ਨਿਗਮ ਤੇ ਨਗਰ ਪੰਚਾਇਤ ਚੋਣਾਂ ਲਈ ਸਖ਼ਤ ਸੁਰੱਖਿਆ ਬੰਦੋਬਸਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਦਸੰਬਰ
ਅੰਮ੍ਰਿਤਸਰ ਨਗਰ ਨਿਗਮ ਅਤੇ ਜ਼ਿਲ੍ਹੇ ਦੀਆਂ ਪੰਜ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਵਾਸਤੇ 589 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਲੋਕ ਭਲਕੇ 21 ਦਸੰਬਰ ਨੂੰ ਵੋਟਾਂ ਪਾ ਕੇ ਉਨ੍ਹਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ। ਇਸ ਦੌਰਾਨ ਜ਼ਿਲਾ ਚੋਣ ਅਧਿਕਾਰੀ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ ਅਤੇ ਨਿਗਰਾਨਾਂ ਵੱਲੋਂ ਚੋਣ ਸਬੰਧੀ ਕੀਤੇ ਗਏ ਕਾਰਜਾਂ ਦਾ ਨਿਰੀਖਣ ਕੀਤਾ ਗਿਆ ਹੈ। ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡ ਹਨ, ਜਿਨ੍ਹਾਂ ਵਾਸਤੇ ਕੁੱਲ 477 ਉਮੀਦਵਾਰ ਮੈਦਾਨ ਵਿੱਚ ਹਨ। ਵਧੇਰੇ ਵਾਰਡਾਂ ਵਿੱਚ ਤਿਕੋਣਾ ਜਦਕਿ ਕਈ ਥਾਵਾਂ ’ਤੇ ਚਹੁੰਕੋਣਾ ਮੁਕਾਬਲਾ ਹੈ। ਤਿਕੋਣੇ ਮੁਕਾਬਲੇ ’ਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਹਨ ਜਦੋਂ ਕਿ ਚਹੁੰਕੋਣੇ ਮੁਕਾਬਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰ ਵਿੱਚ ਕੁਝ ਵਾਰਡਾਂ ਵਿੱਚ ਹੀ ਆਪਣੇ ਉਮੀਦਵਾਰ ਉਤਾਰੇ ਗਏ ਹਨ, ਜਦੋਂ ਕਿ ਭਾਜਪਾ ਵੱਲੋਂ ਇਕੱਲਿਆਂ ਹੀ 85 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਕੁਝ ਉਮੀਦਵਾਰ ਅਜਿਹੇ ਵੀ ਹਨ ਜੋ ‘ਆਪ’ ਦੇ ਉਮੀਦਵਾਰਾਂ ਦੇ ਖ਼ਿਲਾਫ਼ ਖੜ੍ਹੇ ਹਨ ਹਨ ਅਤੇ ਉਨ੍ਹਾਂ ਨੂੰ ‘ਆਪ’ ਦੇ ਵਿਧਾਇਕ ਦਾ ਸਮਰਥਨ ਹਾਸਲ ਹੈ।
ਦੂਜੇ ਪਾਸੇ ਦਿਹਾਤੀ ਖੇਤਰ ਦੀਆਂ ਪੰਜ ਨਗਰ ਪੰਚਾਇਤਾਂ ਦੀ ਚੋਣ ਵਾਸਤੇ ਕੁੱਲ 112 ਉਮੀਦਵਾਰ ਮੈਦਾਨ ਵਿੱਚ ਹਨ। ਬਾਬਾ ਬਕਾਲਾ ਨਗਰ ਪੰਚਾਇਤ ਵਾਸਤੇ 44 ਉਮੀਦਵਾਰ, ਨਗਰ ਪੰਚਾਇਤ ਰਈਆ ਦੀ ਇੱਕ ਵਾਰਡ ਵਾਸਤੇ ਛੇ ਉਮੀਦਵਾਰ, ਨਗਰ ਪੰਚਾਇਤ ਰਾਜਾਸਾਂਸੀ ਦੀਆਂ 13 ਵਾਰਡਾਂ ਵਾਸਤੇ 44 ਉਮੀਦਵਾਰ, ਨਗਰ ਕੌਂਸਲ ਮਜੀਠਾ ਦੀ ਇੱਕ ਵਾਰਡ ਵਾਸਤੇ ਛੇ ਉਮੀਦਵਾਰ ਅਤੇ ਨਗਰ ਪੰਚਾਇਤ ਅਜਨਾਲਾ ਦੀਆਂ ਦੋ ਵਾਰਡਾਂ ਵਾਸਤੇ 12 ਉਮੀਦਵਾਰ ਮੈਦਾਨ ਵਿੱਚ ਹਨ। ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਅੰਮ੍ਰਿਤਸਰ ਵਿੱਚ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਅਬਜ਼ਰਵਰ ਘਨਸ਼ਾਮ ਥੋਰੀ ਅਤੇ ਨਗਰ ਪੰਚਾਇਤਾਂ/ਨਗਰ ਕੌਂਸਲਾਂ ਲਈ ਅਬਜ਼ਰਵਰ ਹਰਗੁਨਜੀਤ ਕੌਰ ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਮੀਟਿੰਗ ਦੌਰਾਨ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਚੋਣ ਅਮਲੇ ਦੀ ਤਾਇਨਾਤੀ ,ਪੋਲਿੰਗ ਪਾਰਟੀਆਂ ਦੀ ਰਵਾਨਗੀ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ ਵਿੱਚ 811 ਬੂਥ ਬਣਾਏ ਗਏ ਹਨ। ਜਿਨ੍ਹਾਂ ਵਿਚੋਂ 300 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਅਜਨਾਲਾ, ਰਾਜਾਸਾਂਸੀ, ਮਜੀਠਾ, ਬਾਬਾ ਬਕਾਲਾ ਸਾਹਿਬ ਅਤੇ ਰਈਆ ਵਿਖੇ ਚੋਣਾਂ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਨਗਰ ਕੌਂਸਲ ਤੇ ਨਗਰ ਪੰਚਾਇਤਾਂ ਲਈ ਕੁੱਲ 30 ਵਾਰਡਾਂ ਵਿੱਚ ਚੋਣਾਂ ਹੋਣੀਆਂ ਹਨ, ਜਿਸ ਲਈ ਕੁੱਲ 30 ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਵਿਚੋਂ 7 ਸੰਵੇਦਨਸ਼ੀਲ ਹਨ। ਐਸ.ਐਸ.ਪੀ. ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਾਂਤੀਪੂਰਵਕ ਚੋਣਾਂ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਪੋਲਿੰਗ ਬੂਥਾਂ ’ਤੇ ਵਾਧੂ ਨਫਰੀ ਤਾਇਨਾਤ ਕੀਤੀ ਗਈ ਹੈ।
ਸ਼ਾਂਤੀਪੂਰਵਕ ਚੋਣਾਂ ਕਰਵਾਉਣ ਪ੍ਰਬੰਧ ਮੁਕੰਮਲ: ਐੱਸਐੱਸਪੀ
ਅੰਮ੍ਰਿਤਸਰ:
ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲੀਸ ਨੇ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਸ਼ਾਤਮਈ ਢੰਗ ਨਾਲ ਕਰਵਾਉਣ ਅਤੇ ਕਾਨੂੰਨੀ ਵਿਵਸਥਾ ਬਹਾਲ ਰੱਖਣ ਲਈ ਢੁੱਕਵੇਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਸਬੰਧੀ ਸ਼ਹਿਰ ਵਿਚ ਥਾਂ ਥਾਂ ਤੇ ਪੁਲੀਸ ਫੋਰਸ ਤਾਇਨਾਤ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡੀਸੀਪੀ ਆਲਮ ਵਿਜੈ ਸਿੰਘ ਅਤੇ ਜਗਜੀਤ ਸਿੰਘ ਵਾਲੀਆ ਦੀ ਨਿਗਰਾਨੀ ਹੇਠ ਕਮਿਸ਼ਨਰੇਟ ਦੇ ਪੁਲੀਸ ਅਫ਼ਸਰਾ ਅਤੇ ਸਬ-ਡਵੀਜ਼ਨਲ ਅਫ਼ਸਰਾ ਵੱਲੋਂ ਸਮੇਤ ਪੁਲੀਸ ਫੋਰਸ ਆਪਣੇ ਆਪਣੇ ਏਰੀਏ ਵਿੱਚ ਪੈਂਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਫਲੈਗ ਮਾਰਚ ਕੱਢੇ ਗਏ। ਇਸਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ, ਹੋਟਲਾਂ, ਸਰਾਵਾਂ ਆਦਿ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਹੈ। ਬੱਸ ਸਟੈਂਡ ’ਤੇ ਰੇਲਵੇ ਸਟੇਸ਼ਨ ਆਉਣ-ਜਾਣ ਵਾਲਿਆਂ ਦੇ ਬੈਗ ਚੈੱਕ ਕੀਤੇ ਗਏ ਹਨ।
ਜਲੰਧਰ: ਚੋਣ ਅਮਲਾ ਬੂਥਾਂ ’ਤੇ ਪੁੱਜਿਆ; ਅੱਜ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਜਲੰਧਰ (ਹਤਿੰਦਰ ਮਹਿਤਾ):
ਨਗਰ ਨਿਗਮ ਚੋਣਾਂ ਦੌਰਾਨ ਸੁਰੱਖਿਆ ਲਈ ਕਮਿਸ਼ਨਰੇਟ ਪੁਲੀਸ ਵੱਲੋਂ ਕਰੀਬ 2 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਚੋਣਾਂ ਅਮਨ-ਅਮਾਨ ਨਾਲ ਕਰਵਾਈਆਂ ਜਾ ਸਕਣ। ਮਤਦਾਨ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਨਗਰ ਨਿਗਮ ਚੋਣਾਂ ਦੌਰਾਨ 176 ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ, ਜਿਨ੍ਹਾਂ ਵਿੱਚੋਂ 6 ਅਤਿ ਸੰਵੇਦਨਸ਼ੀਲ ਬੂਥ ਹਨ। ਕੁੱਲ 677 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪੁਲੀਸ ਨੇ ਹਰੇਕ ਬੂਥ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਬੂਥਾਂ ’ਤੇ ਸਟਾਫ਼ ਤਾਇਨਾਤ ਕਰ ਦਿੱਤਾ ਹੈ ਤੇ ਬੂਥਾਂ ’ਤੇ ਭੇਜੀਆਂ ਈਵੀਐੱਮ ਭੇਜ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਸ਼ਹਿਰ ਵਿੱਚ ਸੀਸੀਟੀਵੀ ਵੈਨ ਅਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ। ਉਨ੍ਹਾਂ ਥਾਵਾਂ ’ਤੇ ਵਧੇਰੇ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜਿੱਥੇ ਵਿਵਾਦ ਦਾ ਜ਼ਿਆਦਾ ਖ਼ਤਰਾ ਹੈ। ਹਰ ਸਬ ਡਿਵੀਜ਼ਨ ਦੇ ਏਸੀਪੀ ਥਾਣਿਆਂ ਦੇ ਐਸਐਸਓਜ਼ ਦੇ ਨਾਲ ਇਲਾਕੇ ਵਿੱਚ ਰਹਿਣਗੇ ਅਤੇ ਅਮਨ-ਕਾਨੂੰਨ ਬਣਾਈ ਰੱਖਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਕਮਿਸ਼ਨਰੇਟ ਦੀਆਂ ਚੋਣਾਂ ਕਰਵਾਉਣ ਲਈ 1200 ਤੋਂ ਵੱਧ ਮੁਲਾਜ਼ਮ ਬਾਹਰਲੇ ਸ਼ਹਿਰਾਂ ਤੋਂ ਆ ਕੇ ਚੋਣਾਂ ਵਿੱਚ ਆਪਣੀ ਡਿਊਟੀ ਨਿਭਾਉਣਗੇ। ਸ਼ਹਿਰ ਵਿੱਚੋਂ ਕੁੱਲ 800 ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸੇ ਦੌਰਾਨ ਨਗਰ ਨਿਗਮ/ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੀ ਹੱਦ ਵਿੱਚ ਆਉਂਦੇ ਸ਼ਰਾਬ ਦੇ ਠੇਕੇ ਚੋਣਾਂ ਵਾਲੇ ਦਿਨ 21 ਦਸੰਬਰ 2024 ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਉਕਤ ਮਿਤੀ ਨੂੰ ਜ਼ਿਲ੍ਹਾ ਜਲੰਧਰ ਵਿੱਚ ਸ਼ਰਾਬ ਦੇ ਠੇਕੇ ਅਤੇ ਅਹਾਤੇ ਨਹੀਂ ਖੱਲ੍ਹਣਗੇ ਅਤੇ ਨਾ ਹੀ ਹੋਟਲਾਂ, ਰੈਸਟੋਰੈਂਟਾ ਜਾਂ ਕਲੱਬਾਂ ਵਿੱਚ ਸ਼ਰਾਬ ਵਰਤਾਈ ਜਾਵੇਗੀ ਅਤੇ ਨਾ ਹੀ ਕੋਈ ਵਿਅਕਤੀ ਸ਼ਰਾਬ ਦੀ ਸਟੋਰੇਜ ਕਰੇਗਾ।
ਨਗਰ ਨਿਗਮ ਹੁਸ਼ਿਆਰਪੁਰ ਦੇ ਤਿੰਨ ਵਾਰਡਾਂ ਦੀ ਜ਼ਿਮਨੀ ਚੋਣ ਲਈ ਹੋਵੇਗਾ ਮਤਦਾਨ
ਹੁਸ਼ਿਆਰਪੁਰ (ਹਰਪ੍ਰੀਤ ਕੌਰ):
ਨਗਰ ਨਿਗਮ ਹੁਸ਼ਿਆਰਪੁਰ ਦੇ ਤਿੰਨ ਵਾਰਡਾਂ ਦੀ ਚੋਣ ਲਈ ਤਿਆਰੀਆਂ ਮੁਕੰਮਲ ਹਨ। ਸ਼ਨਿਚਰਵਾਰ ਨੂੰ ਨਗਰ ਨਿਗਮ ਦੇ ਵਾਰਡ ਨੰਬਰ-6, 7 ਤੇ 27 ਦੀ ਜ਼ਿਮਨੀ ਚੋਣ ਹੋਣੀ ਹੈ। 6 ਨੰਬਰ ਵਾਰਡ ਦੀ ਸੀਟ ਬ੍ਰਹਮ ਸ਼ੰਕਰ ਜਿੰਪਾ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀ ਜੋ ਵਿਧਾਇਕ ਬਣ ਗਏ ਸਨ। ਬਾਕੀ ਦੋਹਾਂ ਵਾਰਡਾਂ ਦੇ ਕੌਂਸਲਰਾਂ ਦੀ ਮੌਤ ਹੋ ਜਾਣ ਕਾਰਨ ਸੀਟਾਂ ਖਾਲੀ ਹੋਈਆਂ ਸਨ। ਬੇਸ਼ੱਕ ਚੋਣ ਪ੍ਰਚਾਰ ਵੀਰਵਾਰ ਸ਼ਾਮ ਨੂੰ ਖਤਮ ਹੋ ਗਿਆ ਸੀ ਪਰ ਅੱਜ ਵੀ ਉਮੀਦਵਾਰਾਂ ਅਤੇ ਪਾਰਟੀ ਆਗੂਆਂ ਦੀਆਂ ਸਰਗਰਮੀਆਂ ਜਾਰੀ ਰਹੀਆਂ। ਉਮੀਦਵਾਰ ਆਪਣੇ-ਆਪਣੇ ਵਾਰਡ ਦੇ ਵਾਸੀਆਂ ਤੱਕ ਪਹੁੰਚ ਕਰਦੇ ਰਹੇ। ਤਿੰਨਾਂ ਵਾਰਡਾਂ ’ਚ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਦਰਮਿਆਨ ਤਿਕੋਣਾ ਮੁਕਾਬਲਾ ਹੈ।
ਸ਼ਾਹਕੋਟ (ਪੱਤਰ ਪ੍ਰੇਰਕ):
ਨਗਰ ਪੰਚਾਇਤ ਸ਼ਾਹਕੋਟ ਸ਼ਾਹਕੋਟ ਦੀਆਂ ਚੋਣਾਂ ਲਈ ਤਾਇਨਾਤ ਕੀਤੇ ਚੋਣ ਅਮਲੇ ਦੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਮਟੀਰੀਅਲ ਦੇ ਕੇ ਸੁਰੱਖਿਆ ਸਮਾਤ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ। ਸਭ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਕਤ ਜਾਣਕਾਰੀ ਰਿਟਰਨਿੰਗ ਅਫਸ਼ਰ ਕਮ/ਐਸ.ਡੀ.ਐਮ ਸ਼ਾਹਕੋਟ ਸ਼ੁਭੀ ਆਂਗਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 13 ਵਾਰਡਾਂ ਲਈ 13 ਪੋਲਿੰਗ ਪਾਰਟੀਆਂ ਬੂਥਾਂ ਉੱਪਰ ਪਹੁੰਚ ਗਈਆਂ ਹਨ। 6 ਪਾਰਟੀਆਂ ਰਿਜਰਵ ਰੱਖੀਆਂ ਹਨ। 3 ਸੁਪਰਵਾਈਜਰ ਤੇ 2 ਸੈਕਟਰ ਅਫਸ਼ਰ ਨੀ ਤਾਇਨਾਤ ਕੀਤੇ ਹਨ। 13 ਵਾਰਡਾਂ ’ਚ 54 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕਸਬੇ ਦੇ 12374 ਵੋਟਰ ਉਕਤ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਪਠਾਨਕੋਟ ਜ਼ਿਲ੍ਹੇ ਦੇ ਨਰੋਟ ਜੈਮਲ ਸਿੰਘ ’ਚ 11 ਵਾਰਡਾਂ ਲਈ ਪੈਣਗੀਆਂ ਵੋਟਾਂ
ਪਠਾਨਕੋਟ (ਪੱਤਰ ਪ੍ਰੇਰਕ):
ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ 11 ਵਾਰਡਾਂ ਲਈ ਵੋਟਾਂ ਪੈਣਗੀਆਂ। ਚੋਣ ਪ੍ਰਬੰਧ ਮੁਕੰਮਲ ਹੋ ਗਏ ਹਨ ਤੇ ਪ੍ਰਸ਼ਾਸਨ ਨੇ ਮਤਦਾਨ ਕੇਂਦਰਾਂ ਦੇ ਬਾਹਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੀ ਹੈ। ਡੀਐਸਪੀ ਦਿਹਾਤੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਵੋਟਾਂ ਅਮਨ ਅਮਾਨ ਨਾਲ ਪੁਆਈਆਂ ਜਾਣਗੀਆਂ।