ਸੈਲਾਨੀਆਂ ਦੀ ਸੁਰੱਖਿਆ
ਲੰਘੀ ਸ਼ੁੱਕਰਵਾਰ ਦੀ ਰਾਤ ਝਾਰਖੰਡ ਦੇ ਦੁਮਕਾ ਜ਼ਲ੍ਹਿੇ ਵਿਚ ਇਕ ਸਪੇਨੀ ਮਹਿਲਾ ਸੈਲਾਨੀ ਨਾਲ ਗੈਂਗਰੇਪ ਅਤੇ ਉਸ ਦੇ ਪਤੀ ਨਾਲ ਕੁੱਟਮਾਰ ਅਤੇ ਲੁੱਟ-ਖੋਹ ਦਾ ਮਾਮਲਾ ਨਾ ਕੇਵਲ ਸ਼ਰਮਨਾਕ ਹੈ ਸਗੋਂ ਅੱਖਾਂ ਖੋਲ੍ਹਣ ਵਾਲੀ ਘਟਨਾ ਵੀ ਹੈ। ਸਾਲ 2023 ਦੀ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ ਰਿਪੋਰਟ ਵਿਚ ਦਰਸਾਇਆ ਗਿਆ ਹੈ ਕਿ ਵਿਦੇਸ਼ੀ ਸੈਲਾਨੀਆਂ ਖਿਲਾਫ਼ ਅਪਰਾਧ ਦੀਆਂ ਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ ਜੋ ਕਿ ਚਿੰਤਾ ਦੀ ਗੱਲ ਹੈ ਅਤੇ ਇਸ ਸਬੰਧੀ ਫ਼ੌਰੀ ਦਰੁਸਤੀ ਕਦਮ ਚੁੱਕਣ ਦੀ ਲੋੜ ਹੈ। ਇਸ ਰਿਪੋਰਟ ਮੁਤਾਬਕ ਸਾਲ 2022 ਵਿਚ ਇਕੱਲੀ ਦਿੱਲੀ ਵਿਚ ਹੀ ਮਹਿਲਾ ਵਿਦੇਸ਼ੀ ਸੈਲਾਨੀਆਂ ਖਿਲਾਫ਼ ਅਪਰਾਧਿਕ ਘਟਨਾਵਾਂ ਵਿਚ 50 ਫ਼ੀਸਦ ਇਜ਼ਾਫ਼ਾ ਹੋਇਆ ਹੈ। ਸਪੇਨੀ ਜੋੜੇ ’ਤੇ ਹੋਏ ਇਸ ਵਹਿਸ਼ੀ ਹਮਲੇ ਦੀ ਨਿੰਦਾ ਕਰਦਿਆਂ ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਮੁਲਜ਼ਮਾਂ ਨੂੰ ਛੇਤੀ ਇਨਸਾਫ਼ ਦੇ ਕਟਹਿਰੇ ਵਿਚ ਖੜ੍ਹੇ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੁਤੱਲਕ ਉਨ੍ਹਾਂ ਇਕ ਅਮਰੀਕੀ ਪੱਤਰਕਾਰ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਘਟਨਾ ’ਤੇ ਰੋਸ ਜ਼ਾਹਿਰ ਕਰਨਾ ਸੁਭਾਵਿਕ ਹੈ ਪਰ ਇਸ ਲਈ ਨਾਗਰਿਕਾਂ, ਅਧਿਕਾਰੀਆਂ, ਸਫ਼ਾਰਤਖਾਨਿਆਂ ਅਤੇ ਸੈਰ-ਸਪਾਟਾ ਸਨਅਤ ਦਰਮਿਆਨ ਤਾਲਮੇਲ ਅਤੇ ਠੋਸ ਕਾਰਵਾਈ ਕਰਨ ਦੀ ਜ਼ਰੂਰਤ ਹੈ। ਇਸ ਸੈਲਾਨੀ ਜੋੜੇ ਨੇ ਇੰਸਟਾਗ੍ਰਾਮ ’ਤੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ, ਝਾਰਖੰਡ ਪੁਲੀਸ ਨੇ ਝਟਪਟ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਿੰਨ ਹੋਰ ਮੁਲਜ਼ਮਾਂ ਨੂੰ ਦਬੋਚਣ ਲਈ ਕਾਰਵਾਈ ਜਾਰੀ ਹੈ।
ਹਾਲਾਂਕਿ ਸੈਲਾਨੀਆਂ ਲਈ ਵਿਸ਼ੇਸ਼ ਪੁਲੀਸ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਸੈਲਾਨੀਆਂ ਦੀ ਸੁਰੱਖਿਆ ਵਿਚ ਸੁਧਾਰ ਲਿਆਉਣ ਲਈ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ ਪਰ ਫਿਰ ਵੀ ਬਹੁਤ ਸਾਰੇ ਹੋਰ ਕਦਮ ਚੁੱਕਣ ਦੀ ਲੋੜ ਹੈ। ਇਸ ਸਬੰਧ ਵਿਚ ਸੈਰ ਸਪਾਟੇ ਵਾਲੇ ਖੇਤਰਾਂ ਵਿਚ ਨਿਗਰਾਨੀ ਵਧਾਉਣ ਅਤੇ ਸੈਲਾਨੀਆਂ ਖਿਲਾਫ਼ ਅਪਰਾਧਾਂ ਵਿਚ ਸ਼ਾਮਲ ਲੋਕਾਂ ਖਿਲਾਫ਼ ਸਖ਼ਤ ਸਜ਼ਾਵਾਂ ਦਾ ਪ੍ਰਾਵਧਾਨ ਅਤੇ ਛੇਤੀ ਇਨਸਾਫ਼ ਮੁਹੱਈਆ ਕਰਵਾਉਣ ਨਾਲ ਸਥਿਤੀ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ। ਇਸ ਦੇ ਨਾਲ ਹੀ ਔਰਤਾਂ ਖਿਲਾਫ਼ ਅਪਰਾਧ ਪ੍ਰਤੀ ਜਾਗਰੂਕਤਾ ਵਧਾਉਣ ਦੀ ਵੀ ਅਤਿਅੰਤ ਲੋੜ ਹੈ। ਦੇਸ਼ ਅੰਦਰ ਜਨਤਕ ਥਾਵਾਂ ’ਤੇ ਔਰਤਾਂ ਲਈ ਵਿਚਰਨਾ ਬਹੁਤ ਹੀ ਚੁਣੌਤੀਪੂਰਨ ਕਾਰਜ ਬਣਿਆ ਰਹਿੰਦਾ ਹੈ। ਔਰਤਾਂ ਲਈ ਬਰਾਬਰੀ ਅਤੇ ਸਤਿਕਾਰ ਦਾ ਅਹਿਸਾਸ ਪੈਦਾ ਕਰਨ ਵਾਸਤੇ ਕੁਝ ਬੁਨਿਆਦੀ ਨੁਕਤੇ ਤੈਅ ਕਰ ਕੇ ਉਨ੍ਹਾਂ ਉਪਰ ਤਨਦੇਹੀ ਨਾਲ ਕੰਮ ਕਰਨ ਦੀ ਲੋੜ ਹੈ ਤਦ ਹੀ ਵਿਦੇਸ਼ੀ ਤੇ ਘਰੋਗੀ ਹਰ ਤਰ੍ਹਾਂ ਦੇ ਸੈਲਾਨੀਆਂ ਲਈ ਸੁਰੱਖਿਅਤ ਮਾਹੌਲ ਪੈਦਾ ਕਰਨ ਵੱਲ ਵਧਿਆ ਜਾ ਸਕੇਗਾ।