ਟੂ-ਲੈੱਟ
ਜਗਦੀਪ ਸਿੱਧੂ
'ਕਿਰਾਏਦਾਰ’ ਸ਼ਬਦ ’ਚੋਂ ਮੈਨੂੰ ਜ਼ਿੰਦਗੀ ਵਰਗਾ ਭੇਤ ਨਜ਼ਰ ਆਉਂਦਾ ਹੈ; ਕਿਰਾਏ ਵਾਲ਼ਾ ਘਰ ਆਪਣਾ ਵੀ ਤੇ ਆਪਣਾ ਨਹੀਂ ਵੀ। ਇਸ ਸ਼ਬਦ ਦਾ ਮੇਰੇ ਨਾਲ਼ ਵਾਹ ਬਚਪਨ ਵਿਚ ਹੀ ਪੈਣ ਲੱਗ ਪਿਆ ਸੀ। ਤਦ ਇਸ ਸ਼ਬਦ ਦੀ ਇੰਨੀ ਸੋਝੀ ਨਹੀਂ ਸੀ ਹੁੰਦੀ। ਮਾਂ ਕਦੇ ਕਦੇ ਜ਼ਿਕਰ ਕਰਦੀ ਹੁੰਦੀ- “ਤੇਰੇ ਭਾਪੇ ਦੀ ਬਦਲੀ ਵੇਲੇ ਅਸੀਂ ਤਲਵੰਡੀ ਸਾਬੋ ਕਿਰਾਏ ’ਤੇ ਰਹਿੰਦੇ ਹੁੰਦੇ ਸੀ।” ਹੁਣ ਮੈਨੂੰ ਇਹ ਤਾਂ ਵੀ ਚੰਗਾ ਲੱਗਦਾ ਕਿ ਕਿਰਾਏ ’ਤੇ ਰਹਿਣ ਕਰ ਕੇ ਹੀ ਮੇਰਾ ਜਨਮ ਤਲਵੰਡੀ ਸਾਬੋ ਹੋਇਆ, ਨਹੀਂ ਤਾਂ ਮਾਨਸਾ ਆਉਣਾ ਜਾਣਾ ਕਿਹੜਾ ਔਖਾ ਸੀ।
ਇਸ ਦਾ ਅਗਲਾ ਅਨੁਭਵ ਵੀ ਅਜੀਬ ਜਿਹਾ ਸੀ। ਸੀ ਭਾਵੇਂ ਅਸੀਂ ਮਕਾਨ ਮਾਲਕ ਪਰ ਥੋੜ੍ਹਾ ਥੁੜੇ ਹੀ ਸੀ। ਥੋੜ੍ਹੀ ਆਰਥਿਕ ਤੰਗੀ ਕਰ ਕੇ ਅਸੀਂ ਮਕਾਨ ਦਾ ਇਕ ਹਿੱਸਾ- ਵੱਡਾ ਕਮਰਾ, ਬਾਥਰੂਮ ਤੇ ਰਸੋਈ ਕਿਰਾਏ ’ਤੇ ਦੇ ਦਿੰਦੇ। ਜਿਹੜਾ ਬਾਅਦ ਵਿਚ ਛੱਡ ਕੇ ਵੀ ਜਾਂਦਾ, ਉਸ ਨਾਲ਼ ਅਪਣੱਤ ਵਾਲ਼ਾ ਅਹਿਸਾਸ ਰਹਿੰਦਾ, ਘਰ ਦੇ ਹਿੱਸੇ ਵਾਂਗ।... ਜੋ ਵੀ ਆਉਂਦਾ, ਉਹ ਥੋੜ੍ਹੀ ਜਿਹੀ ਥਾਂ ਵਿਚ ਜ਼ਿਆਦਾ ਚੀਜ਼ਾਂ ਰੱਖਣ ਦਾ ਆਪੋ-ਆਪਣੇ ਤਰੀਕੇ ਨਾਲ਼ ਸਲੀਕਾ ਅਪਣਾਉਂਦਾ। ਤਦ ਉਹ ਸਾਨੂੰ ਆਪਣਾ ਬਹੁਤ ਭਲਾ ਕਰਨ ਵਾਲੇ ਲੱਗਦਾ; ਜਿਉਂ ਸਾਨੂੰ ਪੈਸੇ ਦੇ ਕੇ ਸਾਡੇ ਘਰ ਜ਼ਿਆਦਾ ਚੀਜ਼ਾਂ ਰਖਵਾਉਂਦਾ।
ਫਿਰ ਜਦ ਚੰਡੀਗੜ੍ਹ ਪੜ੍ਹਨ ਲੱਗਿਆ ਤਾਂ ਆਪਣੇ ਘਰ ਦੇ ਨਾਲ਼ ਕਿਰਾਏਦਾਰ ਸ਼ਬਦ ਮੇਰੇ ਨਾਲ਼ ਹੀ ਆ ਗਿਆ। ਹੁਣ ਆਪਣੇ ਲਈ ਕਮਰਾ ਲੱਭਣ ਲੱਗਾ; ਨਜ਼ਰ ਉਤਾਂਹ ਹੀ ਰਹਿੰਦੀ, ਉਤਲੀਆਂ ਮੰਜ਼ਿਲਾਂ ਤਦ ਵੀ ਹੋਰ ਮੰਜ਼ਿਲਾਂ ਦੇ ਮੁਕਾਬਲੇ ਸਸਤੀਆਂ ਹੀ ਸਨ ਪਰ ਸਾਡੇ ਲਈ ਤਾਂ ਫਿਰ ਵੀ ਮਹਿੰਗੀਆਂ ਹੀ ਸਨ। ਉਤਲੇ ਥੱਲੜੇ ਦਾ ਬਹੁਤਾ ਮਤਲਬ ਨਹੀਂ ਸੀ ਤਦ ਸਾਡੇ ਲਈ। ਚੜ੍ਹਦੀ ਉਮਰ ਸੀ, ਪੌੜੀਆਂ ਚੜ੍ਹ ਸਕਦੇ ਸਾਂ।
ਸਾਡੇ ਲੋਕ ਵਿਦੇਸ਼ ਲਈ ਅਕਸਰ ਕਹਿੰਦੇ ਹੁੰਦੇ ਕਿ ਉਥੇ ਤਰੱਕੀ ਦਾ ਸਾਡੇ ਨਾਲੋਂ ਜ਼ਮੀਨ ਅਸਮਾਨ ਦਾ ਫ਼ਰਕ ਹੈ। ਮੈਨੂੰ ਇਹ ਸਭ ਹੋਰ ਤਰ੍ਹਾਂ ਨਾਲ਼ ਉਲਟ ਜਿਹਾ ਲੱਗ ਰਿਹਾ। ਸਾਡੇ ਬੱਚੇ ਉਥੇ ਜਾ ਕੇ ਬੇਸਮੈਂਟ ਲੱਭਦੇ ਨੇ ਤੇ ਇਥੋਂ ਦੇ ਉਪਰਲੀਆਂ ਮੰਜ਼ਿਲਾਂ ਜ਼ਿਆਦਾ ਭਾਲਦੇ ਨੇ।... ਫਿਰ ਵਿਆਹ ਤੋਂ ਬਾਅਦ ਪਰਿਵਾਰ ਲਈ ਖਰੜ ਵਿਚ ਘਰ ਲੱਭਣਾ ਸ਼ੁਰੂ ਕੀਤਾ। ਉਹੀ ਅਜੀਬ ਜਿਹਾ ਵਿਰੋਧਾਭਾਸ, ਉੱਚੀਆਂ ਮੰਜ਼ਿਲਾਂ ਦੂਜੀਆਂ ਮੁਕਾਬਲਤਨ ਸਸਤੀਆਂ। ਕੋਈ ਚੀਜ਼ ਨਿਆਂ ਸੰਗਤ ਕਰਨ ਲਈ ਸਾਡੇ ਕੋਲ਼ ਬਹਾਨਾ ਹਾਜ਼ਰ ਹੀ ਹੁੰਦਾ- ਚਲੋ ਕੋਈ ਗੱਲ ਨਹੀਂ, ਕਸਰਤ ਹੋ ਜਾਊ। ਛੱਤ ਵੀ ਮਿਲ ਜਾਊ।... ਜੱਦੀ ਘਰ ਚੇਤੇ ਆਇਆ, ਜਿੱਥੇ ਮਾਲਕ ਮਕਾਨ ਤੇ ਕਿਰਾਏਦਾਰ ਕੱਠੇ ਰਹਿੰਦੇ ਸੀ। ਇਥੇ ਅਸੀਂ ’ਕੱਲੇ ਮਕਾਨ ਵਿਚ ਰਹਿੰਦੇ ਸਾਂ; ਆਜ਼ਾਦ ਕਿਰਾਏਦਾਰ। ਵਿਆਹ ਤੋਂ ਬਾਅਦ ਆਪਣੀ ਤਰ੍ਹਾਂ ਦੀ ਆਜ਼ਾਦੀ ਨਾਲ਼। ਆਜ਼ਾਦਾਨਾ ਕਿਰਾਏਦਾਰੀ ਦਾ ਇਹ ਮੇਰਾ ਦੂਜਾ ਅਨੁਭਵ ਸੀ।
ਫਿਰ ਆਪਣਾ ਘਰ ਬਣਾਇਆ। ਪਹਿਲੀ ਮੰਜ਼ਿਲ ਵੀ ਬਣਾਈ; ਫਿਰ ਕਿਰਾਏਦਾਰ ਲੱਭਣ ਲੱਗੇ। ਇਹ ਸ਼ਬਦ ਮੇਰੇ ਨਾਲ਼ ਮਜਬੂਰੀ ਤੇ ਫਾਇਦੇ, ਦੋਵਾਂ ਤਰ੍ਹਾਂ ਨਾਲ਼ ਜੁੜਿਆ ਰਿਹਾ।
ਤਰ੍ਹਾਂ ਤਰ੍ਹਾਂ ਦੇ ਲੋਕ ਮਕਾਨ ਦੇਖਣ ਆਉਂਦੇ। ਰਹਿਣ ਵਾਲਿਆਂ ਨੂੰ ਸਮਝਾਉਂਦਾ- ਕੰਧਾਂ ’ਤੇ ਠੋਕ-ਪੀਟ ਨਹੀਂ ਕਰਨੀ। ਸਫ਼ਾਈ ਰੱਖਣੀ ਹੈ। ਦਿੱਤੇ ਸਾਮਾਨ ਦਾ ਧਿਆਨ ਰੱਖਣਾ। ਦਰਅਸਲ ਮੈਂ ਆਪਣੇ ਆਪ ਨੂੰ ਵੀ ਯਾਦ ਕਰਵਾਉਂਦਾ ਰਹਿੰਦਾ ਹਾਂ ਕਿ ਇਹ ਸਭ ਕਿੰਨੀ ਮਿਹਨਤ ਨਾਲ ਬਣਿਆ ਹੈ।
ਪਹਿਲੇ ਸਮਿਆਂ ਨਾਲੋਂ ਕਿਰਾਏ-ਘਰਾਂ ਵਿਚ ਇਕ ਤਰੱਕੀ ਜ਼ਰੂਰ ਹੋ ਗਈ ਹੈ ਕਿ ਘਰਾਂ ਦਾ ਬਹੁਤਾ ਸਾਮਾਨ ਵੀ ਨਾਲ਼ ਹੀ ਦੇਣ ਲੱਗ ਪਏ; ਚਾਹੇ ਪੈਸੇ ਵੱਧ ਲੈਣ। ਮੈਨੂੰ ਚੰਗਾ ਲੱਗਦਾ ਹੈ ਜਿਵੇਂ ਮਹਿਮਾਨ ਹੋਣ; ਉਂਝ ਮਹਿਮਾਨਾਂ ਵਿਚ ਵੀ ‘ਗਿਵ-ਟੇਕ’ ਚੱਲਦਾ ਹੀ ਹੈ। ਥੋੜ੍ਹਾ ਨੇੜਤਾ ਦਾ ਅਹਿਸਾਸ ਹੁੰਦਾ ਹੈ। ਕਈ ਲੋਕ ਪੀਜੀ ਬਣਾ ਖਾਣਾ ਵੀ ਦਿੰਦੇ ਨੇ। ਪੂੰਜੀਵਾਦੀ ਯੁੱਗ ਦੀਆਂ ਇੱਕਾ-ਦੁੱਕਾ ਗੱਲਾਂ ਚੰਗੀਆਂ ਵੀ ਲੱਗਦੀਆਂ ਨੇ।
‘ਟੂ-ਲੈੱਟ’ ਦਾ ਬੋਰਡ ਪਹਿਲੀ ਵਾਰ ਚੰਡੀਗੜ੍ਹ ਹੀ ਦੇਖਿਆ ਸੀ। ਹੁਣ ਤਾਂ ਇਹ ਆਧੁਨਿਕਤਾ ਹਰ ਥਾਂ ਪਹੁੰਚ ਗਈ ਹੈ। ਚੰਡੀਗੜ੍ਹ ਤਾਂ ਖ਼ੁਦ ਚੱਲ ਕੇ ਖਰੜ ਆ ਗਿਆ ਹੈ- ‘ਚੰਡੀਗੜ੍ਹ ਯੂਨਵਿਰਸਿਟੀ’ ਦੇ ਰੂਪ ਵਿਚ। ਇਥੋਂ ਦੀਆਂ ਕਲੋਨੀਆਂ ਵਿਚ ਕੁੜੀਆਂ ਮੁੰਡਿਆਂ ਦੀਆਂ ਡਾਰਾਂ ਦਿਸਦੀਆਂ ਨੇ। ਮਹਿੰਗੀਆਂ ਪੜ੍ਹਾਈਆਂ। ਸਾਡੇ ਸਮਿਆਂ ਵਿਚ ਪੜ੍ਹਨ ਦੀਆਂ ਨਾ-ਮਾਤਰ ਜਿਹੀਆਂ ਫੀਸਾਂ ਹੁੰਦੀਆਂ ਸਨ; ਹੁਣ ਤਾਂ ਇਨ੍ਹਾਂ ਦੀਆਂ ਕਲਾਸਾਂ ਵੀ, ਕਿਰਾਏ ਦੇ ਕਮਰੇ ਹੀ ਲੱਗਦੇ ਨੇ।
ਬ੍ਰੋਕਰ (ਦਲਾਲ) ਸ਼ਬਦ ਇਥੇ ਬੜਾ ਪ੍ਰਚਲਿਤ ਹੈ। ਇਹ ਮੁੰਡੇ ਕੁੜੀਆਂ ਨੂੰ ਕਿਰਾਏਦਾਰ ਬਣਨ ਵਿਚ ਮਦਦ ਕਰਦੇ ਹਨ। ਜਿੱਥੇ ਵੀ ਟੂ-ਲੈੱਟ ਦਾ ਬੋਰਡ ਦਿਸਿਆ, ਉਥੇ ਮਕਾਨ ਮਾਲਕਾਂ ਨੂੰ ਫੋਨ ਕਰ ਦਿੱਤਾ। ਪਹਿਲੇ ਮਹੀਨੇ ਦਾ ਅੱਧਾ ਕਿਰਾਇਆ ਇਨ੍ਹਾਂ ਨੂੰ ਦੇਣਾ ਪੈਂਦਾ ਹੈ। ਪਹਿਲੇ ਮਹੀਨੇ ਇਹ ਅੱਧੇ ਮਾਲਕ ਹੁੰਦੇ ਨੇ। ਤਾਹੀਓਂ ਮਕਾਨ ਦਿਖਾਉਣ ਦੇ ਬਹਾਨੇ ਜਦ ਮਰਜ਼ੀ ਬੈੱਲ ਮਾਰ ਕੇ ਪੌੜੀਆਂ ਚੜ੍ਹ ਜਾਂਦੇ ਨੇ। ਕਿਰਾਏ ’ਤੇ ਕਮਰਾ ਦਿਵਾਉਣ ਲਈ ਇਨ੍ਹਾਂ ਨੂੰ ਵੀ ਕਿਰਾਏ ’ਤੇ ਕਮਰੇ (ਦਫ਼ਤਰ) ਲਏ ਹੋਏ ਨੇ।
ਟਰਾਈਸਿਟੀ ਵਿਚ ਪੈਸਾ ਪਹੁੰਚ ਗਿਆ ਹੈ। ਜਿਸ ਤਰ੍ਹਾਂ ਪੰਜ ਸੌ ਵਾਲਾ ਨੋਟ ਕਿੰਨੇ ਸਾਰੇ ਪੈਸਿਆਂ ਰੁਪਇਆਂ ਨੂੰ ਸਮੇਟ ਲੈਂਦਾ ਹੈ। ਬੰਦਾ ਸੁੰਗੜ ਗਿਆ ਹੈ। ਇਕੱਲਾ ਹੋ ਗਿਆ। ਜਦ ਇਹ ਮਾਰ ਕਿਸੇ ‘ਸਮਰੱਥ’ ਸੰਵੇਦਨਸ਼ੀਲ ਬੰਦੇ ’ਤੇ ਪੈਂਦੀ ਹੈ ਤਾਂ ਉਸ ਨੂੰ ਤਨਹਾਈ ਝੱਲਣੀ ਔਖੀ ਹੋ ਜਾਂਦੀ ਹੈ। ਇਸ ਨਾਲ਼ ਸਬੰਧਿਤ ਆਪਣੀ ਨਜ਼ਮ ‘ਟੂ-ਲੈੱਟ’ ਨਾਲ਼ ਲੇਖ ਬੰਦ ਕਰਦਾ ਹਾਂ:
ਉਸ ਕੋਲ਼ ਕਿੰਨੇ ਮਕਾਨ ਨੇ
ਟੂ-ਲੈੱਟ ਦੇ ਬੋਰਡ ਟੰਗੇ ਹੋਏ/ਸਭ ’ਤੇ
ਸਵੇਰ ਤੋਂ ਆਥਣ ਤਕ/ਆਉਂਦੇ ਫੋਨ ਕਿੰਨੇ
ਪਰਿਵਾਰ ਵਾਲ਼ਿਆਂ, ਮੁੰਡੇ ਕੁੜੀਆਂ ਦੇ
ਤੁਰਿਆ ਭੱਜਿਆ ਰਹਿੰਦਾ ਦਿਖਾਉਣ
ਹੌਲ਼ੀ ਹੌਲ਼ੀ ਸਭ ਭਰ ਜਾਂਦੇ
’ਕੱਠੇ ਕਰ/ਬੋਰਡ/ਰੱਖ ਲੈਂਦਾ ਘਰ...
ਸੰਪਰਕ: 83838-26876