ਤੋਹਫਿ਼ਆਂ ਦੀ ਰੇਲ...
ਗੁਰਮੇਲ ਸਿੰਘ ਸਿੱਧੂ
ਘਰਵਾਲੀ ਦਾ ਫ਼ਰਮਾਨ ਸੁਣੋ... ਅੱਧੇ ਘੰਟੇ ਵਾਸਤੇ ਆਪਣਾ ਫੋਨ ਕਰੋ ਬੰਦ ਤੇ ਡਾਇਨਿੰਗ ਟੇਬਲ ’ਤੇ ਬੈਠੋ। ਅੱਜ ਆਪਣੇ ਤੋਹਫ਼ੇ ਖੋਲ੍ਹ ਕੇ ਦੇਖੋ, ਪੰਜ ਸੱਤ ਤਾਂ ਪਿਛਲੇ ਸਾਲ ਵਾਲੇ ਵੀ ਉਵੇਂ ਹੀ ਪਏ। ਇਨ੍ਹਾਂ ਤੋਂ ਪੁਰਾਣੀਆਂ ਸਲਿਪਾਂ ਲਾਹੋ, ਨਵੀਆਂ ਲਾਵੋ। ਜੀਹਦਾ ਕਾਗਜ਼ ਵਧੀਆ, ਉਹ ਰੱਖ ਲਓ। ਪੈਕ ਕਰਨ ਵਾਲਾ ਨਵਾਂ ਸਮਾਨ ਲੈ ਆਈ ਹਾਂ। ਜਿਹੜੇ-ਜਿਹੜੇ ਬੰਦਿਆਂ ਨੂੰ ਦੀਵਾਲੀ ਦੇ ਤੋਹਫ਼ੇ ਦੇਣੇ ਨੇ, ਉਸ ਹਿਸਾਬ ਨਾਲ ਪੈਕ ਕਰੀ ਜਾਓ ਤੇ ਆਹ ਨਵੀਆਂ ਸਲਿਪਾਂ ਲਿਖੀ ਜਾਓ।... ਉਹ ਇੱਕੋ ਸਾਹ ਇੰਨਾ ਕੁਝ ਕਹਿ ਗਈ ਕਿ ਮੇਰੀ ਪਹਿਲੀ ਪੀਤੀ ਚਾਹ ਲਹਿ ਗਈ।
ਮੇਰੇ ਕੋਲ ਟਾਲ-ਮਟੋਲ ਦਾ ਹੋਰ ਕੋਈ ਬਹਾਨਾ ਨਹੀਂ ਸੀ। ਮੈਂ ਸਤਿ ਬਚਨ ਕਹਿ ਕੇ ਮੇਜ਼ ’ਤੇ ਕੂਹਣੀਆਂ ਰੱਖ ਕੇ ਬਹਿ ਗਿਆ ਤੇ ਕੰਮ ਦੀ ਸ਼ੁਰੂਆਤ ਦਾ ਆਸਰਾ ਲੈ ਕੇ ਕਿਹਾ, “ਲੈ ਫਿਰ ਮੈਨੂੰ ਅੱਧਾ ਕੱਪ ਕਰੜੀ ਜਿਹੀ ਚਾਹ ਹੋਰ ਪਿਆ ਦੇ। ਮੈਂ ਬਣਾਉਨਾ ਤੋਹਫਿ਼ਆਂ ਦੀ ਰੇਲ...।” ਤੇ ਨਾਲ ਹੀ ਵੱਡੇ ਆਕਾਰ ਦਾ ਪੁਰਾਣਾ ਪੈਕ ਤੋਹਫਾ ਹੱਥੀਂ ਉਗਾਸ ਕੇ ਕਿਹਾ, “ਆਹਾ ਤਾਂ ਕੱਚ ਦੇ ਭਾਂਡੇ ਲੱਗਦੇ ਨੇ ਭਾਰੇ ਜਿਹੇ।” ਪਤਨੀ ਨੇ ਚਾਹ ਧਰਦਿਆਂ ਕਿਹਾ, “ਆਹੋ।... ਆਹਾ ਡੌਂਗੇ ਤੇ ਕੌਲੀਆਂ ਰਮਨ ਕੇ ਦੇ ਆਓ, ਉਹ ਆਪ ਹਰ ਦੀਵਾਲੀ ਨੂੰ ਪੱਕਾ ਆਉਂਦੈ। ਐਤਕੀਂ ਲੇਟ ਆ। ਆਹਾ ਲੰਮੇ-ਲੰਮੇ ਗਲਾਸ ਤੇ ਜੱਗ ਬਲਜੀਤ ਕੇ ਦੇ ਗਏ ਸੀ ਪਿਛਲੇ ਸਾਲ, ਇਹ ਕੁਲਦੀਪ ਨੂੰ ਆਏ ਨੂੰ ਫੜਾ ਦਿਓ। ਕੁਰਾਲੀ ਕਿਹੜਾ ਜਾਊ। ਦੀਵਾਲੀ ਕਰ ਕੇ ਸੜਕਾਂ ’ਤੇ ਲੋਕ ਇਉਂ ਫਿਰਦੇ ਜਿਵੇਂ ਭੌਣ ’ਤੇ ਕੀੜੇ!” ਮੈਂ ਵਿਅੰਗ ਜਿਹੇ ਨਾਲ ਕਿਹਾ, “ਕੁਲਦੀਪ ਨੂੰ ਗਲਾਸ ਕਿਵੇਂ?” ਕਹਿੰਦੀ, “ਉਵੇਂ ਹੀ... ਬਾਪੂ ਬੇਬੇ ਸਿਆਲ ’ਚ ਦੁੱਧ ਚਾਹ ਪੀਆ ਕਰਨਗੇ।” “ਨਾਲ ਹੀ ਦੋਨੋਂ ਮੱਘ ਪਾ ਦਿਓ।” ਮੈਂ ਪੈਂਦੀ ਸੱਟੇ ਕਿਹਾ, “ਫਿਰ ਬੀਬੀਆਂ ਰਹਿ ਗਈਆਂ, ਉਨ੍ਹਾਂ ਦਾ ਵੀ ਪਾਓ ਕੁਸ।” “ਹਾਂ ਘਰ ਦਾ ਬਣਿਆ ਕੇਕ ਹੈ, ਮਖਾਣੇ ਪਾ ਦਿੰਦੀ ਹਾਂ। ਗੁੱਗੂ ਪੜ੍ਹਦੀ ਆ, ਦਿਮਾਗ ਤੇਜ਼ ਰਹੂ ਕੁੜੀ ਦਾ।”
“ਤੇ ਬਾਬਾ ਜੀ ਦੀ ਫੋਟੋ ਸਲਿਪ ਲਾਹ ਕੇ ਜਰਨੈਲ ਨੂੰ ਦੇ ਆਇਓ, ਸੇਬ ਲੈ ਜਾਇਓ। ਉਹ ਕਦੇ ਖਾਲੀ ਨਹੀਂ ਆਇਆ।”
“ਆਹਾ ਇੱਕ ਹੋਰ ਆ... ਪਹਿਲਾਂ ਚਾਹ ਪੀਓ... ਬਲਜੀਤ ਹੋਰੀਂ ਹਰ ਸਾਲ ਦੋ ਤਿੰਨ ਨਗ ਲੈ ਕੇ ਆਉਂਦੇ। ਸੱਚ... ਐਤਕੀਂ ਤਾਂ ਉਨ੍ਹਾਂ ਦੀਵਾਲੀ ਨਹੀਂ ਮਨਾਉਣੀ ਬਾਪੂ ਕਰ ਕੇ... ਇਹ ਵੀ ਆ... ਹਾਂ! ਬਾਪੂ ਤੁਰ ਗਿਆ ਸੀ ਲੋਹੜੀ ਦੇ ਲੱਗਭਗ ਜੇ।”
ਮੈਂ ਕਿਹਾ, “ਇਸ ਤਰ੍ਹਾਂ ਕਰਾਂਗੇ, ਉਨ੍ਹਾਂ ਨੇ ਵੱਡੀ ਗੱਡੀ ਨਵੀਂ ਖਰੀਦੀ ਆ, ਵਧਾਈ ਦੇ ਆਵਾਂਗੇ, ਨਾਲੇ ਘਰ ਦੇ ਬਣੇ ਬਿਸਕੁਟ ਲੈ ਚੱਲਾਂਗੇ।” ਪਤਨੀ ਨੇ ਗੱਲ ਪੂਰੀ ਕੀਤੀ, “ਜਿਹਦੇ ਕੁਝ ਦੇਣਾ, ਅੱਜ ਹੀ ਨਿਬੇੜੋ। ਅਗਲਾ ਪਹਿਲਾਂ ਨਾ ਆ ਜਾਵੇ।”
ਮੈਂ ਚਾਹ ਪੀਂਦੇ-ਪੀਂਦੇ ਕਿਹਾ, “ਆਪਾਂ ਅੰਦਰ ਬੈਠ ਕੇ ਪੈਕਿੰਗ ਕਰਦੇ ਆਂ, ਕੋਈ ਆ ਈ ਜਾਂਦਾ। ਕਹਿੰਦੀ, “ਤੁਹਾਡੀ ਮਰਜ਼ੀ ਕਿਤੇ ਬੈਠੋ, ਬੈਠ ਤਾਂ ਜਾਓ। ਐਨਾ ਚੱਕਰ ਨਹੀਂ ਹੁੰਦਾ, ਸਭ ਇਹੀ ਕੰਮ ਕਰਦੇ ਨੇ। ਐਨੇ ਭਾਂਡੇ, ਫੋਟੋਆਂ, ਗਿਫਟ ਕਿੱਥੇ ਧਰੀਏ। ਆਪਣੇ ਤਾਂ ਅਜੇ ਆਉਣੇ ਬਥੇਰੇ। ਤੁਹਾਡਾ ਬੈਂਸ ਸਾਹਿਬ ਜ਼ਰੂਰ ਪਹੁੰਚੂਗਾ ਪਰ ਐਤਕੀਂ ਬਿਮਾਰ ਹੈ, ਹੁਣ ਉਮਰ ਵੀ ਹੋਗੀ। ਭੋਲੀ ਦੱਸਦੀ ਸੀ ਫੋਨ ’ਤੇ... ਕਹਿੰਦੀ ਫੁੱਫੜ ਜੀ ਢਿੱਲੇ ਨੇ, ਹੁਣ ਤਾਂ ਘਰ ’ਚ ਹੀ ਰਹਿੰਦੇ ਨੇ। ਆਪਾਂ ਵੀ ਨਹੀਂ ਗਏ। ਤੁਸੀਂ ਸਿਆਣੇ ਬੰਦਿਆਂ ਵੱਲ ਆਪ ਜਾ ਆਇਓ। ਤੁਹਾਡੇ ਦਫ਼ਤਰ ਵਾਲੇ ਸੁਪਰਡੈਂਟ ਦਾ ਮੁੰਡਾ ਉਨ੍ਹਾਂ ਤੋਂ ਬਾਅਦ ਵੀ ਪੱਕਾ ਆਉਂਦਾ ਹਰ ਤਿੱਥ ਤਿਉਹਾਰ। ਆਪਾਂ ਚਲਾਂਗੇ, ਨਾਲੇ ਆਂਟੀ ’ਕੱਲੀ ਆ, ਵਿਚਾਰੀ ਨੂੰ ਮਿਲ ਆਵਾਂਗੇ।”
“ਬਾਕੀ ਆਹਾ ਵਿਨੋਦ ਕੇ ਡਾਕਟਰ ਕਪਿਲ ਤੇ ਤੁਹਾਡੀ ਯੂਨੀਅਨ ਵਾਲੇ ਇੱਕ ਹੋਰ ਨਵੇਂ ਚੇਲੇ ਚਾਚਾ ਜੀ, ਚਾਚਾ ਜੀ ਵਾਲੇ। ਉਹ ਗੋਲੂ ਜਿਹਾ ਕਟੋਚ, ਕਟੋਚ ਕਰਦੇ ਹੋਂ ਤੇ ਤੋਕੀ ਦਾ ਮੁੰਡਾ ਹਰ ਸਾਲ ਆਉਂਦਾ। ਪਰਮਿੰਦਰ ਮੋਟਾ। ਜਸਵੀਰ ਹੋਰੀਂ... ਸੱਚ ਓਧਰ ਬਾਬਾ ਜੀ ਦੇ 48 ਸੈਕਟਰ ਵੀ ਜਾਣਾ। ਬਸ ਐਂ ਹੀ ਸਿਲਸਿਲਾ ਚੱਲਦਾ, ਜਦੋਂ ਦੇ ਤਿੰਨ ਚਾਰ ਦਹਾਕਿਆਂ ਤੋਂ ਪਰਿਵਾਰ ਸਮੇਤ ਚੰਡੀਗੜ੍ਹ ਰਹਿਣ ਲੱਗੇ ਹਾਂ। ਥੋੜ੍ਹਾ ਹੋਰ ਯਾਦ ਕਰ ਲਓ, ਫਿਰ ਮੈਨੂੰ ਕਹੀ ਜਾਓਗੇ ਯਾਦ ਨਹੀਂ ਕਰਵਾਇਆ। ਆਹਾ ਸੁਸਾਇਟੀ ’ਚ ਤੁਸੀਂ ਇੱਕ ਨਵਾਂ ਭਾਲਿਆ ਜਿਹਦੇ ਕਾਲਜ ਤੇ ਹਸਪਤਾਲ ਦੱਸਦੇ ਹੋ, ਤੇ ਤਿੰਨ ਚਾਰ ਪਾਣੀ ਵਾਲੇ ਜਹਾਜ਼, ਜਿਨ੍ਹਾਂ ਦਾ ਮੁੰਡਾ ਸਰਦਾਰ ਆ, ਮੋਟੂ ਜਾ, ਐਡੇ ਵੱਡੇ ਜੂੜੇ ਵਾਲਾ।” ਪਤਨੀ ਨੇ ਅੱਧੇ ਘੰਟੇ ’ਚ ਮੇਰੇ ਮਨ ਉੱਪਰ 48 ਘੰਟਿਆਂ ਦਾ ਬੋਝ ਪਾ ਦਿੱਤਾ। ਮੈਂ ‘ਹਾਂ-ਹਾਂ’ ਕਰੀ ਜਾਵਾਂ।
“ਸੱਚ ਆਹਾ ਤਰਲੋਚਨ ਬਾਬਾ।”
ਮੈਂ ਕਿਹਾ, “ਕਿਹੜਾ ਤਰਲੋਚਨ?” ਕਹਿੰਦੀ, “ਆਪਣੀ ਸੁਸਾਇਟੀ ਵਾਲਾ ਫੌਜੀ, ਤੁਸੀਂ ਸੋਚਦੇ ਹੋ ਤੁਹਾਡਾ ਅਖਬਾਰਾਂ ਵਾਲਾ! ਉਹ ਤਾਂ ਕਿੱਥੇ ਆਉਂਦਾ ਕਿਸੇ ਦੇ, ਤੁਸੀਂ ਜ਼ਰੂਰ ਜਾਂਦੇ ਹੋ ਹਰ ਸਾਲ। ਹੁਣ ਤੁਸੀਂ ਵੀ ਨਹੀਂ ਗਏ ਪਿਛਲੇ ਸਾਲ ਤੋਂ।” ਮੈਂ ਕਿਹਾ, “ਹਾਂ ਉਹ ਆਪ ਤਾਂ...?” ਉਹ ਵਿੱਚੋਂ ਬੋਲੀ, “ਜਾਂਦਾ ਹੋਊ ਪਰ ਵੱਡਿਆਂ ਦੇ।” ਮੈਂ ਕਿਹਾ, “ਚੜ੍ਹਦੇ ਸੂਰਜ ਨੂੰ ਸਲਾਮਾਂ ਨੇ।”
ਅਸੀਂ ਨਾਲ-ਨਾਲ ਤੋਹਫ਼ੇ ਪੈਕ ਕਰੀ ਜਾਂਦੇ ਸੀ। ਹਾਸੇ ਦੀ ਗੱਲ ਯਾਦ ਆਈ- ਇੱਕ ਵਾਰ ਮੇਰਾ ਦੋਸਤ ਬਚਿੱਤਰ ਦੱਸੇ ਪਟਿਆਲੇ ਵਾਲਾ, ਕਹਿੰਦਾ ਜਿਹੜਾ ਗਿਫਟ ਮੈਂ ਆਪਣੇ ਮਹੱਲੇ ਵਿੱਚ ਕਿਸੇ ਦੋਸਤ ਨੂੰ ਦੇ ਕੇ ਆਇਆ ਸੀ। ਉਹ ਦੂਜੇ ਤੀਜੇ ਦਿਨ ਨਵੀਂ ਪੈਕਿੰਗ ਵਿੱਚ ਸਾਡੇ ਘਰ ਹੀ ਵਾਪਸ ਆ ਗਿਆ।
ਇਹ ਰੁਝਾਨ, ਰਿਵਾਜ਼ ਮਾੜਾ ਨਹੀਂ, ਸਾਲਾਨਾ ਪੰਜ-ਸੱਤ ਹਜ਼ਾਰ ਖਰਚ ਕੇ ਤੁਸੀਂ ਨਵੇਂ ਰਿਸ਼ਤੇ ਗੰਢ ਸਕਦੇ ਹੋ, ਪੁਰਾਣੇ ਰਿਸ਼ਤੇ ਸੰਢ ਸਕਦੇ ਹੋ, ਤੋਹਫਿਆਂ ਦੀ ਬਾਜ਼ਾਰੂ ਕੀਮਤ ਨਹੀਂ ਦੇਖੀ ਜਾਂਦੀ। ਆਂਢ-ਗੁਆਂਢ ਨਾਲ ਚੰਗੇ ਸਬੰਧ, ਦੋਸਤੀ, ਰਿਸ਼ਤੇਦਾਰੀ ਦਾ ਮੋਹ, ਅਪੱਣਤ ਦੀ ਭਾਵਨਾ ਬੇਸ਼ਕੀਮਤੀ ਹੁੰਦੀ ਹੈ। ਆਪਸੀ ਸਬੰਧਾਂ ਦਾ ਨਵੀਨੀਕਰਨ ਹੋ ਜਾਂਦਾ ਹੈ। ਤੋਹਫ਼ੇ ਧੜਕਦੀ ਜ਼ਿੰਦਗੀ ਦਾ ਪ੍ਰਤੀਕ ਹੁੰਦੇ। ਅੱਗੇ ਬੱਚਿਆਂ ਨਾਲ ਬੱਚੇ ਮਿਲ ਕੇ ਸਮਾਜਿਕ ਸਾਂਝ ਬਣ ਜਾਂਦੀ ਹੈ। ਚਾਹ ਪੀਂਦੇ-ਪੀਂਦੇ ਪੜ੍ਹਾਈ ਬਾਰੇ, ਰੁਜ਼ਗਾਰ ਬਾਰੇ, ਕਈ ਵਾਰ ਬੜੀ ਉਪਯੋਗੀ ਗੱਲ ਪਤਾ ਲੱਗਦੀ ਹੈ।...
ਸੰਪਰਕ: 95921-82111