ਸਰਕਾਰੀ ਸਕੂਲ ਵਿੱਚ ਸਵੱਛ ਵਾਤਾਵਰਨ ਦੀ ਮਹੱਤਤਾ ’ਤੇ ਜ਼ੋਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੁਲਾਈ
ਇੱਥੋਂ ਦੇ ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ 40ਏ ਦੇ ਈਕੋ ਕਲੱਬ ਨੇ ਅੱਜ ਵਿਦਿਆਰਥੀਆਂ, ਅਧਿਆਪਕਾਂ ਅਤੇ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਬੂਟੇ ਲਾਏ। ਇਸ ਦਾ ਉਦੇਸ਼ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਹਰਿਆਲੇ ਭਵਿੱਖ ਵਿੱਚ ਯੋਗਦਾਨ ਪਾਉਣਾ ਸੀ। ਇਸ ਮੁਹਿੰਮ ਦੌਰਾਨ ਸਕੂਲ ਕੈਂਪਸ ਵਿੱਚ ਵੱਖ-ਵੱਖ ਦੇਸੀ ਰੁੱਖਾਂ ਦੇ 40 ਪੌਦੇ ਲਗਾਏ ਗਏ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਸ ਗਤੀਵਿਧੀ ਵਿੱਚ ਭਾਗ ਲਿਆ ਅਤੇ ਰੁੱਖਾਂ ਦੇ ਮਹੱਤਵ ਅਤੇ ਆਬੋ-ਹਵਾ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਮਰਜੀਤ ਸਿੰਘ ਬਠਲਾਣਾ ਸਟੇਟ ਐਵਾਰਡੀ ਤੇ ਰਿਟਾਇਰਡ ਲੈਕਚਰਾਰ ਨੇ ਨੌਜਵਾਨ ਪੀੜ੍ਹੀ ਵਿੱਚ ਵਾਤਾਵਰਨ ਪ੍ਰਤੀ ਸੰਵੇਦਨਾ ਪੈਦਾ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਦੇ ਮਹੱਤਵ ’ਤੇ ਜ਼ੋਰ ਦਿੱਤਾ। ਸਕੂਲ ਦੇ ਮੁੱਖ ਅਧਿਆਪਕ ਜਗਪਾਲ ਸਿੰਘ ਨੇ ਧੰਨਵਾਦ ਕੀਤਾ। ਇਹ ਸਮਾਗਮ ਈਕੋ ਕਲੱਬ ਦੇ ਇੰਚਾਰਜ ਕਨਿਕਾ ਸ਼ਰਮਾ ਅਤੇ ਸਹਿ-ਇੰਚਾਰਜ ਰਾਹੁਲ ਤਿਵਾੜੀ ਵੱਲੋਂ ਕਰਵਾਇਆ ਗਿਆ। ਸ੍ਰੀ ਜਗਪਾਲ ਨੇ ਕਿਹਾ ਕਿ ਈਕੋ ਕਲੱਬ ਭਵਿੱਖ ਵਿੱਚ ਇੱਕ ਸਥਿਰ ਅਤੇ ਸਵੱਛ ਵਾਤਾਵਰਨ ਬਣਾਉਣ ਲਈ ਅਜਿਹੀਆਂ ਹੋਰ ਪਹਿਲਕਦਮੀਆਂ ਦੀ ਯੋਜਨਾ ਬਣਾ ਰਿਹਾ ਹੈ।