ਟਿੰਗ-ਟੌਂਗ: ਆਹ ਲਓ ਜੀ... ਤੁਹਾਡਾ ਆਰਡਰ !
ਚਰਨਜੀਤ ਭੁੱਲਰ
ਚੰਡੀਗੜ੍ਹ, 12 ਦਸੰਬਰ
ਖ਼ਰੀਦੋ-ਫ਼ਰੋਖ਼ਤ ਘਰੋਂ ਬੈਠ ਕੇ ਕਰਨੀ ਹੋਵੇ ਤੇ ਚਾਹੇ ਬਾਜ਼ਾਰੂ ਖਾਣੇ ਪਾਣੀ ਦਾ ਆਰਡਰ ਕਰਨਾ ਹੋਵੇ, ਪੰਜਾਬੀ ਇਸ ਕੰਮ ’ਚ ਹੁਣ ਪਿੱਛੇ ਨਹੀਂ। ਨਵੀਂ ਪੀੜ੍ਹੀ ਹੁਣ ਇੱਕੋ ਕਲਿੱਕ ਨਾਲ ਬਾਜ਼ਾਰੂ ਪਕਵਾਨ ਮੰਗਵਾ ਲੈਂਦੀ ਹੈ। ਪੰਜਾਬ ’ਚ ਆਨ ਲਾਈਨ ਫੂਡ ਡਲਿਵਰੀ ਕੰਪਨੀਆਂ/ਕਾਰੋਬਾਰੀ ਲੋਕਾਂ ਦਾ ਅੰਕੜਾ 273 ’ਤੇ ਪੁੱਜ ਗਿਆ ਹੈ ਜਦੋਂ ਕਿ 301 ਈ-ਕਾਮਰਸ ਕੰਪਨੀਆਂ ਦਾ ਕਾਰੋਬਾਰ ਪੰਜਾਬ ’ਚ ਚਮਕਿਆ ਹੈ। ਇਨ੍ਹਾਂ ਦੋਵਾਂ ਤਰ੍ਹਾਂ ਦੀਆਂ 374 ਕੰਪਨੀਆਂ ਨੇ 2023-24 ਦੇ ਇੱਕੋ ਸਾਲ ’ਚ 1942.48 ਕਰੋੜ ਦਾ ਕਾਰੋਬਾਰ ਕੀਤਾ ਹੈ।
ਪੰਜਾਬ ਦੇ ਲੋਕਾਂ ਨੇ ਸਾਲ 2017-18 ਤੋਂ ਨਵੰਬਰ 2024 ਤੱਕ ਘਰ ਬੈਠ ਕੇ ਹੀ 6417.69 ਕਰੋੜ ਦੀ ਖ਼ਰੀਦੋ ਫ਼ਰੋਖ਼ਤ ਕੀਤੀ ਹੈ ਅਤੇ ਇਸ ਸਮੇਂ ਦੌਰਾਨ ਆਨ ਲਾਈਨ ਫੂਡ ਡਲਿਵਰੀ ’ਤੇ 1918.43 ਕਰੋੜ ਰੁਪਏ ਖ਼ਰਚ ਕੀਤੇ ਹਨ। ਮਤਲਬ ਕਿ ਆਨ ਲਾਈਨ ਆਰਡਰ ਕਰਕੇ ਕੁੱਲ 8336.12 ਕਰੋੜ ਦਾ ਖਰਚਾ ਕੀਤਾ ਹੈ। ਹਾਲੇ ਇਹ ਰੁਝਾਨ ਜ਼ਿਆਦਾ ਸ਼ਹਿਰੀ ਖਿੱਤੇ ’ਚ ਹੈ। ਰੋਜ਼ਾਨਾ ਦੀ ਔਸਤਨ ’ਤੇ ਝਾਤ ਮਾਰੀਏ ਤਾਂ ‘ਆਨ ਲਾਈਨ’ ਫੂਡ ਡਲਿਵਰੀ ’ਤੇ ਇੱਕ ਕਰੋੜ ਖ਼ਰਚਿਆ ਜਾ ਰਿਹਾ ਹੈ। ਇਵੇਂ ਹੀ ਆਨ ਲਾਈਨ ਖ਼ਰੀਦੋ ਫ਼ਰੋਖ਼ਤ ਦਾ ਖਰਚਾ 4.31 ਕਰੋੜ ਰੋਜ਼ਾਨਾ ਦਾ ਹੈ। ਸ਼ਹਿਰਾਂ ’ਚ ਜਿੱਧਰ ਵੀ ਦੇਖੋ, ‘ਡਲਿਵਰੀ ਬੁਆਏ’ ਹੀ ਨਜ਼ਰ ਪੈਂਦੇ ਹਨ। ਹੁਣ ਓਹ ਦਿਨ ਵੀ ਦੂਰ ਨਹੀਂ ਜਦੋਂ ‘ਆਨ ਲਾਈਨ’ ਸਰਵਿਸ ਪਿੰਡਾਂ ਦੀ ਜੂਹ ਤੱਕ ਪੁੱਜ ਜਾਵੇਗੀ। ਪੰਜਾਬ ’ਚ ਜ਼ਮੈਟੋ, ਸਵਿੱਗੀ, ਈਟ ਸ਼ਿਓਰ, ਉਬਰ ਈਟਸ ਆਦਿ ਕੰਪਨੀਆਂ ਗਾਹਕ ਖਿੱਚਣ ਲਈ ਨਵੀਆਂ ਪੇਸ਼ਕਸ਼ਾਂ ਅਤੇ ਰਿਆਇਤਾਂ ਦਿੰਦੀਆਂ ਹਨ। ਨੌਕਰੀਪੇਸ਼ਾ ਨਵੀਂ ਪੀੜ੍ਹੀ ਨੂੰ ਆਨ ਲਾਈਨ ਡਲਿਵਰੀ ਦੀ ਸਹੂਲਤ ਸੋਨੇ ’ਤੇ ਸੁਹਾਗਾ ਜਾਪਦੀ ਹੈ।
ਫੂਡ ਡਲਿਵਰੀ ’ਤੇ ਪੰਜ ਫ਼ੀਸਦੀ ਜੀਐਸਟੀ ਲੱਗਦਾ ਹੈ। ਸਾਲ 2022-23 ਵਿਚ ਆਨ ਲਾਈਨ ਫੂਡ ਡਲਿਵਰੀ ’ਤੇ ਪੰਜਾਬ ’ਚ 502.26 ਕਰੋੜ ਦਾ ਕਾਰੋਬਾਰ ਹੋਇਆ ਹੈ। ਚਾਲੂ ਵਿੱਤੀ ਸਾਲ ’ਚ ਪੁਰਾਣੇ ਰਿਕਾਰਡ ਟੁੱਟਣ ਦਾ ਅਨੁਮਾਨ ਹੈ। ਇਕੱਲਾ ਕਰੋਨਾ ਵਾਲਾ 2020-21 ਵਾਲਾ ਸਾਲ ਸੀ ਜਦੋਂ ਫੂਡ ਡਲਿਵਰੀ ਦਾ ਕਾਰੋਬਾਰ ਸਿਰਫ਼ 83.41 ਕਰੋੜ ਦਾ ਰਹਿ ਗਿਆ ਸੀ। ਪਟਿਆਲਾ ਦੀ ਘਰੇਲੂ ਸੁਆਣੀ ਪਵਨਦੀਪ ਕੌਰ ਖੋਖਰ ਦਾ ਕਹਿਣਾ ਹੈ ਕਿ ਆਨ ਲਾਈਨ ਫੂਡ ਦੇ ਨਫ਼ੇ ਨੁਕਸਾਨ ਵੀ ਹਨ। ਹੁਣ ਘਰ ’ਚ ਮਹਿਮਾਨ ਆਉਣ ’ਤੇ ਬਹੁਤਾ ਝੰਜਟ ਕਰਨ ਦੀ ਲੋੜ ਨਹੀਂ ਰਹੀ। ਮਨਪਸੰਦ ਖਾਣਾ ਵੀ ਮਿਲ ਜਾਂਦਾ ਹੈ।
ਦੇਖਿਆ ਜਾਵੇ ਤਾਂ ਆਨ ਲਾਈਨ ਡਲਿਵਰੀ ਨੇ ਰੁਜ਼ਗਾਰ ਦਾ ਵੱਡਾ ਵਸੀਲਾ ਵੀ ਪੈਦਾ ਕੀਤਾ ਹੈ। ਪੰਜਾਬ ’ਚ ਆਨ ਲਾਈਨ ਖ਼ਰੀਦੋ ਫ਼ਰੋਖ਼ਤ (ਈ-ਕਾਮਰਸ) ਦਾ ਸਾਲ 2023-24 ਵਿਚ 1575.52 ਕਰੋੜ ਦਾ ਕਾਰੋਬਾਰ ਹੋਇਆ ਹੈ। ਐਮਾਜ਼ੋਨ, ਫਲਿੱਪਕਾਰਟ, ਸਨੈਪਡੀਲ, ਮੰਤਰਾ, ਬੁੱਕ ਮਾਈ ਸ਼ੋਅ, ਈਵੇਅ, ਲੈਂਸਕਾਰਟ ਆਦਿ ਕੰਪਨੀਆਂ ਦੀ ਪੰਜਾਬ ’ਚ ਚਾਂਦੀ ਹੈ ਜਿਨ੍ਹਾਂ ਦੀ ਮਾਰਕੀਟ ਦਾ ਆਕਾਰ ਵਧਿਆ ਹੈ।
ਪ੍ਰਿੰਸੀਪਲ ਤਿਰਲੋਕ ਬੰਧੂ (ਰਾਮਪੁਰਾ ਫੂਲ) ਦਾ ਕਹਿਣਾ ਹੈ ਕਿ ਮਾੜੇ ਪ੍ਰਭਾਵ ਦੇਖੀਏ ਤਾਂ ‘ਆਨ ਲਾਈਨ’ ਸਰਵਿਸ ਸਮਾਜਿਕ ਤਾਲਮੇਲ ਨੂੰ ਵੀ ਤਾਰਪੀਡੋ ਕਰ ਰਹੀ ਹੈ ਜਿਸ ਕਰਕੇ ਆਪਸੀ ਮੇਲ ਜੋਲ ਦੇ ਮੌਕੇ ਘੱਟ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ’ਚ ਖ਼ੁਦ ਜਾ ਕੇ ਜਦੋਂ ਵਿਅਕਤੀ ਖ਼ਰੀਦਦਾਰੀ ਕਰਦਾ ਹੈ ਤਾਂ ਉਸ ਨਾਲ ਸਮਾਜਿਕ ਤਾਲਮੇਲ ਤੇ ਸਾਂਝ ਵੀ ਬਣਦੀ ਹੈ। ਮਨੁੱਖਾਂ ਵਿਚਾਲੇ ਇੱਕ ਸਮਾਜੀ ਪਾੜਾ ਖੜ੍ਹਾ ਹੋਣਾ ਭਵਿੱਖ ਦਾ ਵੱਡਾ ਸੰਤਾਪ ਹੋਵੇਗਾ।
ਆਨ ਲਾਈਨ ਫੂਡ ਡਲਿਵਰੀ ’ਤੇ ਗਾਹਕਾਂ ਨੂੰ ਪੰਜਾਹ ਰੁਪਏ ਤੱਕ ਪ੍ਰਤੀ ਡਲਿਵਰੀ ਚਾਰਜਿਜ਼ ਤਾਰਨੇ ਪੈਂਦੇ ਹਨ। ਕੰਪਨੀਆਂ ਵੱਲੋਂ ਦੂਸਰੇ ਪਾਸੇ ਕਾਰੋਬਾਰੀ ਦੁਕਾਨਾਂ ਤੋਂ ਵੱਖਰੇ ਪੈਸੇ ਲਏ ਜਾਂਦੇ ਹਨ। ਏਨਾ ਜ਼ਰੂਰ ਹੈ ਕਿ ਆਨ ਲਾਈਨ ਖ਼ਰੀਦਦਾਰੀ ਅਤੇ ਫੂਡ ਡਲਿਵਰੀ ਨੇ ਸ਼ਹਿਰੀ ਲੋਕਾਂ ਦੇ ਘਰਾਂ ਦੇ ਖ਼ਰਚੇ ਵਧਾ ਦਿੱਤੇ ਹਨ।