ਤੀਆਂ: ਮਹਿੰਦੀ ਲਾਉਣ ਤੇ ਪਰਾਂਦਾ ਗੁੰਦਣ ਦੇ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਸਮਰਾਲਾ, 11 ਅਗਸਤ
ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ ਸਮਰਾਲਾ ਵਿੱਚ ਮਨਾਏ ਗਏ ਦੋ ਦਿਨ ਤੀਆਂ ਦੇ ਤਿਉਹਾਰ ਦੀ ਰੌਣਕ ਦੇਖਣ ਨੂੰ ਮਿਲੀ, ਜਿਸ ਵਿੱਚ ਨਰਸਰੀ ਤੋਂ ਬਾਰ੍ਹਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਅਤੇ ਅਕਾਦਮਿਕ ਸੁਪਰਵਾਇਜ਼ਰ ਜਸਵਿੰਦਰ ਕੋਰ ਸਿੱਧੂ ਨੇ ਮੁੱਖ ਮਹਿਮਾਨ ਕੁਲਵਿੰਦਰ ਕੌਰ ਬੈਨੀਪਾਲ, ਡਾ. ਸਿਮਰਤ ਸੰਧੂ, ਇੰਦਰਜੀਤ ਕੌਰ ਸਰਾਂ, ਡਾ. ਬਲਜੀਤ ਕੌਰ ਨੂੰ ਜੀ ਆਇਆਂ ਕਿਹਾ। ਤਰਕਜੋਤ ਅਤੇ ਕਮਲਜੀਤ ਕੌਰ ਨੇ ਤੀਆਂ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਂਦਿਆਂ ਕੀਤੀ, ਜਿਸ ਵਿੱਚ ਸਕੂਲ ਦੀਆਂ ਵਿਦਿਅਆਰਥਣਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਰਾਜਿੰਦਰ ਕੌਰ ਨੇ ਵਿਰਸੇ ਦੀਆਂ ਪੁਰਾਤਨ ਚੀਜ਼ਾਂ ਦੀ ਸਕੁੂਲ ਦੇ ਵਿਹੜੇ ਵਿੱਚ ਪ੍ਰਦਰਸ਼ਨੀ ਲਗਾਈ, ਜਿਸ ਵਿੱਚ ਚਰਖਾ, ਫ਼ੁਲਕਾਰੀ, ਪੱਖੀਆਂ ਦੀ ਝਲਕ ਦੇਖਣ ਨੂੰ ਮਿਲੀ। ਪੀਂਘਾਂ ਝੂਟਦੀਆਂ ਵਿਦਿਆਰਥਣਾਂ ਨੇ ਗਿੱਧਾ ਪਾਇਆ। ਪੁਰਾਤਨ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਵਿਦਿਆਰਥਣਾਂ ਦੇ ਮਹਿੰਦੀ ਲਗਾਉਣ, ਨੇਲ ਆਰਟ, ਪਰਾਂਦਾ ਗੁੰਦਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਤੀਸਰੀ ਤੋਂ ਬਾਰ੍ਹਵੀਂ ਤੱਕ ਦੀਆਂ ਵਿਦਿਆਰਥਣਾਂ ਵਿਚਕਾਰ ਮਿਸ ਤੀਜ ਦਾ ਮੁਕਾਬਲਾ ਕਰਵਾਇਆ ਗਿਆ। ਤੀਸਰੀ ਤੋਂ ਪੰਜਵੀਂ ਤੱਕ ਅਰਪਿਤਾ ਆਰੀਆ, ਛੇਵੀਂ ਤੋਂ ਅੱਠਵੀਂ ਤੱਕ ਹਰਮੰਨਤ ਕੌਰ, ਨੌਵੀਂ ਤੋਂ ਬਾਰ੍ਹਵੀਂ ਤੱਕ ਗੁਰਲੀਨ ਕੌਰ ਨੇ ਮਿਸ ਤੀਜ ਦਾ ਖਿਤਾਬ ਜਿੱਤਿਆ। ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਆ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਤੀਆਂ ਦੇ ਤਿਉਹਾਰ ਦੀ ਮਹਤੱਤਾ ਬਾਰੇ ਦੱਸਿਆ। ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।
ਇਸੇ ਦੌਰਾਨ ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਸਾਉਣ ਦੇ ਮਹੀਨੇ ਦੀ ਮਹੱਤਤਾ ਵਾਲਾ ਅਤੇ ਪੰਜਾਬੀ ਵਿਰਸੇ ਦੇ ਰੰਗ ਵਿੱਚ ਰੰਗ ਕੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਵਿੱਚ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ। ਵੱਖ-ਵੱਖ ਵੰਨਗੀਆਂ ਨਾਲ ਮੁਟਿਆਰਾਂ ਨੇ ਸਾਰਿਆਂ ਦੇ ਮਨ ਮੋਹ ਲਏ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਸਕਿੱਟਾਂ, ਸੋਲੋ ਡਾਂਸ, ਭੰਗੜਾਂ ਆਦਿ ਵੀ ਪੇਸ਼ ਕੀਤਾ। ਇਸ ਮੌਕੇ ਪਵਨਪ੍ਰੀਤ ਕੌਰ ‘ਮਿਸ ਤੀਜ’ ਦੇ ਐਵਾਰਡ ਨਾਲ ਸਨਮਾਨਿਤ ਕੀਤੀ ਗਈ। ਇਸ ਮੌਕੇ ਸੰਸਥਾ ਦੇ ਚੇਅਰਪਰਸਨ ਡਾ. ਪ੍ਰੇਮ ਲਾਲ ਬਾਂਸਲ ਅਤੇ ਪ੍ਰਿੰਸੀਪਲ ਗਗਨਦੀਪ ਕੌਰ ਨੇ ਤੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾਇਰੈਕਟਰ ਵਿਸ਼ਾਲ ਬਾਂਸਲ, ਸਕੱਤਰ ਸੁਨੀਲ ਅਗਰਵਾਲ, ਗਗਨਦੀਪ ਕੌਰ, ਹਰਵਿੰਦਰ ਕੌਰ, ਮਨਦੀਪ ਕੌਰ, ਕੁਲਵਿੰਦਰ ਕੌਰ ਅਤੇ ਜਸਪ੍ਰੀਤ ਕੌਰ ਮੌਜੂਦ ਸਨ।
ਫਤਿਹਪੁਰ ਸਕੂਲ ਵਿੱਚ ਤੀਆਂ ਮਨਾਈਆਂ
ਪਾਇਲ (ਪੱਤਰ ਪ੍ਰੇਰਕ): ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿੱਚ ‘ਤੀਆ ਤੀਜ ਦੀਆਂ’ ਦਾ ਤਿਉਹਾਰ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਗਗਨਪ੍ਰੀਤ ਕੌਰ, ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋ ਪ੍ਰਧਾਨ ਜੇਪੀ ਐੱਸ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਅਤੇ ਮੁੱਖ ਮਹਿਮਾਨ ਸ੍ਰੀਮਤੀ ਨਵੇਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬੀ ਪੁਰਾਤਨ ਪਹਿਰਾਵੇ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਡਾਂਸ, ਗਿੱਧਾ, ਭੰਗੜਾ ਅਤੇ ਮਾਡਲਿੰਗ ਪੇਸ਼ ਕਰਕੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ। ਸਕੂਲ ਵਿੱਚ ਪੰਜਾਬੀ ਪਿੰਡ ਦੀ ਝਲਕ ਦਿਖਾਉਣ ਲਈ ਪ੍ਰੋਗਰਾਮ ਵਿੱਚ ਪੰਜਾਬੀ ਸਭਿਆਚਾਰ ਦੀਆਂ ਵੰਨਗੀਆਂ ਚਰਖਾ, ਮਧਾਣੀ, ਫੁਲਕਾਰੀ, ਛੱਜ, ਚਾਟੀ ਦੇਖਣ ਨੂੰ ਮਿਲੀਆਂ। ਇਸ ਮੌਕੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਯੂਨੀਵਰਸ ਅਤੇ ਸੀਨੀਅਰ ਯੂਨੀਵਰਸ, ਮਿਸ ਤੀਜ ਦੇ ਖਿਤਾਬ ਦੇ ਨਾਲ ਅਤੇ ਮਿਸ ਐਲੀਗੈਟ, ਬੈਸਟ ਐਟਾਇਰ, ਮਿਸ ਬਿਊਟੀਫੁੱਲ ਸਮਾਈਲ, ਮਿਸ ਪੰਜਾਬਣ, ਬੈਸਟ ਰੈਪ ਵਾਕ, ਬੈਸਟ ਡਰੈਸਿਡ ਵੀ ਐਲਾਨੇ ਗਏ। ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਨਵੇਰਾ ਨੇ ਔਰਤ ਸਸ਼ਕਤੀਕਰਨ ਦੇ ਹੱਕ ਵਿੱਚ ਸੰਦੇਸ਼ ਦਿੰਦਿਆਂ ਤੀਆ ਦੀ ਵਧਾਈ ਵੀ ਦਿੱਤੀ। ਅੰਤ ਵਿੱਚ ਪ੍ਰਧਾਨ ਜੇਪੀ ਐੱਸ ਜੌਲੀ ਨੇ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਵੱਲੋਂ ਕਰਵਾਏ ਜਾ ਰਹੇ ਅਜਿਹੇ ਪੰਜਾਬੀ ਸੱਭਿਆਚਰ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਇੱਕ ਸ਼ਲਾਘਾਯੋਗ ਉੱਦਮ ਹੈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਵੱਲੋਂ ਆਏ ਮੁੱਖ ਮਹਿਮਾਨ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ।
ਮਹਿਕ ਮੁਟਨੇਜਾ ਬਣੀ ਮਿਸ ਤੀਜ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸਥਾਨਕ ਸ੍ਰੀ ਆਤਮ ਵੱਲਭ ਜੈਨ ਕਾਲਜ ਲੁਧਿਆਣਾ ਵਿੱਚ ਤੀਆਂ ਮਨਾਈਆਂ ਗਈਆਂ। ਇਸ ਮੌਕੇ ਕਾਲਜ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਸਾਉਣ ਮਹੀਨੇ ਦੀ ਮਹੱਤਤਾ ਬਾਰੇ ਦੱਸਿਆ। ਕਾਲਜ ਕੈਂਪਸ ਵਿੱਚ ਸਜੀਆਂ ਪੀਂਘਾਂ ਦੇ ਝੂਟੇ ਲੈਂਦੀਆਂ ਮੁਟਿਆਰਾਂ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਕਰ ਰਹੀਆਂ ਸਨ। ਕਿੱਕਲੀ ਅਤੇ ਗਿੱਧੇ ਪਾਉਂਦੀਆਂ ਮੁਟਿਆਰਾਂ ਨੇ ਇਸ ਮੇਲੇ ਦੀ ਰੌਣਕ ਵਿੱਚ ਹੋਰ ਵਾਧਾ ਕਰ ਦਿੱਤਾ। ਇਸ ਮੌਕੇ ਕਰਵਾਏ ਵੱਖ ਵੱਖ ਮੁਕਾਬਲਿਆਂ ਵਿੱਚ ਨਾਚ ਪੇਸ਼ਕਾਰੀ ਵਿੱਚ ਪਰਮਿੰਦਰ ਕੌਰ ਨੇ ਪਹਿਲਾਂ ਇਨਾਮ ਹਾਸਿਲ ਕੀਤਾ ਜਦਕਿ ਸ਼ੀਤਲ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਲੋਕ ਗੀਤ ਗਾਇਨ ਮੁਕਾਬਲਾ ਮਨਮੀਤ ਕਾਲੜਾ ਨੇ ਜਿੱਤਿਆ। ਪੰਜਾਬੀ ਮੁਟਿਆਰ ਬਣੀ ਪੰਜਾਬੀ ਮੁਟਿਆਰ, ਪੰਜਾਬੀ ਪਹਿਰਾਵੇ ਦਾ ਪੁਰਸਕਾਰ ਸ੍ਰਿਸ਼ਟੀ ਨੇ ਜਿੱਤਿਆ। ਮਹਿੰਦੀ ਮੁਕਾਬਲੇ ਵਿੱਚ ਗੁਨੀਤਾ ਅਤੇ ਨੈਨਸੀ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਤੇ ਰਹੀਆਂ। ਮਿਸ ਤੀਜ ਦਾ ਖਿਤਾਬ ਮਹਿਕ ਮੁਟਨੇਜਾ ਨੇ ਜਿੱਤਿਆ। ਕਾਲਜ ਕਮੇਟੀ ਦੇ ਪ੍ਰਧਾਨ ਕੋਮਲ ਕੁਮਾਰ ਜੈਨ ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਵੱਲੋਂ ਵਿਦਿਆਰਥਣਾਂ ਨੂੰ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਿਆ।