ਸਦਰ ਬਾਜ਼ਾਰ ਦੇ ਵਪਾਰੀ ਮੇਅਰ ਨੂੰ ਮਿਲੇ
ਨਵੀਂ ਦਿੱਲੀ: ਸਦਰ ਬਾਜ਼ਾਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡ ਐਸੋਸੀਏਸ਼ਨ ਦੇ ਆਗੂਆਂ ਨੇ ਵਿਧਾਇਕ ਅਤੇ ‘ਆਪ’ ਵਪਾਰ ਵਿੰਗ ਦੇ ਪ੍ਰਧਾਨ ਮਹਿੰਦਰ ਗੋਇਲ ਦੀ ਪ੍ਰਧਾਨਗੀ ਹੇਠ ਮੇਅਰ ਸ਼ੈਲੀ ਓਬਰਾਏ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਫੈਡਰੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ਪ੍ਰਧਾਨ ਰਾਕੇਸ਼ ਯਾਦਵ, ਵਾਈਸ ਚੇਅਰਮੈਨ ਪਵਨ ਖੰਡੇਲਵਾਲ, ਸੀਨੀਅਰ ਮੀਤ ਪ੍ਰਧਾਨ ਰਾਜੀਵ ਛਾਬੜਾ, ਜਨਰਲ ਸਕੱਤਰ ਸਤਪਾਲ ਸਿੰਘ ਮੰਗਾ, ‘ਆਪ’ ਵਪਾਰ ਵਿੰਗ ਦੇ ਪ੍ਰਧਾਨ ਜਸਵਿੰਦਰ ਸਿੰਘ ਸਣੇ ਕਈ ਵਪਾਰੀ ਹਾਜ਼ਰ ਸਨ। ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਮੇਅਰ ਸ਼ੈਲੀ ਓਬਰਾਏ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਦਿੱਲੀ ਨਗਰ ਨਿਗਮ ਨੇ ਬੜਾ ਟੂਟੀ ਚੌਕ ਵਿੱਚ ਪੁਰਾਣੇ ਟਾਇਲਟ ਦੀ ਥਾਂ ’ਤੇ ਨਵਾਂ ਟਾਇਲਟ ਬਲਾਕ ਬਣਾਉਣ ਦਾ ਫ਼ੈਸਲਾ ਕੀਤਾ ਹੈ ਪਰ ਬਹੁਤ ਹੀ ਚਿੰਤਾ ਦੀ ਗੱਲ ਹੈ ਕਿ ਨਵੇਂ ਪਖਾਨੇ ਦੀ ਉਸਾਰੀ ਦੀ ਆੜ ਵਿੱਚ ਕੁੱਝ ਵਿਅਕਤੀ 1938 ਤੋਂ ਚੱਲ ਰਹੇ ਪੁਰਾਣੇ ਟਾਇਲਟ ਬਲਾਕ ਨੂੰ ਢਾਹੁਣ ਲਈ ਯਤਨ ਕਰ ਰਹੇ ਹਨ, ਜਦੋਂਕਿ ਉਕਤ ਵਿਅਕਤੀਆਂ ਕੋਲ ਟਾਇਲਟ ਬਲਾਕ ਢਾਹੁਣ ਦਾ ਕੋਈ ਲਿਖਤੀ ਹੁਕਮ ਜਾਂ ਕੋਈ ਨਕਸ਼ਾ ਨਹੀਂ ਹੈ। ਸ੍ਰੀ ਪੰਮਾ ਨੇ ਕਿਹਾ ਕਿ ਪਾਣੀ ਦੀ ਟੈਂਕੀ ਦੀ ਇਸ ਬੇਲੋੜੀ ਅਤੇ ਅਣ-ਅਧਿਕਾਰਤ ਟੁੱਟ-ਭੱਜ ਨੂੰ ਤੁਰੰਤ ਬੰਦ ਕਰਵਾਇਆ ਜਾਵੇ। -ਪੱਤਰ ਪ੍ਰੇਰਕ