For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਲਈ ਨੁਕਤੇ

09:15 AM Apr 22, 2024 IST
ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਲਈ ਨੁਕਤੇ
Advertisement

ਅਮਿਤ ਕੌਲ/ਮਨਦੀਪ ਸਿੰਘ/ਗਗਨਦੀਪ ਧਵਨ*

ਝੋਨੇ ਦੀ ਤੰਦਰੁਸਤ ਪਨੀਰੀ ਵਧੇਰੇ ਝਾੜ ਲਈ ਪਲੇਠਾ ਅਹਿਮ ਕਦਮ ਹੈ। ਪਨੀਰੀ ਵਿੱਚ ਖ਼ੁਰਾਕੀ ਤੱਤਾਂ ਦੀ ਘਾਟ, ਨਦੀਨਾਂ ਦੀ ਸਮੱਸਿਆ ਅਤੇ ਵਿਰਲੀ ਪਨੀਰੀ ਦੀ ਸਮੱਸਿਆ ਅਕਸਰ ਆਉਂਦੀ ਹੈ। ਕਈ ਵਾਰ ਤਾਂ ਪਨੀਰੀ ਮਾਰੇ ਜਾਣ ਕਾਰਨ ਝੋਨੇ ਦੀ ਲਵਾਈ ਵੇਲੇ ਕਿਸਾਨਾਂ ਨੂੰ ਪਨੀਰੀ ਦੂਜੇ ਸੋੋਮਿਆਂ ਜਾਂ ਕਿਸਾਨਾਂ ਤੋਂ ਖ਼ਰੀਦਣੀ ਪੈਂਦੀ ਹੈ। ਇਸ ਕਾਰਨ ਪਨੀਰੀ ਬੀਜਣ ਸਮੇਂ ਤੋਂ ਹੀ ਕਈ ਮਹੱਤਵਪੂਰਨ ਨੁਕਤਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਤਾਂ ਕਿ ਝੋਨੇ ਦੀ ਤੰਦਰੁਸਤ ਪਨੀਰੀ ਸਮੇਂ ਸਿਰ ਤਿਆਰ ਹੋ ਸਕੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਤਕਨੀਕਾਂ ਬਾਰੇ ਜਾਣਕਾਰੀ ਹੇਠ ਦਿੱਤੀ ਗਈ ਹੈ।
ਪਨੀਰੀ ਦੀ ਜਗ੍ਹਾ ਲਈ ਚੋਣ: ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਨੂੰ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਝੋਨੇ ਦੀ ਪਨੀਰੀ ਲਈ ਢੁੱਕਵਾਂ ਖੇਤ ਚੁਣਨਾ ਬਹੁਤ ਜ਼ਰੂਰੀ ਹੈ, ਇਸ ਲਈ ਝੋਨੇ ਦੀ ਪਨੀਰੀ ਨੂੰ ਬੀਜਣ ਤੋਂ ਪਹਿਲਾਂ ਕੁਝ ਗੱਲਾਂ ਨੂੰ ਧਿਆਣ ਵਿੱਚ ਜ਼ਰੂਰ ਰੱਖੋ।
* ਪਨੀਰੀ ਬੀਜਣ ਵਾਲੀ ਜਗ੍ਹਾ ਉਪਜਾਊ, ਕੱਲਰ ਰਹਿਤ ਅਤੇ ਪਾਣੀ ਦੇ ਸੋਮੇ ਦੇ ਨੇੜੇ ਹੋਣੀ ਚਾਹੀਦੀ ਹੈ।
* ਪਨੀਰੀ ਹਮੇਸ਼ਾ ਪੱਧਰ ਖੇਤ ਵਿੱਚ ਬੀਜੋ ਜੇ ਖੇਤ ਪੱਧਰ ਨਹੀਂ ਹੈ ਤਾਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਵਧੀਆ ਢੰਗ ਨਾਲ ਪੱਧਰ ਕਰ ਲਵੋ। ਇਸ ਤਰ੍ਹਾਂ ਕਰਨ ਨਾਲ ਪਾਣੀ ਦੀ ਬੱਚਤ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ।
* ਪਿਛਲੇ ਸਾਲ ਜਿਸ ਥਾਂ ’ਤੇ ਝੋਨਾ ਝਾੜਿਆ ਗਿਆ ਹੋਵੇ, ਉੱਥੇ ਵੀ ਪਨੀਰੀ ਨਾ ਲਾਓ ਕਿਉਂਕਿ ਉਸ ਜਗ੍ਹਾ ’ਤੇ ਨਦੀਨਾਂ ਦਾ ਬੀਜ ਝੜਿਆ ਹੁੰਦਾ ਹੈ।
* ਝੋਨੇ ਦੀ ਪਨੀਰੀ ਨੂੰ ਕਦੇ ਵੀ ਛਾਵੇਂ ਜਾਂ ਤੂੜੀ ਦੇ ਕੁੱਪ ਕੋਲ ਨਾ ਬੀਜੋ।
* ਝੋਨੇ ਦੀ ਫ਼ਸਲ ਦਾ ਜ਼ਿਆਦਾ ਝਾੜ ਪ੍ਰਾਪਤ
ਕਰਨ ਲਈ ਪਨੀਰੀ ਬਿਲਕੁਲ ਨਰੋਈ ਅਤੇ ਸਿਹਤਮੰਦ ਹੋਣੀ ਚਾਹੀਦੀ ਹੈ।
* ਪਨੀਰੀ ਦੀ ਬਿਜਾਈ ਲਈ ਖੇਤ ਪਾਣੀ ਦੇ ਸਰੋਤ ਦੇ ਨਜ਼ਦੀਕ, ਕੰਕਰ ਅਤੇ ਨਦੀਨ ਰਹਿਤ ਹੋਣਾ ਚਾਹੀਦਾ ਹੈ।
ਬੀਜ ਦਾ ਭਰੋਸੇ ਯੋਗ ਸੋਮਾ: ਕਿਸੇ ਵੀ ਫ਼ਸਲ ਤੋਂ ਵੱਧ ਝਾੜ ਲੈਣ ਲਈ ਉਸ ਦੇ ਬੀਜ ਦਾ ਨਰੋਆ, ਖਾਲਸ ਅਤੇ ਨਦੀਨ ਰਹਿਤ ਹੋਣਾ ਬਹੁਤ ਲਾਜ਼ਮੀ ਹੈ। ਸਿਹਤਮੰਦ ਬੀਜ ਕਿਸੇ ਵੀ ਭਰੋਸੇਯੋਗ ਵਸੀਲੇ ਜਿਵੇਂ ਪੀਏਯੂ ਤੋਂ ਹੀ ਲੈਣਾ ਚਾਹੀਦਾ ਹੈ। ਜੇ ਕਿਸਾਨਾਂ ਨੇ ਪਿਛਲੇ ਸਾਲ ਝੋਨੇ ਦਾ ਬੀਜ ਰੱਖਿਆ ਹੈ ਤਾਂ ਬੀਜਣ ਤੋਂ ਪਹਿਲਾਂ ਧਿਆਨ ਰੱਖਣ ਕਿ ਬੀਜ ਬਿਮਾਰੀਆਂ, ਕੀੜੇ-ਮਕੌੜੇ ਅਤੇ ਨਦੀਨਾਂ ਤੋਂ ਰਹਿਤ ਹੋਵੇ। ਦੂਜੀਆਂ ਕਿਸਮਾਂ ਦੇ ਰਲਾ ਜਾਂ ਨਦੀਨਾਂ ਦੇ ਰਲਾ ਵਾਲਾ ਬੀਜ ਨਾ ਬੀਜੋ। ਸਹੀ ਬੀਜ ਤੋਂ ਭਾਵ ਉਸ ਦਾ ਘੱਟੋ-ਘੱਟ 98% ਖਾਲਸ ਅਤੇ 80% ਜੰਮਣ ਸ਼ਕਤੀ ਵਾਲਾ ਹੋਣਾ ਚਾਹੀਦਾ ਹੈ।
ਕਿਸਮਾਂ ਦੀ ਚੋਣ ਅਤੇ ਬਿਜਾਈ ਦਾ ਸਮਾਂ: ਪੀਏਯੂ ਵਲੋਂ ਸਿਫ਼ਾਰਸ਼ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਬੀਜੋ ਕਿਉਂਕਿ ਇਸ ਨਾਲ 15-25 ਪ੍ਰਤੀਸ਼ਤ ਪਾਣੀ ਦੀ ਬੱਚਤ ਦੇ ਨਾਲ-ਨਾਲ ਪਰਾਲੀ ਦੀ ਸੰਭਾਲ ਲਈ ਵੀ ਕਾਫ਼ੀ ਸਮਾਂ ਮਿਲ ਜਾਂਦਾ ਹੈ ਅਤੇ ਅਗਲੀ ਫ਼ਸਲ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ। ਕਿਸੇ ਵੀ ਫ਼ਸਲ ਦੀ ਬਿਜਾਈ ਦਾ ਸਮਾਂ ਅਹਿਮ ਭੂਮਿਕਾ ਨਿਭਾਉਂਦਾ ਹੈ ਜਿਸ ਦਾ ਅਸਰ ਉਸ ਫ਼ਸਲ ਦੇ ਝਾੜ ’ਤੇ ਪੈਂਦਾ ਹੈ। ਪਨੀਰੀ ਦੀ ਅਗੇਤੀ ਬਿਜਾਈ ਨੂੰ ਨਾ ਕੇਵਲ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਬਲਕਿ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਵਧ ਜਾਂਦਾ ਹੈ। ਗ਼ੈਰ-ਪ੍ਰਮਾਣਿਤ ਕਿਸਮਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ਵਿੱਚ ਅਸਮਰੱਥ ਹੁੰਦੀਆਂ ਹਨ। ਕੁਦਰਤੀ ਸਰੋਤਾਂ ਦੀ ਬੱਚਤ ਲਈ ਸਾਨੂੰ ਗ਼ੈਰ-ਪ੍ਰਮਾਣਿਤ ਅਤੇ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੂਸਾ 44, ਡੋਗਰ ਪੂਸਾ, ਪੀਲੀ ਪੂਸਾ ਆਦਿ ਕਿਸਮਾਂ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਖੇਤ ਦੀ ਤਿਆਰੀ ਅਤੇ ਬੀਜਣ ਦਾ ਢੰਗ: ਝੋਨੇ ਦੀ ਪਨੀਰੀ ਵਾਲੇ ਖੇਤ ਵਿੱਚ 12-15 ਟਨ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਪਾਉਣ ਉਪਰੰਤ ਰੂੜੀ ਨੂੰ ਖੇਤ ਵਿੱਚ ਰਲਾਉਣ ਲਈ ਇੱਕ-ਦੋ ਵਾਰੀ ਵਾਹ ਕੇ ਪਾਣੀ ਲਗਾ ਦਿਓ ਤਾਂ ਜੋ ਖੇਤ ਅਤੇ ਰੂੜੀ ਵਿਚਲੇ ਨਦੀਨਾਂ ਦੇ ਨਾਲ-ਨਾਲ ਪਿਛਲੇ ਸਾਲ ਦੇ ਝੋਨੇ ਦੇ ਕਿਰੇ ਬੀਜ ਜੰਮ ਪੈਣ। ਖੇਤ ਨੂੰ ਵੱਤਰ ਆਉਣ ’ਤੇ 2-3 ਵਾਰੀ ਵਹਾਈ ਕਰੋ ਅਤੇ ਸੁਹਾਗਾ ਮਾਰੋ ਜਿਸ ਨਾਲ ਉੱਗੇ ਹੋਏ ਨਦੀਨ ਵੀ ਖ਼ਤਮ ਹੋ ਜਾਂਦੇ ਅਤੇ ਖੇਤ ਠੀਕ ਤਿਆਰ ਹੋ ਜਾਂਦਾ ਹੈ। ਅੱਜ-ਕੱਲ੍ਹ ਦੁਧਾਰੂ ਪਸ਼ੂਆਂ ਦੀ ਘਾਟ ਹੋਣ ਕਰ ਕੇ ਗਲੀ-ਸੜੀ ਰੂੜੀ ਦੀ ਘਾਟ ਦੇਖਣ ਨੂੰ ਮਿਲਦੀ ਹੈ। ਇਸ ਕਰ ਕੇ ਸਾਨੂੰ ਝੋਨੇ ਦੀ ਪਨੀਰੀ ਨੂੰ ਸਿਹਤਮੰਦ ਰੱਖਣ ਲਈ ਰਸਾਇਣਕ ਖਾਦਾਂ ’ਤੇ ਨਿਰਭਰ ਰਹਿਣਾ ਪੈਣਾ ਹੈ। ਪਨੀਰੀ ਲਈ 26 ਕਿਲੋ ਯੂਰੀਆ, 60 ਕਿਲੋ ਸੁਪਰ ਫਾਸਫੇਟ ਅਤੇ 40 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 25.5 ਕਿਲੋ ਜਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਨੂੰ ਖੇਤ ਵਿੱਚ ਪਾਓ। ਜ਼ਿੰਕ ਸਲਫੇਟ ਪਾਉਣ ਨਾਲ ਪਨੀਰੀ ਨੂੰ ਜ਼ਿੰਕ ਦੀ ਘਾਟ ਨਹੀਂ ਆਉਂਦੀ। ਇੱਕ ਏਕੜ ਦੀ ਪਨੀਰੀ ਤਿਆਰ ਕਰਨ 8 ਕਿਲੋ ਸੋਧੇ ਅਤੇ ਪੁੰਗਰੇ ਬੀਜ ਨੂੰ ਲਗਪਗ 6.5 ਮਰਲੇ ਵਿੱਚ ਛੱਟਾ ਦਿਓ। ਹਲਕੀਆਂ ਜ਼ਮੀਨਾਂ ਵਿੱਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਆਉਣ ਕਰ ਕੇ ਅਕਸਰ ਲੋਹੇ ਦੀ ਘਾਟ ਦੇਖਣ ਨੂੰ ਮਿਲ ਜਾਦੀ ਹੈ। ਇਸ ਨਾਲ ਪਨੀਰੀ ਖ਼ਤਮ ਹੋ ਜਾਂਦੀ ਹੈ। ਇਸ ਕਰ ਕੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਲਕੀਆਂ ਜ਼ਮੀਨਾਂ ਵਿੱਚ ਪਨੀਰੀ ਨਾ ਬੀਜਣ ਅਤੇ ਝੋਨੇ ਦੀ ਪਨੀਰੀ ਨੂੰ ਸਿਫ਼ਾਰਸ਼ ਕੀਤੇ ਤਰੀਕੇ ਨਾਲ ਹੀ ਬੀਜਣ।
ਨਦੀਨਾਂ ਦੀ ਰੋਕਥਾਮ: ਨਦੀਨ ਝੋਨੇ ਦੀ ਸਿਹਤਮੰਦ ਪਨੀਰੀ ਨੂੰ ਤਿਆਰ ਕਰਨ ਵੇਲੇ ਬਹੁਤ ਮੁਸ਼ਕਿਲ ਪੈਦਾ ਕਰਦੇ ਹਨ। ਸੁਆਂਕ ਅਤੇ ਕਈ ਤਰ੍ਹਾਂ ਦੇ ਹੋਰ ਮੌਸਮੀ ਨਦੀਨ ਝੋਨੇ ਦੀ ਪਨੀਰੀ ਦੀ ਗੁਣਵੱਤਾ ਨੂੰ ਘਟਾ ਦਿੰਦੇ ਹਨ। ਨਦੀਨਨਾਸ਼ਕ ਦੀ ਸਹੀ ਮਿਕਦਾਰ ਅਤੇ ਸਹੀ ਸਮੇਂ ’ਤੇ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਇਹ ਦੇਖਿਆ ਗਿਆ ਹੈ ਕੇ ਕਿਸਾਨ ਝੋਨੇ ਦੀ ਪਨੀਰੀ ਬੀਜਣ ਤੋਂ 1 ਤੋਂ 2 ਦਿਨਾਂ ਬਾਅਦ ਹੀ ਨਦੀਨਨਾਸ਼ਕ ਖੇਤ ਵਿੱਚ ਪਾ ਦਿੰਦੇ ਹਨ ਜਿਸ ਕਾਰਨ ਪਨੀਰੀ ਸੜ ਜਾਂਦੀ ਹੈ ਇਸ ਲਈ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੀਏਯੂ ਵੱਲੋਂ ਸਿਫ਼ਾਰਸ਼ ਨਦੀਨਨਾਸ਼ਕ ਜਿਵੇਂ 1200 ਮਿਲੀਲਿਟਰ ਬੂਟਾਕਲੋਰ 50 ਈਸੀ ਪ੍ਰਤੀ ਏਕੜ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਪੁੰਗਰੇ ਹੋਏ ਬੀਜ ਦਾ ਛੱਟਾ ਦੇਣ ਤੋਂ 7 ਦਿਨ ਬਾਅਦ ਪਾਉਣ ਜਾਂ 500 ਮਿਲੀਲਿਟਰ ਸੋਫਿਟ 37.5 ਈਸੀ ਪ੍ਰਤੀ ਏਕੜ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 3 ਦਿਨ ਬਾਅਦ ਪਾ ਕੇ ਪਨੀਰੀ ਨੂੰ ਨਦੀਨ ਰਹਿਤ ਰੱਖਣ ਲਈ ਵਰਤਣ। ਜੇ ਖੇਤ ਵਿੱਚ ਸੁਆਂਕ ਦੇ ਨਾਲ ਮੋਥੇ ਦੀ ਸਮੱਸਿਆ ਹੋਵੇ ਤਾਂ ਨੌਮਿਨੀ ਗੋਲਡ 10 ਐੱਸਸੀ (ਬਿਸਪਾਇਰੀਬੈਕ) 100 ਮਿਲੀਲਿਟਰ ਪ੍ਰਤੀ ਏਕੜ ਨੂੰ ਪਨੀਰੀ ਬੀਜਣ ਤੋਂ 15-20 ਦਿਨਾਂ ਪਿੱਛੋਂ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ। ਇਸ ਨਦੀਨਨਾਸ਼ਕ ਦੇ ਛਿੜਕਾਅ ਤੋਂ ਪਹਿਲਾਂ ਫ਼ਸਲ ਵਿੱਚ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉ।
ਪਾਣੀ ਅਤੇ ਛੋਟੇ ਖ਼ੁਰਾਕੀ ਤੱਤਾਂ ਦੀ ਵਰਤੋਂ: ਪਨੀਰੀ ਨੂੰ ਲੋੜ ਅਨੁਸਾਰ ਪਾਣੀ ਦੇ ਕੇ ਗਿੱਲਾ ਰੱਖੋ ਪਰ ਲਗਾਤਾਰ ਪਾਣੀ ਖੜ੍ਹਾ ਨਾ ਰਹਿਣ ਦਿਓ। ਪਨੀਰੀ ਵਿੱਚ ਕਈ ਵਾਰ ਲੋਹੇ ਦੀ ਘਾਟ ਕਰ ਕੇ ਨਵੇਂ ਨਿਕਲਦੇ ਪੱਤੇ ਹਲਕੇ ਪੀਲੇ ਜਾਂ ਚਿੱਟੇ ਹੋ ਜਾਂਦੇ ਹਨ। ਹਲਕੀਆਂ ਜ਼ਮੀਨਾਂ ਵਿੱਚ ਪਾਣੀ ਦੀ ਘਾਟ ਹੋਵੇ ਤਾਂ ਲੋਹੇ ਦੀ ਘਾਟ ਜ਼ਿਆਦਾ ਆਉਂਦੀ ਹੈ। ਇਸ ਲਈ 0.5-1.0% ਲੋਹੇ (ਫੈਰਸ ਸਲਫੇਟ) ਦਾ ਛਿੜਕਾਅ ਕਰੋ, ਇਸ ਲਈ 0.5-1.0 ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲੋ ਅਤੇ 2-3 ਛਿੜਕਾਅ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਕਰੋ ਅਤੇ ਪਨੀਰੀ ਨੂੰ ਪਾਣੀ ਦੀ ਘਾਟ ਨਾ ਆਉਣ ਦਿਓ। ਕਈ ਵਾਰ ਜ਼ਿੰਕ ਦੀ ਘਾਟ ਕਰ ਕੇ ਪੱਤਿਆਂ ਤੇ ਜੰਗਾਲੇ ਰੰਗ ਦੇ ਧੱਬੇ ਪੈ ਜਾਂਦੇ ਹਨ, ਇਸ ਲਈ ਅੱਧਾ ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਇਸ ਦਾ ਛਿੜਕਾਅ ਕਰੋ।
ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਿਸਾਨ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ 30-35 ਦਿਨਾਂ ਦੀ ਅਤੇ ਥੋੜ੍ਹਾ ਸਮਾਂ ਲੈਣ ਵਾਲੀ ਕਿਸਮ (ਪੀਆਰ 126) ਲਈ 25-30 ਦਿਨਾਂ ਦੀ ਤੰਦਰੁਸਤ ਅਤੇ ਨਰੋਈ ਪਨੀਰੀ ਤਿਆਰ ਕਰ ਸਕਦੇ ਹਨ।

Advertisement

*ਫ਼ਸਲ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ/ ਕੇਵੀਕੇ, ਕਪੂਰਥਲਾ।

Advertisement
Author Image

sukhwinder singh

View all posts

Advertisement
Advertisement
×