For the best experience, open
https://m.punjabitribuneonline.com
on your mobile browser.
Advertisement

ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਆਵਾਜਾਈ ਠੱਪ

07:20 AM Feb 15, 2024 IST
ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਆਵਾਜਾਈ ਠੱਪ
ਕਿਸਾਨ ਸੰਘਰਸ਼ ਕਾਰਨ ਨਵੀਂ ਦਿੱਲੀ ਦੇ ਸਰਾਏ ਕਾਲੇ ਖਾਂ ਵਿੱਚ ਲੱਗੀਆਂ ਵਾਹਨਾਂ ਦੀਆਂ ਕਤਾਰਾਂ। -ਫੋਟੋ: ਮੁਕੇਸ਼ ਅਗਰਵਾਲ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਫਰਵਰੀ
ਕਿਸਾਨਾਂ ਦੇ ‘ਦਿੱਲੀ ਚਲੋ’ ਪ੍ਰੋਗਰਾਮ ਦੇ ਮੱਦੇਨਜ਼ਰ ਪੁਲੀਸ ਨੇ ਅੱਜ ਸਿੰਘੂ ਅਤੇ ਟਿਕਰੀ ਸਰਹੱਦ ’ਤੇ ਬਹੁਪਰਤੀ ਬੈਰੀਕੇਡ ਲਗਾ ਕੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਜਿਸ ਨਾਲ ਦਿੱਲੀ ਦੇ ਸਰਹੱਦੀ ਖੇਤਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਹਰਿਆਣਾ ਨਾਲ ਲੱਗਦੀਆਂ ਸਿੰਘੂ ਅਤੇ ਟਿਕਰੀ ਸਰਹੱਦਾਂ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕਣ ਲਈ ਸਿੰਘੂ ਸਰਹੱਦ ਨੇੜੇ ਇੱਕ ਪਿੰਡ ਵਿੱਚ ਸੜਕ ਦਾ ਇੱਕ ਹਿੱਸਾ ਪੁੱਟ ਦਿੱਤਾ ਗਿਆ। ਉੱਤਰ ਪ੍ਰਦੇਸ਼ ਨਾਲ ਲੱਗਦੀ ਅਪਸਰਾ ਅਤੇ ਗਾਜ਼ੀਪੁਰ ਸਰਹੱਦਾਂ ਆਵਾਜਾਈ ਲਈ ਖੁੱਲ੍ਹੀਆਂ ਹਨ ਪਰ ਦੋਵਾਂ ’ਤੇ ਭਾਰੀ ਸੁਰੱਖਿਆ ਬਲ ਤਾਇਨਾਤ ਹਨ। ਸ਼ਾਹਦਰਾ ਤੋਂ ਨੋਇਡਾ ਸੈਕਟਰ-62 ਵੱਲ ਜਾ ਰਹੇ ਅੰਕਿਤ ਸਿੰਘ ਨੇ ਦੱਸਿਆ ਕਿ ਗਾਜ਼ੀਪੁਰ ਸਰਹੱਦ ’ਤੇ ਆਵਾਜਾਈ ਥੋੜ੍ਹੀ ਪ੍ਰਭਾਵਿਤ ਹੋਈ ਹੈ।
ਦਿੱਲੀ ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਦੰਗਾ ਵਿਰੋਧੀ ਦਸਤੇ ਲਾਏ ਗਏ ਹਨ। ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਸਥਿਤੀ ’ਤੇ ਨਜ਼ਰ ਰੱਖਣ ਲਈ ਡਰੋਨ ਦੀ ਵਰਤੋਂ ਕੀਤੀ ਗਈ। ਹਰਿਆਣਾ ਨਾਲ ਲੱਗਦੀ ਸਿੰਘੂ ਅਤੇ ਟਿਕਰੀ ਸਰਹੱਦ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਨਾਲ ਲੱਗਦੀ ਗਾਜ਼ੀਪੁਰ ਹੱਦ ’ਤੇ ਬੈਰੀਕੇਡਾਂ, ਕੰਕਰੀਟ ਦੇ ਬਲਾਕ, ਲੋਹੇ ਦੀਆਂ ਮੇਖਾਂ ਅਤੇ ਕਨਟੇਨਰ ਦੀਆਂ ਕੰਧਾਂ ਦੀਆਂ ਕਈ ਪਰਤਾਂ ਲਗਾਈਆਂ ਗਈਆਂ ਹਨ। ਇਕ ਅਧਿਕਾਰੀ ਨੇ ਕਿਹਾ ਕਿ ਲੋੜ ਪੈਣ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਵਧਾਇਆ ਜਾ ਸਕਦਾ ਹੈ।
ਇਸ ਦੌਰਾਨ ਅੱਠ ਮਹੀਨਿਆਂ ਦੀ ਗਰਭਵਤੀ ਮਧੂ ਕੁਮਾਰੀ ਨੂੰ ਦਿੱਲੀ ਵਿੱਚ ਆਪਣੇ ਡਾਕਟਰ ਨੂੰ ਮਿਲਣ ਲਈ ਪੈਦਲ ਹੀ ਸਿੰਘੂ ਬਾਰਡਰ ਪਾਰ ਕਰਨਾ ਪਿਆ। ਕਿਸਾਨ ਪ੍ਰਦਰਸ਼ਨਕਾਰੀਆਂ ਦੇ ਮਾਰਚ ਨੂੰ ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸਿੰਘੂ ਬਾਰਡਰ ਕੋਲ ਹਰਿਆਣਾ ਦੇ ਸੋਨੀਪਤ ਨੂੰ ਦਿੱਲੀ ਨਾਲ ਜੋੜਨ ਵਾਲੀਆਂ ਕਈ ਸੜਕਾਂ ਪੁੱਟ ਦਿੱਤੀਆਂ ਗਈਆਂ ਹਨ। 30 ਸਾਲਾ ਮਧੂ ਆਪਣੇ ਪਤੀ ਅਤੇ ਦੋ ਹੋਰ ਰਿਸ਼ਤੇਦਾਰਾਂ ਨਾਲ ਡਾਕਟਰ ਨੂੰ ਮਿਲਣ ਲਈ ਨਿਕਲੀ ਸੀ ਪਰ ਕਈ ਹੋਰ ਯਾਤਰੀਆਂ ਵਾਂਗ ਉਸ ਨੂੰ ਸੀਲ ਕੀਤੀ ਸਰਹੱਦ ਅਤੇ ਭਾਰੀ ਪੁਲੀਸ ਤਾਇਨਾਤੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਧੂ ਨੇ ਕਿਹਾ, “ਬੱਸ ਸਾਨੂੰ ਸਿੰਘੂ ਬਾਰਡਰ ਤੋਂ ਬਹੁਤ ਪਿੱਛੇ ਛੱਡ ਗਈ।’’ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਦਿੱਲੀ ਜਾਣ ਲਈ ਉਨ੍ਹਾਂ ਨੂੰ ਦੂਜੇ ਪਾਸਿਓਂ ਆਵਾਜਾਈ ਦੇ ਹੋਰ ਸਾਧਨਾਂ ਦੀ ਵਰਤੋਂ ਕਰਨੀ ਪਵੇਗੀ। ਦਿੱਲੀ ਅਤੇ ਹਰਿਆਣਾ ਵਿਚਾਲੇ ਜਾਣ ਵਾਲੇ ਯਾਤਰੀ ਜਾਂ ਤਾਂ ਬਾਰਡਰਾਂ ਤੇ ਘੰਟਿਆਂਬੱਧੀ ਫਸੇ ਰਹੇ ਜਾਂ ਪੈਦਲ ਹੀ ਆਪਣੀ ਮੰਜ਼ਿਲ ’ਤੇ ਪਹੁੰਚੇ।

Advertisement

ਦੁਕਾਨਦਾਰਾਂ ਤੇ ਵਪਾਰੀਆਂ ਨੂੰ ਨੁਕਸਾਨ ਦਾ ਡਰ ਸਤਾਉਣ ਲੱਗਾ

ਨਵੀਂ ਦਿੱਲੀ: ਕਰੀਬ ਦੋ ਸਾਲ ਪਹਿਲਾਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨਾਂ ਵੱਲੋਂ ਕੀਤੇ ਗਏ ਅੰਦੋਲਨ ਕਾਰਨ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ ਅਤੇ ਅੱਜ ਜਦੋਂ ਮੁੜ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤ ਲਈਆਂ ਹਨ ਤਾਂ ਵਪਾਰੀ ਇਕ ਵਾਰ ਫਿਰ ਚਿੰਤਾ ’ਚ ਹਨ। ਫਿਲਹਾਲ ਮਾਰਚ ਨੂੰ ਪੰਜਾਬ-ਹਰਿਆਣਾ ਸਰਹੱਦ ’ਤੇ ਰੋਕ ਦਿੱਤਾ ਗਿਆ ਹੈ ਪਰ ਕਿਸਾਨਾਂ ਨੂੰ ਰਾਜਧਾਨੀ ’ਚ ਦਾਖਲ ਹੋਣ ਤੋਂ ਰੋਕਣ ਲਈ ਸਿੰਘੂ ਬਾਰਡਰ ’ਤੇ ਭਾਰੀ ਬੈਰੀਅਰਾਂ ਅਤੇ ਕਈ ਕੰਕਰੀਟ ਬਲਾਕਾਂ ਨਾਲ ਮਜ਼ਬੂਤ ​​ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਸਰਹੱਦ ਪਾਰ ਤੋਂ ਲੋਕਾਂ ਦੀ ਆਵਾਜਾਈ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ। ਆਵਾਜਾਈ ਸਮੇਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਕਾਰਨ ਸਥਾਨਕ ਲੋਕਾਂ ਨੂੰ ਆਉਣ-ਜਾਣ ਵਿਚ ਦਿੱਕਤ ਆ ਰਹੀ ਹੈ ਅਤੇ ਦੁਕਾਨਾਂ ਦੁਪਹਿਰ 2 ਵਜੇ ਤੋਂ ਪਹਿਲਾਂ ਹੀ ਬੰਦ ਹੋ ਰਹੀਆਂ ਹਨ। ‘ਕਾਸਟ ਟੂ ਕਾਸਟ’ ਨਾਂ ਦੇ ਸ਼ਾਪਿੰਗ ਕੰਪਲੈਕਸ ਦੇ ਮੈਨੇਜਰ ਨਿਕੇਸ਼ ਨੇ ਕਿਹਾ, ‘‘ਸਾਡੇ ਕਰਮਚਾਰੀਆਂ ਲਈ ਕੰਮ ਵਾਲੀ ਥਾਂ ’ਤੇ ਪਹੁੰਚਣਾ ਔਖਾ ਹੋ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਦੁਕਾਨਾਂ ਬੰਦ ਹਨ, ਜਿਸ ਕਾਰਨ ਸਾਨੂੰ ਰੋਜ਼ਾਨਾ 40,000 ਤੋਂ 50,000 ਰੁਪਏ ਦਾ ਨੁਕਸਾਨ ਹੋ ਰਿਹਾ ਹੈ।’’ ਉਨ੍ਹਾਂ ਕਿਹਾ, “ਅਸੀਂ ਜੋ ਇਮਾਰਤ ਕਿਰਾਏ ’ਤੇ ਲਈ ਹੈ, ਉਸ ਦਾ ਰੋਜ਼ਾਨਾ ਕਿਰਾਇਆ 20,000 ਰੁਪਏ ਹੈ। ਸਾਡੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ, ਸਰਕਾਰ ਜਾਂ ਕਿਸਾਨ?’’ ਸਥਾਨਕ ਬਾਜ਼ਾਰ ’ਚ ਕੁਝ ਹੀ ਦੁਕਾਨਾਂ ਖੁੱਲ੍ਹੀਆਂ ਹਨ ਪਰ ਗਾਹਕਾਂ ਦੀ ਘੱਟ ਗਿਣਤੀ ਅਤੇ ਦੁਕਾਨਾਂ ਦੇ ਸਮੇਂ ਤੋਂ ਪਹਿਲਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਖੇਤਰ ਦੇ ਇੱਕ ਦੁਕਾਨਦਾਰ ਨੇ ਕਿਹਾ, “ਜਦੋਂ ਤੋਂ ਇਹ ਰੋਕਾਂ ਲਗਾਈਆਂ ਗਈਆਂ ਹਨ, ਮੇਨੂੰ 95 ਪ੍ਰਤੀਸ਼ਤ ਨੁਕਸਾਨ ਹੋ ਰਿਹਾ ਹੈ।’’-ਪੀਟੀਆਈ

ਟਰੈਫਿਕ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ

ਨਵੀਂ ਦਿੱਲੀ/ਫਰੀਦਾਬਾਦ (ਪੱਤਰ ਪ੍ਰੇਰਕ): ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਦਿੱਲੀ ਟਰੈਫਿਕ ਪੁਲੀਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਅਨੁਸਾਰ ਸਿੰਘੂ ਬਾਰਡਰ ਤੋਂ ਪਾਰ ਐੱਨਐੱਚ-44 ਨੂੰ ਆਮ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੋਨੀਪਤ/ਪਾਨੀਪਤ ਵੱਲ ਜਾਣ ਵਾਲੀਆਂ ਹੋਰ ਸੜਕਾਂ ਵੀ ਪ੍ਰਭਾਵਿਤ ਹੋਈਆਂ ਹਨ। ਪੁਲੀਸ ਨੇ ਦਿੱਲੀ-ਨੋਇਡਾ-ਦਿੱਲੀ ਮਾਰਗ ਦੀਆਂ 2 ਲੇਨਾਂ ਯਾਤਰੀਆਂ ਲਈ ਖੋਲ੍ਹੀਆਂ ਹਨ। ਪੁਲੀਸ ਨੇ ਕਿਹਾ ਕਿ ਦਿੱਲੀ ਤੋਂ ਹਰਿਆਣਾ ਤੇ ਪੰਜਾਬ ਲਈ ਰੋਹਤਕ ਰੋਡ, ਨਜਫਗੜ੍ਹ-ਝਰੋਦਾ ਰੋਡ ਅਤੇ ਨਜਫਗੜ੍ਹ-ਧਾਂਸਾ ਰੋਡ ਰਾਹੀਂ ਜਾਇਆ ਜਾਵੇ। ਬਹਾਦਰਗੜ੍ਹ, ਰੋਹਤਕ, ਝੱਜਰ, ਗੁਰੂਗ੍ਰਾਮ ਆਦਿ ਵੱਲ ਜਾਣ ਵਾਲੇ ਯਾਤਰੀਆਂ ਨੂੰ ਨਜਫਗੜ੍ਹ-ਨੰਗਲੋਈ ਚੌਕ ਤੋਂ ਨਜਫਗੜ੍ਹ-ਨੰਗਲੋਈ ਰੋਡ, ਨਜਫਗੜ੍ਹ ਤੋਂ ਨਜਫਗੜ੍ਹ-ਦੌਰਾਲਾ ਰੋਡ ਅਤੇ ਨਜਫਗੜ੍ਹ ਤੋਂ ਨਜਫਗੜ੍ਹ-ਦੌਰਾਲਾ ਰੋਡ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ। ਇਸੇ ਤਰ੍ਹਾਂ ਫਰੀਦਾਬਾਦ ਪੁਲੀਸ ਨੇ ਫਰੀਦਾਬਾਦ ਤੋਂ ਪਲਵਲ, ਮਥੁਰਾ ਵੱਲ ਜਾਣ ਵਾਲੇ ਵਾਹਨਾਂ ਨੂੰ ਐੱਨਐੱਚ-19 ਤੋਂ, ਕੈਲੀ ਬਾਈਪਾਸ ਰੋਡ ਵੱਲ, ਕੇਜੀਪੀਐਕਸਪ੍ਰੈਸਵੇਅ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਈਐੱਮਪੀ ਚੌਕ ਤੋਂ ਪਿੰਡ ਮੱਛਗਰ ਤੋਂ ਛਾਇੰਸਾ ਰੋਡ ਰਾਹੀਂ ਪਲਵਲ ਵੱਲ ਜਾਇਆ ਜਾ ਸਕਦਾ ਹੈ।

Advertisement
Author Image

Advertisement
Advertisement
×