For the best experience, open
https://m.punjabitribuneonline.com
on your mobile browser.
Advertisement

ਸਾਉਣੀ ਵੱਢਣ ਤੇ ਹਾੜ੍ਹੀ ਬੀਜਣ ਦਾ ਸਮਾਂ

10:45 AM Oct 21, 2023 IST
ਸਾਉਣੀ ਵੱਢਣ ਤੇ ਹਾੜ੍ਹੀ ਬੀਜਣ ਦਾ ਸਮਾਂ
Advertisement

ਡਾ. ਰਣਜੀਤ ਸਿੰਘ

Advertisement

ਅਕਤੂਬਰ ਦਾ ਮਹੀਨਾ ਪੰਜਾਬ ਵਿੱਚ ਬਹਾਰ ਦੀ ਆਮਦ ਦਾ ਸਮਾਂ ਹੈ। ਗਰਮੀ ਦਾ ਜ਼ੋਰ ਘਟ ਜਾਂਦਾ ਹੈ ਅਤੇ ਹਵਾ ਠੰਢੀ ਚੱਲਣ ਲਗਦੀ ਹੈ। ਇਸ ਵਾਰ ਅਚਾਨਕ ਆਏ ਹੜ੍ਹਾਂ ਨਾਲ ਸਾਉਣੀ ਦੀਆਂ ਫ਼ਸਲਾਂ ਦਾ ਚੋਖਾ ਨੁਕਸਾਨ ਹੋਇਆ ਹੈ। ਪਰ ਜਿਹੜੀ ਫ਼ਸਲ ਪਾਣੀ ਦੀ ਮਾਰ ਤੋਂ ਬਚ ਗਈ, ਉਹ ਫ਼ਸਲ ਵਧੀਆ ਖੜ੍ਹੀ ਹੈ। ਫ਼ਸਲਾਂ ਨੇ ਰੰਗ ਬਦਲ ਲਿਆ ਹੈ। ਹੁਣ ਇੰਝ ਲਗਦਾ ਹੈ ਕਿ ਜਿਵੇਂ ਹਰ ਪਾਸੇ ਸੋਨਾ ਵਿਖਰਿਆ ਹੋਵੇ। ਕਿਸਾਨਾਂ ਲਈ ਰੁਝੇਵਿਆਂ ਭਰੇ ਦਿਨ ਸ਼ੁਰੂ ਹੋ ਗਏ ਹਨ ਜਿੱਥੇ ਸਾਉਣੀ ਦੀਆਂ ਫ਼ਸਲਾਂ ਨੂੰ ਸੰਭਾਲਣਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਦੀ ਵੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਹਾੜ੍ਹੀ ਦੇ ਚਾਰੇ, ਦਾਲਾਂ ਅਤੇ ਤੇਲ ਬੀਜਾਂ ਦੀ ਬਿਜਾਈ ਲਈ ਹੁਣ ਢੁਕਵਾਂ ਸਮਾਂ ਹੈ। ਬਰਸੀਮ ਹਾੜ੍ਹੀ ਦਾ ਮੁੱਖ ਚਾਰਾ ਹੈ। ਇਹ ਕਈ ਕਟਾਈਆਂ ਦੇ ਕੇ ਲੰਬਾ ਸਮਾਂ ਚਾਰਾ ਦਿੰਦਾ ਹੈ। ਇਸ ਦੇ ਨਾਲ ਹੀ ਲੂਸਣ, ਜਵੀਂ, ਮੇਥੇ, ਸੇਂਜੀ ਅਤੇ ਸ਼ਟਾਲਾ ਦੀ ਬਿਜਾਈ ਵੀ ਹੁੰਦੀ ਹੈ। ਜਵੀਂ ਬਹੁਤ ਘੱਟ ਰਕਬੇ ਵਿਚ ਕੇਵਲ ਚਾਰੇ ਲਈ ਬੀਜੀ ਜਾਂਦੀ ਹੈ। ਇਸ ਦੀ ਦਾਣਿਆਂ ਲਈ ਵੀ ਬਿਜਾਈ ਕਰ ਕੇ ਵੇਖਣੀ ਚਾਹੀਦੀ ਹੈ। ਓ ਐਲ 14 ਕਿਸਮ ਤੋਂ 10 ਕੁਇੰਟਲ ਦਾਣੇ ਪ੍ਰਾਪਤ ਹੋ ਜਾਂਦੇ ਹਨ।
ਝੋਨੇ ਦੀਆਂ ਜਦੋਂ ਮੂੰਜਰਾਂ ਪੱਕ ਜਾਣ ਅਤੇ ਪਰਾਲੀ ਪੀਲੀ ਪੈ ਜਾਵੇ ਤਾਂ ਝੋਨੇ ਦੀ ਵਾਢੀ ਕਰ ਲੈਣੀ ਚਾਹੀਦੀ ਹੈ। ਜੇ ਵਾਢੀ ਹੱਥੀਂ ਕਰਨੀ ਹੈ ਤਾਂ ਇਸ ਦੀ ਝੜਾਈ ਉਸੇ ਦਿਨ ਕਰ ਲਵੋ। ਬੀਜ ਲਈ ਰੱਖਣ ਵਾਲੇ ਖੇਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਸੇ ਖੇਤ ਦੀ ਉਪਜ ਬੀਜ ਲਈ ਰੱਖੀ ਜਾਵੇ ਜੋ ਭਾਰੀ ਹੋਵੇ ਅਤੇ ਕਿਸੇ ਵੀ ਬਿਮਾਰੀ ਦੇ ਹਮਲੇ ਤੋਂ ਮੁਕਤ ਹੋਵੇ। ਖੇਤ ਵਿੱਚੋਂ ਨਦੀਨਾਂ ਦੇ ਜਾਂ ਮਾੜੇ ਬਿਮਾਰ ਬੂਟੇ ਪੁੱਟ ਦੇਵੋ। ਇਸ ਖੇਤ ਦੀ ਫ਼ਸਲ ਵੱਖਰੀ ਹੋਵੇ। ਦਾਣਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਢੋਲਾਂ ਵਿੱਚ ਭਰੋ। ਕੰਬਾਈਨ ਨਾਲ ਵੱਢੀ ਫ਼ਸਲ ਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਅੱਗ ਲਗਾਈ ਜਾਂਦੀ ਹੈ। ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਨਾਲ ਵਾਤਾਵਰਨ ਹੀ ਪ੍ਰਦੂਸ਼ਿਤ ਨਹੀਂ ਹੁੰਦਾ, ਸਗੋਂ ਧਰਤੀ ਦੀ ਸਿਹਤ ਵੀ ਖ਼ਰਾਬ ਹੁੰਦੀ ਹੈ। ਇਸ ਨੂੰ ਖੇਤ ਵਿਚ ਹੀ ਖੜ੍ਹੀ ਰਹਿਣ ਦੇਵੋ ਅਤੇ ਬਿਨਾ ਖੇਤ ਨੂੰ ਤਿਆਰ ਕੀਤਿਆਂ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰ ਦੇਵੋ। ਇੰਜ ਬਿਜਾਈ ਵੀ ਸਮੇਂ ਸਿਰ ਹੋ ਜਾਵੇਗੀ, ਪਾਣੀ ਦੀ ਵੀ ਬੱਚਤ ਹੋਵੇਗੀ ਅਤੇ ਨਦੀਨ ਵੀ ਘੱਟ ਉਗਣਗੇ। ਪਰਾਲੀ ਦੀ ਰੂੜੀ ਵੀ ਬਣਾਈ ਜਾ ਸਕਦੀ ਹੈ। ਤਵੀਆਂ ਵਾਲੇ ਹਲ ਨਾਲ ਪਰਾਲੀ ਖੇਤ ਵਿਚ ਵਾਹ ਕੇ ਰੌਣੀ ਕਰ ਕੇ ਕਣਕ ਬੀਜੀ ਜਾ ਸਕਦੀ ਹੈ। ਜੇ ਨੇੜੇ ਕੋਈ ਗੱਤਾ ਮਿੱਲ ਜਾਂ ਬਿਜਲੀ ਬਣਾਉਣ ਵਾਲਾ ਕਾਰਖਾਨਾ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰੋ। ਉਹ ਪਰਾਲੀ ਦੀ ਖ਼ਰੀਦ ਕਰਦੇ ਹਨ।
ਮੱਕੀ ਵੀ ਹੁਣ ਪੱਕ ਗਈ ਹੈ, ਜਦੋਂ ਛੱਲੀਆਂ ਦੇ ਪਰਦਿਆਂ ਦਾ ਰੰਗ ਸੁੱਕ ਕੇ ਭੂਰਾ ਹੋ ਜਾਵੇ ਤਾਂ ਮੱਕੀ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਹੁਣ ਛੱਲੀਆਂ ਨੂੰ ਪਰਦਿਆਂ ਵਿੱਚੋਂ ਕੱਢ ਕੇ ਮੁੜ ਡੰਡਿਆਂ ਨਾਲ ਕੁੱਟ ਕੇ ਦਾਣੇ ਅੱਡ ਕਰਨ ਦੀ ਲੋੜ ਨਹੀਂ ਹੈ, ਸਗੋਂ ਮਸ਼ੀਨਾਂ ਸਾਰਾ ਕੰਮ ਆਪ ਹੀ ਕਰ ਦਿੰਦੀਆਂ ਹਨ। ਮੱਕੀ ਨੂੰ ਮੰਡੀ ਵਿਚ ਸੁਕਾ ਕੇ ਲਿਜਾਣਾ ਚਾਹੀਦਾ ਹੈ। ਦਾਣਿਆਂ ਵਿੱਚ 15 ਫ਼ੀਸਦੀ ਤੋਂ ਵਧ ਨਮੀ ਨਹੀਂ ਹੋਣੀ ਚਾਹੀਦੀ।
ਅਸੀਂ ਤੁਹਾਨੂੰ ਸਬਜ਼ੀਆਂ ਦੀ ਕਾਸ਼ਤ ਸਬੰਧੀ ਹਮੇਸ਼ਾ ਪ੍ਰੇਰਦੇ ਰਹਿੰਦੇ ਹਾਂ। ਸਰਦੀਆਂ ਦੀਆਂ ਸਾਰੀਆਂ ਸਬਜ਼ੀਆਂ ਦੀ ਕਾਸ਼ਤ ਲਈ ਇਹ ਢੁੱਕਵਾਂ ਸਮਾਂ ਹੈ। ਆਲੂਆਂ ਪਿੱਛੋਂ ਪੰਜਾਬ ਵਿਚ ਸਭ ਤੋਂ ਵੱਧ ਰਕਬਾ ਮਟਰਾਂ ਹੇਠ ਹੈ। ਇਨ੍ਹਾਂ ਦੀ ਕਾਸ਼ਤ ਕੋਈ 44,000 ਹੈਕਟਰ ਵਿਚ ਕੀਤੀ ਜਾਂਦੀ ਹੈ। ਅਗੇਤੇ ਮਟਰਾਂ ਦੀ ਬਿਜਾਈ ਦਾ ਸਮਾਂ ਆ ਗਿਆ ਹੈ। ਅਗੇਤੀ ਬਿਜਾਈ ਲਈ ਮਟਰ ਅਗੇਤਾ-7, ਮਟਰ ਅਗੇਤਾ-6 ਅਰਕਲ ਅਤੇ ਏ ਪੀ-3 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਦਾ ਪ੍ਰਤੀ ਏਕੜ 45 ਕਿਲੋ ਬੀਜ ਪਾਇਆ ਜਾਵੇ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਇਬੋਜ਼ੀਅਮ ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਮਟਰ ਭਾਵੇਂ ਧਰਤੀ ਦੀ ਸਿਹਤ ਨੂੰ ਠੀਕ ਕਰਦੇ ਹਨ ਪਰ ਬਿਜਾਈ ਸਮੇਂ ਅੱਠ ਟਨ ਰੂੜੀ, 45 ਕਿਲੋ ਯੂਰੀਆ ਅਤੇ 5 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕੀਤੀ ਜਾਵੇ।
ਬੰਦ ਗੋਭੀ ਦੀ ਪਨੀਰੀ ਪੁੱਟ ਕੇ ਲਗਾਉਣ ਲਈ ਵੀ ਇਹ ਢੁਕਵਾਂ ਸਮਾਂ ਹੈ। ਚੀਨੀ ਬੰਦਗੋਭੀ ਦੀ ਵਰਤੋਂ ਸਾਗ ਲਈ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਲਈ ਹੁਣ ਢੁਕਵਾਂ ਸਮਾਂ ਹੈ। ਸਾਗ ਸਰਸੋਂ ਅਤੇ ਚੀਨੀ ਸਰ੍ਹੋਂ-1 ਇਸ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ ਸਾਗ ਲਈ ਕਈ ਕਟਾਈਆਂ ਪ੍ਰਾਪਤ ਹੋ ਜਾਂਦੀਆਂ ਹਨ। ਇਕ ਏਕੜ ਦੀ ਬਿਜਾਈ ਲਈ ਇਕ ਕਿਲੋ ਬੀਜ ਚਾਹੀਦਾ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ ਜੇ ਹੋ ਸਕੇ ਤਾਂ ਉਸ ਸਮੇਂ 20 ਟਨ ਰੂੜ੍ਹੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ ਬਿਜਾਈ ਸਮੇਂ 40 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ।
ਅਸੀਂ ਸਾਰੇ ਹੀ ਮੇਥੀ ਦੇ ਪਕਵਾਨ ਬੜੇ ਚਾਅ ਨਾਲ ਖਾਂਦੇ ਹਾਂ। ਮੇਥੀ ਦੀ ਸਬਜ਼ੀ, ਪਰਾਉਂਠੇ, ਮਿੱਸੀ ਰੋਟੀ ਆਦਿ ਸਰਦੀਆਂ ਦੌਰਾਨ ਸਾਰੇ ਹੀ ਘਰਾਂ ਵਿਚ ਬਣਦੇ ਹਨ। ਮੇਥੀ ਬੀਜਣ ਲਈ ਹੁਣ ਢੁਕਵਾਂ ਸਮਾਂ ਹੈ। ਕਸੂਰੀ ਮੇਥੀ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਕਸੂਰੀ ਸੁਪਰੀਮ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦੀਆਂ ਤਿੰਨ ਕਟਾਈਆਂ ਲਈਆਂ ਜਾ ਸਕਦੀਆਂ ਹਨ। ਪਹਿਲੀ ਕਟਾਈ ਬਿਜਾਈ ਤੋਂ 42 ਕੁ ਦਿਨਾਂ ਪਿਛੋਂ ਕੀਤੀ ਜਾ ਸਕਦੀ ਹੈ। ਇਕ ਏਕੜ ਲਈ 10 ਕਿਲੋ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ 2.5 ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਸੋਧ ਲਵੋ। ਇਸ ਵਾਰ ਘਰ ਦੀ ਵਰਤੋਂ ਲਈ ਘੱਟੋ ਘੱਟ ਇਕ ਕਿਆਰੀ ਵਿਚ ਇਸ ਦੀ ਬਿਜਾਈ ਕਰੋ। ਬਿਜਾਈ ਸਮੇਂ ਸਿਆੜਾਂ ਵਿਚਕਾਰ 20 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਚੰਗਾ ਝਾੜ ਲੈਣ ਲਈ 30 ਕਿਲੋ ਯੂਰੀਆ ਬਿਜਾਈ ਸਮੇਂ ਪਾਵੋ। ਹਰੇਕ ਕਟਾਈ ਪਿੱਛੋਂ 15 ਕੁ ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤਿੰਨ ਹਫ਼ਤਿਆਂ ਪਿੱਛੋਂ ਇਕ ਗੋਡੀ ਕਰੋ। ਜੇ ਲੋੜ ਹੋਵੇ ਤਾਂ ਛੇ ਹਫ਼ਤਿਆਂ ਪਿੱਛੋਂ ਦੂਜੀ ਗੋਡੀ ਕੀਤੀ ਜਾਵੇ। ਧਨੀਆ ਇੱਕ ਹੋਰ ਛੋਟੀ ਪਰ ਮਹੱਤਵਪੂਰਨ ਫ਼ਸਲ ਹੈ, ਜਿਸ ਦੇ ਦਾਣਿਆਂ ਨੂੰ ਪੀਸ ਕੇ ਗਰਮ ਮਸਾਲੇ ਦੇ ਰੂਪ ਵਿਚ ਹਰ ਦਾਲ ਸਬਜ਼ੀ ਵਿਚ ਪਾਇਆ ਜਾਂਦਾ ਹੈ। ਦਾਲ ਸਬਜ਼ੀ ਨੂੰ ਸੁਆਦੀ ਬਣਾਉਣ ਲਈ ਇਸ ਦੇ ਹਰੇ ਪੱਤੇ ਵੀ ਵਰਤੇ ਜਾਂਦੇ ਹਨ। ਬਹੁਤੇ ਕਿਸਾਨ ਧਨੀਆ ਬਾਜ਼ਾਰੋਂ ਹੀ ਮੁੱਲ ਲੈਂਦੇ ਹਨ। ਆਪਣੇ ਖੇਤ ਵਿਚ ਤਿਆਰ ਕੀਤੇ ਧਨੀਏ ਦੀ ਮਹਿਕ ਅਤੇ ਸੁਆਦ ਨਿਵੇਕਲਾ ਹੁੰਦਾ ਹੈ। ਇਸ ਵਾਰ ਘਰ ਦੀ ਵਰਤੋਂ ਲਈ ਕੁਝ ਰਕਬੇ ਵਿਚ ਧਨੀਆ ਜ਼ਰੂਰ ਬੀਜਿਆ ਜਾਵੇ। ਪੰਜਾਬ ਸੁਗੰਧ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦਾ ਕੋਈ 9 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਗਾਜਰ, ਸ਼ਲਗਮ ਅਤੇ ਮੂਲੀਆਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ, ਪੀ ਸੀ-161 ਅਤੇ ਪੀ ਸੀ-34 ਗਾਜਰਾਂ ਦੀਆਂ ਉਨਤ ਕਿਸਮਾਂ ਹਨ। ਇਕ ਏਕੜ ਲਈ ਚਾਰ ਕਿਲੋ ਬੀਜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 7.5 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਕਰੀਬ 90 ਦਿਨਾਂ ਪਿਛੋਂ ਇਨ੍ਹਾਂ ਦੀ ਪੁਟਾਈ ਕੀਤੀ ਜਾ ਸਕਦੀ ਹੈ। ਐਲ-1 ਸ਼ਲਗਮ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਇਹ ਕੋਈ 50 ਦਿਨਾਂ ਵਿੱਚ ਪੁੱਟਣ ਲਈ ਤਿਆਰ ਹੋ ਜਾਂਦੀ ਹੈ ਅਤੇ 100 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਇਸ ਦਾ ਇਕ ਏਕੜ ਲਈ ਦੋ ਕਿਲੋ ਬੀਜ ਚਾਹੀਦਾ ਹੈ। ਮੂਲੀਆਂ ਦੀ ਹੁਣ ਬਿਜਾਈ ਕਰਨ ਲਈ ਪੰਜਾਬ ਸਫੈਦ ਮੂਲੀ-2, ਪੰਜਾਬ ਸਫੈਦ ਜਾਂ ਜਾਪਾਨੀ ਵਾਈਟ ਕਿਸਮਾਂ ਦੀ ਬਿਜਾਈ ਕਰੋ। ਇਕ ਏਕੜ ਲਈ ਚਾਰ ਕਿਲੋ ਬੀਜ ਚਾਹੀਦਾ ਹੈ।
ਘਰ ਦੀ ਵਰਤੋਂ ਲਈ ਇਕ ਕਿਆਰੀ ਪਾਲਕ ਦੀ ਵੀ ਜ਼ਰੂਰ ਬੀਜ ਲੈਣੀ ਚਾਹੀਦੀ ਹੈ। ਪਾਲਕ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਪੰਜਾਬ ਗ੍ਰੀਨ ਸਿਫ਼ਾਰਸ਼ ਕੀਤੀ ਕਿਸਮ ਹੈ। ਇਕ ਏਕੜ ਲਈ ਪੰਜ ਕਿਲੋ ਬੀਜ ਚਾਹੀਦਾ ਹੈ। ਬਿਜਾਈ ਤੋਂ ਇਕ ਮਹੀਨੇ ਪਿੱਛੋਂ ਕਟਾਈ ਕੀਤੀ ਜਾ ਸਕਦੀ ਹੈ। ਘਰ ਬਗੀਚੀ ਲਈ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਬਾਗ਼ਬਾਨੀ ਵਿਭਾਗ ਤੋਂ ਪ੍ਰਾਪਤ ਕਰ ਸਕਦੇ ਹੋ। ਇਸ ਕਿਟ ਵਿਚ ਸਾਰੀਆਂ ਸਬਜ਼ੀਆਂ ਦੇ ਥੋੜ੍ਹੇ-ਥੋੜ੍ਹੇ ਬੀਜ ਹੁੰਦੇ ਹਨ। ਘਰ ਦੀਆਂ ਰਸਾਇਣਾਂ ਤੋਂ ਬਗੈਰ ਪੈਦਾ ਕੀਤੀਆਂ ਸਬਜ਼ੀਆਂ ਵਿਚ ਪੂਰੇ ਖ਼ੁਰਾਕੀ ਤੱਤ ਹੁੰਦੇ ਹਨ।

Advertisement

Advertisement
Author Image

sukhwinder singh

View all posts

Advertisement