ਜਿਨ੍ਹਾਂ ਘਰਾਂ ਵਿੱਚ ਰੁੱਖ ਨਾ ਕੋਈ
ਉੱਥੇ ਸੰਧੂ ਪੰਛੀ ਕਦੇ ਨਾ ਆਉਂਦੇ।
ਸੰਪਰਕ: 97810-81888
* * *

ਦਾਇਰਾ

ਗੁਰਭਜਨ ਸਿੰਘ ਲਾਸਾਨੀ

ਕਿੰਨਾ ਵਿਸ਼ਾਲ ਹੋ ਗਿਆ ਹੈ
ਮੇਰਾ ਦਾਇਰਾ
ਇੱਕ ਅਣੂ ਮਾਤਰ ਸਾਂ
ਛੋਟੇ ਜਿਹੇ ਗਰਾਂ ਵਿੱਚ
ਛੋਟੀਆਂ ਛੋਟੀਆਂ ਕੱਚੀਆਂ ਕੰਧਾਂ
ਦੀ ਵਲਗਣ ਵਿੱਚੋਂ ਨਿਕਲ
ਪਿੰਡ ਦੀ ਜੂਹ ਤੱਕ ਸੀ ਮੇਰਾ ਦਾਇਰਾ...
ਬੜਾ ਅਣਜਾਣ ਸਾਂ, ਬਹੁਤ ਬੇਖ਼ਬਰ ਸਾਂ
ਬਾਹਰੀ ਸੰਸਾਰ ਤੋਂ
ਨਹੀਂ ਸੀ ਪਤਾ ਉਦੋਂ
ਕਿ ਹੀਰੋਸ਼ੀਮਾ ਤੇ ਨਾਗਾਸਾਕੀ ਦੀ
ਕੀ ਤਸਵੀਰ ਹੈ?
ਜੱਲਿਆਂਵਾਲੇ ਬਾਗ਼ ਦਾ ਸਾਕਾ ਕੀ ਹੈ?
ਪੰਦਰਾਂ ਅਗਸਤ ਮਨਾਉਣ ਦੀ
ਕੀ ਮਹੱਤਤਾ ਹੈ?
ਪਰ ਹੁਣ ਤਾਂ
ਨਾਟੋ ਵੱਲੋਂ ਕੀਤੀ ਬੰਬਾਰੀ ਵੀ
ਕਰਦੀ ਹੈ ਘਾਇਲ ਮੈਨੂੰ ਵੀ
ਮਨੀਪੁਰ ਦੀਆਂ ਸੜਕਾਂ ’ਤੇ
ਨਫ਼ਰਤੀ ਭੀੜ ਵੱਲੋਂ
ਬੇਵੱਸ ਔਰਤਾਂ ਨੂੰ ਨਿਰਵਸਤਰ ਕਰਕੇ
ਸ਼ਰ੍ਹੇਆਮ ਬੇਪਤ ਕਰਨ
ਤੇ ਕਿਸੇ ਇਨਸਾਨ ਨੂੰ ਪਰਿਵਾਰ ਸਮੇਤ
ਜਿਊਂਦਿਆਂ ਸਾੜ ਦੇਣ ਦੀ ਖ਼ਬਰ
ਸਾੜਦੀ ਹੈ ਮੇਰਾ ਵੀ ਤਨ
ਉਸ ਦੀ ਵਿਧਵਾ ਦੀ ਦਰਦ ਭਰੀ ਖ਼ਾਮੋਸ਼ੀ
ਉਸ ਦੇ ਮਾਸੂਮਾਂ ਦੀ ਕੁਰਲਾਹਟ
ਬਣ ਗਈ ਹੈ ਹੁਣ ਮੇਰਾ ਦਰਦ ਏ ਜਿਗਰ
ਕਿਉਂਕਿ ਹੁਣ ਮੇਰਾ ਦਾਇਰਾ
ਵਿਸ਼ਾਲ ਹੋ ਗਿਆ ਹੈ।
ਸੰਪਰਕ: 98724-39278
* * *

ਗ਼ਜ਼ਲ

ਕੁਲਵੰਤ ਰਿਖੀ

ਜਦ ਉਂਗਲੀ ਨੂਰਾਨੀ ਫਿਰਦੀ ਰਬਾਬ ’ਤੇ
ਅੰਮ੍ਰਿਤ ਦੀ ਕੂਲ੍ਹ ਫੁੱਟਦੀ ਧਰਤੀ ਬੇ-ਆਬ ’ਤੇ

ਤਿੜਕੇ ਜੋ ਸ਼ੀਸ਼ੇ ’ਚੋਂ ਵੀ ਤਕਦਾ ਸਬੂਤਾ ਚਿਹਰਾ
ਸਦਕੇ ਕਿਉਂ ਨਾ ਜਾਵਾਂ ਮੈਂ ਉਸ ਦੇ ਖ਼ਾਬ ’ਤੇ

ਜੋ ਆਖ ਦਿੰਦੇ ਦਿਲ ਦੀ ਤੂੰ ਫੋਲ ਦੇਖੀਂ ਪੰਨੇ
ਉਹ ਲਫ਼ਜ਼ ਕਿਧਰੇ ਹੈ ਨਾ ਤੇਰੀ ਕਿਤਾਬ ’ਤੇ

ਜਿਸਦੇ ਫੁੱਲਾਂ ਦੀ ਖੁਸ਼ਬੂ ਰੂਹ ਮਹਿਕਦੀ ਕੀਤੀ
ਕੰਡੇ ਵੀ ਬੇਸ਼ੁਮਾਰ ਸੀ ਓਸੇ ਗੁਲਾਬ ’ਤੇ

ਤੂੰ ਸਾਹ ਵੀ ਮੇਰੇ ਗਿਣਦਾ ਇਹ ਜ਼ਿੰਦਗੀ ਕੀ ਹੋਈ
ਹੈਰਤ ਹੈ ਬਹੁਤ ਯਾਰਾ ਤੇਰੇ ਹਿਸਾਬ ’ਤੇ

ਸੀਨੇ ’ਚ ਅੱਗ ਜਿਸਦੇ ਪਿੱਛੇ ਰਿਖੀ ਨਾ ਮੁੜਦੇ
ਗਾਥਾ ਸਿਦਕ ਦੀ ਲਿਖਣ ਵਗਦੇ ਚਨਾਬ ’ਤੇ
ਸੰਪਰਕ: 78891-67395
* * *

ਗ਼ਜ਼ਲ

ਦੀਪਿਕਾ ਅਰੋੜਾ

ਆਪਣੀ ਚਾਲੇ ਸਦਾ ਹੀ ਚਲਦੀ, ਵਕਤ ਦੀ ਸੂਈ ਕਦੇ ਰੁਕਦੀ ਨਹੀਂ।
ਨਾਲ ਅਣਖ ਜਿਸ ਜੀਣਾ ਸਿਖਿਆ, ਨਜ਼ਰ ਕਦੇ ਉਹ ਝੁਕਦੀ ਨਹੀਂ।

­ਬਿਰਖ ਹੋਵਣ ਜਾਂ ਰਿਸ਼ਤੇ ਦੇ ਤੰਦ, ਦੋਵੇਂ ਹੀ ਸਿੰਜਣਾ ਲੋਚਦੇ ਨੇ
ਸੰਭਾਲ ਕਰੇ ਨਿੱਤ ਜੇਕਰ ਮਾਲੀ, ਜੜ੍ਹ ਫਿਰ ਕਦੇ ਵੀ ਸੁਕਦੀ ਨਹੀਂ।

ਨਾਪ ਤੋਲ ਕੇ ਬੋਲਣ ਦਾ ਚੱਜ, ਕਿਉਂ ਨਾ ਸਾਰੇ ਸਿੱਖ ਲਈਏ,
ਨਾਲ ਜਿਰ੍ਹਾ ਤਾਂ ਵਧਦੇ ਝਗੜੇ, ਬਾਤ ਜ਼ਰਾ ਵੀ ਮੁਕਦੀ ਨਹੀਂ।

ਚੁੱਭੀਆਂ ਲਾਉਣ ਦੀ ਜਾਚ ਜੇ ਹੋਵੇ, ਤਾਂ ਹੀ ਮੋਤੀ ਲੱਭਦੇ ਨੇ,
ਖੂਹ ਪਿਆਸੇ ਕੋਲ ਚਲ ਕੇ ਆਵੇ, ਗੱਲ ਇਹ ਉੱਕਾ ਢੁਕਦੀ ਨਹੀਂ।

ਅਣਗੌਲੀ ਇੱਕ ਚਿਣਗ ਹੀ ਅਕਸਰ, ਬਣ ਜਾਂਦੀ ਹੈ ਭਾਂਬੜ,
ਛਿਟੜੇ ਮਾਰ ਬੁਝਾਈਏ ਫੌਰਪ, ਅੱਗ ਨਾਲ ਤਾਂ ਅੱਗ ਰੁਕਦੀ ਨਹੀਂ।

ਢੋਂਗ ਫ਼ਕੀਰੀ ਦਾ ਰਚਣ ਵੀ ਰੱਚ ਕੇ, ਬਗਲੇ ਹੰਸ ਨਹੀਂ ਬਣਦੇ,
ਲੱਖ ਬਦਲੀਏ ਚੋਲੇ ਚਾਹੇ, ਤਾਂ ਵੀ ਸ਼ਖ਼ਸੀਅਤ ਲੁਕਦੀ ਨਹੀਂ।
ਸੰਪਰਕ: 90411-60739
* * *

ਗ਼ਜ਼ਲ

ਰਾਜਵਿੰਦਰ ਕੌਰ ਜਟਾਣਾ

ਨਸ਼ਿਆਂ ਵਿੱਚ ਨਾ ਗਾਲ ਜਵਾਨੀ ਲੱਖਾਂ ਦੀ,
ਜੀਅ ਨਾ ਮੰਦੜੇ ਹਾਲ ਜਵਾਨੀ ਲੱਖਾਂ ਦੀ।
ਤੇਰਾ ਬੁਝਿਆ ਚਿਹਰਾ ਕੋਈ ਬਾਤ ਕਹੇ,
ਲੋਕੀਂ ਕਰਨ ਸਵਾਲ ਜਵਾਨੀ ਲੱਖਾਂ ਦੀ।

ਭੌਰੇ ਅਕਸਰ ਰਸ ਪੀ ਕੇ ਉੱਡ ਜਾਂਦੇ ਨੇ,
ਰੂਹ ਦਾ ਹਾਣੀ ਭਾਲ ਜਵਾਨੀ ਲੱਖਾਂ ਦੀ।
ਕਿਰਤ ਕਮਾਈ ਕਰ ਕੇ ਆਪਣਾ ਨਾਮ ਬਣਾ,
ਬੀਤ ਰਹੇ ਨੇ ਸਾਲ ਜਵਾਨੀ ਲੱਖਾਂ ਦੀ।

ਮਾਵਾਂ ਤਾਂ ਔਲਾਦ ਦਾ ਦੁੱਖ ਵੀ ਵੇਖਣ ਨਾ,
ਕਰ ਜਾਵੀਂ ਨਾ ਬੇਹਾਲ ਜਵਾਨੀ ਲੱਖਾਂ ਦੀ।
ਅੱਜ ਤਿਜੌਰੀ ਭਰ ਲੈ ਕਰਕੇ ਹਿੰਮਤ ਤੂੰ,
ਹੋ ਜਾ ਮਾਲੋਮਾਲ ਜਵਾਨੀ ਲੱਖਾਂ ਦੀ।

ਖ਼ੁਦਕੁਸ਼ੀਆਂ ਤਾਂ ਬੁਜ਼ਦਿਲ ਕਰਦੇ ਹੁੰਦੇ ਨੇ,
ਜੀਣਾ ਹੈ ਹਰ ਹਾਲ ਜਵਾਨੀ ਲੱਖਾਂ ਦੀ।
ਅੱਜ ਕਰੇਂਗਾ ਤਾਂ ਹੀ ਤੇ ਕੱਲ੍ਹ ਸੰਵਰੇਗਾ,
ਕੱਲ੍ਹ ’ਤੇ ਗੱਲ ਨਾ ਟਾਲ ਜਵਾਨੀ ਲੱਖਾਂ ਦੀ।

ਮਾਈ ਬਾਪ ਤਾਂ ਤੈਨੂੰ ਵੇਖ ਜਿਉਂਦੇ ਨੇ,
ਬਣ ਉਨ੍ਹਾਂ ਦੀ ਢਾਲ ਜਵਾਨੀ ਲੱਖਾਂ ਦੀ।
ਲੱਭਣ ਵਾਲੇ ਨੂੰ ਹੀ ਤਾਂ ਬੱਸ ਮਿਲਦੀ ਹੈ,
ਖ਼ੁਸ਼ੀਆਂ ਦੀ ਟਕਸਾਲ ਜਵਾਨੀ ਲੱਖਾਂ ਦੀ।

Advertisement
Author Image

joginder kumar

View all posts

Advertisement
Advertisement
×