For the best experience, open
https://m.punjabitribuneonline.com
on your mobile browser.
Advertisement

ਜੌਂ: ਤੱਤ ਭਰਪੂਰ ਹਾੜ੍ਹੀ ਰੁੱਤ ਦੀ ਅਣਗੌਲੀ ਫ਼ਸਲ

06:00 AM Nov 18, 2024 IST
ਜੌਂ  ਤੱਤ ਭਰਪੂਰ ਹਾੜ੍ਹੀ ਰੁੱਤ ਦੀ ਅਣਗੌਲੀ ਫ਼ਸਲ
Advertisement

Advertisement

ਡਾ. ਰਣਯੋਧ ਸਿੰਘ ਬੈਂਸ

Advertisement

ਕਰੀਬ 10 ਹਜ਼ਾਰ ਸਾਲ ਤੋਂ ਵੀ ਜ਼ਿਆਦਾ ਪਹਿਲਾਂ ਮਿਸਰ ਤੋਂ ਆ ਕੇ ਆਪਣੀ ਛਾਪ ਛੱਡਣ ਵਾਲੀ ਫ਼ਸਲ ਹਰੇ ਇਨਕਲਾਬ ਤੋਂ ਬਾਅਦ ਆਪਣੀ ਜਗ੍ਹਾ ਬਣਾਉਣ ਵਿੱਚ ਲਗਪਗ ਅਸਮਰੱਥ ਜਾਪਦੀ ਹੈ; ਭਾਵੇਂ ਕਿ ਫ਼ਸਲ ਦੇ ਗੁਣਾਂ ਭਰਪੂਰ ਹੋਣ ਦੇ ਜ਼ਿਕਰ ਰਿਗਵੇਦ ਵਿੱਚ ਵੀ ਮਿਲਦੇ ਹਨ। ਅਜੋਕੀ ਇਲਾਜ ਪ੍ਰਣਾਲੀ ਦੇ ਮੋਢੀ ਹਿਪੋਕਰੇਟਸ ਵੱਲੋਂ ਵੀ ਇਸ ਦੀ ਵਰਤੋਂ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਖਾਣ ਦੀ ਸਿਫ਼ਾਰਸ਼ ਦੇ ਜ਼ਿਕਰ ਮਿਲਦੇ ਹਨ। ਜੋ ਜ਼ੱਚਾ-ਬੱਚਾ ਦੋਵਾਂ ਦੀ ਸਿਹਤ ਵਾਸਤੇ ਲਾਹੇਵੰਦ ਮੰਨੀ ਜਾਂਦੀ ਰਹੀ ਹੈ। ਇਸ ਦੀ ਵਰਤੋਂ ਬੱਚੇ ਤੋਂ ਲੈ ਕੇ ਹਰ ਉਮਰ ਦੇ ਵਿਅਕਤੀ ਵਲੋਂ ਕੀਤੇ ਜਾਣ ਬਾਰੇ ਵੀ ਪ੍ਰਮਾਣ ਹਨ, ਪਰ ਹਰੇ ਇਨਕਲਾਬ ਦੀ ਮਾਰ ਹੇਠ ਇਸ ਫ਼ਸਲ ਨੂੰ ਮੁੜ ਆਪਣਾ ਪਹਿਲਾਂ ਵਾਲਾ ਦਰਜਾ ਹਾਸਲ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਸਾਲ 1960-61 ਦੌਰਾਨ ਇਸ ਫ਼ਸਲ ਹੇਠ ਕੁਲ ਭਾਰਤ ਦਾ ਕੁਲ 3.20 ਮਿਲੀਅਨ ਹੈਕਟੇਅਰ ਰਕਬਾ ਸੀ ਇਸੇ ਸਾਲ ਪੰਜਾਬ ਵਿਚ ਲਗਪਗ 66,000 ਹੈਕਟੇਅਰ ਰਕਬਾ ਇਸ ਫ਼ਸਲ ਹੇਠ ਬੀਜਿਆ ਗਿਆ ਸੀ।
ਹੁਣ ਪਾਠਕਾਂ ਦੇ ਮਨ ਵਿੱਚ ਸਵਾਲ ਪੈਦਾ ਹੋ ਰਿਹਾ ਹੋਵੇਗਾ ਕਿ ਅਜਿਹੀ ਕਿਹੜੀ ਫ਼ਸਲ ਦਾ ਜ਼ਿਕਰ ਹੋ ਰਿਹਾ ਹੈ; ਇਹ ਉਹ ਬਿਹਤਰੀਨ ਫ਼ਸਲ ਜੌਂ ਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁਣ ਭਰਪੂਰ ਹੈ। ਭਾਵੇਂ ਇਸ ਦਾ ਮਾਲਟ ਵਿਸਕੀ ਜਾਂ ਪਸ਼ੂਆਂ ਦਾ ਚਾਰਾ ਆਦਿ ਬਣਾਉਣ ਵਿੱਚ ਵੀ ਮੱਤਵਪੂਰਨ ਸਥਾਨ ਹੈ, ਇਸ ਲੇਖ ਵਿੱਚ ਅਸੀਂ ਛਿਲਕਾ ਰਹਿਤ ਜੌਂ ਦੇ ਮਨੁੱਖੀ ਸਿਹਤ ਉੱਤੇ ਪ੍ਰਭਾਵਾਂ ਬਾਰੇ ਗੱਲ ਕਰਾਂਗੇ।
ਇਹ ਫ਼ਸਲ ਕਣਕ ਦੇ ਮੁਕਾਬਲੇ ਬਹੁਤ ਹੀ ਘੱਟ ਪਾਣੀ ਨਾਲ ਪੱਕਣ ਵਾਲੀ ਫ਼ਸਲ ਹੈ। ਇਸ ਨੂੰ ਪੈਦਾ ਕਰਨ ਲਈ ਲਗਪਗ ਕਣਕ ਦੀ ਜ਼ਰੂਰਤ ਜਿੰਨੀ ਹੀ ਠੰਢ ਦੀ ਲੋੜ ਹੁੰਦੀ ਹੈ ਬਲਕਿ ਇਹ ਫ਼ਸਲ ਪੱਕਣ ਸਮੇਂ ਜੇ ਤਾਪਮਾਨ ਵਿੱਚ ਥੌੜ੍ਹਾ ਵਾਧਾ ਹੁੰਦਾ ਹੈ ਤਾਂ ਉਸ ਨੂੰ ਸਹਿਣ ਦੀ ਸਮਰੱਥਾ ਕਣਕ ਦੀ ਫ਼ਸਲ ਨਾਲੋਂ ਜ਼ਿਆਦਾ ਰੱਖਦੀ ਹੈ। ਜੌਂ ਦੀ ਫ਼ਸਲ ਲਈ 35 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਦੀ ਜ਼ਰੂਰਤ ਹੁੰਦੀ ਹੈ; ਜਦਕਿ ਕਣਕ ਲਈ 40 ਕਿਲੋ ਬੀਜ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਯੂਰੀਆ 55 ਕਿਲੋ ਅਤੇ ਡੀਏਪੀ 25 ਕਿਲੋ ਦੀ ਹੀ ਜ਼ਰੂਰਤ ਹੁੰਦੀ ਹੈ। ਜਦਕਿ ਕਣਕ ਲਈ ਕ੍ਰਮਵਾਰ 110 ਕਿਲੋ ਯੂਰੀਆ ਅਤੇ 55 ਕਿਲੋ ਡੀਏਪੀ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਭਾਵ ਕਣਕ ਦੀ ਫ਼ਸਲ ਨਾਲੋਂ ਲਗਪਗ ਅੱਧੀ ਮਾਤਰਾ ਵਿੱਚ ਹੀ ਖਾਦਾਂ ਦੀ ਜ਼ਰੂਰਤ ਹੋਣ ਕਾਰਨ ਲਾਗਤਾਂ ਦਾ ਮੁੱਲ ਵੀ ਘੱਟ ਹੋਣ ਕਾਰਨ ਇਸ ਨੂੰ ਪੈਦਾ ਕਰਨ ਦਾ ਖ਼ਰਚਾ ਵੀ ਕਣਕ ਦੇ ਮੁਕਾਬਲੇ ਘੱਟ ਆਉਂਦਾ ਹੈ।
ਕਣਕ ਦੀ ਫ਼ਸਲ ਦਾ ਜੇ ਕਰੋਮੋਸੋਮਾ ਦਾ ਹਿਸਾਬ ਦੇਖਿਆ ਜਾਵੇ ਤਾਂ ਇਹ ਹੈਕਸਾਪਲਾਓਡ (ਮਤਲਬ ਦੋ-ਦੋ ਦੇ ਤਿੰਨ ਜੋੜੇ) (AA BB DD); ਜਦੋਂਕਿ ਜੌਂ ਦੀ ਫ਼ਸਲ ਡਿਪਲਾਟਿਡ ਫ਼ਸਲ (AA BB) (ਭਾਵ ਦੋ-ਦੋ ਦੇ ਦੋ ਜੋੜੇ) ਹਨ। ਇਸ ਕਾਰਨ ਜਿੱਥੇ ਕਣਕ ਦੀ ਫ਼ਸਲ ਵਿੱਚ ਸੁਧਾਰ ਜਾਂ ਨਵੀਆਂ ਕਿਸਮਾਂ ਵਿਕਸਿਤ ਕਰਨ ਵਿੱਚ ਵਧੇਰੇ ਮੁਸ਼ਕਿਲ ਆਉਂਦੀ ਹੈ ਉੱਥੇ ਹੀ ਜੌਂ ਦੀ ਫ਼ਸਲ ਡਿਪਲਾਟਿਡ ਹੋਣ ਕਾਰਨ ਇਸ ਦੀਆਂ ਹੋਰ ਸੁਧਰੀਆਂ ਕਿਸਮਾਂ ਵਿਕਸਿਤ ਕਰਨ ਵਿੱਚ ਉਨੀ ਹੀ ਆਸਾਨੀ ਰਹਿੰਦੀ ਹੈ।
ਜੌਂ ਵਿੱਚ ਕਿਰਿਆਸ਼ੀਲ ਤੱਤਾਂ ਦੀ ਕਾਫ਼ੀ ਚੰਗੀ ਮਾਤਰਾ ਵਿੱਚ ਉਪਲਭਧਤਾ ਹੈ; ਜਿਵੇਂ ਕਿ ਬੀਟਾ ਗਲੂਕਨ (5-10%) ਜਦੋਂਕਿ ਕਣਕ ਵਿੱਚ ਸਿਰਫ਼ 1.6% ਅਤੇ ਚਾਵਲ ਵਿੱਚ 0.82% ਹੀ ਪਾਇਆ ਜਾਂਦਾ ਹੈ। ਫਾਈਟੋਕੈਮੀਕਲਜ, ਪ੍ਰਤੀਬੰਧਕ ਸਟਾਰਚ, ਲਿਗਨਿਨ, ਫੈਰੂਲਿਨ ਐਸਿਡ, ਫਾਈਟੋਸਟੀਰੋਲਜ ਅਤੇ ਐਂਟੀ-ਆਕਸੀਡੈਂਟ ਆਦਿ। ਇਨ੍ਹਾਂ ਤੋਂ ਇਲਾਵਾ ਜੌਂ ਬਹੁਤ ਹੀ ਵਧੀਆ ਮਾਤਰਾ ਵਿੱਚ ਨਾ ਘੁਲਣਸ਼ੀਲ ਵਾਲੇ ਫਾਈਬਰ, ਵਿਟਾਮਿਨ, ਪ੍ਰੋਟੀਨ ਸਣੇ ਹੋਰ ਮਹੱਤਵਪੂਰਨ ਤੱਤ ਮੌਜੂਦ ਹਨ। ਇਨ੍ਹਾਂ ਦੀ ਵੱਧ ਤੋਂ ਵੱਧ ਮਾਤਰਾ ਲੋਹਾ, ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਮੈਗਨੀਜ਼ ਤੱਤਾਂ ਦੀ ਉਪਲਬਧਤਾ ਨੂੰ ਘੱਟ ਕਰਦੀ ਹੈ ਇਸ ਲਈ ਕਣਕ ਦੇ ਮੁਕਾਬਲੇ ਜੌਂ ਵਿੱਚ ਇਹ ਫਾਈਟੇਟਸ ਬਹੁਤ ਘੱਟ ਹੋਣ ਕਰ ਕੇ ਇਸ ਦੀ ਗੁਣਵੱਤਾ ਨੂੰ ਹੋਰ ਵੀ ਵਧੀਆ ਬਣਾਉਂਦੇ ਹਨ। ਜੌਂ ਵਿਗਿਆਨੀ, ਇੰਡੀਅਨ ਇੰਸਟੀਚਿਊਟਸ ਆਫ ਵੀਟ ਐਂਡ ਬਾਰਲੇ, ਕਰਨਾਲ ਡਾ. ਓਮਵੀਰ ਸਿੰਘ ਅਨੁਸਾਰ ਜੇ ਅਸੀਂ ਕਣਕ ਦੀ ਖ਼ਪਤ ਨੂੰ ਘੱਟ ਕਰ ਕੇ ਉਸ ਦੀ ਜਗ੍ਹਾ ਜੌਂ ਨੂੰ ਦਿੰਦੇ ਹਾਂ ਤਾਂ ਇਸ ਨਾਲ ਕਰੀਬ ਅੱਧੇ ਹਸਪਤਾਲ ਬੰਦ ਹੋਣ ਕਿਨਾਰੇ ਆ ਜਾਣਗੇ। ਇਹ ਜ਼ਰੂਰਤ ਖ਼ਾਸ ਕਰ ਕੇ ਉਨ੍ਹਾਂ ਦੇਸ਼ਾਂ ਲਈ ਹੋਰ ਵੀ ਮਹੱਤਵ ਰੱਖਦੀ ਹੈ ਜਿਨ੍ਹਾਂ ਦੀ ਅਰਥ-ਵਿਵਸਥਾ ਅਜੇ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਹੋਈ। ਇਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ ਜਿੱਥੇ ਕੁਪੋਸ਼ਣ ਅਤੇ ਤੱਤ ਭਰਪੂਰ ਖਾਣੇ ਦੀ ਘਾਟ ਹੈ।
ਇਸ ਤੋਂ ਇਲਾਵਾ ਭਾਰਤ ਵਿੱਚ ਲਗਪਗ ਕੁੱਲ ਆਬਾਦੀ ਦੇ 11.4 ਫ਼ੀਸਦੀ ਅਤੇ ਪੰਜਾਬ ਵਿੱਚ 10 ਫ਼ੀਸਦੀ ਸ਼ੂਗਰ ਦੇ ਮਰੀਜ਼ ਹਨ। ਇਨ੍ਹਾਂ ਵਾਸਤੇ ਜੌਂ ਤੋਂ ਤਿਆਰ ਖਾਣਾ ਚੰਗਾ ਹੈ। ਇਸ ਵਿੱਚ ਕਣਕ ਦੇ ਮੁਕਾਬਲੇ ਇਸ ਦਾ ਗਲੀਸੀਸਕ ਇਨਡੈਕਸ (28) ਹੈ ਅਤੇ ਸਟਾਰਚ ਤੱਤ ਵੱਧ ਹੋਣ ਕਾਰਨ, ਖੂਨ ਵਿੱਚ ਖੰਡ ਤੱਤ ਦੀ ਮਿਕਦਾਰ ਨੂੰ ਘੱਟ ਅਤੇ ਨਿਰੰਤਰਨ ਵਿੱਚ ਰੱਖਦਾ ਹੈ। ਇਸ ਤੋਂ ਇਲਾਵਾ ਬੀਟਾ-ਗਲੂਕਨ ਇਨਸੂਲਿਨ (ਖੰਡ ਦੇ ਪਾਚਣ ਲਈ ਜ਼ਰੂਰੀ ਤੱਤ) ਦੀ ਕਾਰਜਸ਼ੀਲਤਾ ਨੂੰ ਵੀ ਵਧਾਉਂਦਾ ਹੈ ਅਤੇ ਇਸ ਦੇ ਨਾਲ-ਨਾਲ ਇੱਕ ਹੋਰ ਗਲੂਕਾਗੋਨ-ਲਾਈਕ-ਪੈਪਟਾਈਡ-1 ਨਾਮਕ ਹਰਮੋਨ ਦੀ ਉਤਪਤੀ ਨੂੰ ਵੀ ਹਲੂਣਾ ਦਿੰਦਾ ਹੈ ਜਿਸ ਨਾਲ ਸਰੀਰ ਵੱਲੋਂ ਬਰਾਬਰ ਮਾਤਰਾ ਵਿੱਚ ਗੁਲੂਕੋਜ਼ ਪੈਦਾ ਕੀਤਾ ਤੇ ਵਰਤ ਲਿਆ ਜਾਂਦਾ ਹੈ। ਬੀਟਾ ਗਲੂਕਨ ਆਂਦਰਾਂ ਵਿੱਚ ਜਾਲੀ ਵਰਗਾ ਪਦਾਰਥ ਬਣਾਉਂਦਾ ਹੈ, ਜਿਸ ਨਾਲ ਭੁੱਖ ਲੱਗਣਾ ਮਹਿਸੂਸ ਹੋਣਾ ਘਟ ਜਾਂਦਾ ਹੈ। ਸਟਾਰਚ ਮੋਟਾਪੇ ਨੂੰ ਸੌਖਿਆਂ ਨਜਿੱਠਣ ਦੀ ਸਮਰੱਥਾ ਰੱਖਦਾ ਹੈ। ਬੀਟਾ ਗਲੂਕਨ ਸਿਹਤ ਲਈ ਲਾਹੇਵੰਦ ਬੈਕਟੀਰੀਆ ਲਈ ਆਧਾਰ ਮੁਹੱਈਆ ਕਰਦਾ ਹੈ ਅਤੇ ਜਲਦੀ ਨਾਲ ਇਹ ਸ਼ਾਰਟ-ਚੈਨ-ਫੈਟੀ ਐਸਿਡ (SCFAs) ਦੇ ਨਿਰਮਾਣ ਵਿੱਚ ਸਹਾਈ ਹੰਦਾ ਹੈ। ਇਹ ਐਸਸੀਐਫਏ ਮਨੁੱਖ ਦੇ ਜਿਗਰ ਅਤੇ ਅੰਤੜੀਆਂ ਵਿੱਚ ਕੋਲੈਸਟਰੋਲ ਦੀ ਉਪਜ ਨੂੰ ਮੱਧਮ ਕਰ ਕੇ ਘੱਟ ਪੈਦਾ ਕਰਨ ਵਿੱਚ ਮਦਦ ਕਰਦਾ ਹੈ। ਜਿਗਰ ਵੱਲੋਂ ਕੋਲੈਸਟਰੋਲ ਨੂੰ ਬਾਈਲ ਐਸਿਡ ਬਣਾਉਣ ਲਈ ਵਰਤ ਲਿਆ ਜਾਂਦਾ ਹੈ ਅਤੇ ਅੰਤੜੀਆਂ ਵਿੱਚ ਬੀਟਾ ਗਲੂਕਨ ਬਾਈਲ ਐਸਿਡ ਨਾਲ ਜੁੜ ਕੇ, ਇਸ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਦਾ ਹੈ। ਇਸ ਨਾਲ ਅੰਤੜੀਆਂ ਵਿੱਚੋਂ ਕੋਲੈਸਟਰੋਲ ਘੱਟ ਜਜ਼ਬ ਹੁੰਦਾ ਕਿਉਂਕਿ ਇਸ ਵਿੱਚ ਬੀਟਾ ਗਲੂਕਨ ਨਾਮੀ ਜੈਲੀ ਮੌਜੂਦ ਹੁੰਦੀ ਹੈ ਜੋ ਇਸ ਨੂੰ ਸਰੀਰ ਵਿੱਚ ਅੰਤੜੀਆਂ ਵਿੱਚ ਘੱਟ ਜਜ਼ਬ ਹੋਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਯੂਐਸਏ ਨੇ ਪੁਸ਼ਟੀ ਕੀਤੀ ਹੈ ਕਿ ਜੌਂ ਅਤੇ ਜਵੀ (ਓਟਸ) ਵਿੱਚ ਬੀਟਾ ਗਲੂਕਨ ਨਾਮ ਦਾ ਤੱਤ ਦਿਲ ਦੀਆਂ ਬਿਮਾਰੀਆਂ ਹੋਣ ਦੀਆਂ ਸੰਭਾਵਾਨਾਵਾਂ ਨੂੰ ਘੱਟ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਇਸ ਦਾ ਕਾਰਨ ਇਹ ਵੀ ਦੱਸਿਆ ਹੈ ਕਿ ਬੀਟਾ ਗਲੂਕਨ ਨਾਮੀ ਤੱਤ ਲੋਅ ਡੈਂਸਟੀ ਲਿਪੋਪ੍ਰੋਟੀਨ (ਐਲਡੀਐਲ) ਅਤੇ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਰੱਖਦਾ ਹੈ, ਫਲਸਰੂਪ ਖੂਨ ਲਿਜਾਣ ਵਾਲੀਆਂ ਧਮਣੀਆਂ ਵਿੱਚ ਵਾਧੂ ਕੋਲੈਸਟਰੋਲ ਨੂੰ ਜੰਮ੍ਹਣ ਨਹੀਂ ਦਿੰਦਾ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੋਣ ਸਦਕਾ ਇਹ ਖੂਨ ਦੇ ਦਬਾਅ ਨੂੰ ਵੀ ਨਿਯੰਤਰਨ ਵਿੱਚ ਰੱਖਣ ਵਿੱਚ ਸਹਾਈ ਹੁੰਦੇ ਹਨ। ਜੌਂ ਵਿੱਚ ਮੌਜੂਦ ਐਂਟੀ-ਆਕਸੀਡੈਂਟ, ਵਿਟਾਮਿਨ, ਫਾਈਟੋ-ਨਿਊਟਰੀਐਂਟ, ਵਿਟਾਮਿਨ ਆਦਿ ਤੱਤ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਸੋਜ਼ਿਸ਼ ਨੂੰ ਵੀ ਘੱਟ ਕਰਨ ਕਰ ਕੇ ਦਿਲ ਦੀ ਸਿਹਤ ਲਈ ਲਾਹੇਵੰਦ ਹੁੰਦੀ ਹੈ। ਜੌਂ ਵਿੱਚ ਮੌਜੂਦ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਦਿਲ ਦੀਆਂ ਮਾਸਪੇਸ਼ੀਆਂ ਨੂੰ ਤਕੜਾ ਰੱਖਣ ’ਚ ਵਧੀਆ ਭੂਮਿਕਾ ਨਿਭਾਉਂਦੇ ਹਨ।
ਅੰਤੜੀਆਂ ਇੱਕ ਖ਼ਾਸ ਵਾਤਾਵਰਨ ਵਿੱਚ ਸੂਖਮ ਜੀਵਾਣੂ ਬੀਟਾ ਗਲੂਕਨ ਐਸਸੀਐਫਏਜ ਬਿਊਟੀਰੇਟ, ਐਸੀਟੇਟ ਅਤੇ ਪ੍ਰੋਟੀਨੇਟ ਉਪਜਦੇ ਹਨ, ਜੋ ਅੰਤੜੀਆਂ ਦੀ ਅੰਦਰੂਨੀ ਸਤਹਿ ਦੀ ਸਿਹਤ ਲਈ ਬਹੁਤ ਹੀ ਵਧੀਆ ਹੁੰਦੇ ਹਨ। ਇਹ ਅੰਤੜੀਆਂ ਦੀ ਸਿਹਤ ਵਧੀਆ ਰੱਖਣ ਵਿੱਚ ਲਾਹੇਵੰਦ ਸਾਬਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਸਿਹਤਮੰਦ ਅੰਤੜੀਆਂ ਸਰੀਰ ਦਾ ਲਗਪਗ 90 ਫ਼ੀਸਦੀ ਤੋਂ ਵੀ ਵੱਧ ਸੀਰੋਟੋਨਿਨ ਹਾਰਮੋਨ ਪੈਦਾ ਕਰਦੀਆਂ ਹਨ ਜੋ ਦਿਮਾਗੀ ਸਿਹਤ ਲਈ ਜ਼ਰੂਰੀ ਅਤੇ ਲੋੜੀਂਦਾ ਤੱਤ ਹੈ। ਇਹ ਹਾਰਮੋਨ ਸਿਰਫ਼ ਮਨੁੱਖ ਨੂੰ ਖ਼ੁਸ਼ ਰੱਖਣ ਲਈ ਹੀ ਜ਼ਰੂਰੀ ਨਹੀਂ ਹੁੰਦਾ ਸਗੋਂ ਪੜ੍ਹਾਈ ਕਰਨਾ, ਯਾਦਸ਼ਕਤੀ, ਨੀਂਦ, ਸਰੀਰ ਦੇ ਤਾਪਮਾਨ ਦਾ ਨਿਯੰਤਰਨ, ਭੁੱਖ ਲੱਗਣ ਅਤੇ ਮਰਦਾਨਾ/ਜ਼ਨਾਨਾ ਤਾਕਤ ਆਦਿ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।
*ਲੇਖਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਖੇਤੀਬਾੜੀ ਅਫ਼ਸਰ ਹੈ।
ਸੰਪਰਕ: 99883-12299

Advertisement
Author Image

Advertisement