ਕਾਂਵੜ ਯਾਤਰਾ ਕਾਰਨ ਕਈ ਮਾਰਗਾਂ ’ਤੇ ਆਵਾਜਾਈ ਪ੍ਰਭਾਵਿਤ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਕਾਲਿੰਦੀ ਕੁੰਜ ਕੈਰੇਜਵੇਅ ਅਤੇ ਸਰਿਤਾ ਵਿਹਾਰ ਫਲਾਈਓਵਰ ਸਮੇਤ ਦਿੱਲੀ ਤੋਂ ਨੋਇਡਾ ਦੇ ਕਈ ਮਾਰਗਾਂ ’ਤੇ ਅੱਜ ਟਰੈਫਿਕ ਜਾਮ ਹੋਇਆ। ਦਿੱਲੀ ਟਰੈਫਿਕ ਪੁਲੀਸ ਨੇ ਜਾਮ ਦਾ ਕਾਰਨ ਕਾਂਵੜੀਆਂ ਦੀ ਆਮਦ, ਯਮੁਨਾ ਪੁਲ ’ਤੇ ਬੱਸ ਖਰਾਬ ਹੋਣ ਕਾਰਨ ਸੜਕ ਬੰਦ ਹੋਣਾ ਦੱਸਿਆ ਹੈ। ਯਮੁਨਾ ਪੁਲ ’ਤੇ ਇਕ ਬੱਸ ਦੇ ਖਰਾਬ ਹੋਣ ਕਾਰਨ ਕਾਲਿੰਦੀ ਕੁੰਜ ਅਤੇ ਰੋਡ ਨੰਬਰ 13 ’ਤੇ ਨੋਇਡਾ ਵੱਲ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸਫ਼ਰ ਦੀ ਯੋਜਨਾ ਉਸੇ ਅਨੁਸਾਰ ਬਣਾਉਣ। ਇਸੇ ਤਰ੍ਹਾਂ ਸੀਆਰਆਰਆਈ ਰੈੱਡ ਲਾਈਟ ਨੇੜੇ ਇਕ ਹੋਰ ਬੱਸ ਖਰਾਬ ਹੋਣ ਕਾਰਨ ਮਥੁਰਾ ਰੋਡ ’ਤੇ ਆਵਾਜਾਈ ਵਿੱਚ ਭਾਰੀ ਦੇਰੀ ਹੋਈ, ਜਿਸ ਨਾਲ ਆਸ਼ਰਮ ਤੋਂ ਬਦਰਪੁਰ ਵੱਲ ਕੈਰੇਜਵੇਅ ਪ੍ਰਭਾਵਿਤ ਹੋਇਆ। ਕਾਂਵੜੀਆਂ ਕਾਰਨ ਦਿੱਲੀ ਅਤੇ ਨੋਇਡਾ ਵਿਚਕਾਰ ਕਈ ਸੜਕਾਂ ਬੰਦ ਹੋ ਗਈਆਂ। 27 ਜੁਲਾਈ ਨੂੰ ਟਰੈਫਿਕ ਪੁਲੀਸ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਦੱਸਿਆ ਗਿਆ ਸੀ ਕਿ ਯੂਪੀ ਪੁਲੀਸ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਕਾਲਿੰਦੀ ਕੁੰਜ ਰੈੱਡ ਲਾਈਟ ਅਤੇ ਰੋਡ ਨੰਬਰ 13-ਏ, ਜਸੋਲਾ ਵਿਹਾਰ ਵਿੱਚ ਭਾਰੀ ਆਵਾਜਾਈ ਰਹੇਗੀ। ਕਾਲਿੰਦੀ ਕੁੰਜ ਟਰੈਫਿਕ ਸਿਗਨਲ ਤੋਂ ਨੋਇਡਾ ਵੱਲ ਜਾਣ ਵਾਲੇ ਕੈਰੇਜਵੇਅ ਦਾ ਅੱਧਾ ਹਿੱਸਾ ਕਾਂਵੜੀਆਂ ਦੀ ਆਵਾਜਾਈ ਲਈ ਤੈਅ ਕੀਤਾ ਗਿਆ ਹੈ।