ਲੁਧਿਆਣਵੀਆਂ ਦਾ ਖਹਿੜਾ ਨਹੀਂ ਛੱਡ ਰਿਹਾ ‘ਟਰੈਫਿਕ ਜਾਮ’
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਫਰਵਰੀ
ਫਿਰੋਜ਼ਪੁਰ ਰੋਡ ਐਲੀਵੇਟਿਡ ਰੋਡ ਪ੍ਰਾਜੈਕਟ ਪੂਰਾ ਹੋਣ ਦੇ ਬਾਵਜੂਦ ਟਰੈਫਿਕ ਜਾਮ ਲੁਧਿਆਣਾ ਦੇ ਲੋਕਾਂ ਦਾ ਖਹਿੜਾ ਨਹੀਂ ਛੱਡ ਰਹੇ ਹਨ। ਫਿਰੋਜ਼ਪੁਰ ਰੋਡ ਤੋਂ ਟਰੈਫਿਕ ਆਸਾਨੀ ਨਾਲ ਚੱਲਣਾ ਹੀ ਹਾਲੇ ਸ਼ੁਰੂ ਹੋਇਆ ਸੀ ਕਿ ਹੁਣ ਦੱਖਣੀ ਬਾਈਪਾਸ ’ਤੇ ਨਾਨਕਸਰ ਗੁਰਦੁਆਰਾ ਸਾਹਿਬ ਦੀ ਬੈਕਸਾਈਡ ’ਤੇ ਸ਼ੁਰੂ ਹੋਣ ਵਾਲਾ ਦੱਖਣੀ ਬਾਈਪਾਸ ਦਾ ਸਭ ਤੋਂ ਲੰਬਾ ਪੁਲ ਅਗਲੇ 20 ਦਿਨਾਂ ਲਈ ਇੱਕ ਪਾਸਿਓਂ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ’ਚ ਇਸ ਪੁਲ ’ਤੇ ਗਿੱਲ ਪੁਲ ਵੱਲੋਂ ਤਾਂ ਟਰੈਫਿਕ ਆ ਸਕੇਗਾ, ਪਰ ਵੇਰਕਾ ਚੌਕ ਤੋਂ ਜਵੱਦੀ ਵੱਲ ਜਾਣਾ ਵਾਲਾ ਟਰੈਫਿਕ ਬੰਦ ਰਹੇਗਾ। ਅਜਿਹਾ ਇਸ ਲਈ ਕੀਤਾ ਗਿਆ ਹੈ, ਕਿਉਂਕਿ ਪੀਡਬਲਯੂਡੀ ਵਿਭਾਗ ਵੱਲੋਂ ਇੱਥੇ ਤੱਕ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਇਹ 20 ਦਿਨਾਂ ਲਈ ਸੜਕ ਬੰਦ ਰਹੇਗੀ। ਪੁਲ ਬੰਦ ਹੋਣ ਕਾਰਨ ਹੁਣ ਇਸ ਥਾਂ ’ਤੇ ਸਵੇਰ ਤੇ ਸ਼ਾਮ ਵੱਡਾ ਟਰੈਫਿਕ ਜਾਮ ਲੱਗ ਜਾਂਦਾ ਹੈ। ਇਸ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ ਬਾਈਪਾਸ ਦੇ ਪੁਲ ਕੋਲ ਕਾਫ਼ੀ ਭਾਰੀ ਵਾਹਨਾਂ ਲਈ ਰਸਤਾ ਬੰਦ ਕਰਨ ਨਾਲ ਉੱਥੇ ਲੰਬੀਆਂ ਲਾਈਨਾਂ ਲੱਗਣ ਲੱਗ ਗਈਆਂ ਹਨ। ਪੀਡਬਲਯੂਡੀ ਦੇ ਐਕਸੀਅਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸੋਮਵਾਰ ਸਵੇਰ ਤੋਂ ਨਾਨਕਸਰ ਗੁਰਦੁਆਰਾ ਸਾਹਿਬ ਦੀ ਬੈਕਸਾਈਡ ’ਤੇ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 20 ਦਿਨਾਂ ’ਚ ਇੱਕ ਪਾਸੇ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਦੂਸਰੇ ਪਾਸੇ ਨੂੰ ਅਗਲੇ 20 ਦਿਨਾਂ ਲਈ ਬੰਦ ਕਰ ਦਿੱਤਾ ਜਾਵੇਗਾ। ਜਿਸ ਨਾਲ ਜਵੱਦੀ ਤੋਂ ਵੇਰਕਾ ਚੌਕ ਵੱਲ ਜਾਣ ਵਾਲੇ ਟਰੈਫਿਕ ਨੂੰ ਤਬਦੀਲ ਕੀਤਾ ਜਾਵੇਗਾ, ਜਿਸਦੀ ਯੋਜਨਾ ਤਿਆਰ ਕਰ ਲਈ ਗਈ ਹੈ। ਚਾਰ ਪਹੀਆ ਵਾਹਨਾਂ ਲਈ ਬਦਲਵੇਂ ਰੂਟ ਵਜੋਂ ਜਵੱਦੀ ਪੁਲ ਕੋਲ ਜਾਣ ਲਈ ਪੱਖੋਵਾਲ ਰੋਡ ’ਤੇ ਬਣ ਚੁੱਕੇ ਰੇਲਵੇ ਅੰਡਰਬ੍ਰਿੱਜ ਨੂੰ ਰੱਖਿਆ ਗਿਆ ਹੈ। ਇਸ ਬ੍ਰਿੱਜ ਰਾਹੀਂ ਚਾਰ ਪਹੀਆ ਵਾਹਨ ਚਾਲਕ ਦੱਖਣੀ ਬਾਈਪਾਸ ਪੁੱਲ ਕੋਲ ਦੀ ਹੁੰਦੇ ਹੋਏ ਜ਼ੋਨ-ਡੀ ਦਫ਼ਤਰ ਦੇ ਅੱਗਿਓਂ ਲੰਘ ਕੇ ਪੱਖੋਵਾਲ ਰੋਡ ਆਰਯੂਬੀ ਦੀ ਵਰਤੋਂ ਕਰਦੇ ਹੋਏ ਪੱਖੋਵਾਲ ਰੋਡ, ਦੁੱਗਰੀ ਰੋਡ ’ਤੇ ਜਵੱਦੀ ਪੁੱਲ ਕੋਲ ਦੀ ਹੁੰਦੇ ਹੋਏ ਸਾਹਨੇਵਾਲ ਜਾਂ ਮਾਲੇਰਕੋਟਲਾ ਵੱਲ ਜਾ ਸਕਣਗੇ।
ਐਲੀਵੇਟਿਡ ਰੋਡ ’ਤੇ ਰਾਤ 9 ਵਜੇ ਤੋਂ ਬਾਅਦ ਹੋਵੇਗੀ ਐਂਟਰੀ
ਏਸੀਪੀ ਟਰੈਫਿਕ ਚਿੰਰਜੀਵ ਲਾਂਬਾ ਨੇ ਦੱਸਿਆ ਕਿ ਰਾਤ 9 ਵਜੇ ਤੋਂ ਬਾਅਦ ਐਲੀਵੇਟਿਡ ਰੋਡ ’ਤੇ ਭਾਰੀ ਵਾਹਨ ਆ ਸਕਦੇ ਹਨ। ਦੱਖਣੀ ਬਾਈਪਾਸ ’ਤੇ ਪੁਲੀਸ ਦੀ ਡਿਊਟੀ ਹਰ ਸਮੇਂ ਰਹੇਗੀ ਤਾਂ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਨਾਲ ਹੀ ਪੁਲੀਸ ਨੇ ਪੀਡਬਲਯੂਡੀ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਕਿ ਜਲਦੀ ਤੋਂ ਜਲਦੀ ਕੰਮ ਪੂਰਾ ਕੀਤਾ ਜਾਵੇ ਤਾਂ ਕਿ ਸ਼ਹਿਰ ’ਚ ਟਰੈਫਿਕ ਸਿਸਟਮ ਨੂੰ ਸਹੀ ਚਲਾਇਆ ਜਾ ਸਕੇ।