For the best experience, open
https://m.punjabitribuneonline.com
on your mobile browser.
Advertisement

ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਡੇਅਰੀਆਂ ’ਤੇ ਲੱਗੇਗਾ ਜੁਰਮਾਨਾ

06:52 AM Aug 22, 2024 IST
ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਡੇਅਰੀਆਂ ’ਤੇ ਲੱਗੇਗਾ ਜੁਰਮਾਨਾ
ਡੀਸੀ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ।
Advertisement

ਗਗਨਦੀਪ ਅਰੋੜਾ
ਲੁਧਿਆਣਾ, 21 ਅਗਸਤ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੂੰ ਉਨ੍ਹਾਂ ਡੇਅਰੀਆਂ ’ਤੇ ਵਾਤਾਵਰਨ ਮੁਆਵਜ਼ਾ (ਜੁਰਮਾਨਾ) ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਜੋ ਬੁੱਢੇ ਦਰਿਆ ਵਿੱਚ ਪਸ਼ੂਆਂ ਦਾ ਗੋਬਰ ਸੁੱਟ ਕੇ ਇਸ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਬੁੱਢਾ ਦਰਿਆ ਦੇ ਪੁਨਰ-ਸੁਰਜੀਤੀ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਡੀਸੀ ਸਾਕਸ਼ੀ ਸਾਹਨੀ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਪੀ.ਪੀ.ਸੀ.ਬੀ., ਡਰੇਨੇਜ਼, ਪੇਂਡੂ ਵਿਕਾਸ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਬੁੱਢਾ ਦਰਿਆ ਦੀ ਸਫ਼ਾਈ ਲਈ ਸਰਕਾਰੀ ਫੰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਮਿਲਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੁੱਢਾ ਦਰਿਆ ਦੇ ਕਿਨਾਰਿਆਂ ’ਤੇ ਪਸ਼ੂ ਚਰਾਉਣ ’ਤੇ ਪਾਬੰਦੀ ਲਗਾਉਣ ਜਿੱਥੇ ਹਾਲ ਹੀ ਦੇ ਮਹੀਨਿਆਂ ਵਿੱਚ ਬੂਟੇ ਲਾਏ ਗਏ ਹਨ। ਰਾਜ ਸਭਾ ਮੈਂਬਰ ਸੀਚੇਵਾਲ ਨੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਡਾਇੰਗ ਉਦਯੋਗ ਵਿਰੁੱਧ ਸਖ਼ਤ ਕਾਰਵਾਈ ਕਰਨ ਜੋ ਅਣਸੋਧਿਆ ਪਾਣੀ ਨਿਗਮ ਦੀਆਂ ਸੀਵਰ ਲਾਈਨਾਂ ਵਿੱਚ ਪਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਬੁੱਢਾ ਦਰਿਆ ਵਿੱਚ ਖਤਰਨਾਕ ਭਾਰੀ ਧਾਤਾਂ ਛੱਡਣ ਵਾਲੀਆਂ ਇਕਾਈਆਂ ਦੀ ਪਛਾਣ ਕਰਨ ਦਾ ਕੰਮ ਵੀ ਸੌਂਪਿਆ। ਜਾਣਕਾਰੀ ਮੁਤਾਬਕ ਬੁੱਢਾ ਦਰਿਆ ਮੁੜ-ਸੁਰਜੀਤੀ ਪ੍ਰਾਜੈਕਟ ਦੇ ਪਹਿਲੂਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐੱਸ.ਟੀ.ਪੀ.), ਐਫਲੂਐਂਟ ਟ੍ਰੀਟਮੈਂਟ ਪਲਾਂਟ (ਈ.ਟੀ.ਪੀ.) ਆਦਿ ਸ਼ਾਮਲ ਹਨ। ਡੀਸੀ ਸਾਕਸ਼ੀ ਸਾਹਨੀ ਨੇ ਸੰਸਦ ਮੈਂਬਰ ਸੀਚੇਵਾਲ ਨੂੰ ਦੱਸਿਆ ਕਿ ਬੁੱਢੇ ਦਰਿਆ ਵਿੱਚ ਪਸ਼ੂਆਂ ਦਾ ਗੋਹਾ ਸੁੱਟਣ ਵਾਲੀਆਂ ਡੇਅਰੀਆਂ ਵਿਰੁੱਧ ਪਹਿਲਾਂ ਹੀ 70 ਤੋਂ ਵੱਧ ਐੱਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਬਿਜਲੀ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ। ਉਨ੍ਹਾਂ ਨਗਰ ਨਿਗਮ ਅਤੇ ਪੀਪੀਸੀਬੀ ਨੂੰ ਡਿਫਾਲਟਰ ਡੇਅਰੀਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਅਤੇ ਬਾਅਦ ਵਿੱਚ ਕਾਨੂੰਨ ਅਨੁਸਾਰ ਵਾਤਾਵਰਨ ਮੁਆਵਜ਼ਾ ਲਾਗੂ ਕਰਨ ਲਈ ਵੀ ਕਿਹਾ। ਸੰਸਦ ਮੈਂਬਰ ਸੀਚੇਵਾਲ ਨੇ ਕਿਹਾ ਕਿ ਕਾਲੀ ਵੇਈਂ ਵਾਂਗ ਬੁੱਢਾ ਦਰਿਆ ਵੀ ਸਾਡੀ ਵਿਰਾਸਤ ਦਾ ਹਿੱਸਾ ਹੈ ਅਤੇ ਇਸਦੀ ਧਾਰਮਿਕ ਮਹੱਤਤਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰਾ ਗਊਘਾਟ ਨੇੜੇ ਦਰਿਆ ਅਸਥਾਨ ’ਤੇ ਚਰਨ ਪਾਏ ਸਨ। ਦਰਿਆ ਵਿੱਚ ਕੂੜਾ-ਕਰਕਟ ਸੁੱਟਣ ਵਾਲੇ ਵਸਨੀਕ ਘਿਨਾਉਣੇ ਅਪਰਾਧ ਕਰ ਰਹੇ ਹਨ ਕਿਉਂਕਿ ਬੁੱਢਾ ਦਰਿਆ ਸਤਲੁਜ ਦਰਿਆ ਵਿੱਚ ਰਲ ਜਾਂਦਾ ਹੈ, ਜੋ ਰਾਜਸਥਾਨ ਤੇ ਪੰਜਾਬ ਦੇ ਵਸਨੀਕਾਂ ਲਈ ਪੀਣ ਵਾਲੇ ਪਾਣੀ ਦਾ ਸਰੋਤ ਹੈ।

Advertisement
Advertisement
Author Image

Advertisement
×