ਉਤਰਾਖੰਡ ਦੇ ਮੱਛੀ ਪਾਲਕਾਂ ਲਈ ਸਿਖਲਾਈ ਕੈਂਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਨਵੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਉਤਰਾਖੰਡ ਰਾਜ ਵੱਲੋਂ ਹਰਿਦੁਆਰ ਦੇ 25 ਮੱਛੀ ਪਾਲਕ ਕਿਸਾਨ ਉਦਮੀਆਂ ਲਈ ਤਿੰਨ ਦਿਨ ਦਾ ਸਮਰੱਥਾ ਉਸਾਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੂਹ ਦੀ ਅਗਵਾਈ ਸੀਨੀਅਰ ਮੱਛੀ ਪਾਲਣ ਅਧਿਕਾਰੀ, ਹਰਿਦੁਆਰ ਜੈਪ੍ਰਕਾਸ਼ ਭਾਸਕਰ ਨੇ ਕੀਤੀ। ਸਿਖਲਾਈ ਸੰਯੋਜਕ ਡਾ. ਵਨੀਤ ਇੰਦਰ ਕੌਰ ਨੇ ਦੱਸਿਆ ਕਿ ਇਹ ਸਿਖਲਾਈ, ਮੱਛੀ ਪਾਲਣ ਵਿੱਚ ਪਹਿਲਾਂ ਕੰਮ ਕਰ ਰਹੇ ਕਿਸਾਨਾਂ ਨੂੰ ਤਕਨੀਕਾਂ ਸਿਖਾਉਣ ਅਤੇ ਗਿਆਨ ਦੇਣ ਵਾਸਤੇ ਕਰਵਾਈ ਗਈ। ਇਨ੍ਹਾਂ ਕਿਸਾਨਾਂ ਨੂੰ ਕਾਰਪ ਅਤੇ ਪੰਗਾਸ ਮੱਛੀ ਪਾਲਣ, ਤਾਜ਼ੇ ਪਾਣੀ ਦਾ ਝੀਂਗਾ ਪਾਲਣ, ਸਜਾਵਟੀ ਮੱਛੀ ਪਾਲਣ ਅਤੇ ਬਾਇਓਫਲਾਕ ਤੇ ਰੀਸਰਕੁਲੇਟਰੀ ਐਕੁਆਕਲਚਰ ਸਿਸਟਮ ਬਾਰੇ ਦੱਸਿਆ ਗਿਆ। ਸਿੱਖਿਆਰਥੀਆਂ ਨੂੰ ਮੱਛੀ ਪ੍ਰਬੰਧਨ ਦੇ ਨਾਲ ਨਾਲ ਸਿਹਤ ਪ੍ਰਬੰਧਨ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਸੰਬੰਧੀ ਵੀ ਪੂਰਨ ਜਾਣਕਾਰੀ ਦਿੱਤੀ ਗਈ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਕਿਸਾਨਾਂ ਦੀ ਸਮਰੱਥਾ ਉਸਾਰੀ ਲਈ ਪੂਰਨ ਪ੍ਰਤਿਬੱਧ ਹੈ।