For the best experience, open
https://m.punjabitribuneonline.com
on your mobile browser.
Advertisement

ਟਰੈਫਿਕ ਪੁਲੀਸ ਨੇ ਵਾਹਨ ਚਲਾਉਣ ਵਾਲੇ ਨਾਬਾਲਗ ‘ਪੜ੍ਹਨੇ ਪਾਏ’

06:51 AM Aug 22, 2024 IST
ਟਰੈਫਿਕ ਪੁਲੀਸ ਨੇ ਵਾਹਨ ਚਲਾਉਣ ਵਾਲੇ ਨਾਬਾਲਗ ‘ਪੜ੍ਹਨੇ ਪਾਏ’
ਨਾਕਾਬੰਦੀ ਦੌਰਾਨ ਚਲਾਨ ਕੱਟਦੇ ਹੋਏ ਟਰੈਫਿਕ ਪੁਲੀਸ ਦੇ ਮੁਲਾਜ਼ਮ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਗਸਤ
ਪੁਲੀਸ ਵੱਲੋਂ ਸ਼ਹਿਰ ਵਿੱਚ ਨਾਬਾਲਗਾਂ ਵੱਲੋਂ ਵਾਹਨ ਚਲਾਉਣ ਵਾਲਿਆਂ ’ਤੇ ਕਾਰਵਾਈ ਕਰਨ ਲਈ ਦਿੱਤਾ ਗਈ ਛੋਟ ਦਾ ਸਮਾਂ ਮੰਗਲਵਾਰ ਨੂੰ ਖ਼ਤਮ ਹੋ ਗਿਆ ਸੀ ਤੇ ਅੱਜ ਲੁਧਿਆਣਾ ਦੀ ਟਰੈਫਿਕ ਪੁਲੀਸ ਨੇ ਕਈ ਥਾਵਾਂ ’ਤੇ ਸਕੂਲਾਂ ਦੇ ਬਾਹਰ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਵਾਹਨ ਚਲਾ ਰਹੇ ਨਾਬਾਲਗ ਬੱਚਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ। ਪੁਲੀਸ ਨੇ ਪਹਿਲੇ ਦਿਨ 21 ਵਾਹਨਾਂ ਦੇ ਚਲਾਨ ਕੀਤੇ। ਜੇ ਟਰੈਫਿਕ ਪੁਲੀਸ ਲੁਧਿਆਣਾ ਦੀ ਗੱਲ ਕਰੀਏ ਤਾਂ ਦੋ ਏਸੀਪੀ ਟਰੈਫਿਕ ਤਾਇਨਾਤ ਹਨ। ਜਦੋਂ ਏਸੀਪੀ ਗੁਰਪ੍ਰੀਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਤੌਰ ’ਤੇ ਕੁਝ ਨਹੀਂ ਦੱਸਿਆ ਅਤੇ ਸਿਰਫ਼ ਇੰਨਾ ਹੀ ਕਿਹਾ ਕਿ ਪੁਲੀਸ ਨੇ ਹਾਲੇ ਤੱਕ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ। ਘੱਟ ਉਮਰ ਦੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਪਰ ਸਕੂਲਾਂ ਦੇ ਬਾਹਰ ਹਾਲੇ ਤੱਕ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਜਦੋਂ ਏਸੀਪੀ ਚਰਨਜੀਵ ਲਾਂਬਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਛੇ ਥਾਵਾਂ ’ਤੇ ਨਾਕਾਬੰਦੀ ਦੌਰਾਨ 21 ਨਾਬਾਲਗ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਖਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।
ਜੇ ਗੱਲ ਕਰੀਏ ਤਾਂ ਕੇਂਦਰ ਸਰਕਾਰ ਵੱਲੋਂ 2019 ਵਿੱਚ ਸੋਧੇ ਗਏ ਮੋਟਰ ਵਹੀਕਲ ਐਕਟ ਦੇ ਅਨੁਸਾਰ ਜੇਕਰ ਪਰਿਵਾਰ ਦਾ ਕੋਈ ਵੀ ਮੈਂਬਰ ਆਪਣੇ ਨਾਬਾਲਿਗ ਬੱਚੇ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਨਾ ਸਿਰਫ਼ ਬੱਚੇ ਦਾ ਚਲਾਨ ਕੱਟਿਆ ਜਾਵੇਗਾ, ਸਗੋਂ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੇ ਨਾਲ-ਨਾਲ ਤਿੰਨ ਸਾਲ ਦੀ ਕੈਦ ਵੀ ਹੋ ਸਕਦੀ ਹੈ। ਏਡੀਜੀਪੀ ਟਰੈਫਿਕ ਏ ਐੱਸ ਰਾਏ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਪਰਿਵਾਰਕ ਮੈਂਬਰ ਸਕੂਲੀ ਬੱਚਿਆਂ ਨੂੰ ਛੱਡ ਕੇ ਜਾਣ ਤੇ ਲੈ ਕੇ ਜਾਣ ਜਿਸ ਤੋਂ ਬਾਅਦ ਟਰੈਫਿਕ ਪੁਲੀਸ ਨੇ ਸ਼ਹਿਰ ਦੇ ਸਕੂਲਾਂ ’ਚ ਜਾਗਰੂਕਤਾ ਮੁਹਿੰਮ ਚਲਾਈ ਸੀ। ਇਸ ਤੋਂ ਬਾਅਦ ਪਹਿਲੀ ਅਗਸਤ ਤੋਂ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ, ਪਰ ਬਾਅਦ ਵਿੱਚ ਪੁਲੀਸ ਨੇ ਇਹ ਕਾਰਵਾਈ ਵੀਹ ਦਿਨਾਂ ਲਈ ਟਾਲ ਦਿੱਤੀ ਤੇ 21 ਅਗਸਤ ਆਉਂਦੇ ਹੀ ਕਮਿਸ਼ਨਰੇਟ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
ਏਸੀਪੀ ਚਰਨਜੀਵ ਲਾਂਬਾ ਨੇ ਦੱਸਿਆ ਕਿ ਟਰੈਫਿਕ ਪੁਲੀਸ ਵੱਲੋਂ ਛੇ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ ਜਿਸ ਵਿੱਚ ਭਾਈ ਰਣਧੀਰ ਸਿੰਘ ਨਗਰ, ਸਰਾਭਾ ਨਗਰ, ਮਾਡਲ ਟਾਊਨ, ਦੁੱਗਰੀ ਸਮੇਤ ਹੋਰ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ 21 ਵਾਹਨਾਂ ਦੇ ਚਲਾਨ ਕੱਟੇ ਗਏ। ਚਲਾਨ ਦੇ ਨਾਲ ਹੀ 199 ਏ ਤਹਿਤ ਕਾਰਵਾਈ ਕੀਤੀ ਗਈ ਹੈ। ਏਸੀਪੀ ਨੇ ਦੱਸਿਆ ਕਿ ਇਨ੍ਹਾਂ ਚਲਾਨਾਂ ਨੂੰ ਅੱਗੇ ਅਦਾਲਤ ਵਿੱਚ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਅਦਾਲਤ ਉਨ੍ਹਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਸੰਮਨ ਕਰੇਗੀ। ਏਸੀਪੀ ਨੇ ਦੱਸਿਆ ਕਿ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਵੀ ਜਾਰੀ ਰਹੇਗੀ।

Advertisement
Advertisement
Author Image

Advertisement
×