For the best experience, open
https://m.punjabitribuneonline.com
on your mobile browser.
Advertisement

ਟੌਲ ਪਲਾਜ਼ੇ ਤਿੰਨ ਘੰਟੇ ਲਈ ਪਰਚੀ ਮੁਕਤ ਕੀਤੇ

11:04 AM Jan 21, 2024 IST
ਟੌਲ ਪਲਾਜ਼ੇ ਤਿੰਨ ਘੰਟੇ ਲਈ ਪਰਚੀ ਮੁਕਤ ਕੀਤੇ
ਬੜੌਦੀ ਟੌਲ ਪਲਾਜ਼ਾ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ।
Advertisement

ਮਿਹਰ ਸਿੰਘ
ਕੁਰਾਲੀ, 20 ਜਨਵਰੀ
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਬੜੌਦੀ ਟੌਲ ਪਲਾਜ਼ਾ ਟੌਲ ਫਰੀ ਕੀਤਾ ਗਿਆ। ਇਸ ਮੌਕੇ ਟੌਲ ਪਲਾਜ਼ਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੰਦੀ ਸਿੱਖਾਂ ਦੀ ਰਿਹਾਈ ਤੇ ਹੋਰ ਮੰਗਾਂ ਮੰਨੇ ਜਾਣ ਦੀ ਮੰਗ ਕੀਤੀ। ਇਸ ਸਬੰਧੀ ਲੋਕ ਹਿੱਤ ਮਿਸ਼ਨ ਸਮੇਤ ਕਿਸਾਨ ਯੂਨੀਅਨ (ਸ਼ੇਰ-ਏ- ਪੰਜਾਬ), ਕਿਸਾਨ ਯੂਨੀਅਨ (ਰਾਜੇਵਾਲ) ਅਤੇ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ’ਚ ਪੁੱਜੇ ਸੈਂਕੜੇ ਵਸਨੀਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਤਿੰਨ ਘੰਟੇ ਲਈ ਟੌਲ ਫ਼ਰੀ ਕਰਦਿਆਂ ਹੱਥ ’ਚ ਬੈਨਰ ਲੈ ਮੰਗਾਂ ਪ੍ਰਤੀ ਸੁਨੇਹਾ ਦਿੱਤਾ। ਇਸ ਸਬੰਧੀ ਸੁਖਦੇਵ ਸਿੰਘ ਸੁੱਖਾ ਕੰਸਾਲਾ,ਗੁਰਮੀਤ ਸਿੰਘ ਸਾਂਟੂ,ਰਵਿੰਦਰ ਸਿੰਘ ਵਜੀਦਪੁਰ, ਬਾਬਾ ਭੁਪਿੰਦਰ ਸਿੰਘ ਮਾਜਰਾ, ਹਰਜੀਤ ਸਿੰਘ ਢਕੋਰਾਂ ਤੇ ਗੁਰਬਚਨ ਸਿੰਘ ਮੁੰਧੋਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਬੰਦੀ ਸਿੰਘ ਰਿਹਾਅ ਕਰਵਾਉਣ, ਬਰਗਾੜੀ ਤੇ ਬਹਬਿਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, 328 ਸਰੂਪਾਂ ਦੀ ਜਾਂਚ ਕਰਨ ਆਦਿ ਮੰਗਾਂ ਬਾਰੇ ਕੌਮੀ ਇਨਸਾਫ਼ ਮੋਰਚੇ ਵੱਲੋਂ ਇੱਕ ਸਾਲ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰਾਂ ਵੱਲੋਂ ਮੰਗਾਂ ਤੇ ਗੌਰ ਕਰਨ ’ਤੇ ਜਿੱਥੇ ਅੱਜ ਟੌਲ ਫ਼ਰੀ ਕੀਤੇ ਗਏ ਹਨ, ਉਥੇ ਅਗਲੇ ਦਿਨਾਂ ਅੰਦਰ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਤਿੰਨ ਘੰਟੇ ਪ੍ਰਦਰਸ਼ਨ ਕਾਰੀਆਂ ਨੇ ਹੱਥਾ ’ਚ ਬੈਨਰ ਲੈ ਕੇ ਮੰਗਾਂ ਬਾਰੇ ਪ੍ਰਚਾਰ ਕੀਤਾ।
ਰੂਪਨਗਰ(ਜਗਮੋਹਨ ਸਿੰਘ): ਅੱਜ ਇੱਥੇ ਕੌਮੀ ਇਨਸਾਫ ਮੋਰਚਾ ਤਾਲਮੇਲ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਸੋਲਖੀਆਂ ਟੌਲ ਪਲਾਜ਼ਾ ਤੇ ਲਗਪੱਗ 3 ਘੰਟੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟੌਲ ਪਲਾਜ਼ਾ ਪ੍ਰਬੰਧਕਾਂ ਨੂੰ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਪਾਲ ਸਿੰਘ‌, ਤਾਲਮੇਲ ਕਮੇਟੀ ਮੈਂਬਰ ਜਰਨੈਲ ਸਿੰਘ ਮਗਰੋੜ, ਜਗ਼ਤਾਰ ਸਿੰਘ ਹਵਾਰਾ ਦੇ ਵਕੀਲ ਗੁਰਸ਼ਰਨ ਸਿੰਘ ਧਾਲੀਵਾਲ ਸਮੇਤ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਏ ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਕਦਮ ਨਾ ਚੁੱਕੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Advertisement

ਅਜ਼ੀਜ਼ਪੁਰ ਟੌਲ ਪਲਾਜ਼ਾ ਤਿੰਨ ਘੰਟੇ ਪਰਚੀ ਮੁਕਤ ਕੀਤਾ

ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ।

ਬਨੂੜ (ਕਰਮਜੀਤ ਸਿੰਘ ਚਿੱਲਾ): ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਗਿਆਰਾਂ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਅਜ਼ੀਜ਼ਪੁਰ ਟੌਲ ਪਲਾਜ਼ੇ ਨੂੰ ਫ਼ਰੀ ਕੀਤੀ। ਇਸ ਤਿੰਨ ਘੰਟੇ ਦੇ ਅਰਸੇ ਦੌਰਾਨ ਸਮੁੱਚੇ ਵਾਹਨ ਬਿਨਾਂ ਕੋਈ ਟੌਲ ਪਰਚੀ ਕਟਾਇਆਂ ਅਤੇ ਫਾਸਟ ਟੈਗ ਵਿਖਾਇਆਂ ਲੰਘਾਏ ਗਏ। ਇਸ ਮੌਕੇ ਇਕੱਤਰ ਇਲਾਕਾ ਵਾਸੀਆਂ ਨੇ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਮੁੱਚੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਅਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਉਠਾਈਆਂ ਜਾ ਰਹੀਆਂ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀਆਂ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੀਆਂ। ਇਸ ਮੌਕੇ ਧਰਨਾਕਾਰੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇ ਵੀ ਲਗਾਏ। ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਦੇ ਹੱਥਾਂ ਵਿੱਚ ਕਿਸਾਨੀ ਝੰਡੇ ਚੁੱਕੇ ਹੋਏ ਸਨ। ਇਸ ਮੌਕੇ ਨਿਹੰਗ ਜਥੇਬੰਦੀ ਦੇ ਬਾਬਾ ਰਾਜਾ ਰਾਮ ਸਿੰਘ ਅਰਬਾ ਖਰਬਾ ਦਲ ਘੋੜਿਆਂ ਸਮੇਤ ਬਰਗਾੜੀ, ਕੌਮੀ ਇਨਸਾਫ਼ ਮੋਰਚੇ ਦੇ ਆਗੂ ਜਸਵਿੰਦਰ ਸਿੰਘ ਰਾਜਪੁਰਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ ਆਦਿ ਨੇ ਧਰਨਾਕਾਰੀਆਂ ਦੀ ਅਗਵਾਈ ਕੀਤੀ। ਅਜ਼ੀਜ਼ਪੁਰ ਟੌਲ ਪਲਾਜ਼ਾ ਦੇ ਮੈਨੇਜਰ ਰਾਮ ਸਿੰਘ ਨੇ ਆਖਿਆ ਕਿ ਤਿੰਨ ਘੰਟੇ ਟੌਲ ਬੰਦ ਰਹਿਣ ਨਾਲ ਉਨ੍ਹਾਂ ਦੀ ਕੰਪਨੀ ਨੂੰ ਤਿੰਨ ਤੋਂ ਚਾਰ ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਕਿੱਧਰੋਂ ਵੀ ਭਰਪਾਈ ਨਹੀਂ ਹੋਣੀ ਅਤੇ ਇਸ ਦਾ ਸਾਰਾ ਨੁਕਸਾਨ ਕੰਪਨੀ ਨੂੰ ਸਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਪਹਿਲਾਂ ਹੀ ਘਾਟੇ ਵਿੱਚ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement