ਸਰਵਿਸ ਰੋਡ ’ਤੇ ਨਾਜਾਇਜ਼ ਪਾਰਕਿੰਗ ਕਾਰਨ ਆਵਾਜਾਈ ਪ੍ਰਭਾਵਿਤ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਨਵੰਬਰ
ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਮੁੱਖ ਬਾਜ਼ਾਰ ਦੇ ਖੱਬੇ ਪਾਸੇ ਦੇ ਮੁੱਖ ਰੋਡ ਵਾਲੇ ਸਰਵਿਸ ਰੋਡ ਉੱਤੇ ਵੱਡੀ ਗਿਣਤੀ ਵਿੱਚ ਖੜ੍ਹਦੇ ਮੋਟਰਸਾਈਕਲ ਟਰੈਫਿਕ ਸਮੱਸਿਆ ਲਈ ਗੰਭੀਰ ਚੁਣੌਤੀ ਬਣ ਰਹੇ ਹਨ। ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਤੋਂ ਪੁਰਾਣੇ ਬੱਸ ਸਟੈਂਡ ਤੱਕ ਸਾਰਾ ਦਿਨ ਟਰੈਫਿਕ ਦੀ ਸਥਿਤੀ ਬੇਹੱਦ ਗੰਭੀਰ ਬਣੀ ਰਹਿੰਦੀ ਹੈ ਜਦੋਂ ਕਿ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਜਾਮ ਦੀ ਸਥਿਤੀ ਨਾਲ ਨਜਿੱਠਣ ਲਈ ਟਰੈਫਿਕ ਪੁਲੀਸ ਪੂਰਾ ਦਿਨ ਤਾਇਨਾਤ ਰਹਿੰਦੀ ਹੈ। ਨੈਸ਼ਨਲ ਹਾਈਵੇਅ ’ਤੇ ਜਾਖਲ ਤੇ ਨਰਵਾਣਾ ਰੋਡ ਨੂੰ ਜਾਣ ਲਈ ਦਿੱਤੇ ਕੱਟ ’ਤੇ ਸਰਵਿਸ ਰੋਡ ਉੱਤੇ ਖੜ੍ਹਦੇ ਮੋਟਰਸਾਈਕਲ ਜਾਮ ਲੱਗਣ ਦਾ ਵੱਡਾ ਕਾਰਨ ਬਣਦੇ ਹਨ। ਮੁੱਖ ਬਾਜ਼ਾਰ ਦੀਆਂ ਦੁਕਾਨਾਂ ਉੱਤੇ ਕੰਮ ਕਰਨ ਵਾਲਿਆਂ ਤੇ ਖ਼ਰੀਦਦਾਰੀ ਲਈ ਆਉਣ ਵਾਲੇ ਲੋਕਾਂ ਵੱਲੋਂ ਪਾਰਕਿੰਗ ਦੀ ਘਾਟ ਕਰਕੇ ਸੜਕ ਕਿਨਾਰੇ ਖੜਦੇ ਮੋਟਰਸਾਈਕਲ ਅਤੇ ਮੁੱਖ ਰੋਡ ਉੱਤੇ ਖੜੀਆਂ ਗੱਡੀਆਂ ਵੱਡੇ ਸਮੱਸਿਆ ਬਣਦੀਆਂ ਹਨ।
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੁੱਖ ਬਾਜ਼ਾਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਟਰੈਫਿਕ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਨੂੰ ਨਿਜਾਤ ਦਵਾਉਣ ਲਈ ਇੱਕੋ ਇੱਕ ਹੱਲ ਦਿੱਲੀ ਸੰਗਰੂਰ ਨੈਸ਼ਨਲ ਹਾਈਵੇ ਉਤੇ ਫਲਾਈਓਵਰ (ਪੁਲ) ਦਾ ਨਿਰਮਾਣ ਕਰਨਾ ਹੈ। ਸੜਕ ਦੇ ਨਿਰਮਾਣ ਵੇਲੇ ਸ਼ਹਿਰ ਦੇ ਕੁਝ ਲੋਕਾਂ ਵੱਲੋਂ ਬਣਾਏ ਜਾਣ ਵਾਲੇ ਪੁਲ ਦਾ ਵਿਰੋਧ ਕੀਤੇ ਜਾਣ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪੁਲ ਨਹੀਂ ਬਣਾਇਆ ਗਿਆ, ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਕੁਝ ਸਮਾਂ ਪਹਿਲਾਂ ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਨੈਸ਼ਨਲ ਹਾਈਵੇਅ ਅਥਾਰਟੀ ਤੱਕ ਪਹੁੰਚ ਕਰਕੇ ਪੂਲ ਦਾ ਜਲਦੀ ਨਿਰਮਾਣ ਕੀਤੇ ਜਾਣ ਦਾ ਦਾਅਵਾ ਕੀਤਾ ਸੀ ਪਰ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋਇਆ।
ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।