For the best experience, open
https://m.punjabitribuneonline.com
on your mobile browser.
Advertisement

ਗਰਮੀਆਂ ਦੀਆਂ ਸਬਜ਼ੀਆਂ ਦੀ ਲੁਆਈ ਦਾ ਵੇਲਾ

07:41 AM Jan 22, 2024 IST
ਗਰਮੀਆਂ ਦੀਆਂ ਸਬਜ਼ੀਆਂ ਦੀ ਲੁਆਈ ਦਾ ਵੇਲਾ
Advertisement

Advertisement

ਡਾ. ਰਣਜੀਤ ਸਿੰਘ

Advertisement

ਅਸੀਂ ਹਰ ਵਾਰ ਸਬਜ਼ੀਆਂ ਦੀ ਕਾਸ਼ਤ ਦੀ ਸਿਫ਼ਾਰਸ਼ ਕਰਦੇ ਹਾਂ। ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਦਾ ਹੁਣ ਢੁਕਵਾਂ ਸਮਾਂ ਹੈ। ਬੈਂਗਣ, ਟਮਾਟਰ ਅਤੇ ਮਿਰਚਾਂ ਦੀ ਪਨੀਰੀ ਪੁੱਟ ਕੇ ਹੁਣ ਖੇਤ ਵਿੱਚ ਲਗਾਈ ਜਾ ਸਕਦੀ ਹੈ। ਪੰਜਾਬ ਦਾ ਕੋਈ ਵੀ ਘਰ ਅਜਿਹਾ ਨਹੀਂ ਹੈ ਜਿੱਥੇ ਟਮਾਟਰ, ਬੈਂਗਣ ਅਤੇ ਮਿਰਚਾਂ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ। ਟਮਾਟਰਾਂ ਨੂੰ ਸਲਾਦ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਇਨ੍ਹਾਂ ਦੇ ਕਈ ਪਦਾਰਥ ਵੀ ਬਣਦੇ ਹਨ ਪਰ ਕੋਈ ਵੀ ਅਜਿਹੀ ਸਬਜ਼ੀ ਨਹੀਂ ਹੈ ਜਿਸ ਵਿੱਚ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ। ਬੈਂਗਣ ਦੀ ਸਬਜ਼ੀ ਤਾਂ ਸਾਰਾ ਸਾਲ ਹੀ ਬਣਾਈ ਜਾਂਦੀ ਹੈ ਕਿਉਂਕਿ ਇਸ ਦੀਆਂ ਸਾਲ ਵਿੱਚ ਚਾਰ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਮਿਰਚਾਂ ਵੀ ਪੰਜਾਬੀਆਂ ਦੀ ਖ਼ੁਰਾਕ ਦਾ ਅਨਿੱਖੜਵਾਂ ਅੰਗ ਹਨ। ਕੋਈ ਵੀ ਦਾਲ ਜਾਂ ਸਬਜ਼ੀ ਮਿਰਚਾਂ ਬਗੈਰ ਸੁਆਦੀ ਨਹੀਂ ਬਣਦੀ। ਸ਼ਿਮਲਾ ਮਿਰਚ ਦੀ ਪਨੀਰੀ ਪੁੱਟ ਕੇ ਲਗਾਉਣ ਦਾ ਵੀ ਇਹ ਢੁੱਕਵਾਂ ਸਮਾਂ ਹੈ। ਟਮਾਟਰ, ਬੈਂਗਣ ਅਤੇ ਮਿਰਚਾਂ ਦੀਆਂ ਦੋਗਲੀਆਂ ਕਿਸਮਾਂ ਵੀ ਵਿਕਸਤ ਹੋ ਗਈਆਂ ਹਨ ਜਿਨ੍ਹਾਂ ਦਾ ਝਾੜ ਵੱਧ ਹੈ।
ਪੰਜਾਬ ਵਿਚ ਕਾਸ਼ਤ ਲਈ ਟਮਾਟਰਾਂ ਦੀਆਂ ਪੰਜਾਬ ਰੁੱਤਾ, ਪੰਜਾਬ ਉਪਮਾ, ਪੰਜਾਬ ਐੱਨ ਆਰ-1, ਪੰਜਾਬ ਛੁਆਰਾ, ਪੀ.ਟੀ.ਐੱਚ-2 ਅਤੇ ਟੀ.ਐੱਚ-1 ਦੋਗਲੀਆਂ ਕਿਸਮਾਂ ਹਨ। ਇਨ੍ਹਾਂ ਦਾ ਝਾੜ ਸਭ ਤੋਂ ਵੱਧ ਕਰੀਬ 250 ਕੁਇੰਟਲ ਪ੍ਰਤੀ ਏਕੜ ਹੈ। ਬੂਟੇ ਲਗਾਉਂਦੇ ਸਮੇਂ ਕਤਾਰਾਂ ਵਿਚਕਾਰ 75 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ।


ਬੈਂਗਣ ਤਿੰਨ ਸ਼ਕਲਾਂ ਦੇ ਹੁੰਦੇ ਹਨ ਲੰਬੇ, ਗੋਲ ਤੇ ਬੈਂਗਣੀ। ਪੰਜਾਬ ਨੀਲਮ, ਬੀ ਐੱਚ-2, ਪੀ ਬੀ ਐੱਚ ਆਰ-41 ਤੇ ਪੀ ਬੀ ਐੱਚ ਆਰ-42 ਗੋਲ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐੱਚ-5, ਪੰਜਾਬ ਰੌਣਕ, ਪੀ ਬੀ ਐੱਚ-4 ਅਤੇ ਪੰਜਾਬ ਸਦਾ ਬਹਾਰ ਲੰਬੇ ਬੈਂਗਣਾਂ ਦੀਆਂ ਤੇ ਪੰਜਾਬ ਨਗੀਨਾ, ਪੰਜਾਬ ਭਰਪੂਰ ਤੇ ਪੀ ਬੀ ਐੱਚ-3 ਬੈਂਗਣੀ ਦੀਆਂ ਕਿਸਮਾਂ ਹਨ। ਬੂਟੇ ਲਗਾਉਣ ਸਮੇਂ ਕਤਾਰਾਂ ਵਿਚਕਾਰ 60 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 40 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ।
ਸੀ ਐੱਚ-52, ਸੀ ਐੱਚ-27, ਸੀ ਐੱਚ-3 ਤੇ ਸੀ ਐੱਚ-1 ਮਿਰਚਾਂ ਦੀਆਂ ਦੋਗਲੀਆਂ ਕਿਸਮਾਂ ਹਨ। ਪੰਜਾਬ ਸੰਧੂਰੀ, ਪੰਜਾਬ ਤੇਜ਼, ਪੰਜਾਬ ਗੁੱਛੇਦਾਰ ਤੇ ਪੰਜਾਬ ਸੁਰਖ ਮਿਰਚਾਂ ਦੀਆਂ ਦੂਜੀਆਂ ਉੱਨਤ ਕਿਸਮਾਂ ਹਨ। ਇਨ੍ਹਾਂ ਦੇ ਬੂਟੇ ਲਗਾਉਂਦੇ ਸਮੇਂ ਕਤਾਰਾਂ ਵਿਚਕਾਰ 75 ਅਤੇ ਬੂਟਿਆਂ ਵਿਚਕਾਰ 45 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਸ਼ਿਮਲਾ ਮਿਰਚ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਉਣ ਦਾ ਵੀ ਇਹ ਢੁੱਕਵਾਂ ਸਮਾਂ ਹੈ। ਪੀ ਐੱਸ ਐੱਮ-1 ਉੱਨਤ ਕਿਸਮ ਹੈ। ਪਨੀਰੀ ਲਗਾਉਂਦੇ ਸਮੇਂ ਬੂਟਿਆਂ ਵਿਚਕਾਰ 30 ਅਤੇ ਕਤਾਰਾਂ ਵਿਚਕਾਰ 60 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ।
ਸਾਰੀਆਂ ਸਬਜ਼ੀਆਂ ਦੀ ਪਨੀਰੀ ਲਗਾਉਣ ਪਿੱਛੋਂ ਤੁਰੰਤ ਪਾਣੀ ਦੇਣਾ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ 10-15 ਟਨ ਰੂੜੀ ਵੀ ਜ਼ਰੂਰ ਪਾਈ ਜਾਵੇ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਉੱਤੇ ਕੀਤੀ ਜਾ ਸਕਦੀ ਹੈ।
ਗਰਮੀਆਂ ਦੀਆਂ ਦੂਜੀਆਂ ਸਬਜ਼ੀਆਂ ਦੀ ਬਿਜਾਈ ਦਾ ਵੀ ਹੁਣ ਢੁੱਕਵਾਂ ਸਮਾਂ ਹੈ। ਪੰਜਾਬ ਵਿਚ ਸਬਜ਼ੀਆਂ ਹੇਠ ਬਹੁਤ ਘੱਟ ਰਕਬਾ ਹੈ। ਇਹ ਮਸਾਂ ਸਵਾ ਤਿੰਨ ਲੱਖ ਹੈਕਟੇਅਰ ਹੈ ਜਿਸ ਵਿੱਚੋਂ ਅੱਧਾ ਰਕਬਾ ਕੇਵਲ ਆਲੂਆਂ ਅਤੇ ਮਟਰਾਂ ਹੇਠ ਹੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਸਾਡੇ ਕਿਸਾਨ ਬਹੁਤ ਘੱਟ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਜੇ ਮੰਡੀ ਲਈ ਨਹੀਂ ਤਾਂ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕੀਤੀ ਜਾਵੇ। ਸਬਜ਼ੀਆਂ ਵਿੱਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ ਜਿਹੜੇ ਸਰੀਰ ਦੀ ਤੰਦਰੁਸਤੀ ਲਈ ਲਾਜ਼ਮੀ ਹੁੰਦੇ ਹਨ। ਪਰ ਇਹ ਖ਼ੁਰਾਕੀ ਤੱਤ ਜ਼ਹਿਰਾਂ ਰਹਿਤ ਤੇ ਤਾਜ਼ੀਆਂ ਸਬਜ਼ੀਆਂ ਤੋਂ ਹੀ ਪ੍ਰਾਪਤ ਹੋ ਸਕਦੇ ਹਨ। ਇਸ ਵਾਰ ਵੇਲਾਂ ਵਾਲੀਆਂ ਸਬਜ਼ੀਆਂ ਬਾਰੇ ਜਾਣਕਾਰੀ ਦੇਣ ਦਾ ਯਤਨ ਕਰਾਂਗੇ। ਇਨ੍ਹਾਂ ਸਬਜ਼ੀਆਂ ਦਾ ਇਹ ਫ਼ਾਇਦਾ ਹੈ ਕਿ ਇਕ ਵਾਰ ਲਗਾਈਆਂ ਵੇਲਾਂ ਕਈ ਮਹੀਨੇ ਸਬਜ਼ੀ ਦਿੰਦੀਆਂ ਰਹਿੰਦੀਆਂ ਹਨ।
ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਕਰੇਲਾ ਅਤੇ ਘੀਆ ਤੋਰੀ ਪ੍ਰਮੁੱਖ ਹਨ। ਪੰਜਾਬ ਚੱਪਣ ਕੱਦੂ-1, ਚੱਪਣ ਕੱਦੂ ਦੀ, ਪੀ ਬੀ ਐੱਚ-1 ਪੀ ਏ ਯੂ ਮਗਜ਼ ਕੱਦੂ-1, ਪੀ ਪੀ ਐੱਚ-1 ਅਤੇ ਪੰਜਾਬ ਸਮਰਾਟ ਹਲਵਾ ਕੱਦੂ ਦੀਆਂ ਪੰਜਾਬ ਬਰਕਤ, ਪੰਜਾਬ ਬਹਾਰ, ਪੰਜਾਬ ਲੌਂਗ ਤੇ ਪੰਜਾਬ ਕੋਮਲ ਘੀਆ ਕੱਦੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਪੰਜਾਬ ਕਰੇਲੀ-1, ਪੰਜਾਬ-14, ਕਰੇਲੇ ਦੀਆਂ, ਪੰਜਾਬ ਝਾੜ ਕਰੇਲਾ-1 ਝਾੜ ਕਰੇਲੇ ਦੀ, ਪੰਜਾਬ ਨਿਖਾਰ, ਪੰਜਾਬ ਕਾਲੀ ਤੋਰੀ-9 ਤੇ ਪੂਸਾ ਚਿਕਨੀ ਘੀਆ ਤੋਰੀ ਦੀਆਂ ਕਿਸਮਾਂ ਹਨ। ਸਾਰੀਆਂ ਸਬਜ਼ੀਆਂ ਲਈ ਦੋ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ ਪਰ ਹਲਵਾ ਕੱਦੂ ਲਈ ਇੱਕ ਕਿਲੋ ਬੀਜ ਹੀ ਕਾਫ਼ੀ ਹੈ। ਕਰੇਲਾ ਅਤੇ ਚੱਪਣ ਕੱਦੂ ਲਈ ਡੇਢ ਮੀਟਰ ਚੌੜੀਆਂ, ਘੀਆ ਕੱਦੂ ਲਈ ਦੋ ਮੀਟਰ, ਹਲਵਾ ਕੱਦੂ ਅਤੇ ਘੀਆ ਤੋਰੀ ਲਈ ਤਿੰਨ ਮੀਟਰ ਚੌੜੀਆਂ ਕਿਆਰੀਆਂ ਬਣਾਵੋ। ਕਿਆਰੀਆਂ ਦੇ ਦੋਵੇਂ ਪਾਸੇ ਬੀਜ ਬੀਜੇ ਜਾਣ ਤੇ ਇੱਕ ਥਾਂ ਦੋ ਬੀਜ ਬੀਜੋ। ਖੇਤ ਵਿੱਚ ਰੂੜੀ ਪਾਉਣੀ ਜ਼ਰੂਰੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀਆਂ ਸਿਫ਼ਾਰਸਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ।
ਤਰ ਅਤੇ ਖੀਰਾ ਦੋ ਹੋਰ ਵੇਲਾਂ ਵਾਲੀਆਂ ਸਬਜ਼ੀਆਂ ਹਨ ਪਰ ਇਨ੍ਹਾਂ ਦੀ ਵਰਤੋਂ ਸਲਾਦ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਪੰਜਾਬ ਲੌਂਗ ਮੈਲਨ-1 ਤਰ ਦੀ ਅਤੇ ਪੰਜਾਬ ਨਵੀਨ, ਪੰਜਾਬ ਖੀਰਾ-1 ਅਤੇ ਪੀ ਕੇ ਐੱਚ-11 ਖੀਰੇ ਦੀਆਂ ਉੱਨਤ ਕਿਸਮਾਂ ਹਨ। ਇੱਕ ਕਿਲੋ ਬੀਜ ਇੱਕ ਏਕੜ ਦੀ ਬਿਜਾਈ ਲਈ ਕਾਫ਼ੀ ਹੈ। ਇਨ੍ਹਾਂ ਦੀ ਬਿਜਾਈ ਲਈ ਢਾਈ ਮੀਟਰ ਚੌੜੀਆਂ ਕਿਆਰੀਆਂ ਬਣਾਵੋ। ਬਿਜਾਈ ਅਤੇ ਖਾਦਾਂ ਦੀ ਵਰਤੋਂ ਦੂਜੀਆਂ ਸਬਜ਼ੀਆਂ ਵਾਂਗ ਹੀ ਕੀਤੀ ਜਾਵੇ। ਟਿੰਡਾ ਇੱਕ ਹੋਰ ਵੇਲਾਂ ਵਾਲੀ ਗਰਮੀਆਂ ਦੀ ਮੁੱਖ ਸਬਜ਼ੀ ਹੈ। ਟਿੰਡਾ 48 ਅਤੇ ਪੰਜਾਬ ਟਿੰਡਾ-1 ਇਸ ਦੀਆਂ ਉੱਨਤ ਕਿਸਮਾਂ ਹਨ। ਇਕ ਏਕੜ ਲਈ ਡੇਢ ਕਿਲੋ ਬੀਜ ਚਾਹੀਦਾ ਹੈ। ਟਿੰਡੇ ਲਈ ਖੇਲਾਂ ਵਿਚਕਾਰ ਡੇਢ ਮੀਟਰ ਫ਼ਾਸਲਾ ਰੱਖਿਆ ਜਾਵੇ। ਇਸੇ ਲੜੀ ਵਿੱਚ ਪੇਠਾ ਇੱਕ ਹੋਰ ਸਬਜ਼ੀ ਹੈ। ਇਸ ਦੀ ਵਰਤੋਂ ਮਠਿਆਈ ਅਤੇ ਵੜੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪੀ.ਏ.ਜੀ-3 ਉੱਨਤ ਕਿਸਮ ਹੈ। ਇਸ ਤੋਂ ਕੋਈ 120 ਕੁਇੰਟਲ ਪੇਠੇ ਪ੍ਰਤੀ ਏਕੜ ਪ੍ਰਾਪਤ ਹੋ ਜਾਂਦੇ ਹਨ। ਇੱਕ ਏਕੜ ਲਈ ਦੋ ਕਿਲੋ ਬੀਜ ਜਿਸ ਦੀ ਬਿਜਾਈ ਤਿੰਨ ਮੀਟਰ ਫ਼ਾਸਲੇ ’ਤੇ ਬਣਾਈਆਂ ਖੇਲਾਂ ਦੇ ਦੋਵੇਂ ਪਾਸੇ ਕਰੋ। ਇਕ ਥਾਂ ਦੋ ਬੀਜ ਬੀਜੋ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨੀ ਜ਼ਰੂਰੀ ਹੈ।

Advertisement
Author Image

Advertisement