For the best experience, open
https://m.punjabitribuneonline.com
on your mobile browser.
Advertisement

ਭਾਰੀ ਮੀਂਹ ਕਾਰਨ ਲੁਧਿਆਣਾ ਵਿੱਚ ਜਲ-ਥਲ

08:11 AM Jun 28, 2024 IST
ਭਾਰੀ ਮੀਂਹ ਕਾਰਨ ਲੁਧਿਆਣਾ ਵਿੱਚ ਜਲ ਥਲ
ਸੜਕਾਂ ’ਤੇ ਭਰੇ ਮੀਂਹ ਦੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ ਚਾਲਕ। -ਫੋਟੋ: ਹਿਮਾਂਸ਼ੂ
Advertisement

ਸਤਵਿੰਦਰ ਬਸਰਾ
ਲੁਧਿਆਣਾ, 27 ਜੂਨ
ਇੱਥੇ ਅੱਜ ਤੜਕੇ ਪਏ ਭਾਰੀ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਮੀਂਹ ਕਾਰਨ ਜਿੱਥੇ ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ/ਗਲੀਆਂ ਜਲ-ਥਲ ਹੋ ਗਈਆਂ, ਉੱਥੇ ਕਈ ਨੀਵੇਂ ਇਲਾਕਿਆਂ ਤੇ ਨਾਲਿਆਂ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਵਿੱਚ 39.6 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ।
ਇਸ ਸਾਲ ਮਈ ਅਤੇ ਜੂਨ ਮਹੀਨੇ ਦੇ ਅਖੀਰ ਸਨਅਤੀ ਸ਼ਹਿਰ ਪੂਰੀ ਤਰ੍ਹਾਂ ਤਪਿਆ ਰਿਹਾ। ਕਈ ਥਾਵਾਂ ’ਤੇ ਤਾਂ ਇਹ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਵੀ ਦਰਜ ਕੀਤਾ ਗਿਆ ਜਦਕਿ 45 ਅਤੇ 46 ਡਿਗਰੀ ਸੈਲਸੀਅਸ ਆਮ ਮਾਪਿਆ ਗਿਆ ਹੈ। ਬੀਤੇ ਬੁੱਧਵਾਰ ਵੀ ਦਿਨ ਦਾ ਤਾਪਮਾਨ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਪਰ ਵੀਰਵਾਰ ਤੜਕੇ ਤੋਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਰਵਾਂ ਮੀਂਹ ਪਿਆ। ਤਿੰਨ-ਚਾਰ ਘੰਟੇ ਪਏ ਇਸ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ-ਪਾਣੀ ਕਰ ਦਿੱਤਾ। ਇੱਥੋਂ ਦੇ ਘੰਟਾ ਘਰ ਚੌਕ, ਚੌੜਾ ਬਾਜ਼ਾਰ, ਸਮਰਾਲਾ ਚੌਕ, ਦਮੋਰੀਆ ਪੁਲ, ਸ਼ਿੰਗਾਰ ਸਿਨੇਮਾ ਰੋਡ, ਗੁਰੂ ਅਰਜਨ ਦੇਵ ਨਗਰ, ਚੰਡੀਗੜ੍ਹ ਰੋਡ, ਟਰਾਂਸਪੋਰਟ ਨਗਰ, ਸ਼ਿਵਾਜੀ ਨਗਰ, ਟਿੱਬਾ ਰੋਡ, ਹੈਬੋਵਾਲ ਕਲਾਂ, ਗਊਸ਼ਾਲਾ ਰੋਡ, ਢੋਲੇਵਾਲ ਚੌਕ, ਸ਼ਕਤੀ ਨਗਰ, ਚੀਮਾ ਚੌਕ, ਜਮਾਲਪੁਰ ਚੌਕ ਸਮੇਤ ਹੋਰ ਕਈ ਅਜਿਹੀਆਂ ਥਾਵਾਂ ਜਿੱਥੇ ਮੀਂਹ ਹਟਣ ਤੋਂ ਬਾਅਦ ਵੀ ਕਈ ਘੰਟੇ ਪਾਣੀ ਖੜ੍ਹਾ ਰਿਹਾ। ਮੀਂਹ ਦਾ ਪਾਣੀ ਇੰਨਾ ਤੇਜ਼ ਸੀ ਕਿ ਬਾਬਾ ਥਾਨ ਸਿੰਘ ਚੌਕ ਨੇੜੇ ਤਾਂ ਸੜਕ ਵਿੱਚੋਂ ਫੁਆਰਿਆਂ ਦੀ ਤਰ੍ਹਾਂ ਨਾਲੇ ਦਾ ਗੰਦਾ ਪਾਣੀ ਨਿਕਲ ਰਿਹਾ ਸੀ। ਇਸੇ ਤਰ੍ਹਾਂ ਸ਼ਿੰਗਾਰ ਸਿਨੇਮਾ ਨੇੜੇ ਪੈਂਦੇ ਢੋਕਾ ਮੁਹੱਲਾ ਅਤੇ ਹੋਰ ਇਲਾਕਿਆਂ ਵਿੱਚ ਨਾਲੇ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਚਲਾ ਗਿਆ।
ਇਸ ਦੌਰਾਨ ਮੌਸਮ ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਆਉਂਦੇ 24 ਘੰਟਿਆਂ ਵਿੱਚ ਤੇਜ਼ ਮੀਂਹ ਪੈ ਸਕਦਾ ਹੈ। ਇਸ ਮੀਂਹ ਨੇ ਜਿੱਥੇ ਲੁਧਿਆਣਵੀਆਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਟਿੱਬਾ ਰੋਡ ਅਤੇ ਹੋਰ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬਾਰ੍ਹਾਂ ਘੰਟਿਆਂ ਤੋਂ ਵੱਧ ਸਮੇਂ ਤੋਂ ਠੱਪ ਰਹਿਣ ਕਰਕੇ ਲੋਕ ਪ੍ਰੇਸ਼ਾਨ ਦਿਖਾਈ ਦਿੱਤੇ।

Advertisement

ਪਾਣੀ ਵਿੱਚ ਕਰੰਟ ਆਉਣ ਕਾਰਨ ਔਰਤ ਦੀ ਮੌਤ; ਬੱਚਾ ਜ਼ਖ਼ਮੀ

ਲੁਧਿਆਣਾ (ਗੁਰਿੰਦਰ ਸਿੰਘ): ਅੱਜ ਸਵੇਰੇ ਸ਼ਹਿਰ ਵਿੱਚ ਪਏ ਮੀਂਹ ਦੌਰਾਨ ਇੱਕ ਘਰ ਵਿੱਚ ਮੀਂਹ ਦਾ ਪਾਣੀ ਆ ਜਾਣ ਕਾਰਨ ਕਰੰਟ ਲੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ ਉਸਦਾ 10 ਸਾਲਾ ਲੜਕਾ ਜ਼ਖਮੀ ਹੋ ਗਿਆ ਹੈ। ਘਟਨਾ ਹਰੀ ਕਰਤਾਰ ਕਲੋਨੀ ਦੀ ਦੱਸੀ ਜਾਂਦੀ ਹੈ। ਮ੍ਰਿਤਕਾ ਦੀ ਪਛਾਣ ਮੀਨੂ ਮਲਹੋਤਰਾ (36) ਵਜੋਂ ਹੋਈ ਹੈ। ਉਹ ਫਰਿੱਜ ਵਿੱਚੋਂ ਕੋਈ ਚੀਜ਼ ਕੱਢਣ ਲੱਗੀ ਸੀ ਕਿ ਕਰੰਟ ਨੇ ਉਸਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਸਦੀ ਮੌਤ ਦੀ ਖ਼ਬਰ ਸੁਣਕੇ ਮੁਹੱਲੇ ਦੇ ਲੋਕ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਸ਼ਿੰਗਾਰ ਸਿਨੇਮਾ ਰੋਡ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਨਗਰ ਨਿਗਮ ਦੀ ਘਟੀਆ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਧਰਨੇ ਦੌਰਾਨ ਨਗਰ ਨਿਗਮ ਦੀ ਲਾਪਰਵਾਹੀ ’ਤੇ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਏ ਪਹਿਲੇ ਮੀਂਹ ਨੇ ਨਗਰ ਨਿਗਮ ਦੀ ਅਸਲੀਅਤ ਸਾਹਮਣੇ ਲੈ ਆਉਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕਾ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਕੋਤਾਹੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਡੀਸੀ ਵੱਲੋਂ ਹੜ੍ਹ ਪ੍ਰਬੰਧਾਂ ਸਬੰਧੀ ਮੀਟਿੰਗ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਮਾਨਸੂਨ ਸੀਜ਼ਨ ਤੋਂ ਪਹਿਲਾਂ ਢੁੱਕਵੇਂ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਭਾਰਤੀ ਫ਼ੌਜ ਅਤੇ ਐੱਨਡੀਆਰਐੱਫ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਗਾਊਂ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਗਈ। ਭਾਰਤੀ ਸੈਨਾ ਅਤੇ ਐੱਨਡੀਆਰਐੱਫ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਾਨਸੂਨ ਦੇ ਮੌਸਮ ਵਿੱਚ ਸਥਿਤੀ ’ਤੇ ਨੇੜਿਓਂ ਨਜ਼ਰ ਰੱਖਣ ਲਈ ਵਟਸਐਪ ਗਰੁੱਪ ਰਾਹੀਂ ਲਗਾਤਾਰ ਤਾਲਮੇਲ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਮਜ਼ੋਰ ਅਤੇ ਸੰਵੇਦਨਸ਼ੀਲ ਖੇਤਰਾਂ ਦੇ ਵੇਰਵੇ ਸਾਂਝੇ ਕਰੇਗਾ ਜਿੱਥੇ ਹੜ੍ਹਾਂ ਦੀ ਸਥਿਤੀ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਹੋ ਸਕਦੀ ਹੈ। ਮੀਟਿੰਗ ਦੌਰਾਨ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਅਤੇ ਫ਼ੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਆਪਣਾ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ।

ਦੁਕਾਨਦਾਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ: ਭਾਜਪਾ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਜਪਾ ਨੇ ਮੀਂਹ ਕਾਰਨ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੇ ਅਦਾਰਿਆਂ ਵਿੱਚ ਪਾਣੀ ਵੜ ਜਾਣ ਕਾਰਨ ਹੋਏ ਕਰੋੜਾਂ ਰੁਪਏ ਦਾ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਇੱਥੇ ਗੱਲਬਾਤ ਕਰਦਿਆਂ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਭਾਜਪਾ ਮੀਡੀਆ ਪੈਨਲਿਸਟ ਪਰਮਿੰਦਰ ਮਹਿਤਾ ਅਤੇ ਪ੍ਰੈਸ ਸਕੱਤਰ ਡਾ. ਸਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਸਰਕਾਰ ਅਤੇ ਨਗਰ ਨਿਗਮ ਨੂੰ ਕਈ ਦਿਨ ਪਹਿਲਾਂ ਹੀ ਬਰਸਾਤੀ ਪਾਣੀ ਦੇ ਨਿਕਾਸ ਲਈ ਤੁਰੰਤ ਕਾਰਵਾਈ ਕਰਦਿਆਂ ਪ੍ਰਭਾਵੀ ਕਦਮ ਚੁੱਕਣ ਲਈ ਕਿਹਾ ਗਿਆ ਸੀ ਪਰ ਨਗਰ ਨਿਗਮ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਣੀ ਦੇ ਨਿਕਾਸ ਲਈ ਕੋਈ ਪ੍ਰਬੰਧ ਕਰਨ ਦੀ ਥਾਂ ਸਿਰਫ਼ ਕਾਗਜ਼ੀ ਦੌਰੇ ਕਰਕੇ ਅਤੇ ਫੋਟੋਆਂ ਖਿਚਵਾ ਕੇ ਹੀ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸ ਕਾਰਨ ਅੱਜ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਗੋਡੇ ਗੋਡੇ ਪਾਣੀ ਭਰ ਗਿਆ ਜੋ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਦਾਖਲ ਹੋ ਗਿਆ।

Advertisement
Author Image

joginder kumar

View all posts

Advertisement
Advertisement
×