ਸਾਂਝ ਤੇ ਸਿਰਨਾਵੇਂ
ਦਰਸ਼ਨ ਸਿੰਘ
ਉਦੋਂ ਮੇਰੇ ਪਾਪਾ ਬੁਢਾਪੇ ਦੀ ਉਮਰ ’ਚੋਂ ਲੰਘ ਰਹੇ ਸਨ। ਉਮਰ ਦੇ ਇਸ ਪੜਾਅ ਦੀਆਂ ਆਪਣੀਆਂ ਵਿਸ਼ੇਸ਼ ਲੋੜਾਂ ਹੁੰਦੀਆਂ ਹਨ। ਸਰੀਰ ਕਈ ਤਰ੍ਹਾਂ ਦੇ ਸਹਾਰੇ ਭਾਲਦਾ ਹੈ। ਇਸੇ ਕਰ ਕੇ ਮੈਂ ਉਨ੍ਹਾਂ ਨੂੰ ਆਪਣੇ ਕੋਲ ਸ਼ਹਿਰ ਲੈ ਆਇਆ ਸੀ। ਇਥੇ ਜ਼ਿੰਦਗੀ ਜੀਣ ਲਈ ਹਰ ਸੁੱਖ-ਸਹੂਲਤ ਸੀ ਪਰ ਉਹ ਖ਼ੁਸ਼ ਰਹਿਣ ਨਾਲੋਂ ਉਦਾਸ ਵਧੇਰੇ ਰਹਿੰਦੇ। ਘਰ ਦੇ ਬਾਹਰ ਹੀ ਮਾੜੀ ਮੋਟੀ ਟਹਿਲ ਕਦਮੀ ਕਰਦੇ ਤੇ ਘਰ ਮੁੜ ਆਉਂਦੇ। ਕਿਸੇ ਵੀ ਕੰਮ ਵਿਚ ਦਿਲਚਸਪੀ ਨਾ ਲੈਂਦੇ। ਉਨ੍ਹਾਂ ਦੀਆਂ ਉਨੀਂਦਰੀਆਂ ਰਾਤਾਂ ਨੇ ਮੈਨੂੰ ਗਹਿਰੀਆਂ ਸੋਚਾਂ ਵਿਚ ਪਾਇਆ ਹੋਇਆ ਸੀ। “ਪਾਪਾ ਜੀ, ਕੀ ਗੱਲ ਹੈ? ਚੁੱਪ ਚੁੱਪ ਰਹਿੰਦੇ ਓਂ।” ਇਕ ਦਿਨ ਮੈਂ ਉਨ੍ਹਾਂ ਨੂੰ ਫਿ਼ਕਰ ਭਰਿਆ ਸਵਾਲ ਕੀਤਾ। ਕਦੀ ਕੁਝ ਕਹਿਣ, ਕਦੇ ਕੁਝ। ਢੁਕਵੇਂ ਜਵਾਬ ਲਈ ਉਨ੍ਹਾਂ ਟਾਲ-ਮਟੋਲ ਵੀ ਕੀਤੀ। “ਜੀਅ ਨਹੀਂ ਲਗਦਾ?” ਹੁਣ ਵੀ ਜਵਾਬ ਵਿਚ ਚੁੱਪ ਸੀ। ‘ਕੀ ਗੱਲ ਹੋ ਸਕਦੀ ਹੈ?’ ਮੈਂ ਆਪ ਹੀ ਮੈਂ ਸੋਚਦਾ ਰਹਿੰਦਾ। ਆਖ਼ਿਰ ਇਕ ਦਿਨ ਉਨ੍ਹਾਂ ਕਿਹਾ, “ਚਿਰ ਹੋ ਗਿਆ ਕਿਸੇ ਤੋਂ ‘ਮੋਹਣ ਸਿਆਂ’ ਨਹੀਂ ਸੁਣਿਆ...।” ਕਿਸੇ ਲੁਕਵੀਂ ਪੀੜ ਦਾ ਅਹਿਸਾਸ ਉਨ੍ਹਾਂ ਦੇ ਚਿਹਰੇ ਉੱਤੇ ਸਪੱਸ਼ਟ ਦੇਖਿਆ ਜਾ ਸਕਦਾ ਸੀ।
ਮੇਰੇ ਘਰ ਦੇ ਅੱਗੜ-ਪਿੱਛੜ ਕਈ ਘਰ ਸਨ ਪਰ ਬਿਨਾਂ ਕਿਸੇ ਕੰਮ ਤੋਂ ਇਕ ਦੂਜੇ ਦੇ ਘਰ ਆਉਣ ਜਾਣ ਘੱਟ ਹੀ ਸੀ। ਰਾਹ ਜਾਂਦੇ ‘ਸਤਿ ਸ੍ਰੀ ਅਕਾਲ’ ਹੋ ਜਾਂਦੀ। ਕਈ ਕਈ ਦਿਨ ਮਿਲੇ ਬਿਨਾਂ ਵੀ ਲੰਘ ਜਾਂਦੇ। ਕਈਆਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਗੁਆਂਢ ’ਚ ਕੌਣ ਰਹਿੰਦਾ ਹੈ। ਕਿਥੋਂ ਦਾ ਹੈ? ਸ਼ਾਇਦ ਇਸੇ ਕਰ ਕੇ ਪਾਪਾ ਜੀ ਨੇ ਇਕ ਦਿਨ ਘਰ ਨੂੰ ‘ਪਿੰਜਰਾ’ ਵੀ ਕਹਿ ਦਿੱਤਾ ਸੀ। ਮੇਰੀਆਂ ਸੋਚਾਂ ਦਿਨੇ-ਰਾਤ ਇਸੇ ਬੋਝ ਹੇਠ ਦੱਬੀਆਂ ਰਹਿੰਦੀਆਂ।
“ਚਲੋ, ਪਿੰਡ ਚਲਦੇ ਆਂ।” ਇਕ ਦਿਨ ਮੈਂ ਕਿਹਾ। ਬਿਨਾਂ ਕਿਸੇ ਨਾਂਹ-ਨੁੱਕਰ ਤੋਂ ਕੱਪੜੇ-ਲੀੜੇ ਝੋਲੇ ’ਚ ਪਾਉਂਦਿਆਂ ਉਹ ਜਾਣ ਲਈ ਤਿਆਰ ਹੋ ਗਏ। ਚਿਹਰਾ ਨੂਰ ਨਾਲ ਭਰ ਗਿਆ। ਸੋਚਦਾ ਸਾਂ ਕਿ ਬੰਦੇ ਦਾ ਮਨ ਵੀ ਕਿੰਨਾ ਅਜੀਬ ਹੈ। ਇਕ ਵਾਰ ਮੈਂ ਫਿਰ ਪੁੱਛਿਆ, “ਜ਼ਰੂਰ ਜਾਣਾ?” “ਹਾਂ, ਫਿਰ ਕਦੀ ਆ ਜਾਵਾਂਗਾ...।” ਸ਼ਾਇਦ ਇੱਥੇ ਹਰ ਵਕਤ ਘੁਟਣ ਮਹਿੂਸਸ ਕਰਨ ਅਤੇ ਹਰ ਪਲ ਉੱਖੜੇ ਉੱਖੜੇ ਰਹਿਣ ਨਾਲੋਂ ਉਨ੍ਹਾਂ ਦਾ ਚਲੇ ਜਾਣਾ ਹੀ ਠੀਕ ਸੀ। ਮੈਂ ਤਾਂ ਇੱਥੋਂ ਦੇ ਮਾਹੌਲ ਅਨੁਸਾਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਲ ਲਿਆ ਸੀ। ਗੁਆਂਢੀਆਂ ਨਾਲ ਕਦੇ ਕਦਾਈਂ ਮੇਲ-ਮਿਲਾਪ ਹੋ ਜਾਂਦਾ। ਨਾ ਵੀ ਹੁੰਦਾ ਤਾਂ ਮੈਨੂੰ ਕੋਈ ਫ਼ਰਕ ਨਾ ਪੈਂਦਾ। ਬੰਦ ਬੂਹੇ, ਬੰਦ ਬਾਰੀਆਂ। ਕਿਸੇ ਨਾ ਪੁੱਛਿਆ ਕਿ ਪਾਪਾ ਜੀ ਇੱਥੋਂ ਕਦੋਂ ਤੇ ਕਿਉਂ ਗਏ ਸਨ?
ਸ਼ਾਇਦ ਪਾਪਾ ਜੀ ਨੂੰ ਜਾਪਦਾ ਸੀ ਜਿਵੇਂ ਇੱਥੇ ਉਨ੍ਹਾਂ ਦਾ ਬਹੁਤ ਕੁਝ ਗੁਆਚ ਗਿਆ ਹੋਵੇ ਜਾਂ ਫਿਰ ਉਨ੍ਹਾਂ ਕੋਲੋਂ ਪਤਾ ਨਹੀਂ ਕੀ ਕੁਝ ਕਿਸੇ ਨੇ ਖੋਹ ਲਿਆ ਹੋਵੇ। ਸੋਚਾਂ ਵਿਚ ਹੀ ਸਾਂ ਕਿ ਕੋਈ ਮੇਰੇ ਕੋਲ ਆਇਆ। ਗੱਲਾਂ ਗੱਲਾਂ ਵਿਚ ਹੀ ਉਹ ਕਹਿਣ ਲੱਗਾ ਕਿ ਉਹ ਵੀ ਇਸੇ ਮੁਹੱਲੇ ਦਾ ਰਹਿਣ ਵਾਲਾ ਸੀ। ਪਿਛਲੇ ਪਾਸੇ ਹੀ ਉਸ ਦਾ ਘਰ ਸੀ। ਸੋਚਿਆ, ਦਸ ਦਿਆਂ ਕਿ ‘ਰਾਮ ਸਿੰਘ’ ਗੁਜ਼ਰ ਗਿਆ। ਦਸ ਵਜੇ ਸਸਕਾਰ ਹੈ। “ਕਿਹੜਾ ਰਾਮ ਸਿੰਘ?” ਮੈਂ ਕਿਹਾ। “ਆਹ ਸੱਤ-ਅੱਠ ਘਰ ਛੱਡ ਕੇ ਉਸ ਦਾ ਘਰ ਹੈ। ਮਹੀਨੇ ਕੁ ਤੋਂ ਹਸਪਤਾਲ ਦਾਖ਼ਲ ਸੀ।” ਮੈਂ ਇਸ ਗੱਲ ਤੋਂ ਅਣਜਾਣ ਸਾਂ। ਉਸ ਦੀ ਅੰਤਿਮ ਯਾਤਰਾ ’ਚ ਮੈਂ ਸ਼ਾਮਲ ਹੋਇਆ, ਦੁੱਖ ਪ੍ਰਗਟਾਇਆ ਤੇ ਪਰਤ ਆਇਆ। ਉਸ ਦੇ ਘਰ ਸਾਹਮਣਿਉਂ ਮੈਂ ਕਈ ਵਾਰ ਲੰਘਿਆ ਸੀ। ਹੁਣ ਸੋਚਦਾ ਹਾਂ ਕਿ ‘ਰਾਮ ਸਿੰਘ’ ਦੇ ਮੇਰੇ ਲਈ ਕੋਈ ਅਰਥ ਨਹੀਂ ਸਨ।
ਸੋਚੀਂ ਪਿਆ ਰਿਹਾ ਕਿ ਸਾਨੂੰ ਕੀ ਹੋ ਗਿਆ ਹੈ? ਇਕ-ਦੂਜੇ ਲਈ ਬੇਪਛਾਣ ਤੇ ਨਿਰਮੋਹੇ ਜਿਹੇ ਹੋ ਗਏ ਹਾਂ। ਨਾ ਵਿਸ਼ਵਾਸ ਬਚੇ, ਨਾ ਅਹਿਸਾਸ ਤੇ ਨਾ ਹੀ ਸੁੱਚੇ ਮੋਹ ਦੀ ਸਾਂਝ। ਮਨਾਂ ’ਚੋਂ ਸਿਰਨਾਵੇਂ ਹੀ ਵਿਸਰ ਗਏ। ਇਕ ਦਿਨ ਮੈਨੂੰ ਮੇਰੇ ਸੱਜਣ-ਮਿੱਤਰ ਦਾ ਫ਼ੋਨ ਆਇਆ, “ਕੀ ਕਰਦਾ ਏਂ? ਵਿਹਲ ਹੈ ਤਾਂ ਆ ਜਾ। ਦੋ ਘੜੀ ਬੈਠਾਂਗੇ।” ਉਸ ਦੀ ਪਤਨੀ ਸਾਲ ਪਹਿਲੋਂ ਗੁਜ਼ਰ ਗਈ ਸੀ ਤੇ ਹੁਣ ਉਹ ਆਪਣੇ ਪੁੱਤ-ਪੋਤਿਆਂ ਕੋਲ ਰਹਿੰਦਾ ਸੀ। ਦਿਲ ਦੀ ਗੱਲ ਕਰਦਿਆਂ ਉਸ ਨੇ ਮੈਨੂੰ ਕਿਹਾ, “ਸੱਚੀ ਗੱਲ ਇਹ ਕਿ ਕਈ ਵਾਰ ਆਪਣੇ ਆਪ ਨੂੰ ਪਰਿਵਾਰ ’ਚ ਰਹਿੰਦਿਆਂ ਵੀ ਇਕੱਲਾ ਮਹਿਸੂਸ ਕਰਦਾ ਹਾਂ।” ਛੋਟੀ ਜਿਹੀ ਗੱਲ ਨੇ ਮੈਨੂੰ ਸੋਚਣ ਲਾ ਦਿੱਤਾ। ਉਸ ਦੀ ਆਖੀ ਗੱਲ ਦੀ ਗੁੰਝਲ ਸਮਝਣ ਲਈ ਮੈਂ ਉਸ ਕੋਲ ਗਿਆ। ਬੜੀ ਦੇਰ ਅਸੀਂ ਦੋਵੇਂ ਮਨ ਦੀਆਂ ਗੱਲਾਂ ਸਾਂਝੀਆਂ ਕਰਦੇ ਰਹੇ। “ਆ ਜਾਇਆ ਕਰ ਕਦੀ ਕਦੀ, ਮਿਲ ਕੇ ਮਨ ਹੋਰ ਦਾ ਹੋਰ ਹੋ ਜਾਂਦਾ। ਆਪਣੇ ਤਾਂ ਕੋਲ ਬੈਠਦੇ ਨਹੀਂ, ਦੂਜਾ ਕੋਈ ਆਉਂਦਾ ਨੀ। ਗੱਲ ਕਰਨ ਲਈ ਵੀ ਕਿਸੇ ਨੂੰ ਲੱਭਣਾ ਪੈਂਦਾ...।”
ਖ਼ਿਆਲ ਮੇਰੇ ਅੰਦਰ ਵਹਿ ਤੁਰੇ। ਮੇਰੇ ਪਾਪਾ ਜੀ ਨੂੰ ‘ਮੋਹਣਿਆਂ’ ਕਹਿਣ ਵਾਲਾ ਕੋਈ ਨਹੀਂ ਸੀ। ਘਰ ਦੇ ਨੇੜੇ ਰਹਿੰਦਿਆਂ ਵੀ ‘ਰਾਮ ਸਿੰਘ’ ਮੇਰੇ ਲਈ ਅਣਜਾਣ ਸੀ। ਮੇਰੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਕਿ ਮੈਂ ਕਿੱਥੇ ਹਾਂ ਤੇ ਕੀ ਕਰਦਾ ਹਾਂ। ਇਹ ਗੱਲ ਵੱਖਰੀ ਹੈ ਕਿ ਪਛਾਣ ਕਰਵਾਉਣ ਲਈ ‘ਨੇਮ ਪਲੇਟਾਂ’ ਅਸੀਂ ਥਾਂ ਥਾਂ ਟੰਗੀਆਂ ਹੋਈਆਂ ਹਨ।
ਇਕ ਦਿਨ ਰੱਲ ਗੱਡੀ ’ਚ ਸਫ਼ਰ ਕਰਦੇ ਸਮੇਂ ਮੈਨੂੰ ਕਿਸੇ ਨੇ ਕਿਹਾ, “ਦੇਖਿਆ ਲਗਦਾ ਤੈਨੂੰ ਕਿਤੇ...।” ਮੈਂ ਆਪਣਾ ਨਾਂ-ਪਤਾ ਦੱਸਿਆ। ਉਹ ਹੱਸਿਆ। ਹੈਰਾਨ ਹੁੰਦਿਆਂ ਮੈਂ ਕਿਹਾ, “ਤੂੰ ਮੈਨੂੰ ਜਾਣਦੈਂ...?” “ਹਾਂ।” ਮਹਿਕ ਵਿਹੂਣੇ ਰਿਸ਼ਤਿਆਂ ਤੇ ਨਿੱਜ ਤਕ ਸਿਮਟੇ ਸਮਾਜ ਦੇ ਅਜੋਕੇ ਦੌਰ ’ਚ ਉਸ ਦੀ ਮੁਸਕਾਣ ਮੇਰੇ ਲਈ ਬਹੁਤ ਵੱਡੀ ਗੱਲ ਸੀ ਜਿਸ ਨੇ ਮੈਨੂੰ ਮਾਨਸਿਕ ਤੌਰ ’ਤੇ ਸਕੂਨ ਨਾਲ ਭਰ ਦਿੱਤਾ ਸੀ।
ਸੰਪਰਕ: 94667-37933