ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਖਾੜਾ ਵਾਸੀਆਂ ਵੱਲੋਂ ਗੈਸ ਫੈਕਟਰੀ ਵਿਰੁੱਧ ਟਰੈਕਟਰ ਮਾਰਚ

10:37 AM May 29, 2024 IST
ਪਿੰਡਾਂ ਵਿੱਚ ਟਰੈਕਟਰ ਮਾਰਚ ਕਰਦੇ ਹੋਏ ਅਖਾੜਾ ਵਾਸੀ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 28 ਮਈ
ਲੋਕ ਸਭਾ ਚੋਣਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕਰ ਚੁੱਕੇ ਪਿੰਡ ਅਖਾੜਾ ਦੇ ਵਾਸੀਆਂ ਨੇ ਅੱਜ ਇਥੇ ਲੱਗ ਰਹੀ ਗੈਸ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਦਸ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ। ਮਾਰਚ ਤੋਂ ਪਹਿਲਾਂ ਲਗਭਗ ਸਾਰੇ ਪਿੰਡ ਦਾ ਵੱਡਾ ਇਕੱਠ ਹੋਇਆ, ਜਿਸ ’ਚ ਔਰਤਾਂ ਦੀ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੀ। ਇਸ ਮੁੱਦੇ ’ਤੇ ਚੱਲਦੇ ਪੱਕੇ ਮੋਰਚੇ ਦਾ ਇਕ ਮਹੀਨਾ ਪੂਰਾ ਹੋਣ ’ਤੇ ਅੱਜ ਟਰੈਕਟਰ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਸੈਂਕੜੇ ਔਰਤਾਂ-ਮਰਦਾਂ ਨੇ ਡੇਢ ਸੌ ਦੇ ਕਰੀਬ ਵਾਹਨਾਂ ’ਤੇ ਸਵਾਰ ਹੋ ਕੇ ਲੋਕਾਂ ਦੇ ਜਨ-ਜੀਵਨ ਦਾ ਖੋਅ ਬਣਨ ਵਾਲੀ ਗੈਸ ਫੈਕਟਰੀ ਪੱਕੇ ਤੌਰ ’ਤੇ ਬੰਦ ਕਰਾਉਣ ਲਈ ਹੋਰਨਾਂ ਪਿੰਡਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ। ਪਿੰਡ ਕਾਉਂਕੇ ਕਲਾਂ, ਡੱਲਾ, ਮੱਲ੍ਹਾ, ਦੇਹੜਕਾ, ਮਾਣੂੰਕੇ, ਭੰਮੀਪੁਰਾ, ਬੱਸੂਵਾਲ, ਚੀਮਾ, ਰੂਮੀ, ਅਖਾੜਾ ਆਦਿ ’ਚ ਪੰਜਾਬ ਸਰਕਾਰ ਤੋਂ ਪ੍ਰਦੂਸ਼ਨ ਫੈਲਾਉਣ ਵਾਲੀ ਗੈਸ ਫੈਕਟਰੀ ਬੰਦ ਕਰਵਾਉਣ ਦੇ ਨਾਅਰੇ ਗੁੰਜਾਉਂਦਾ ਲੰਮਾ ਕਾਫ਼ਲਾ ਲੰਘਿਆ। ਧਰਨਾਕਾਰੀਆਂ ਨੇ ਕਿਹਾ ਕਿ ਹਵਾ ਪਾਣੀ ਗੰਧਲਾ ਕਰਨ ਵਾਲੀ ਫੈਕਟਰੀ ਨਹੀਂ ਚੱਲਣ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਇਕਾਈ ਪ੍ਰਧਾਨ ਗੁਰਤੇਜ ਸਿੰਘ ਤੇਜ ਨੇ ਕਿਹਾ ਕਿ ਮਸਲਾ ਸਿਰਫ ਅਖਾੜਾ ਪਿੰਡ ਦਾ ਨਹੀਂ ਸਗੋਂ ਲੁਧਿਆਣਾ ਜ਼ਿਲ੍ਹੇ ਦੇ ਚਾਰ ਪਿੰਡਾਂ ਭੂੰਦੜੀ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ ਤੇ ਅਖਾੜਾ ਦੇ ਲੋਕ ਲੰਮੇ ਸਮੇਂ ਤੋਂ ਇਨ੍ਹਾਂ ਫੈਕਟਰੀਆਂ ਨੂੰ ਬੰਦ ਕਰਾਉਣ ਲਈ ਸੜਕਾਂ ’ਤੇ ਹਨ। ਲੋਕਾਂ ਦੀਆਂ ਮੰਗਾਂ ਦਾ ਧਿਆਨ ਕਰਨ ਦੀ ਥਾਂ ਪ੍ਰਸ਼ਾਸਨ ਫੈਕਟਰੀ ਮਾਲਕਾਂ ਦੀ ਬੋਲੀ ਬੋਲਣ ਲੱਗ ਪਿਆ ਹੈ। ਇਕ ਜੂਨ ਤੋਂ ਬਾਅਦ ਸਾਰੇ ਸੰਘਰਸ਼ ਮੋਰਚਿਆਂ ਦੀ ਸਾਂਝੀ ਮੀਟਿੰਗ ਸੱਦ ਕੇ ਆਰ-ਪਾਰ ਦੀ ਲੜਾਈ ਵਿੱਢੀ ਜਾਵਗੀ।

Advertisement

ਫੈਕਟਰੀ ਵਿਰੁੱਧ ਚਾਰ ਪਿੰਡਾਂ ਵੱਲੋਂ ਚੋਣਾਂ ਦਾ ਬਾਈਕਾਟ

ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ’ਚ ਬਣੀ ਬਾਇਓ ਗੈਸ ਫੈਕਟਰੀ ਖ਼ਿਲਾਫ਼ ਸਮੂਹ ਨਗਰ ਵਾਸੀਆਂ ਤੇ ਸੰਘਰਸ਼ ਕਮੇਟੀ ਦੀ ਅਗਵਾਈ ਹੇਠਾਂ ਇਲਾਕੇ ਦੇ 12 ਪਿੰਡਾਂ ਦੇ ਲੋਕਾਂ ਵੱਲੋਂ ਆਰੰਭਿਆ ਸੰਘਰਸ਼ 23ਵੇਂ ਦਿਨ ਵਿਚ ਦਾਖਲ ਹੋ ਚੁੱਕਿਆ ਹੈ। ਅੱਜ ਪਿੰਡ ਘੁੰਗਰਾਲੀ ਰਾਜਪੂਤਾਂ, ਕਿਸ਼ਨਗੜ੍ਹ, ਗਾਜ਼ੀਪੁਰ ਅਤੇ ਨਵਾਂ ਪਿੰਡ ਨੇ ਬਾਇਓ ਗੈਸ ਫ਼ੈਕਟਰੀ ਖਿਲਾਫ਼ ਲੋਕ ਸਭਾ ਚੋਣਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਸੰਘਰਸ਼ ਲਗਾਤਾਰ ਵੱਧਦਾ ਜਾਵੇਗਾ ਅਤੇ ਕਿਸੇ ਵੀ ਲੋਕ ਸਭਾ ਆਗੂ ਨੂੰ ਪਿੰਡਾਂ ਅੰਦਰ ਵੜਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਧਰਨੇ ਦੀ ਹਮਾਇਤ ਕਰਨ ਪੁੱਜੇ ਭਾਰਤੀ ਕਿਸਾਨ ਯੂਨੀਅਨ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਰਾਜਿੰਦਰ ਸਿੰਘ ਕੋਟ ਪਨੈਚ, ਪ੍ਰਗਟ ਸਿੰਘ, ਪ੍ਰੋ. ਗੁਰਸੇਵਕ ਸਿੰਘ ਮੋਹੀ, ਵਿਧੀ ਚੰਦ, ਜਗਦੇਵ ਸਿੰਘ, ਮਲਕੀਤ ਸਿੰਘ, ਜਗਤਾਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੇ ਆਪਣੇ ਕਾਰੋਬਾਰ ਵਧਾਉਣ ਲਈ ਸੂਬੇ ਭਰ ਵਿਚ ਜ਼ਹਿਰੀਲੀਆਂ ਗੈਸ ਫੈਕਟਰੀਆਂ ਲਗਾ ਦਿੱਤੀਆਂ ਹਨ, ਜਿਸ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਪ੍ਰਸ਼ਾਸਨ ਤੇ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ, ਜਿਸ ਖਿਲਾਫ਼ ਲੋਕਾਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ।

Advertisement
Advertisement
Advertisement