For the best experience, open
https://m.punjabitribuneonline.com
on your mobile browser.
Advertisement

ਵਕਤ ਬੀਤਦਾ ਗਿਆ...

10:06 AM Dec 02, 2023 IST
ਵਕਤ ਬੀਤਦਾ ਗਿਆ
Advertisement

ਗਗਨਦੀਪ ਸਿੰਘ ਢਿੱਲੋਂ
ਕਦੇ ਸੁਣੀਂਦਾ ਹੁੰਦਾ ਸੀ ਕਿ ਗੁਹਾਰਿਆਂ ਤੋਂ ਪਿੰਡ ਦੀ ਪਛਾਣ ਆ ਜਾਂਦੀ ਹੈ। ਹੁਣ ਗੁਹਾਰਿਆਂ ਦੀ ਜਗ੍ਹਾ ਪਿੰਡ ਸ਼ੁਰੂ ਕੋਠੀਆਂ ਤੋਂ ਹੋਣ ਲੱਗ ਪਿਆ। ਮੈਂ ਰਾਹੀ ਪਿੰਡਾਂ ਦਾ ਤੁਰਿਆ ਜਾਵਾਂ ਰਾਹੇ ਰਾਹੇ, ਪਰ ਰਾਹ ਹੀ ਬਦਲ ਗਏ। ਮੇਰੇ ਪਿੰਡ ਨੂੰ ਜਾਂਦਾ ਸੋਨੇ ਦੇ ਰੰਗ ਵਰਗਾ ਕੱਚਾ ਪਹਾ ਹੁਣ ਕਾਲੀ ਮਿੱਟੀ ਵਰਗੀ ਪੱਕੀ ਸੜਕ ਨੇ ਥੱਲੇ ਹੀ ਦੱਬ ਲਿਆ। ਪਿੰਡ ਦੀਆਂ ਜੂਹਾਂ ਕਿਧਰੇ ਉੱਡ ਪੁੱਡ ਗਈਆਂ। ਮਨ ਕੀਤਾ ਕਿ ਅੱਜ ਓਵੇਂ ਬਚਪਨ ਵਾਂਗ ਤੁਰਿਆ ਜਾਵਾਂ। ਤੁਰਿਆ ਗਿਆ ਤਾਂ ਇੱਕ ਚੇਤਾ ਆਇਆ ਕਿ ਹੁਣ ਪਿੱਛੋਂ ਕੋਈ ਨਾ ਕੋਈ ਬਲਦ ਰੇਹੜਾ ਜ਼ਰੂਰ ਆਊਗਾ, ਪਰ ਸਾਰੇ ਰਾਹ ਰੇਹੜੇ ਦਾ ਕਿਤੋਂ ਪਰਛਾਵਾਂ ਤੱਕ ਨਜ਼ਰ ਨਾ ਪਿਆ।‌ ਕਾਰਾਂ, ਮੋਟਰ-ਗੱਡੀਆਂ ਦਾ ਸ਼ੋਰ ਸ਼ਰਾਬਾ ਹੀ ਕੰਨਾਂ ਵਿੱਚ ਗੂੰਜਦਾ ਰਿਹਾ। ਉਨ੍ਹਾਂ ਕੱਚਿਆਂ ਪਹਿਆਂ ’ਤੇ ਖੜ੍ਹੇ ਵੱਡੇ ਵੱਡੇ ਬੋਹੜਾਂ, ਟਾਹਲੀਆਂ, ਬੇਰੀਆਂ ਦੀ ਹੋਂਦ ਨੂੰ ਹੀ ਖ਼ਤਮ ਕਰ ਦਿੱਤਾ ਗਿਆ। ਇੱਕ ਦੋ ਬੇਰੀਆਂ ਦਿਸੀਆਂ, ਪਰ ਬੇਹੱਦ ਉਦਾਸ। ਉਨ੍ਹਾਂ ਬੇਰੀਆਂ ’ਤੇ ਲੱਗੇ ਬੇਰ ਆਪੇ ਆਪਣੇ ਫਿਕਰਾਂ ’ਚ ਝੜਦੇ ਰਹੇ ਕਿਉਂਕਿ ਬੇਰਾਂ ਨੂੰ ਰੋੜਿਆਂ, ਮੋੜ੍ਹੀਆਂ ਨਾਲ ਲਾਹੁਣ ਵਾਲੀ ਪੀੜ੍ਹੀ ਮੁੜ ਬਹੁੜੀ ਨਹੀਂ। ਬੇਰੀ ਥੱਲੇ ਲੱਗਿਆ ਨਲਕਾ ਆਪਣੀ ਧੌਣ ਅਕੜਾਈ ਖੜ੍ਹਾ ਜਿਵੇਂ ਸਵਾਸ ਹੀ ਛੱਡ ਗਿਆ। ਜਿਵੇਂ ਉਹਦਾ ਵੀ ਜੱਗ ਤੋਂ ਪਾਣੀ ਹੀ ਮੁੱਕ ਚੱਲਿਆ। ਪਾਣੀ ਬੋਕੀਆਂ ’ਚ ਕਦੇ ਆਇਆ ਨਾ ਅਤੇ ਨਾ ਹੀ ਉਹ ਪਿਆਸਿਆਂ ਦੀ ਪਿਆਸ ਬੁਝਾ ਸਕਿਆ। ਫਿਰ ਤਾਂ ਹੀ ਵਾਧੂ ਸਮਝ ’ਕੱਲਾ ਛੱਡ ਦਿੱਤਾ। ਨਲਕਾ ਗੇੜਨ ਵਾਲੀ ਡੰਡੀ ਵੀ ਕੋਈ ਲਾਹ ਕੇ ਤੁਰਦਾ ਬਣਿਆ। ’ਕੱਲਾ ਖੜ੍ਹਾ ਬੁੱਤ ਬਣ ਰਹਿ ਗਿਆ।
ਅੱਗੋਂ ਪਿੰਡ ਦੇ ਛੱਪੜ ਦਾ ਪਾਣੀ ਐਨ ਸ਼ਾਂਤ ਹੋਇਆ ਦੁਖੀ ਦਿਸਿਆ। ਹੁਣ ਮੱਝਾਂ ਨਹਾਉਣ ਕਦੇ ਨਾ ਆਈਆਂ ਜਿਹੜੀਆਂ ਟੋਭੇ ਦੇ ਪਾਣੀਆਂ ਨਾਲ ਅਠਖੇਲੀਆਂ ਕਰਦੀਆਂ ਰਹਿੰਦੀਆਂ ਸਨ। ਟੋਭੇ ਦੇ ਖੜ੍ਹੇ ਪਾਣੀ ਨੇ ਵੀ ਝਲਕਣਾ ਛੱਡ ਦਿੱਤਾ। ਟੋਭੇ ਦੀਆਂ ਪੱਤਣਾਂ ’ਤੇ ਹਾਲੀ ਪਾਲੀ ਵੀ ਨਹੀਂ ਦਿਸਦੇ। ਇੰਜ ਲੱਗਿਆ ਜਿਵੇਂ ਟੋਭੇ ’ਚ ਉੱਗੀ ਬੂਟੀ ਨੇ ਉਸ ਦਾ ਆਖ਼ਰੀ ਵਾਰ ਦਾ ਚਿਹਰਾ ਵੀ ਢੱਕ ਲਿਆ।
ਪਿੰਡ ਦੀਆਂ ਗਲੀਆਂ ’ਚ ਰੌਣਕਾਂ ਨਾ ਰਹੀਆਂ। ਗਲੀ ਗਲੀ, ਦਰਵਾਜ਼ਿਆਂ ’ਚ ਡਾਹੇ ਪੀੜ੍ਹੀ-ਮੰਜਿਆਂ ਦਾ ਨਾਮੋਂ ਨਿਸ਼ਾਨ ਹੀ ਖ਼ਤਮ ਹੋ ਗਿਆ। ਪੀੜ੍ਹੀਆਂ ਮੰਜੇ ਮੱਲਣ ਵਾਲੇ ਹੁਣ ਅੰਦਰ ਅੱਡੋ ਅੱਡ ਬੰਦ ਕਮਰਿਆਂ ਵਿੱਚ ਸੋਫਿਆਂ ਤੇ ਬੈੱਡਾਂ ’ਤੇ ਕੱਲਮ ’ਕੱਲੇ ਬੈਠੇ ਨੇ। ਟੱਲਿਆਂ, ਡੇਰਿਆਂ ’ਤੇ ਵੱਜਦੇ ਸਪੀਕਰਾਂ ਵਿੱਚ ਚੱਲਦਾ ਗੁਰਬਖਸ਼ ਅਲਬੇਲਾ, ਅਮਰ ਸਿੰਘ ਸ਼ੌਂਕੀ ਢਾਡੀ ਵਾਰਾਂ ਗਾਉਂਦਾ ਗਾਉਂਦਾ ਆਪਣੇ ਵਾਂਗ ਉੱਥੋਂ ਦਿਆਂ ਯੱਗ ਭੰਡਾਰਿਆਂ ਨੂੰ ਵੀ ਅਲੋਪ ਕਰ ਲੈ ਗਿਆ। ਇਹ ਵੀ ਤਾਂ ਮੇਰੇ ਪਿੰਡ ਦਾ ਇੱਕ ਅਨਮੋਲ ਬੇਸ਼ਕੀਮਤੀ ਵਿਰਸਾ ਸੀ। ਲੱਗਦਾ ਨਹੀਂ ਕਿ ਇਨ੍ਹਾਂ ਟੱਲਿਆਂ, ਸਮਾਧਾਂ ’ਤੇ ਮੁੜ ਕਦੇ ਅਗਲੀ ਪੀੜ੍ਹੀ ਯੱਗ ਭੰਡਾਰੇ ਕਰ ਲਵੇਗੀ।
ਹੁਣ ਪਿੰਡਾਂ ਦੀਆਂ ਹੱਟੀਆਂ ਵੀ ਬਦਲ ਗਈਆਂ, ਉਨ੍ਹਾਂ ਦੇ ਮਾਲਕ ਵੀ ਨਾ ਰਹੇ ਤੇ ਨਾ ਉਹ ਚੀਜ਼ਾਂ ਦੇ ਸਵਾਦ ਰਹੇ। ਹੁਣ ਹੱਟੀਆਂ ਤੋਂ ਪਵਨ ਬਾਣੀਏ ਵਾਂਗ ਕੋਈ ਅਠਿਆਨੀ-ਚੁਆਨੀ ਦੀ ਕੋਈ ਖਾਣ ਚੀਜ਼ੀ ਨਹੀਂ ਦਿੰਦਾ। ਉੱਚੀਆਂ ਵੱਡੀਆਂ ਅਤੇ ਸ਼ੀਸ਼ਿਆਂ ਵਾਲੀਆਂ ਦੁਕਾਨਾਂ ਨੇ ਉਨ੍ਹਾਂ ਪੁਰਾਣੀਆਂ ਹੱਟੀਆਂ ਨੂੰ ਅਲੋਪ ਹੀ ਕਰ ਦਿੱਤਾ। ਪਿੰਡ ਵਿੱਚ ਥਾਂ ਥਾਂ ਖੁੱਲ੍ਹੀਆਂ ਦੁੱਧ ਦੀਆਂ ਡੇਅਰੀਆਂ ਦੱਸਦੀਆਂ ਨੇ ਕਿ ਦੁੱਧ ਪੀਣ ਲਈ ਨਹੀਂ ਵੇਚਣ ਲਈ ਚੋਇਆ ਜਾਂਦਾ। ਮੱਝਾਂ ਅੱਧ ਤੋਂ ਵੱਧ ਘਰਾਂ ਦੀਆਂ ਖੁਰਲੀਆਂ ਤੋਂ ਗਾਇਬ ਨੇ। ਹੁਣ ਦੀ ਪੀੜ੍ਹੀ ਲਈ ਮੱਝਾਂ, ਗਾਂਵਾਂ ਨੂੰ ਸਾਂਭਣਾ ਔਖਾ ਕੰਮ ਹੋ ਗਿਆ।
ਹੁਣ ਨਾਥੇ ਝਿਉਰ ਦੀ ਰੇਹੜੀ ਵਰਗਾ ਸਵਾਦ ਕਿਤੇ ਨਹੀਂ ਲੱਭਦਾ ਨਾ ਲੱਭਣਾ, ਜਿਸ ਤੋਂ ਅਠਿਆਨੀ ਦਾ ਅੱਧਾ ਸੰਤਰਾ ਤੇ ਰੁਪਈਏ ਦਾ ਪੂਰਾ ਸੰਤਰਾ ਮਿਲ ਜਾਂਦਾ ਸੀ। ਟਰਾਲੀਆਂ ਭਰ ਭਰ ਗੁਰਦੁਆਰੇ ਦੀਵਾਨਾਂ ’ਤੇ ਮੁੜ ਭੀੜ ਕਦੇ ਨਾ ਜੁਟ ਪਾਈ। ਦੀਵਾਨ ਸੁਣਨ ਵਾਲਿਆਂ ਖ਼ਾਤਰ ਭੂੰਜੇ ਗੰਨਿਆਂ ਦੀ ਪੱਤੀ ਤੇ ਕਦੇ ਜ਼ੀਰੀ ਦੀ ਪਰਾਲੀ ਨਾਲ ਸੇਜ ਬਣਾਈ ਹੁੰਦੀ। ਪਹਿਲਾਂ ਜਦੋਂ ਲੋਕਾਂ ਦੀ ਖ਼ੁਰਾਕ ਵੀ ਜ਼ਿਆਦਾ ਸੀ ਤਾਂ ਲੰਗਰ ਮਾਈ ਭਾਈ ਆਪ ਹੱਥੀਂ ਪਕਾਉਂਦੇ ਬਣਾਉਂਦੇ ਸਨ। ਹੁਣ ਐਨੀ ਖੁਰਾਕ ਨਹੀਂ, ਫਿਰ ਵੀ ਲੰਗਰ ਮਸ਼ੀਨਾਂ ਪਕਾਉਂਦੀਆਂ ਨੇ। ਦੇਹ ਤੋੜ ਸੇਵਾ ਵਾਲੀ ਭਾਵਨਾ ਹੌਲੀ ਹੌਲੀ ਮੱਧਮ ਹੁੰਦੀ ਜਾਂਦੀ ਹੈ।
ਹੁਣ ਤਾਂ ਮੇਰੇ ਪਿੰਡ ਚੰਦਰੇ ਤਿਉਹਾਰ ਵੀ ਰੁੱਸ ਗਏ। ਪਹਿਲਾਂ ਦੀਵਾਲੀ ਨੂੰ ਘਰਾਂ ਵਿੱਚ ਰੰਗ ਰੋਗਨ, ਕਲੀਆਂ ਹੁੰਦੀਆਂ, ਸਫ਼ਾਈਆਂ ਹੁੰਦੀਆਂ। ਗੁਰਦੁਆਰਿਆਂ, ਮੰਦਰਾਂ, ਸਮਾਧਾਂ ਨੂੰ ਕਲੀ ਕਰਦੇ। ਹੁਣ ਉਹ ਰੰਗਾਂ ਦਾ ਵੀ ਬੋਝ ਲੱਗਣ ਲੱਗ ਪਿਆ। ਸੁੱਕੀਆਂ ਦੀਵਾਲੀਆਂ ਨੇ। ਚਾਨਣ ਭਰੀਆਂ ਦੀਵਾਲੀਆਂ ਹਨੇਰੇ ਵਿੱਚ ਹੀ ਲੰਘਣ ਲੱਗ ਪਈਆਂ ਹਨ। ਘਰ ਦੀ ਮਠਿਆਈ, ਘਰ ਦਾ ਖੋਆ ਬਹੁਤਿਆਂ ਨੂੰ ਮੁੜ ਨਸੀਬ ਨਹੀਂ ਹੋਇਆ। ਸ਼ਹਿਰੋਂ ਮੁੱਲ ਲਿਆਂਦੀਆਂ ਮਠਿਆਈਆਂ ਨੇ ਘਰ ਦੇ ਬਣੇ ਸਵਾਦਾਂ ਨੂੰ ਦੱਬ ਲਿਆ। ਹੁਣ ਨਵੀਂ ਪਨੀਰੀ ਤੋਂ ਹੱਥੀਂ ਜਿੰਦੀ ਨਾਲ ਸੇਵੀਆਂ ਵੀ ਨਹੀਂ ਵੱਟੀਆਂ ਜਾਂਦੀਆਂ। ਮਸ਼ੀਨੀ ਸੇਵੀਆਂ ਵਿੱਚ ਉਹ ਸਵਾਦ ਕਿੱਥੇ? ਲੋਹੜੀ ਮੰਗਣ ਵਾਲੇ ਬੱਚੇ ਮੁੜ ਗਲੀਆਂ ਵਿੱਚ ਗਾਉਂਦੇ ਕਦੇ ਨਹੀਂ ਦਿਸੇ। ਪਹਿਲਾਂ ਇਹ ਚਾਅ ਸੀ, ਹੁਣ ਸੰਗਾਂ-ਸ਼ਰਮਾਂ ਨੇ। ਹੋਲੀ, ਬਸੰਤ ਚਾਵਾਂ ਦੇ ਤਿਉਹਾਰ, ਸਪੀਕਰਾਂ ਦੀਆਂ ਉੱਚੀਆਂ ਅਸ਼ਲੀਲ ਆਵਾਜ਼ਾਂ ਨੇ ਗੰਧਲੇ ਕਰ ਦਿੱਤੇ। ਇੱਕ ਰੂਹ ਦਾ ਸਕੂਨ ਦੇਖਿਆ। ਮੇਰੇ ਪਿੰਡ ਦੀ ਸੱਥ ਨੂੰ ਮੇਰੇ ਬਾਬੇ ਬਜ਼ੁਰਗਾਂ ਨੇ ਸੁੰਨਾ ਨਹੀਂ ਛੱਡਿਆ। ਉਹ ਜਿਉਂਦੇ ਜੀਅ ਆਪਣੀ ਪਰੰਪਰਾ ’ਤੇ ਅਡੋਲ ਬੈਠੇ ਨੇ। ਅਗਲੀ ਪੀੜ੍ਹੀ ਇੱਥੇ ਬੈਠੂ ਕਿ ਨਹੀਂ, ਇਹ ਅਗਲਾ ਸਮਾਂ ਹੀ ਜਾਣੇ।
ਪਿੰਡ ਦੀਆਂ ਸੁਆਣੀਆਂ, ਧੀਆਂ-ਭੈਣਾਂ, ਬਜ਼ੁਰਗ ਮਾਈਆਂ ਦਾ ਔੜ ਪਈ ਤੋਂ ਗੁੱਡੀਆਂ ਫੂਕਣ ਵਾਲਾ ਚਾਅ ਵੀ ਮੱਠਾ ਪੈ ਗਿਆ। ਕੋਈ ਅੰਧ ਵਿਸ਼ਵਾਸ ਕੋਈ ਪਾਖੰਡ ਕਹਿੰਦਾ, ਪਰ ਸੱਚ ਜਾਣਿਓ ਇਨ੍ਹਾਂ ਨਿੱਕੇ ਨਿੱਕੇ ਰੀਤੀ ਰਿਵਾਜਾਂ ਨਾਲ ਸਾਡੀਆਂ ਸਾਂਝਾਂ ਕਾਇਮ ਸਨ। ਅਸੀਂ ਬਦਲਦੇ ਯੁੱਗ ਨਾਲ ਆਪ ਵੀ ਬਦਲ ਬਹੁਤੇ ਸਿਆਣੇ ਬਣ ਬਹਿ ਗਏ। ਅੱਜ ਛੱਲੀ ’ਚੋਂ ਨਿਕਲੇ ਦਾਣਿਆਂ ਵਾਂਗ ਖਿੱਲਰੇ ਵੀ ਤਾਂ ਹੀ ਪਏ ਹਾਂ। ਪਿੰਡ ਵਿੱਚ ਪਹਿਲਾਂ ਥਾਂ ਥਾਂ ਖਾਲੀ ਜਗ੍ਹਾ ਵੀਰਾਨ ਪਈ ਹੁੰਦੀ। ਕੱਕਾ ਰੇਤਾ ਉੱਡਦਾ ਰਹਿੰਦਾ। ਧੁੱਪ ਚੜ੍ਹੀ ਤੋਂ ਸੋਨੇ ਵਾਂਗ ਚਮਕਦਾ ਰਹਿੰਦਾ। ਥਾਂ ਥਾਂ ਛੱਪੜ ਛੱਪੜੀਆਂ ਹੁੰਦੀਆਂ। ਨਿੰਮ, ਟਾਹਲੀ, ਬਰੋਟੇ, ਬੇਰੀਆਂ ਸਭ ਪਰਵਾਸੀ ਪੰਛੀਆਂ ਵਾਂਗ ਖੰਭ ਲਾ ਉੱਡ ਗਈਆਂ ਜੋ ਹਾਲੇ ਤੱਕ ਮੁੜ ਬਹੁੜੀਆਂ ਨਹੀਂ।
ਬਾਬਿਆਂ ਦੇ ਖੰਘੂਰਿਆਂ ਦੀ ਆਵਾਜ਼ ਹੌਲੀ ਹੌਲੀ ਮੱਠੀ ਪੈਂਦੀ ਜਾਂਦੀ ਹੈ। ਬਜ਼ੁਰਗ ਮਾਈਆਂ ਦੀਆਂ ਅਸੀਸਾਂ, ਨਸੀਹਤਾਂ ਵੀ ਇੱਕ ਇੱਕ ਕਰਕੇ ਉੱਡਦੀਆਂ ਗਈਆਂ, ਬਸ ਖ਼ਤਮ ਹੋਣ ਦੀ ਕਗਾਰ ’ਤੇ ਹੀ ਸਮਝੋ। ਸਹਿਣਸ਼ੀਲਤਾ, ਇਨਸਾਨੀਅਤ ਅਤੇ ਵਿਸ਼ਵਾਸਾਂ ਦਾ ਸ਼ਬਦ ਵੀ ਬਹੁਤ ਧੁੰਦਲਾ ਪੈ ਗਿਆ। ਜੰਮਦਿਆਂ ਦੇ ਖੂਨ ਗਰਮ ਤੇ ਸੌ ਸੌ ਨਵੀਆਂ ਬਿਮਾਰੀਆਂ ਲੈ ਕੇ ਨਵੀਂ ਪੀੜ੍ਹੀ ਪੈਦਾ ਹੋ ਰਹੀ ਹੈ। ਸਬਰ ਸੰਤੋਖ, ਮਿਹਨਤਾਂ ਦੀਆਂ ਕੁੰਜੀਆਂ ਹੁਣ ਦੀ ਪੀੜ੍ਹੀ ਨੂੰ ਲੱਗਦੀਆਂ ਨਹੀਂ।
ਤਕੜੀਆਂ ਖੁਰਾਕਾਂ, ਘਿਓ, ਦੁੱਧ ਦੇ ਰਾਜਿਆਂ ’ਤੇ ਹੁਣ ਨਸ਼ਾ ਰਾਜ ਕਰਦਾ। ਦੁੱਧ ਘਿਓ, ਭਾਵੇਂ ਮਿਲੇ ਨਾ ਮਿਲੇ, ਪਰ ਨਸ਼ਾ ਹਰ ਤੀਜੇ ਇਨਸਾਨ ਦੀ ਜੇਬ ਮਿਲ ਜਾਂਦਾ ਹੈ। ਜਿਵੇਂ ਪੰਜਾਬ ਡਿੱਗ ਡਿੱਗ ਮੁੜ ਉੱਠਣਾ ਜਾਣਦਾ, ਮੇਰਾ ਪਿੰਡ ਵੀ ਕਿਸੇ ਨਸ਼ਿਆਂ ਦੀ ਦਲਦਲ ਵਿੱਚ, ਫੋਕੀਆਂ ਲੜਾਈਆਂ, ਝਗੜਿਆਂ ਵਿੱਚ ਅਤੇ ਇਨਸਾਨੀਅਤ ਨੂੰ ਡੁਬੋਣ ਵਾਲੇ ਪਾਣੀਆਂ ਵਿੱਚ ਕਦੇ ਵੀ ਨਹੀਂ ਡੁੱਬੇਗਾ। ਡੁੱਬਿਆ ਤਾਂ ਮੁੜ ਉੱਠਣਾ ਆਉਂਦਾ। ਮੇਰਾ ਪਿੰਡ ਮੁੜ ਭਾਈਚਾਰਕ ਸਾਂਝਾਂ, ਬੀਤੇ ਵੇਲੇ ਦੀਆਂ ਯਾਦਾਂ ਨੂੰ ਮੁੜ ਧਾਗਿਆਂ ਵਿੱਚ ਪਰੋਅ ਕੇ ਉੱਠੇਗਾ। ਪਿੰਡ ਦੀ ਨਵੀਂ ਪੀੜ੍ਹੀ ਆਪਣੇ ਚਿਹਰਿਆਂ ’ਤੇ ਮੁੜ ਰੌਣਕ ਲਿਆਵੇਗੀ। ਮੁੜ ਮੇਲੇ ਲੱਗਣਗੇ। ਫ਼ਸਲਾਂ ਲਹਿਰਾਉਣਗੀਆਂ ਤੇ ਜੱਟ ਸੀਰੀ ਦੀਆਂ ਖੁਸ਼ੀਆਂ ਮੁੜ ਸੁਰਜੀਤ ਹੋਣਗੀਆਂ। ਮਜ਼ਦੂਰ ਤਬਕਾ ਮਿੱਟੀ ਦੀਆਂ ਇੱਟਾਂ ਪੱਥਦਾ ਵੀ ਹੱਸੇਗਾ। ਖੇਤ ਮਜ਼ਦੂਰੀ ਕਰਦਾ ਵੀ ਕਲੀਆਂ ਗਾਵੇਗਾ। ਸੀਤੋ ਬੇਬੇ ਮੁੜ ਮਿੱਟੀ ਦੇ ਚੁੱਲ੍ਹਿਆਂ ’ਤੇ ਮੋਰ ਬਣਾਵੇਗੀ। ਧਰਮ ਸਥਾਨਾਂ ’ਤੇ ਸਪੀਕਰ ਵੱਜਣਗੇ ਤੇ ਤਿੰਨ ਖੂੰਜੀਆਂ ਪਤੰਗੀਆਂ ਲਮਕਣਗੀਆਂ। ਮੇਰਾ ਪੰਜਾਬ ਜ਼ਰੂਰ ਉੱਠੇਗਾ...ਮੇਰਾ ਪਿੰਡ ਜ਼ਰੂਰ ਮੁੜ ਆਪਣੇ ਵਿਰਸੇ ਵੱਲ ਬਹੁੜੇਗਾ।
ਸੰਪਰਕ: 92110-10008

Advertisement

Advertisement
Advertisement
Author Image

sukhwinder singh

View all posts

Advertisement