ਅੱਜ ਦਾ ਮਨੁੱਖ ਅਤੇ ਕੁਦਰਤੀ ਸੰਸਾਰ ਦੀ ਤਬਾਹੀ
ਮਨੁੱਖੀ ਇਤਿਹਾਸ ਸਿਰਫ ਜੰਗਾਂ, ਜਿੱਤਾਂ ਅਤੇ ਵੰਸ਼ਾਂ ਦਾ ਹੀ ਨਹੀਂ, ਕੁਦਰਤੀ ਰਹੱਸਾਂ ਨੂੰ ਸਮਝਣ ਦੀ ਤਾਂਘ ਅਤੇ ਵਿਗਿਆਨ ਦਾ ਇਤਿਹਾਸ ਵੀ ਹੈ। ਮਨੁੱਖ ਨੇ ਇਹ ਸਫ਼ਰ ਲੰਮੇ ਸਮੇਂ ਵਿਚ ਤੈਅ ਕੀਤਾ ਹੈ। ਵਿਗਿਆਨ ਨੇ ਮਨੁੱਖ ਨੂੰ ਇਸ ਯੋਗ ਬਣਾ ਦਿੱਤਾ ਹੈ ਕਿ ਉਹ ਸਮੁੱਚ ਬਾਰੇ ਸੋਚ ਸਕਦਾ ਹੈ ਪਰ ਵਿਗਿਆਨ ਦੀ ਸੁਚੱਜੀ ਅਤੇ ਲੋਕ ਹਿੱਤੂ ਵਰਤੋਂ ਦੀ ਬਜਾਇ ਇਸ ਦੀ ਦੁਰਵਰਤੋਂ ਨੇ ਕੁਦਰਤੀ ਸਮਤੋਲ ਸਮੇਤ ਮਨੁੱਖੀ ਹੋਂਦ ਲਈ ਖ਼ਤਰੇ ਖੜ੍ਹੇ ਕਰ ਦਿੱਤੇ ਹਨ। ਅੱਜ ਮਨੁੱਖ ਦਾ ਇਕੋ ਨਿਸ਼ਾਨਾ ਕੁਦਰਤ ਉੱਪਰ ਕਾਠੀ ਪਾਉਣਾ ਬਣ ਗਿਆ ਹੈ। ਇਸ ਦੇ ਅਜਿਹੇ ‘ਆਧੁਨਿਕ’ ਤੌਰ-ਤਰੀਕਿਆਂ ਨੇ ਕੁਦਰਤੀ ਸੰਸਾਰ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੱਟੇ ਵਜੋਂ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਇਸ ਦੀ ਮੁੜ ਭਰਪਾਈ ਨਾ ਹੋਣ ਕਾਰਨ ਕਈ ਕਿਸਮ ਦੇ ਸੰਕਟ ਸਾਹਮਣੇ ਆ ਰਹੇ ਹਨ।
ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਿਚ ਵਾਧਾ ਰੁੱਤ ਵਿਗਾੜ ਦਾ ਕਾਰਨ ਬਣ ਰਿਹਾ ਹੈ। ਮੀਂਹ ਗੜਬੜਾ ਗਏ ਹਨ। ਪਾਣੀ ਪਤਾਲ ਜਾ ਵੜਿਆ ਹੈ। ਰੇਗਿਸਤਾਨ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ। ਧਰਤੀ ਅੰਦਰ ਹੋਛੀ ਕੰਪਨ, ਵਰਖੀਲੇ ਅਤੇ ਸਮੁੰਦਰੀ ਤੂਫ਼ਾਨ ਹਨ। ਮਿੱਟੀ ਪਾਣੀ ਜ਼ਹਿਰੀਲੇ ਹੋ ਰਹੇ ਹਨ। ਨਵੀਆਂ-ਨਿਵੇਕਲੀਆਂ ਬਿਮਾਰੀਆਂ ਅਤੇ ਮੌਸਮੀ ਵਿਗਾੜਾਂ ਨੇ ਜੀਵ ਜਗਤ ਅਤੇ ਕੁਦਰਤੀ ਸਾਵੇਂਪਨ ਨੂੰ ਮਧੋਲਣਾ ਸ਼ੁਰੂ ਕਰ ਦਿੱਤਾ ਹੈ। 2001 ਵਿਚ ਐਂਟਾਰਕਟਿਕਾ ਦਾ 1200 ਵਰਗ ਮੀਲ ਬਰਫੀਲਾ ਟਾਪੂ ਦੇਖਦੇ ਦੇਖਦੇ ਪੰਘਰ ਗਿਆ ਸੀ।
ਸਾਡੇ ਗੰਗੋਤਰੀ ਗਲੇਸ਼ੀਅਰ ਨੂੰ ਅੱਠ ਮੀਟਰ ਪਿੱਛੇ ਖਿਸਕਾ ਦੇਣ ਅਤੇ 1972 ਦੇ ਬਾਅਦ ਵੈਨੇਜ਼ੂਏਲਾ ਸਥਿਤ ਛੇ ਹਿਮ ਸਿਖਰਾਂ ਵਿੱਚੋਂ ਚਾਰ ਨੂੰ ਪੂਰੀ ਤਰ੍ਹਾਂ ਗਾਇਬ ਕਰ ਦੇਣ ਪਿੱਛੇ ਵੀ ਬੇਲਗਾਮ ਪ੍ਰਦੂਸ਼ਣ ਅਤੇ ਆਲਮੀ ਤਪਸ਼ ਦਾ ਹੀ ਹੱਥ ਸੀ। ਦਰ ਇਹੋ ਰਹੀ ਤਾਂ 2050 ਤੱਕ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ। ਦੋ-ਤਿੰਨ ਡਿਗਰੀ ਦਾ ਵਾਧਾ ਹੀ ਪਹਿਲਾਂ ਭਾਰੀ ਹੜ੍ਹਾਂ, ਫਿਰ ਸੋਕੇ ਦਾ ਕਾਰਕ ਬਣ ਜਾਵੇਗਾ। ਸਾਡਾ ਆਪਣਾ ਬਹੁ ਰੁੱਤਾਂ ਵਾਲਾ ਭਾਰਤ ਦੋ ਰੁੱਤਾਂ ਨਮੀ ਯੁਕਤ ਗਰਮੀ, ਬਰਫ਼ ਯੁਕਤ ਸਰਦੀ ਅਤੇ ਤਿੱਖੇ ਜਲ ਸੰਕਟ ਵੱਲ ਵਧ ਰਿਹਾ ਹੈ। ਇਉਂ ਸਾਨੂੰ ਸਭ ਕੁਝ ਬਦਲਣਾ ਪੈ ਜਾਵੇਗਾ: ਫਸਲਾਂ, ਰਹਿਣ-ਸਹਿਣ, ਪਹਿਨਣ-ਪਚਰਨ, ਖਾਣ-ਪੀਣ ਅਤੇ ਮਹਿਲ-ਮੁਨਾਰੇ ਵੀ।
ਨਦੀਆਂ ਦੇ ਜਨਮ ਦਾਤੇ ਬਰਫੀਲੇ ਪਹਾੜ ਅਤੇ ਗਲੇਸ਼ੀਅਰ ਹਨ ਜਾਂ ਫਿਰ ਜੰਗਲ। ਹੱਥੀਂ ਸਹੇੜੀ ਜਾ ਰਹੀ ਮਾਰੂ ਤਪਸ਼ ਨੇ ਬਰਫ਼ਾਂ ਪਿਘਲਾ ਕੇ ਪਹਿਲਾਂ ਦਰਿਆ ਉਛਾਲ ਦੇਣੇ ਹਨ, ਮਗਰੋਂ ਸਾਡੀਆਂ ਨਦੀਆਂ ਸੁੱਕ ਜਾਣਗੀਆਂ। ਸਮੁੰਦਰ ਨੇ ਲਾਗਲੀਆਂ ਜ਼ਮੀਨਾਂ ਅਤੇ ਬਸਤੀਆਂ ਨੂੰ ਨਿਗਲ ਜਾਣਾ ਹੈ। ਅਸੀਂ ਜਲ ਸੋਮੇ ਵੀ ਤਹਿਸ-ਨਹਿਸ ਕਰਨ ਤੁਰੇ ਹੋਏ ਹਾਂ। ਜ਼ਰਖੇਜ਼, ਸੁਥਰੇ ਅਤੇ ਲਬਾਲਬ ਜਲ ਸੋਮੇ ਵੀ ਮੌਸਮਾਂ ਨੂੰ ਸਾਵਾਂ ਰੱਖਣ ਵਿੱਚ ਸਿਫ਼ਤੀ ਹਿੱਸਾ ਪਾੳਂੁਦੇ ਹਨ। ਸ਼ਾਇਦ ਅਸੀਂ ਇਹ ਵੀ ਨਹੀਂ ਜਾਣਦੇ ਕਿ ਧਰਤੀ ਹੇਠਲਾ ਪਾਣੀ ਵੀ ਧਰਤੀ ਦੀ ਤਪਸ਼ ਕੰਟਰੋਲ ਕਰਦਾ ਹੈ।
ਜੰਗਲ ਉਜਾੜਾ ਵੀ ਸਾਨੂੰ ਲੈ ਬੇਠੈਗਾ। ਰੁੱਖ ਆਕਸੀਜਨ ਅਤੇ ਮਿੱਟੀ ਘੜਨ ਵਾਲੇ ਕਾਰਖਾਨੇ ਹਨ। ਇਹ ਮਿੱਟੀ ਰੁੜ੍ਹਨ ਨਹੀਂ ਦਿੰਦੇ। ਇਹ ਊਰਜਾ ਦੇ ਸਰੋਤ ਹਨ, ਅਥਾਹ ਭੋਜਨ ਪਦਾਰਥ ਦਿੰਦੇ ਹਨ। ਇਹ ਚਕਿਤਸਿਕ ਜੜੀ-ਬੂਟੀਆਂ ਦੇ ਭੰਡਾਰ ਹਨ ਅਤੇ ਕੰਦ-ਮੂਲ ਦੇ ਵੀ। ਸਾਡੀ ਪ੍ਰਿਥਵੀ ਉਤਲੇ ਸਾਰੇ ਪੌਦੇ ਹਰ ਵਰ੍ਹੇ ਲਗਭਗ 144 ਅਰਬ ਮੀਟਰਿਕ ਟਨ ਜੀਵੀ-ਪਦਾਰਥ ਪੈਦਾ ਕਰਦੇ ਹਨ। ਇਹ ਨਮੀ ਅਤੇ ਮੱਲ੍ਹੜ (ਪੱਤ-ਖਾਦ) ਬਖਸ਼ ਕੇ ਧਰਤੀ ਨੂੰ ਠੰਢਾ, ਪੋਲਾ, ਮਿੱਤਰ-ਕੀਟ ਯੁਕਤ ਅਤੇ ਜ਼ਰਖੇਜ਼ ਬਣਾਉਂਦੇ ਹਨ। ਇਹ ਜ਼ਹਿਰਾਂ ਚੂਸਦੇ ਹਨ, ਧਰਾਤਲ ਤੇ ਖਲਾਅ ਨੂੰ ਨਮ-ਠੰਢਕ ਬਖਸ਼ਦੇ ਹਨ ਅਤੇ ਸਬੰਧਿਤ ਖੇਤਰ ਦੇ ਮੌਸਮ ਨੂੰ ਸਾਵਾਂ ਰੱਖਦੇ ਹਨ।
ਕੀ ਸਾਨੂੰ ਪਤਾ ਕਿ ਮਾਰੂਥਲ ਦੀ ਨਿੱਕੀ ਨਿੱਕੀ ਘਾਹ ਜਾਂ ਕੰਡਿਆਲੀ ਬਨਸਪਤੀ ਵੀ 179 ਤੋਂ 543 ਮਿਲੀਗ੍ਰਾਮ ਨਮੀ ਇਕ ਦਿਨ ਵਿਚ ਛੱਡਦੀ ਹੈ ਜਿਹੜੀ ਥਾਰ ਦੀ ਖੁਸ਼ਕ ਫਿਜ਼ਾ ਨੂੰ ਸਿੱਲ੍ਹਾ ਕਰਨ ਵਿਚ ਆਪਣਾ ਰੋਲ ਨਿਭਾਉਂਦੀ ਹੈ। ਜੰਗਲ ਮੀਂਹ ਲਿਆਉਂਦੇ ਹਨ, ਮੀਂਹ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਔੜ ਅਤੇ ਹੜ੍ਹ, ਦੋਵਾਂ ਹਾਲਾਤ ਵਿਚ ਜੰਗਲ ਸਾਡੇ ਲਈ ਵਰਦਾਨ ਹਨ। ਜੰਗਲਾਂ ਦਾ ਇਕ ਵਰਗ ਕਿਲੋਮੀਟਰ ਰਕਬਾ 50 ਹਜ਼ਾਰ ਘਣਮੀਟਰ ਪਾਣੀ ਆਪਣੀਆਂ ਜੜ੍ਹਾਂ ਰਾਹੀਂ ਸਾਡੇ ਲਈ ਸੰਭਾਲ ਦਿੰਦਾ ਹੈ।
ਜੰਗਲਾਂ ਦੀ ਬਰਬਾਦੀ ਅਤੇ ਧਰਤੀ ਹੇਠੋਂ ਜਲ ਅੰਧਾਧੁੰਦ ਕੱਢਣ ਨਾਲ ਸਿਰਫ਼ ਜਲ ਸੰਕਟ ਹੀ ਨਹੀਂ ਉਪਜਣਾ, ਜੇ ਇਸ ਦੀ ਭਰਪਾਈ ਨਾ ਹੋਈ ਤਾਂ ਜਲ-ਅਣਹੋਂਦ ਨਾਲ ਧਰਤੀ ਹੇਠ ਪੈਦਾ ਹੋਏ ਖਲਾਅ ਨਾਲ ਨੇੜ ਭਵਿੱਖ ਵਿਚ ਧਰਤੀ ਗਰਕਣੀ ਸ਼ੁਰੂ ਹੋ ਸਕਦੀ ਹੈ। ਧਰਤ ਹੇਠਲਾ ਜਲ ਸਮਤੋਲ ਭੂਚਾਲਾਂ ਨੂੰ ਵੀ ਮਨਫੀ ਕਰਦਾ ਹੈ ਕਿਉਂਕਿ ਜ਼ਮੀਨੀ ਵਿਰਲਾਂ (ਅੰਦਰੂਨੀ ਪਲੇਟਾਂ) ਦੀ ਖਾਲੀ ਜਗ੍ਹਾ ਇਸ ਨੇ ਪੂਰ ਰੱਖੀ ਹੁੰਦੀ ਹੈ। ਗੁਜਰਾਤ ਵਿਚ ‘ਆਧੁਨਿਕ/ਘਣੀ ਖੇਤੀ’ ਕਾਰਨ ਜ਼ਮੀਨ ਹੇਠਲੀਆਂ ਜਲ ਤੱਗੀਆਂ ਡੂੰਘੀਆਂ ਹੋਣ ਕਾਰਨ ਦੋ ਅਲਾਮਤਾਂ ਸਾਹਮਣੇ ਆਈਆਂ ਹਨ: ਇਕ, ਕੱਛ ਖੇਤਰ (ਸਮੁੰਦਰੀ ਸਾਹਿਲ) ਵਿਚ ਇਸ ਖਲਾਅ ਦੀ ਥਾਂ ਸਮੁੰਦਰੀ ਜਲ-ਰਿਸਾਓ ਨੇ ਲੈ ਲਈ। ਸਿੱਟੇ ਵਜੋਂ ਵਾਸ਼ਪੀਕਰਨ ਨਾਲ ਜ਼ਮੀਨੀ ਮੁਸਾਮਾਂ ਰਾਹੀਂ ਲੂਣੇ ਪਦਾਰਥ ਉਪਰ ਆ ਕੇ ਧਰਤੀ ਨੂੰ ਰੁੰਡ ਮਰੁੰਡ ਕਰਨ ਲੱਗੇ; ਦੂਜੀ, ਕੁਝ ਦੁਰੇਡੀਆਂ ਥਾਵਾਂ ’ਤੇ ਜ਼ਮੀਨ ਧਸਣ ਦੇ ਮਾਮਲੇ ਸਾਹਮਣੇ ਆਏ ਹਨ।
ਬਰਸਾਤ ਜਿਸ ਬਾਰੇ ਪਤਾ ਨਹੀਂ ਹੁੰਦਾ, ਕਿੰਨੀ ਪੈਣੀ ਹੈ ਜਾਂ ਫਿਰ ਨਹੀਂ ਪੈਣੀ, ਨੂੰ ਸ਼ਾਮਿਲ ਨਾ ਵੀ ਕੀਤਾ ਜਾਵੇ, ਤਦ ਵੀ ਬਹੁ ਰੁੱਤਾਂ ਵਾਲਾ ਭਾਰਤੀ ਉਪ ਮਹਾਂਦੀਪ ਸਿਰਫ ਦੋ ਰੁੱਤਾਂ- ਗਰਮੀ ਤੇ ਸਰਦੀ ਵਾਲਾ ਖਿੱਤਾ ਬਣ ਜਾਵੇਗਾ। ਇਨ੍ਹਾਂ ਦੋਵਾਂ ਰੁੱਤਾਂ ਦੀ ਨਾ ਸਿਰਫ ਸਮਾਂ ਮਿਆਦ ਵਧ ਘਟ ਰਹੀ ਹੈ ਸਗੋਂ ਇਸ ਦੇ ਤਾਪਮਾਨ ਬਾਰੇ ਵੀ ਬੇਯਕੀਨੀ ਬਣ ਗਈ ਹੈ। ਰੁੱਤਾਂ ਦੇ ਰਵਾਇਤੀ ਤਾਪਮਾਨ ਅਤੇ ਸਮੇਂ ਵਿੱਚ ਗੜਬੜ ਸ਼ੁਰੂ ਹੋ ਗਈ ਹੈ।
ਬਹੁ ਰੁੱਤਾਂ ਤੋਂ ਦੋ ਜਾਂ ਤਿੰਨ ਰੁੱਤਾਂ ਵਿਚ ਸੁੰਗੜਨ ਦਾ ਅਰਥ ਹੈ ਵੰਨ-ਸਵੰਨਤਾ ਘਟਣਾ ਹੈ। ਬਹੁ ਰੁੱਤਾਂ ਦੀਆਂ ਬਰਕਤਾਂ ਤੋਂ ਹੱਥ ਧੋ ਕੇ ਬੰਦਾ ਸਿਰਫ ਦੋ ਰੁੱਤਾਂ ਦੀ ਪੈਦਾਵਾਰ ਖਾਣ-ਹੰਢਾਉਣ ਲਈ ਨਰੜਿਆ ਜਾਵੇਗਾ। ਵੰਨ-ਸਵੰਨੀ ਬਨਸਪਤੀ ਅਤੇ ਜੀਵਾਂ ਦੀ ਤਾਂ ਗੱਲ ਹੀ ਛੱਡੋ, ਸਾਨੂੰ ਆਪਣੇ ਕੱਪੜੇ-ਲੱਤੇ, ਰਹਿਣ-ਸਹਿਣ, ਜੀਅ ਪ੍ਰਚਾਵਿਆਂ, ਰੈਣ ਬਸੇਰਿਆ, ਗੱਲ ਕੀ ਸਮੁੱਚੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰਨੀਆਂ ਪੈਣਗੀਆਂ ਜੋ ਸਾਡੀ ਜੀਵਨ ਜਾਚ ਉੱਤੇ ਤਿੱਖਾ ਪ੍ਰਭਾਵ ਪਾਉਣਗੀਆਂ।
ਇੱਕ ਖੋਜ ਅਨੁਸਾਰ 2-3 ਫਾਰਨਹੀਟ ਨਾਲ ਹੀ 20 ਤੋਂ 30% ਜੀਵ ਵੰਨ-ਸਵੰਨਤਾ ਅਤੇ ਮੌਸਮ ਤੇ ਜਲ ਸੋਮਿਆਂ ਉੱਤੇ ਮਾਰੂ ਅਸਰ ਪੈਂਦਾ ਹੈ। ਹਾਲਤ ਇਹੋ ਰਹੀ ਤਾਂ 2050 ਤੱਕ ਸਾਡੀ ਧਰਤੀ ਉਤੇ ਮੌਜੂਦ ਰੁੱਖਾਂ ਤੇ ਪੌਦਿਆਂ ਦਾ 50 ਫ਼ੀਸਦੀ ਤੱਕ ਸਫਾਇਆ ਹੋ ਜਾਵੇਗਾ। ਮਨੁੱਖ ਦੀ ਬਿਰਤੀ ਇਹੋ ਰਹੀ ਤਾਂ ਸਾਡਾ ਉੱਤਰੀ ਖਿੱਤਾ ਹੋਰ ਅੱਧੀ ਸਦੀ ਨੂੰ ਜਾਂ ਤਾਂ ਧਰੁਵ (ਬਰਫਾਨੀ ਖਿੱਤਾ) ਬਣ ਜਾਵੇਗਾ ਜਾਂ ਫਿਰ ਬੰਜਰ ਬੀਆਵਾਨ।
ਮਨੁੱਖ ਮੁੱਢ ਤੋਂ ਹੀ ਖ਼ੁਦ ਨੂੰ ਇਸ ਧਰਤੀ ਅਤੇ ਬ੍ਰਹਿਮੰਡ ਦਾ ਸਰਦਾਰ ਸਮਝਦਾ ਆਇਆ ਹੈ। ਸਾਡੇ ਕਈ ਧਾਰਮਿਕ ਪ੍ਰਚਾਰਕਾਂ ਨੇ ਵੀ ਇਸ ਦੇ ਨਾਲ ਮਿਲਦੀ-ਜੁਲਦੀ ਸਿੱਖਿਆ ਮਨੁੱਖ ਨੂੰ ਦਿੱਤੀ ਹੈ। ਆਧੁਨਿਕ ਪੁਨਰ-ਜਾਗ੍ਰਿਤੀ ਅਤੇ ਧਨ ਕੁਬੇਰਾਂ ਦੀ ਸਿਰਜੀ ਬਾਜ਼ਾਰ ਦੀ ਚਕਾਚੌਂਧ ਨੇ ਵੀ ਇਸੇ ਸੋਚ ਨੂੰ ਦ੍ਰਿੜਾਇਆ ਹੈ ਕਿ ਸਾਰਾ ਬ੍ਰਹਿਮੰਡ ਹੀ ਮਨੁੱਖ ਦੀ ਸਰਦਾਰੀ ਲਈ ਪੈਦਾ ਕੀਤਾ ਗਿਆ ਹੈ। ਅਸਲ ਵਿਚ, ਇਹ ਧਾਰਨਾ ਹੀ ਪੁਆੜੇ ਦੀ ਜੜ੍ਹ ਹੈ। ਜੇ ਮਨੁੱਖ ਨੇ ਜ਼ਿੰਦਾ ਰਹਿਣਾ ਹੈ ਤਾਂ ਹੁਣ ਫਲਸਫੇ, ਸਿਧਾਂਤ ਅਤੇ ਵਿਚਾਰਧਾਰਾਵਾਂ ਸਿਰਫ਼ ਮਨੁੱਖ ਦੇ ਹਿੱਤਾਂ ਨੂੰ ਹੀ ਧਿਆਨ ਵਿਚ ਰੱਖ ਕੇ ਘੜਨ ਦੀ ਲੋੜ ਨਹੀਂ ਬਲਕਿ ਇਸ ਧਰਤੀ ਦੇ ਛੋਟੇ ਤੋਂ ਛੋਟੇ ਜੀਵਾਂ ਨੂੰ ਵੀ ਧਿਆਨ ’ਚ ਰੱਖਣਾ ਜ਼ਰੂਰੀ ਹੈ। ਝੀਲਾਂ, ਜੰਗਲ ਬੇਲੇ, ਪਹਾੜ, ਗੱਲ ਕੀ ਧਰਤੀ ਦੀ ਹਰ ਸ਼ੈਅ ਮਨੁੱਖ ਜਿੰਨੀ ਹੀ ਮਹੱਤਵਪੂਰਨ ਹੈ ਸਗੋਂ ਮਨੁੱਖੀ ਹੋਂਦ ਲਈ ਮਨੁੱਖ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਇਸ ਲਈ ਹੁਣ ਮਨੁੱਖਵਾਦ ਦੇ ਸੰਕਲਪ ਨੂੰ ਜ਼ਿੰਦਗੀਵਾਦ ਦੇ ਸੰਕਲਪ ਵਿਚ ਬਦਲਣ ਦੀ ਲੋੜ ਹੈ। ਇਹ ਸੰਕਲਪ ਸਾਡੀ ਰਹਿਤਲ ਵਿਚ ਪਹਿਲਾਂ ਵੀ ਪਿਆ ਸੀ, ਅਸੀਂ ਹੀ ਇਸ ਨੂੰ ਭੁੱਲ-ਭੁਲਾ ਗਏ ਹਾਂ।
ਸੰਪਰਕ: 94634-39075