ਤਿਰੂਪਤੀ ਲੱਡੂ ਵਿਵਾਦ: ਸੁਪਰੀਮ ਕੋਰਟ ਨੇ ਜਾਂਚ ਲਈ ਸਿਟ ਬਣਾਈ
ਨਵੀਂ ਦਿੱਲੀ, 4 ਅਕਤੂਬਰ
ਤਿਰੂਪਤੀ ਲੱਡੂਆਂ ਵਿਚ ਕਥਿਤ ਤੌਰ ’ਤੇ ਪਸ਼ੂਆਂ ਦੀ ਚਰਬੀ ਮਿਲਾਏ ਜਾਣ ਦੇ ਦੋਸ਼ਾਂ ਦੇ ਮਾਮਲੇ ਦੀ ਤਫ਼ਤੀਸ਼ ਲਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ‘ਨਿਰਪੱਖ’ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦਾ ਫ਼ੈਸਲਾ ਕੀਤਾ ਹੈ। ਸਿਖ਼ਰਲੀ ਅਦਾਲਤ ਨੇ ਨਾਲ ਹੀ ਸਾਫ਼ ਕਰ ਦਿੱਤਾ ਕਿ ਅਦਾਲਤ ਨੂੰ ‘ਸਿਆਸੀ ਮੈਦਾਨ-ਏ-ਜੰਗ’ ਵਜੋਂ ਵਰਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਸਿਟ ’ਚ ਸੀਬੀਆਈ ਅਤੇ ਆਂਧਰਾ ਪ੍ਰਦੇਸ਼ ਪੁਲੀਸ ਦੇ ਦੋ-ਦੋ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ ਦਾ ਇਕ ਅਧਿਕਾਰੀ ਸ਼ਾਮਲ ਹੋਣਗੇ। ਬੈਂਚ ਨੇ ਨਿਰਦੇਸ਼ ਦਿੱਤੇ ਕਿ ਜਾਂਚ ਸੀਬੀਆਈ ਦੇ ਡਾਇਰੈਕਟਰ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ। ਸਿਖ਼ਰਲੀ ਅਦਾਲਤ ਵੱਲੋਂ ਬਣਾਈ ਗਈ ਸਿਟ ਆਂਧਰਾ ਪ੍ਰਦੇਸ਼ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਦੀ ਥਾਂ ਲਏਗੀ, ਜਿਸ ਨੂੰ 26 ਸਤੰਬਰ ਨੂੰ ਕਾਇਮ ਕੀਤਾ ਗਿਆ ਸੀ ਤਾਂ ਜੋ ਸਿਆਸੀ ਤੌਰ ’ਤੇ ਸੰਜੀਦਾ ਵਿਵਾਦ ਦੀ ਜਾਂਚ ਕੀਤੀ ਜਾ ਸਕੇ। ਬੈਂਚ ਨੇ ਕਿਹਾ, ‘ਅਸੀਂ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਦਾਲਤ ਨੂੰ ਸਿਆਸੀ ਮੈਦਾਨ-ਏ-ਜੰਗ ਵਜੋਂ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਂਜ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸਾਨੂੰ ਮਹਿਸੂਸ ਹੋਇਆ ਕਿ ਇਸ ਮਾਮਲੇ ਦੀ ਨਿਰਪੱਖ ਸਿਟ ਤੋਂ ਜਾਂਚ ਹੋਣੀ ਚਾਹੀਦੀ ਹੈ। ਅਸੀਂ ਇਸ ਮੁੱਦੇ ’ਤੇ ਕੋਈ ਸਿਆਸੀ ਨਾਟਕ ਨਹੀਂ ਚਾਹੁੰਦੇ ਹਾਂ। ਇਸ ਮਾਮਲੇ ਨਾਲ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।’ ਸੁਪਰੀਮ ਕੋਰਟ ਨੇ ਕਈ ਸਬੰਧਤ ਪਟੀਸ਼ਨਾਂ ’ਤੇ ਸੁਣਵਾਈ ਮਗਰੋਂ ਨਵੀਂ ਸਿਟ ਕਾਇਮ ਕਰਨ ਦੇ ਹੁਕਮ ਸੁਣਾਏ ਹਨ। -ਪੀਟੀਆਈ