ਅਨਿਲ ਵਿਜ ਨੇ ਮੁੜ ਦੱਸਿਆ ਖ਼ੁਦ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ
ਨਵੀਂ ਦਿੱਲੀ, 5 ਅਕਤੂਬਰ
Anil Vij Ambala Cantt: ਹਰਿਆਣਾ ਵਿਚ ਸ਼ਨਿੱਚਰਵਾਰ ਨੂੰ ਜਾਰੀ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਖ਼ੁਦ ਨੂੰ ਭਾਜਪਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਤੇ ਸਭ ਤੋਂ ਸੀਨੀਅਰ ਆਗੂ ਕਰਾਰ ਦਿੱਤਾ ਹੈ। ਆਪਣੇ ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਵਿਚ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਉਹ ਹਰਿਆਣਾ ਵਿਚ ਭਾਜਪਾ ਦੇ ਸਭ ਤੋਂ ਸੀਨੀਅਰ ਆਗੂ ਹਨ ਅਤੇ ਇਸ ਲਈ ਮੁੱਖ ਮੰਤਰੀ ਦੇ ਅਹੁਦੇ ਵਾਸਤੇ ‘ਢੁਕਵੇਂ’ ਉਮੀਦਵਾਰ ਹਨ।
ਉਨ੍ਹਾਂ ਇਹ ਭਰੋਸਾ ਵੀ ਜ਼ਾਹਰ ਕੀਤਾ ਕਿ ਸੂਬੇ ਵਿਚ ਭਾਜਪਾ ਲਗਾਤਾਰ ਤੀਜੀ ਵਾਰ ਆਪਣੀ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ, ‘‘ਜਦੋਂ 2014 ਵਿਚ (ਹਰਿਆਣਾ ਵਿਚ) ਸਾਡੀ ਸਰਕਾਰ ਬਣੀ ਸੀ, ਮੈਂ ਸਭ ਤੋਂ ਸੀਨੀਅਰ ਆਗੂ ਸਾਂ। ਉਸ ਤੋਂ ਪਹਿਲਾਂ 2009 ਤੋਂ 2014 ਤੱਕ ਮੈਂ ਵਿਰੋਧੀ ਧਿਰ ਦਾ ਆਗੂ ਸਾਂ।’’
ਉਨ੍ਹਾਂ ਹੋਰ ਕਿਹਾ, ‘‘ਜਦੋਂ ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਉਦੋਂ ਵੀ ਮੈਂ ਹੀ ਸਭ ਤੋਂ ਸੀਨੀਅਰ ਆਗੂ ਸਾਂ। ਇਸ ਕਾਰਨ ਹਰਿਆਣਾ ਦੇ ਲੋਕਾਂ ਵਿਚ ਚਿੰਤਾ ਪੈਦਾ ਹੋਈ ਕਿ ਨਾਇਬ ਸਿੰਘ ਸੈਣੀ ਵਰਗਾ ਜੂਨੀਅਰ ਆਗੂ ਕਿਉਂ ਮੁੱਖ ਮੰਤਰੀ ਬਣ ਸਕਦਾ ਹੈ ਅਤੇ ਅਨਿਲ ਵਿਜ ਕਿਉਂ ਨਹੀਂ। ਕੁਝ ਲੋਕਾਂ ਨੇ ਤਾਂ ਇਥੋਂ ਤੱਕ ਆਖਿਆ ਕਿ ਲੀਡਰਸ਼ਿਪ ਮੈਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੋਵੇਗੀ ਪਰ ਮੈਂ ਹੀ ਨਾਂਹ ਕਰ ਦਿੱਤੀ ਹੋਵੇਗੀ।’’ -
ਉਨ੍ਹਾਂ ਕਿਹਾ, ‘‘ਜੇ ਮੈਨੂੰ ਅਗਲਾ ਮੁੱਖ ਮੰਤਰੀ ਚੁਣਿਆ ਜਾਂਦਾ ਹੈ ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਇਹ ਜ਼ਿੰਮੇਵਾਰੀ ਪ੍ਰਵਾਨ ਕਰ ਲਵਾਂਗਾ ਅਤੇ ਹਰਿਆਣਾ ਦੀ ਬਿਹਤਰੀ ਲਈ ਕੰਮ ਕਰਾਂਗਾ।’’ -ਆਈਏਐੱਨਐੱਸ