For the best experience, open
https://m.punjabitribuneonline.com
on your mobile browser.
Advertisement

ਸੰਦੇਸ਼ਖਲੀ ਦੀਆਂ ਮਹਿਲਾਵਾਂ ਨੂੰ ਧਮਕਾ ਰਹੇ ਨੇ ਟੀਐੱਮਸੀ ਦੇ ਗੁੰਡੇ: ਮੋਦੀ

06:10 AM May 13, 2024 IST
ਸੰਦੇਸ਼ਖਲੀ ਦੀਆਂ ਮਹਿਲਾਵਾਂ ਨੂੰ ਧਮਕਾ ਰਹੇ ਨੇ ਟੀਐੱਮਸੀ ਦੇ ਗੁੰਡੇ  ਮੋਦੀ
ਹਾਵੜਾ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਬੈਰਕਪੁਰ/ਹੁਗਲੀ/ਹਾਵੜਾ, 12 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੀਐੱਮਸੀ ’ਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਸੂਬੇ ਦੀ ਹਾਕਮ ਪਾਰਟੀ ਦੇ ਗੁੰਡੇ ਦੋਸ਼ੀਆਂ ਨੂੰ ਬਚਾਉਣ ਲਈ ਸੰਦੇਸ਼ਖਲੀ ਦੀਆਂ ਪੀੜਤ ਔਰਤਾਂ ਨੂੰ ਧਮਕਾ ਰਹੇ ਹਨ।
ਮੋਦੀ ਨੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ ਅਤੇ ਫਿਰ ਹੁਗਲੀ ’ਚ ਇੱਕ ਤੋਂ ਬਾਅਦ ਇੱਕ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਟੀਐੱਮਸੀ ਦੇ ਕਾਰਜਕਾਲ ਵਿੱਚ ਸੂਬੇ ’ਚ ਹਿੰਦੂ ਦੋਇਮ ਦਰਜੇ ਦੇ ਨਾਗਰਿਕ ਬਣ ਗਏ ਹਨ। ਉਨ੍ਹਾਂ ਕਿਹਾ, ‘ਜਦੋਂ ਤੱਕ ਮੋਦੀ ਹੈ, ਕੋਈ ਵੀ ਸੀਏਏ ਨੂੰ ਰੱਦ ਨਹੀਂ ਕਰ ਸਕਦਾ।’ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਦੇਸ਼ ਭਰ ’ਚ ਆਪਣੇ ‘ਸ਼ਹਿਜ਼ਾਦੇ’ ਦੀ ਉਮਰ ਤੋਂ ਵੀ ਘੱਟ ਸੀਟਾਂ ਮਿਲਣਗੀਆਂ। ਬੈਰਕਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਟੀਐੱਮਸੀ ਨੇ ਸੰਦੇਸ਼ਖਲੀ ਦੀਆਂ ਮਾਵਾਂ ਤੇ ਭੈਣਾਂ ਨਾਲ ਕੀ ਕੀਤਾ। ਟੀਐੱਮਸੀ ਦੇ ਗੁੰਡੇ ਹੁਣ ਸੰਦੇਸ਼ਖਲੀ ਦੀਆਂ ਮਹਿਲਾਵਾਂ ਨੂੰ ਧਮਕੀਆਂ ਦੇ ਰਹੇ ਹਨ ਕਿਉਂਕਿ ਮੁੱਖ ਮੁਲਜ਼ਮ ਦਾ ਨਾਂ ਸ਼ਾਹਜਹਾਂ ਸ਼ੇਖ ਹੈ। ਟੀਐੱਮਸੀ ਸੰਦੇਸ਼ਖਲੀ ਦੇ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ’ਚ ਕੋਈ ਕਸਰ ਨਹੀਂ ਛੱਡ ਰਹੀ।’ ਹੁਗਲੀ ’ਚ ਆਪਣੀ ਦੂਜੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਟੀਐੱਮਸੀ ਸੰਦੇਸ਼ਖਲੀ ’ਚ ਹਰ ਹਥਕੰਡਾ ਅਪਣਾ ਰਹੀ ਹੈ ਪਰ ਸੰਦੇਸ਼ਖਲੀ ਦੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।’ ਇਹ ਦਾਅਵਾ ਕਰਦਿਆਂ ਕਿ ਟੀਐੱਮਸੀ ਦੇ ਕਾਰਜਕਾਲ ’ਚ ਬੰਗਾਲ ਭ੍ਰਿਸ਼ਟਾਚਾਰ ਦਾ ਕੇਂਦਰ ਤੇ ਬੰਬ ਬਣਾਉਣ ਦੀ ਘਰੇਲੂ ਸਨਅਤ ਬਣ ਗਿਆ ਹੈ, ਮੋਦੀ ਨੇ ਕਿਹਾ ਕਿ ਸੂਬੇ ਦੀ ਹਾਕਮ ਪਾਰਟੀ ਨੇ ਵੋਟ ਬੈਂਕ ਦੀ ਰਾਜਨੀਤੀ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਹਾਵੜਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਟੀਐੱਮਸੀ ਦੇ ਆਗੂਆਂ ਦਾ ਕੰਮ ਸੂਬੇ ’ਚ ਅਸ਼ਾਂਤੀ ਦਾ ਮਾਹੌਲ ਬਣਾਉਣਾ ਹੈ। ਮੋਦੀ ਨੇ ਦੋਸ਼ ਲਾਇਆ, ‘ਭਾਵੇਂ ਕਾਂਗਰਸ ਹੋਵੇ, ਖੱਬੇਪੱਖੀ ਪਾਰਟੀਆਂ ਹੋਣ ਜਾਂ ‘ਇੰਡੀਆ’ ਗੱਠਜੋੜ ਦੀ ਕੋਈ ਹੋਰ ਪਾਰਟੀ, ਇਨ੍ਹਾਂ ਸਾਰਿਆਂ ਨੇ ਭ੍ਰਿਸ਼ਟਾਚਾਰ ਨੂੰ ਆਪਣਾ ਚਰਿੱਤਰ ਬਣਾ ਲਿਆ ਹੈ।’ -ਪੀਟੀਆਈ

Advertisement

ਪਟਨਾ ’ਚ ਰੋਡ ਸ਼ੋਅ

ਪਟਨਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਬਿਹਾਰ ਦੀ ਰਾਜਧਾਨੀ ਪਟਨਾ ’ਚ ਰੋਡ ਸ਼ੋਅ ਕੀਤਾ ਹੈ। ਪ੍ਰਧਾਨ ਮੰਤਰੀ ਦਾ ਇਹ ਰੋਡ ਸ਼ੋਅ ਤਕਰੀਬਨ ਡੇਢ ਕਿਲੋਮੀਟਰ ਤੱਕ ਲੰਮਾ ਸੀ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਇਸ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਡਿਪਟੀ ਮੁੱਖ ਮੰਤਰੀ ਤੇ ਬਿਹਾਰ ਭਾਜਪਾ ਦੇ ਪ੍ਰਧਾਨ ਸਮਰਾਟ ਚੌਧਰੀ ਤੇ ਸਥਾਨਕ ਸੰਸਦ ਮੈਂਬਰ ਰਵੀ ਸ਼ੰਕਰ ਵੀ ਸਨ। ਭਾਜਪਾ ਆਗੂਆਂ ਨੇ ਇਸ ਰੋਡ ਨੂੰ ਕਾਮਯਾਬ ਕਰਾਰ ਦਿੱਤਾ। -ਪੀਟੀਆਈ

ਟੀਐੱਮਸੀ ਵੱਲੋਂ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਖ਼ਿਲਾਫ਼ ਸ਼ਿਕਾਇਤ

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਅੱਜ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਅਤੇ ਪਾਇਲੀ ਦਾਸ ਸਮੇਤ ਭਾਜਪਾ ਦੇ ਹੋਰ ਆਗੂਆਂ ਖ਼ਿਲਾਫ਼ ਚੋਣ ਕਮਿਸ਼ਨ (ਈਸੀ) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਪਾਰਟੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਿਆਸੀ ਲਾਭ ਲਈ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਦੀਆਂ ਮਾਸੂਮ ਔਰਤਾਂ ਦਾ ਸ਼ੋਸ਼ਣ ਕਰ ਕੇ ਅਪਰਾਧਿਕ ਸਾਜ਼ਿਸ਼ ਰਚੀ। ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਟੀਐੱਮਸੀ ਨੇ ਕਿਹਾ ਕਿ ਉਹ ਰੇਖਾ ਅਤੇ ਪਾਇਲੀ ਦਾਸ ਖ਼ਿਲਾਫ਼ ‘ਸੰਦੇਸ਼ਖਲੀ ਦੀਆਂ ਨਿਰਦੋਸ਼ ਔਰਤਾਂ ਅਤੇ ਆਮ ਤੌਰ ’ਤੇ ਸਾਰੇ ਵੋਟਰਾਂ ਖ਼ਿਲਾਫ਼ ਜਾਅਲਸਾਜ਼ੀ, ਧੋਖਾਧੜੀ, ਅਪਰਾਧਿਕ ਧਮਕੀ ਅਤੇ ਅਪਰਾਧਿਕ ਸਾਜ਼ਿਸ਼ ਦੇ ਗੰਭੀਰ ਅਪਰਾਧਾਂ ਲਈ ਸ਼ਿਕਾਇਤ ਦਰਜ ਕਰ ਰਹੀ ਹੈ।’’ ਸ਼ਿਕਾਇਤ ਵਿੱਚ ਸੰਦੇਸ਼ਖਲੀ ਦੀ ਇੱਕ ਔਰਤ ਦੇ ਇੰਟਰਵਿਊ ਦਾ ਹਵਾਲਾ ਦਿੱਤਾ ਗਿਆ ਜੋ 10 ਮਈ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੀ ਕੀਤੀ ਗਈ ਸੀ। ਟੀਐੱਮਸੀ ਨੇ ਕਿਹਾ ਕਿ ਇੰਟਰਵਿਊ ਦੌਰਾਨ ਸੰਦੇਸ਼ਖਲੀ ਦੀ ਔਰਤ ਨੇ ਦੋਸ਼ ਲਾਇਆ ਕਿ ਸ਼ਰਮਾ ਅਤੇ ਦਾਸ ਨੇ ਉਸ ਨੂੰ ਡਰਾ-ਧਮਕਾ ਕੇ ਇੱਕ ਖਾਲੀ ਕਾਗਜ਼ ’ਤੇ ਦਸਤਖਤ ਕਰਨ ਲਈ ਮਜਬੂਰ ਕੀਤਾ। ਬਾਅਦ ਵਿੱਚ ਜਦੋਂ ਪੁਲੀਸ ਨੇ ਨੋਟਿਸ ਜਾਰੀ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਜਬਰ-ਜਨਾਹ ਦੇ ਕੇਸ ਵਿੱਚ ਸ਼ਿਕਾਇਤਕਰਤਾ ਬਣਾਇਆ ਗਿਆ ਸੀ। -ਪੀਟੀਆਈ

ਪ੍ਰਦਰਸ਼ਨਾਂ ਲਈ 70 ਔਰਤਾਂ ਨੂੰ ਦੋ-ਦੋ ਹਜ਼ਾਰ ਰੁਪਏ ਦਿੱਤੇ ਜਾਣ ਦਾ ਦਾਅਵਾ

ਕੋਲਕਾਤਾ: ਪੱਛਮੀ ਬੰਗਾਲ ਦੀ ਸੰਦੇਸ਼ਖਲੀ ਘਟਨਾ ਸਬੰਧੀ ਇੱਕ ਹੋਰ ਕਥਿਤ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸਥਾਨਕ ਭਾਜਪਾ ਆਗੂ ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਆਗੂ ਸ਼ਾਹਜਹਾਂ ਸ਼ੇਖ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ 70 ਔਰਤਾਂ ਨੂੰ ਦੋ-ਦੋ ਹਜ਼ਾਰ ਰੁਪਏ ਦਿੱਤੇ ਗਏ ਹਨ। ਸ਼ਾਹਜਹਾਂ ਸ਼ੇਖ ’ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਪਿੰਡ ਵਾਸੀਆਂ ਦੀ ਜ਼ਮੀਨ ਹੜੱਪਣ ਦਾ ਦੋਸ਼ ਹੈ। ਵੀਡੀਓ ਵਿੱਚ ਸੰਦੇਸ਼ਖਲੀ ਮੰਡਲ ਪ੍ਰਧਾਨ ਗੰਗਾਧਰ ਕਿਆਲ ਵਰਗੇ ਦਿਖਾਈ ਦਿੰਦੇ ਇੱਕ ਵਿਅਕਤੀ ਨੇ ਇਹ ਗੱਲ ਕਹੀ। ਪਿਛਲੇ ਹਫ਼ਤੇ ਉਸ ਵੀਡੀਓ ਵਿੱਚ ਵੀ ਕਾਇਲ ਨੇ ਹੀ ਜਬਰ-ਜਨਾਹ ਦੇ ਦੋਸ਼ਾਂ ਨੂੰ ਮਨਘੜਤ ਦੱਸਿਆ ਸੀ। ਬੀਤੀ ਰਾਤ ਸਾਹਮਣੇ ਆਈ ਨਵੀਂ ਕਥਿਤ ਵੀਡੀਓ ਵਿੱਚ ਕਾਇਲ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਸ਼ੇਖ ਦਾ ਵਿਰੋਧ ਕਰਨ ਲਈ 70 ਔਰਤਾਂ ਨੂੰ ਦੋ-ਦੋ ਹਜ਼ਾਰ ਰੁਪਏ ਦਿੱਤੇ ਗਏ ਸਨ। -ਪੀਟੀਆਈ

Advertisement
Author Image

Advertisement
Advertisement
×