ਸੜਕ ’ਤੇ ਖੜ੍ਹੇ ਟਰੱਕਾਂ ਕਾਰਨ ਆਵਾਜਾਈ ਪ੍ਰਭਾਵਿਤ
ਸਰਬਜੀਤ ਸਿੰਘ ਭੱਟੀ
ਲਾਲੜੂ, 30 ਨਵੰਬਰ
ਅੰਬਾਲਾ-ਚੰਡੀਗੜ੍ਹ ਮਾਰਗ ’ਤੇ ਸਥਿਤ ਢਾਬਿਆਂ ’ਤੇ ਖਾਣੇ ਲਈ ਰੁਕਣ ਵਾਲੇ ਟਰੱਕਾਂ ਦੇ ਚਾਲਕ ਆਪਣੇ ਵਾਹਨ ਸੜਕ ਕਿਨਾਰੇ ਖੜ੍ਹੇ ਕਰਦੇ ਹਨ, ਇਸ ਕਾਰਨ ਜਿੱਥੇ ਹਾਦਸੇ ਵਾਪਰਨ ਦਾ ਖ਼ਤਰਾ ਖੜ੍ਹਾ ਹੁੰਦਾ ਹੈ, ਉੱਥੇ ਹੀ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ। ਜ਼ਿਕਰਯੋਗ ਹੈ ਕਿ ਸ਼ੰਭੂ ਬੈਰੀਅਰ ਬੰਦ ਹੋਣ ਕਾਰਨ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਆਵਾਜਾਈ ਵਧਣ ਕਾਰਨ ਲਾਲੜੂ ਨੇੜੇ ਜਾਮ ਵਰਗੀ ਸਥਿਤੀ ਹੈ। ਇਥੇ ਹਾਈਵੇਅ ’ਤੇ ਸਥਿਤ ਆਲਮਗੀਰ ਮੌੜ ਨੇੜੇ ਢਾਬੇ ਤੇ ਦੁਕਾਨਾਂ ’ਤੇ ਵੱਡੀ ਗਿਣਤੀ ’ਚ ਟਰੱਕ ਖੜ੍ਹਦੇ ਹਨ। ਜ਼ਿਕਰਯੋਗ ਹੈ ਕਿ ਸਾਲ 2020 ਤੋਂ ਲੈ ਕੇ 2023 ਤਕ ਕਰੀਬ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਕਿ ਕਈ ਹੋਰ ਜਖ਼ਮੀ ਹੋ ਚੁੱਕੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਸਮੱਸਿਆ ਤੋਂ ਰਾਹਗੀਰਾਂ ਨੂੰ ਰਾਹਤ ਦਿਵਾਏ।
ਲਾਲੜੂ ਦੇ ਟਰੈਫਿਕ ਇੰਚਾਰਜ ਜਸਬੀਰ ਸਿੰਘ ਨੇ ਕਿਹਾ ਕਿ ਸੜਕ ’ਤੇ ਵਾਹਨ ਪਾਰਕ ਕਰਨਾ ਨਿਯਮਾਂ ਦੀ ਉਲੰਘਣਾ ਹੈ। ਮੁੱਖ ਮਾਰਗ ’ਤੇ ਖੜ੍ਹੇ ਟਰੱਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।