For the best experience, open
https://m.punjabitribuneonline.com
on your mobile browser.
Advertisement

‘ਆਪ’ ਵਿਧਾਇਕਾਂ ਦੇ ਘਰਾਂ ਤੇ ਟੌਲ ਪਲਾਜ਼ਿਆਂ ’ਤੇ ਡਟੇ ਕਿਸਾਨ

11:20 AM Oct 20, 2024 IST
‘ਆਪ’ ਵਿਧਾਇਕਾਂ ਦੇ ਘਰਾਂ ਤੇ ਟੌਲ ਪਲਾਜ਼ਿਆਂ ’ਤੇ ਡਟੇ ਕਿਸਾਨ
ਜੈਤੋ ਵਿੱਚ ਸ਼ਨਿਚਰਵਾਰ ਨੂੰ ‘ਆਪ’ ਵਿਧਾਇਕ ਅਮੋਲਕ ਸਿੰਘ ਦੀ ਰਿਹਾਇਸ਼ ਅੱਗੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਕਟਾਰੀਆ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਕਤੂਬਰ
ਝੋਨੇ ਦੀ ਖਰੀਦ ਦੇ ਗੰਭੀਰ ਬਣ ਚੁੱਕੇ ਮਸਲੇ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਤਹਿਤ ਮਾਨਸਾ ਜ਼ਿਲ੍ਹੇ ਤਿੰਨੋਂ ਵਿਧਾਇਕਾਂ ਦੇ ਘਰਾਂ ਸ਼ੁਰੂ ਕੀਤੇ ਦਿਨ-ਰਾਤ ਮੋਰਚਿਆਂ ਵਿਚ ਅੱਜ ਦੂਜੇ ਦਿਨ ਵੀ ਵੱਡੀ ਗਿਣਤੀ ਵਿੱਚ ਕਿਸਾਨ ਪੁੱਜੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਉਹ ਵਿਧਾਇਕਾਂ ਦੇ ਘਰਾਂ ਅੱਗੇ ਬੈਠੇ ਹਨ, ਪਰ ਵਿਧਾਇਕ ਆਪਣੇ ਘਰਾਂ ਵਿੱਚੋਂ ਗਾਇਬ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਰੀਦ ਸਬੰਧੀ ਵੱਟੀ ਚੁੱਪ, ਉਸ ਨੂੰ ਮਹਿੰਗੀ ਪਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖਰੀਦ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ ਅਤੇ ਪੰਜਾਬ ਸਰਕਾਰ ਉਸਦਾ ਸਾਥ ਦੇ ਰਹੀ ਹੈ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਇੰਸਪੈਕਟਰਾਂ ਨੂੰ ਭੇਜਣ, ਝੋਨੇ ਦੀ ਖਰੀਦ ਕਰਨ ਅਤੇ ਨਾਲ-ਨਾਲ ਚੁਕਾਈ ਦਾ ਕੰਮ ਸ਼ੁਰੂ ਕੀਤਾ ਜਾਵੇ। ਝੋਨੇ ਦੀ ਖਰੀਦ 4 ਦਿਨਾਂ ਵਿੱਚ ਨਿਰਵਿਘਨ ਚਾਲੂ ਕਰਨ ਦਾ ਪੰਜਾਬ ਸਰਕਾਰ ਦਾ ਭਰੋਸਾ ਅਮਲੀ ਰੂਪ ਵਿੱਚ ਤਸੱਲੀਬਖ਼ਸ਼ ਢੰਗ ਨਾਲ ਲਾਗੂ ਹੋਣ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲ਼ੋਂ ਟੌਲ ਪਲਾਜ਼ਿਆਂ ਅਤੇ ਸਿਆਸੀ ਆਗੂਆਂ ਵਿਰੁੱਧ ਚੱਲ ਰਹੇ ਪੱਕੇ ਧਰਨੇ ਬਾਦਸਤੂਰ ਜਾਰੀ ਰੱਖੇ ਜਾਣਗੇ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਢਾਈ ਸਾਲਾਂ ਦਾ ਤਜਰਬਾ ਦੱਸਦਾ ਹੈ ਕਿ ਮਾਨ ਸਰਕਾਰ ਦੇ ਭਰੋਸੇ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ। ਕਿਸਾਨ ਆਗੂਆਂ ਨੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਹੋਰ ਵੀ ਵਧੇਰੇ ਜੋਸ਼ ਨਾਲ ਸ਼ਮੂਲੀਅਤ ਜਾਰੀ ਰੱਖੀ ਜਾਵੇ ਤਾਂ ਕਿ ਝੋਨੇ ਦੀ ਨਿਰਵਿਘਨ ਖਰੀਦ ਨੂੰ ਅਮਲੀ ਰੂਪ ਵਿਚ ਤਸੱਲੀਬਖ਼ਸ਼ ਢੰਗ ਨਾਲ ਲਾਗੂ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।
ਬਠਿੰਡਾ/ਜੈਤੋ (ਸ਼ਗਨ ਕਟਾਰੀਆ): ਝੋਨੇ ਦੀ ਸਰਕਾਰੀ ਖ਼ਰੀਦ ਨੂੰ ਸਹੀ ਢੰਗ ਨਾਲ ਚਲਾਉਣ ਦੀ ਮੰਗ ਲੈ ਕੇ ਬੀਕੇਯੂ ਉਗਰਾਹਾਂ) ਵੱਲੋਂ ਰੋਸ ਪ੍ਰਦਰਸ਼ਨਾਂ ਦਾ ਸਿਲਸਲਾ ਅੱਜ ਵੀ ਜਾਰੀ ਰਿਹਾ। ਜ਼ਿਲ੍ਹਾ ਬਠਿੰਡਾ ਵਿਚਲੇ ਚਾਰ ਟੌਲ ਪਲਾਜ਼ੇ ਅੱਜ ਵੀ ਟੌਲ ਮੁਕਤ ਰਹੇ। ਸਿਆਸੀ ਆਗੂਆਂ ਦੇ ਘਰਾਂ ਅੱਗੇ ਰੋਸ ਧਰਨਿਆਂ ਦੀ ਕੜੀ ਵਜੋਂ ‘ਆਪ’ ਦੇ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਰਾਮੁਪੁਰਾ ਦੇ ਬਲਕਾਰ ਸਿੱਧੂ, ਮੌੜ ਦੇ ਸੁਖਵੀਰ ਸਿੰਘ, ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੋਂ ਇਲਾਵਾ ਭਾਜਪਾ ਆਗੂ ਜਗਦੀਪ ਸਿੰਘ ਨਕੱਈ ਦੇ ਦਰਾਂ ’ਤੇ ਜ਼ਿੰਦਾਬਾਦ-ਮੁਰਦਾਬਾਦ ਸਾਰਾ ਦਿਨ ਜਾਰੀ ਰਹੀ। ਜਥੇਬੰਦੀ ਦੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਆਗੂ ਹਰਜਿੰਦਰ ਬੱਗੀ, ਜਗਦੇਵ ਜੋਗੇਵਾਲਾ, ਜਗਸੀਰ ਝੁੰਬਾ, ਹਰਿੰਦਰ ਕੌਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਨੇ ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕੀਤਾ। ਇਸੇ ਤਰ੍ਹਾਂ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਰਿਹਾਇਸ਼ ਅੱਗੇ ਉਗਰਾਹਾਂ ਜਥੇਬੰਦੀ ਵੱਲੋਂ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।
ਲੰਬੀ (ਇਕਬਾਲ ਸਿੰਘ ਸ਼ਾਂਤ): ਕਿਸਾਨ ਜਥੇਬੰਦੀ ਉਗਰਾਹਾਂ ਦੀ ਸੂਬਾ ਕਮੇਟੀ ਦੇ ਸਾਂਝੇ ਸੱਦੇ ਉੱਪਰ ਪਿੰਡ ਖੁੱਡੀਆਂ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਦਿਨ-ਰਾਤ ਦਾ ਪੱਕਾ ਮੋਰਚਾ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਤੋਂ ਇਲਵਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਐੱਨ ਐਚ9 ’ਤੇ ਅਬੁੱਲਖੁਰਾਣਾ ਟੌਲ ਪਲਾਜ਼ਾ ਨੂੰ ਮੁਫ਼ਤ ਕੀਤਾ ਹੋਇਆ ਹੈ। ਇਸ ਮੌਕੇ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਭੁੱਚੋ ਮੰਡੀ (ਪੱਤਰ ਪ੍ਰੇੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਨਥਾਣਾ ਅਤੇ ਬਲਾਕ ਰਾਮਪੁਰਾ ਦੇ ਕਿਸਾਨਾਂ ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਅਤੇ ਚੁਕਾਈ ਸਮੇਤ ਹੋਰਨਾਂ ਮੰਗਾਂ ਲਈ ਟੌਲ ਮੁਫ਼ਤ ਕੀਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਅੱਜ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ।

Advertisement

ਕੋਟਕਪੂਰਾ ਵਿੱਚ ਕਿਸਾਨਾਂ ਨੇ ਕੌਮੀ ਮਾਰਗ ’ਤੇ ਆਵਾਜਾਈ ਰੋਕੀ

ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਵਿੱਚ ਧਰਨਾ ਦਿੰਦੇ ਹੋਏ ਕਿਸਾਨ।

ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਵੱਲੋਂ ਅੱਜ ਲੁਧਿਆਣਾ-ਸ਼੍ਰੀ ਗੰਗਾਨਗਰ ਸਟੇਟ ਹਾਈਵੇਅ ਜਾਮ ਕੀਤਾ ਗਿਆ। ਬੱਤੀਆਂ ਵਾਲਾ ਚੌਕ ਵਿੱਚ ਕਿਸਾਨ ਵੱਲੋਂ ਸਵੇਰੇ ਦਸ ਵਜੇ ਤੋਂ ਸ਼ਾਮ 5 ਵਜੇ ਤੱਕ ਆਵਾਜਾਈ ਜਾਮ ਕੀਤੀ ਗਈ। ਕਿਸਾਨ ਆਗੂ ਰਜਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਹੋਣੀ ਐਲਾਨੀ ਗਈ ਸੀ ਪ੍ਰੰਤੂ ਹੁਣ ਤੱਕ ਮੰਡੀਆਂ ਵਿੱਚ ਰੁਲ ਰਹੇ ਹਨ ਪ੍ਰੰਤੂ ਖਰੀਦ ਨਹੀਂ ਹੋ ਰਹੀ। ਉਨ੍ਹਾਂ ਆਖਿਆ ਕਿ ਸਰਕਾਰ ਜਲਦ ਤੋਂ ਜਲਦ ਖਰੀਦ ਦਾ ਕੰਮਕਾਜ ਸ਼ੁਰੂ ਕਰਵਾਏ ਤਾਂ ਜੋ ਕਿਸਾਨ ਮੰਡੀਆਂ ਵਿੱਚ ਖੱਜਲ ਨਾ ਹੋਣ। ਦੇਰ ਸ਼ਾਮ ਉਪ ਮੰਡਲ ਮੈਜਿਸਟਰੇਟ ਕੋਟਕਪੂਰਾ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਲਿਖਤੀ ਸਮਝੌਤੇ ਤਹਿਤ ਅਧਿਕਾਰੀ ਵੱਲੋਂ ਕਿਸਾਨਾਂ ਦੀਆਂ ਅੱਠ ਮੰਗਾਂ ਮੰਨ ਲਈ ਗਈਆਂ ਜਿਸ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ।

Advertisement

Advertisement
Author Image

Advertisement